Page 1
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ , ਉਸ ਦਾ ਸਰੂਪ। ਉਹ ਨਿਡਰ ਹੈ। ਗੁਰਾਂ ਦੀ ਦਯਾ ।

॥ ਜਪੁ ॥
ਉਸ ਦਾ ਸਿਮਰਨ ਕਰ।

ਆਦਿ ਸਚੁ ਜੁਗਾਦਿ ਸਚੁ ॥
ਪਰਾਰੰਭ ਵਿੱਚ ਸੱਚਾ, ਯੁਗਾਂ ਦੇ ਸ਼ੁਰੂ ਵਿੱਚ ਸੱਚਾ,

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ।

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਖੁਧਿਆਵੰਤਾਂ ਦੀ ਖੁਧਿਆ ਦੂਰ ਨਹੀਂ ਹੁੰਦੀ, ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾ ਦੇ ਢੇਰ ਹੀ ਕਿਉਂ ਨਾਂ ਲਾ ਲੈਣ।

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਉਣ ਅੰਦਰ ਸਦੀਵ ਹੀ ਭੁਆਈਂਦੇ ਹਨ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?

ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਕੌਣ ਉਸ ਦੀਆਂ ਬਖ਼ਸ਼ੀਸ਼ਾਂ ਨੂੰ ਅਲਾਪ ਅਤੇ ਉਸ ਦੇ ਨੂਰਾਨੀ ਪਰਤਾਪ ਨੂੰ ਸਮਝ ਸਕਦਾ ਹੈ?

ਗਾਵੈ ਕੋ ਗੁਣ ਵਡਿਆਈਆ ਚਾਰ ॥
ਕਈ ਸੁਆਮੀ ਦੀਆਂ ਸੁੰਦਰ ਵਡਿਆਈਆਂ ਅਤੇ ਬਜ਼ੁਰਗੀਆਂ ਗਾਇਨ ਕਰਦੇ ਹਨ।

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਵਾਹਿਗੁਰੂ ਦੇ ਇਲਮ ਨੂੰ ਜਿਸ ਦੀ ਸੋਚ ਵਿਚਾਰ ਕਠਨ ਹੈ, ਕੌਣ ਗਾ ਸਕਦਾ ਹੈ?

ਗਾਵੈ ਕੋ ਸਾਜਿ ਕਰੇ ਤਨੁ ਖੇਹ ॥
ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।

ਗਾਵੈ ਕੋ ਜੀਅ ਲੈ ਫਿਰਿ ਦੇਹ ॥
ਕਈ ਇਕ ਗਾਇਨ ਕਰਦੇ ਹਨ ਕਿ ਵਾਹਿਗੁਰੂ ਪ੍ਰਾਣ ਲੈ ਲੈਂਦਾ ਹੈ ਤੇ ਮੁੜ ਵਾਪਸ ਦੇ ਦਿੰਦਾ ਹੈ।

ਗਾਵੈ ਕੋ ਜਾਪੈ ਦਿਸੈ ਦੂਰਿ ॥
ਕਈ ਗਾਇਨ ਕਰਦੇ ਹਨ ਕਿ ਹਰੀ ਦੁਰੇਡੇ ਮਲੂਮ ਹੁੰਦਾ ਅਤੇ ਸੁੱਝਦਾ ਹੈ।

copyright GurbaniShare.com all right reserved. Email:-