Page 685

ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ
ਧਨਾਸਰੀ ਸੰਤਾਂ ਸ਼ਬਦ ਤ੍ਰਿਲੋਚਨ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
ਹੇ ਭੁਲੜ ਅਤੇ ਬੇਸਮਝ ਇਸਤਰੀਏ! ਤੂੰ ਕਿਉਂ ਪ੍ਰਭੂ ਨੂੰ ਦੂਸ਼ਨ ਲਾਉਂਦੀ ਹੈਂ?

ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥
ਤੇਰਾ ਦੁਖ ਅਤੇ ਸੁਖ ਤੇਰੇ ਆਪਣੇ ਅਮਲਾਂ ਦੇ ਅਨੁਸਾਰ ਹੈ। ਠਹਿਰਾਓ।

ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥
ਭਾਵੇਂ ਚੰਦਰਮਾਂ ਸ਼ਿਵਜੀ ਦੇ ਮੱਥੇ ਉਤੇ ਵੱਸਦਾ ਹੈ ਅਤੇ ਸਦਾ ਗੰਗਾ ਵਿੱਚ ਨ੍ਹਾਉਂਦਾ ਹੈ।

ਕੁਲ ਜਨ ਮਧੇ ਮਿਲ੍ਯ੍ਯਿੋ ਸਾਰਗ ਪਾਨ ਰੇ ॥
ਭਾਵੇਂ ਚੰਦਰਮਾਂ ਦੇ ਖਾਨਦਾਨ ਦੇ ਇਨਸਾਨਾਂ ਵਿੱਚ ਕ੍ਰਿਸ਼ਨ ਪੈਦਾ ਹੋਇਆ ਸੀ,

ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥
ਤਾਂ ਭੀ ਉਸ ਦੇ ਮੰਦੇ ਅਮਲਾਂ ਦੇ ਕਾਰਣ ਲੱਗਾ ਧੱਬਾ ਉਸ ਦੇ ਚਿਹਰੇ ਤੋਂ ਮਿਟਦਾ ਨਹੀਂ।

ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥
ਅਰਣ, ਰਥਵਾਨ, ਜਿਸ ਦਾ ਮਾਲਕ ਸੰਸਾਰ ਦਾ ਦੀਵਾ ਸੂਰਜ ਹੈ ਅਤੇ ਜਿਸ ਦਾ ਭਰਾ, ਗਰੜ ਪੰਛੀਆਂ ਦਾ ਰਾਜਾ ਹੈ,

ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥
ਆਪਣੇ ਬੁਰੇ ਕਰਮਾਂ ਦੇ ਸਬੱਬ ਪਿੰਗਲਾ ਹੈ।

ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥
ਬਹੁਤਿਆਂ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਤਿੰਨਾਂ ਜਹਾਨਾਂ ਦਾ ਮਾਲਕ, ਸ਼ਿਵਜੀ, ਧਰਮ ਅਸਥਾਨੀ ਭਉਂਦਾ ਫਿਰਿਆ, ਪ੍ਰੰਤੂ ਉਹ ਉਹਨਾਂ ਦੇ ਅੰਤ ਨੂੰ ਨਾਂ ਪਾ ਸਕਿਆ।

ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥
ਬਰ੍ਹਮਾਂ ਦੇ ਸਿਰ ਕੱਟਣ ਦੇ ਬੁਰੇ ਅਮਲ ਨੂੰ ਉਹ ਮੇਟ ਨਾਂ ਸਕਿਆ।

ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
ਭਾਵੇਂ ਅੰਮ੍ਰਿਤ, ਚੰਦ੍ਰਮਾ, ਸਵਰਗੀ ਗਊ, ਲਖਸ਼ਮੀਖ, ਕਲਪ ਬ੍ਰਿਛ, ਸੂਰਜ ਦਾ ਘੋੜਾ, ਪਰਮ ਚਤੁਰ ਵੈਦ, ਧਨੰਤਰ, ਦਰਿਆਵਾ ਦੇ ਸੁਆਮੀ, ਸਮੁੰਦਰ, ਵਿਚੋਂ ਉਤਪੰਨ ਹੋਏ ਹਨ,

ਕਰਮ ਕਰਿ ਖਾਰੁ ਮਫੀਟਸਿ ਰੀ ॥੪॥
ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦਾ ਖਾਰਾਪਣ ਨਹੀਂ ਦੂਰ ਹੁੰਦਾ।

ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥
ਭਾਵੇਂ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਸੁੱਟਿਆ, ਰਾਵਣ ਦਾ ਬਾਗ ਪੁੱਟ ਦਿੱਤਾ, ਲਛਮਨ ਦੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਵਾਲੀ ਬੂਟੀ ਲਿਆਂਦੀ ਅਤੇ ਰਾਮ ਚੰਦਰ ਨੂੰ ਪ੍ਰਸੰਨ ਕਰ ਲਿਆ,

ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥
ਪ੍ਰੰਤੂ ਉਸ ਦੇ ਅਮਲਾਂ ਦੇ ਕਾਰਨ ਉਸ ਦੇ ਮਗਰੋ ਲੰਗੋਟੀ ਨਾਂ ਲੱਥੀ।

ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥
ਪਿਛਲੇ ਕਮਾਏ ਹੋਏ ਅਮਲਾਂ ਦਾ ਫਲ ਮਿਟਦਾ ਨਹੀਂ ਹੇ ਮੇਰੀ ਘਰ ਵਾਲੀਏ। ਇਸ ਲਈ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥
ਇਸ ਤਰ੍ਹਾਂ ਤਿਰਲੋਚਨ ਆਖਦਾ ਹੈ, ਹੇ ਮੇਰੇ ਪੂਜਯ ਪ੍ਰਭੂ!

ਸ੍ਰੀ ਸੈਣੁ ॥
ਮਾਣਨੀਯ ਸੈਣ।

ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਸੁੰਗਧਤ ਸਾਮਗਰੀ, ਦੀਵੇ ਅਤੇ ਘਿਉ ਨਾਲ ਮੈਂ ਉਪਾਸ਼ਨਾ ਕਰਦਾ ਹਾਂ।

ਵਾਰਨੇ ਜਾਉ ਕਮਲਾ ਪਤੀ ॥੧॥
ਮੈਂ ਲਖ਼ਸ਼ਮੀ ਦੇ ਸੁਆਮੀ ਤੋਂ ਕੁਰਬਾਨ ਜਾਂਦਾ ਹਾਂ।

ਮੰਗਲਾ ਹਰਿ ਮੰਗਲਾ ॥
ਵਾਹ ਵਾਹ! ਹੇ ਵਾਹਿਗੁਰੂ ਤੈਨੂੰ ਵਾਹ ਵਾਹ।

ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
ਸਦੀਵੀ ਪ੍ਰਸੰਨਤਾ ਤੈਡੀ ਹੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ, ਸ਼ਹਿਨਸ਼ਾਹ! ਠਹਿਰਾਉ।

ਊਤਮੁ ਦੀਅਰਾ ਨਿਰਮਲ ਬਾਤੀ ॥
ਸ਼੍ਰੇਸ਼ਟ ਦੀਵਾ ਅਤੇ ਪਵਿੱਤ੍ਰ ਬੱਤੀ ਹੈ,

ਤੁਹੀ ਨਿਰੰਜਨੁ ਕਮਲਾ ਪਾਤੀ ॥੨॥
ਤੂੰ ਹੀ, ਹੇ ਮਾਇਆ ਦੇ ਪ੍ਰਕਾਸ਼ਵਾਨ ਸੁਆਮੀ!

ਰਾਮਾ ਭਗਤਿ ਰਾਮਾਨੰਦੁ ਜਾਨੈ ॥
ਸੁਆਮੀ ਦੇ ਸਿਮਰਨ ਨੂੰ ਮੇਰਾ ਗੁਰੂ, ਰਾਮਾ ਨੰਦ ਜਾਣਦਾ ਹੈ।

ਪੂਰਨ ਪਰਮਾਨੰਦੁ ਬਖਾਨੈ ॥੩॥
ਉਹ ਸੁਆਮੀ ਨੂੰ ਸਰਬ-ਵਿਆਪਕ ਅਤੇ ਮਹਾਂ-ਪ੍ਰਸੰਨਤਾ ਸਰੂਪ ਵਰਣਨ ਕਰਦਾ ਹੈ।

ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
ਮਨ ਮੋਹਨੀ ਸੂਰਤ ਵਾਲੇ ਸ੍ਰਿਸ਼ਟੀ ਦੇ ਸੁਆਮੀ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।

ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
ਸੈਣ ਆਖਦਾ ਹੈ ਤੂੰ ਪਰਮ ਪ੍ਰਸੰਨਤਾ ਸਰੂਪ ਸੁਆਮੀ ਦਾ ਸਿਮਰਨ ਕਰ।

ਪੀਪਾ ॥
ਪੀਪਾ।

ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਦੇਹ ਅੰਦਰ ਪ੍ਰਭੂ ਹਾਜ਼ਰ ਹੈ। ਦੇਹ ਉਸ ਦਾ ਮੰਦਰ ਹੈ। ਦੇਹ ਦੇ ਅੰਦਰ ਯਾਤ੍ਰਾ ਅਸਥਾਨ ਹੈ ਜਿਸ ਦਾ ਮੈਂ ਯਾਤਰੂ ਹਾਂ।

ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਦੇਹ ਅੰਦਰ ਹੋਮ ਸਾਮਗਰੀ, ਦੀਵੇ ਤੇ ਪਵਿੱਤਰ ਭੋਜਨ ਹਨ। ਦੇਹ ਅੰਦਰ ਹੀ ਪੱਤਿਆਂ ਦੀ ਭੇਟਾ ਹੈ।

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਮੈਂ ਘਣੇਰਿਆਂ ਮੰਡਲਾਂ ਦੀ ਢੂੰਡ ਭਾਲ ਕੀਤੀ ਹੈ ਅਤੇ ਮੈਂ ਕੇਵਲ ਦੇਹ ਅੰਦਰੋ ਹੀ ਨੌ ਖ਼ਜ਼ਾਨੇ ਪ੍ਰਾਪਤ ਕੀਤੇ ਹਨ।

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
ਜਦ ਦੀ ਮੈਂ ਪ੍ਰਭੂ ਪਾਸੋਂ ਰਹਿਮਤ ਦੀ ਜਾਚਨਾ ਕੀਤੀ ਹੈ, ਮੇਰੇ ਲਈ ਨਾਂ ਆਉਣਾ ਹੈ ਤੇ ਨਾਂ ਹੀ ਜਾਂਦਾ। ਠਹਿਰਾਉ।

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਜਿਹੜਾ ਆਲਮ ਵਿੱਚ ਹੈ, ਉਹ ਦੇਹ ਵਿੱਚ ਭੀ ਵਸਦਾ ਹੈ। ਜਿਹੜਾ ਕੋਈ ਭਾਲਦਾ ਹੈ, ਉਹ ਉਸ ਨੂੰ ਉਥੇ ਪਾ ਲੈਦਾ ਹੈ।

ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
ਪੀਪਾ ਬੇਨਤੀ ਕਰਦਾ ਹੈ, ਸਾਹਿਬ ਸਾਰਿਆਂ ਦਾ ਮਹਾਨ ਸਾਰ ਅੰਸ ਹੈ। ਜਦ ਸੱਚੇ ਗੁਰਦੇਵ ਜੀ ਹੋਣ ਉਹ ਉਸੇ ਨੂੰ ਵਿਖਾਲ ਦਿੰਦੇ ਹਨ।

ਧੰਨਾ ॥
ਧੰਨਾ।

ਗੋਪਾਲ ਤੇਰਾ ਆਰਤਾ ॥
ਹੇ ਸੁਆਮੀ! ਮੈਂ ਤੇਰੀ ਉਪਾਸ਼ਲਾ ਕਰਦਾ ਹਾਂ।

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਤੂੰ ਉਨ੍ਹਾਂ ਪੁਰਸ਼ਾ ਦੇ ਕਾਰਜ ਰਾਸ ਕਰ ਦਿੰਦਾ ਹੈਂ ਜਿਹੜੇ ਤੇਰੀ ਅਨੁਰਾਗੀ ਸੇਵਾ ਕਮਾਉਂਦੇ ਹਨ। ਠਹਿਰਾਉ।

ਦਾਲਿ ਸੀਧਾ ਮਾਗਉ ਘੀਉ ॥
ਦਾਲ, ਆਟਾ ਅਤੇ ਘਿਉ, ਮੈਂ ਤੇਰੇ ਕੋਲੋਂ ਮੰਗਦਾ ਹਾਂ।

ਹਮਰਾ ਖੁਸੀ ਕਰੈ ਨਿਤ ਜੀਉ ॥
ਇਸ ਤਰ੍ਹਾਂ ਮੇਰਾ ਚਿੱਤ ਹਮੇਸ਼ਾਂ ਪ੍ਰਸੰਨ ਰਹੇਗਾ।

ਪਨ੍ਹ੍ਹੀਆ ਛਾਦਨੁ ਨੀਕਾ ॥
ਜੁਤੀ, ਚੰਗੇ ਕਪੜੇ,

ਅਨਾਜੁ ਮਗਉ ਸਤ ਸੀ ਕਾ ॥੧॥
ਅਤੇ ਸੱਤਾਂ ਕਿਸਮਾਂ ਦੇ ਦਾਣੇ ਮੈਂ ਤੇਰੇ ਕੋਲੋ ਮੰਗਦਾ ਹਾਂ।

ਗਊ ਭੈਸ ਮਗਉ ਲਾਵੇਰੀ ॥
ਮੈਂ ਦੁਧ ਦੇਣ ਵਾਲੀ ਗਾਂ ਅਤੇ ਮੈਂਹ ਮੰਗਦਾ ਹਾਂ,

ਇਕ ਤਾਜਨਿ ਤੁਰੀ ਚੰਗੇਰੀ ॥
ਅਤੇ ਇਕ ਚੰਗੀ ਤੁਰਕਿਸਤਾਨੀ ਘੋੜੀ ਭੀ।

ਘਰ ਕੀ ਗੀਹਨਿ ਚੰਗੀ ॥
ਆਪਣੇ ਘਰ ਦੀ ਸੰਭਾਲ ਲਈ ਮੈਂ ਇਕ ਚੰਗੀ ਵਹੁਟੀ ਮੰਗਦਾ ਹਾਂ!

ਜਨੁ ਧੰਨਾ ਲੇਵੈ ਮੰਗੀ ॥੨॥੪॥
ਤੇਰਾ ਗੋਲਾ, ਧੰਨਾ, ਹੇ ਸੁਆਮੀ! ਉਨ੍ਹਾਂ ਨੂੰ ਹਾਸਲ ਕਰਨ ਲਈ ਤੈਨੂੰ ਬੇਨਤੀ ਕਰਦਾ ਹੈ।

copyright GurbaniShare.com all right reserved. Email