Page 687

ਜੈਤਸਰੀ ਮਃ ੪ ॥
ਜੈਤਸਰੀ ਚੌਥੀ ਪਾਤਿਸ਼ਾਹੀ।

ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਞਣਾ ਬਾਲਕ ਹਾਂ ਅਤੇ ਤੇਰੀ ਅਵਸਥਾ ਤੇ ਕੀਮਤ ਨੂੰ ਕੁਝ ਭੀ ਨਹੀਂ ਜਾਣਦਾ।

ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥
ਹੇ ਪ੍ਰਭੂ, ਮੇਰੇ ਉਤੇ ਦਇਆ ਕਰ, ਮੈਨੂੰ ਸ਼੍ਰੇਸ਼ਟ ਸਮਝ ਪਰਦਾਨ ਕਰ ਅਤੇ ਮੈਂ ਮੂਰਖ ਨੂੰ ਅਕਲਮੰਦ ਬਣਾ ਦੇ।

ਮੇਰਾ ਮਨੁ ਆਲਸੀਆ ਉਘਲਾਨਾ ॥
ਮੇਰੇ ਚਿੱਤ ਸੁਸਤ ਅਤੇ ਨਿੰਦ੍ਰਾਵਲਾ ਹੈ।

ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥
ਮੇਰੇ ਸੁਆਮੀ ਵਾਹਿਗੁਰੂ ਨੇ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾ ਦਿੱਤਾ ਹੈ। ਸੰਤ ਗੁਰਾਂ ਨਾਲ ਮਿਲ ਕੇ ਮੇਰੇ ਦਿਲ ਦੇ ਕਿਵਾੜ ਖੁਲ੍ਹ ਗਏ ਹਨ। ਠਹਿਰਾਉ।

ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥
ਹਰ ਮੁਹਤ, ਹੇ ਗੁਰਦੇਵ ਜੀ! ਮੇਰੇ ਦਿਲ ਅੰਦਰ ਪ੍ਰਪੂ ਦਾ ਪ੍ਰੇਮ ਰਮਾਓ ਅਤੇ ਪ੍ਰਭੂ ਦੇ ਨਾਮ ਨੂੰ ਮੈਨੂੰ ਮੇਰੀ ਜਿੰਦ ਜਾਨ ਵਰਗਾ ਪਿਆਰ ਕਰ ਦਿਓ।

ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥
ਆਪਣੇ ਸੁਆਮੀ ਦੇ ਨਾਮ ਦੇ ਬਗੈਰ ਮੈਨੂੰ ਮਰ ਜਾਣਾ ਚਾਹੀਦਾ ਹੈ। ਇਹ ਮੇਰੇ ਲਈ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਨਸ਼ਾ ਕਰਨ ਵਾਲੇ ਲਈ, ਉਹ ਨਸ਼ਾ ਹੈ ਜਿਸ ਲਈ ਲਲਚਾਉਂਦਾ ਹੈ।

ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥
ਜੋ ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਨ੍ਹਾਂ ਦੀ ਪੂਰਬਲੀ ਲਿਖੀ ਹੋਈ ਕਿਸਮਤ ਪੂਰੀ ਹੋ ਜਾਂਦੀ ਹੈ।

ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥
ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਨੂੰ ਮਾਲਕ ਮਿੱਠੜਾ ਲਗਦਾ ਹੈ।

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥
ਮੇਰੇ ਵਾਹਿਗੁਰੂ ਸੁਆਮੀ ਮਾਲਕ ਨੇ ਆਪਣੇ ਗੋਲੇ, ਮੇਰੇ ਉਤੇ ਰਹਿਮਤ ਕੀਤੀ ਹੈ। ਮੈਨੂੰ ਦੇਰ ਤੋਂ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ।

ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥
ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਗੋਲਾ ਨਾਨਕ ਉਨ੍ਹਾਂ ਉੱਤੋ ਘੋਲੀ ਵੰਞਦਾ ਹੈ।

ਜੈਤਸਰੀ ਮਹਲਾ ੪ ॥
ਜੈਤਸਰੀ ਚੋਥੀ ਪਾਤਿਸ਼ਾਹੀ।

ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥
ਮੈਂ ਮਹਾਨ ਪੁਰਖ, ਆਪਦੇ ਮਿੱਤਰ, ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਇਸ ਮਿਲਾਪ ਨੂੰ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਦੇ ਫਲ ਲੱਗੇ ਹਨ।

ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥
ਮੋਹਣੀ ਸਰਪਣੀ ਨੇ ਜੀਵ ਨੂੰ ਪਕੜ ਲਿਆ ਹੈ। ਪ੍ਰਭੂ, ਗੁਰਾਂ ਦੀ ਬਾਦੀ ਰਾਹੀਂ ਜ਼ਹਿਰ ਨੂੰ ਖਾਰਜ ਕਰ ਦਿੰਦਾ ਹੈ।

ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥
ਮੇਰੀ ਆਤਮਾ ਪ੍ਰਭੂ ਦੇ ਨਾਮ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।

ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥
ਸੰਤ-ਗੁਰਾਂ ਨਾਲ ਜੋੜ ਕੇ ਵਾਹਿਗੁਰੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਹ ਹੁਣ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਚਖਦੇ ਹਨ। ਠਹਿਰਾਉ।

ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥
ਸੁਬਹਾਨ, ਸੁਬਹਾਨ ਹੈ, ਉਨ੍ਹਾਂ ਦੀ ਚੰਗੀ ਪ੍ਰਾਲਬੰਧ, ਜੋ ਸੰਤ ਗੁਰਾਂ ਨੂੰ ਭੇਟਦੇ ਹਨ। ਸੰਤ ਗੁਰਾਂ ਨਾਲ ਮਿਲਣ ਦੁਆਰਾ ਉਨ੍ਹਾਂ ਦੀ ਪ੍ਰੀਤ ਪਰਮ ਉੱਤਮ ਅਵਸਥਾ ਨਾਲ ਲੱਗ ਜਾਂਦੀ ਹੈ।

ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥
ਉਨ੍ਹਾਂ ਦੀਆਂ ਖਾਹਿਸ਼ਾਂ ਦੀ ਅੱਗ ਬੁਝ ਜਾਂਦੀ ਹੈ, ਉਹ ਠੰਡ-ਚੈਨ ਪ੍ਰਾਪਤ ਕਰਦੇ ਹਨ ਅਤੇ ਵਾਹਿਗੁਰੂ ਦੀ ਪਵਿੱਤ੍ਰ, ਪਵਿੱਤ੍ਰ ਕੀਰਤੀ ਗਾਇਨ ਕਰਦੇ ਹਨ।

ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥
ਐਨ ਆਰੰਭ ਤੋਂ ਹੀ ਮਾੜੇ ਕਰਮਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦਾ ਦੀਦਾਰ ਨਹੀਂ ਪਾਉਂਦੇ।

ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥
ਦਵੈਤ-ਭਾਵ ਦੇ ਸਬਬ ਉਹ ਪੇਟ ਦੀਆਂ ਜੂਨੀਆਂ ਅੰਦਰ ਪੈਦੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਲ ਵਿਅਰਥ ਬੀਤ ਜਾਂਦਾ ਹੈ।

ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥
ਹੇ ਵਾਹਿਗੁਰੂ ਮੈਨੂੰ ਪਵਿੱਤ੍ਰ ਸਮਝ ਪਰਦਾਨ ਕਰ ਤਾਂ ਜੋ ਮੈਂ ਸੱਚੇ ਗੁਰਾਂ ਦੇ ਚਰਨਾ ਦੀ ਟਹਿਲ ਕਮਾਵਾ, ਅਤੇ ਤੂੰ ਹੇ ਵਾਹਿਗੁਰੂ ਮੈਨੂੰ ਮਿਠੜਾ ਲਗੇ।

ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥
ਨਫਰ ਨਾਨਕ, ਸੰਤ ਗੁਰਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਮਿਹਰਬਾਨ ਹੋ ਕੇ, ਪ੍ਰਭੂ ਮੈਨੂੰ ਇਸ ਦੀ ਬਖਸ਼ਸ਼ ਕਰੇਗਾ।

ਜੈਤਸਰੀ ਮਹਲਾ ੪ ॥
ਜੇਤਸਰੀ ਚੋਥੀ ਪਾਤਿਸ਼ਾਹੀ।

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
ਹੇ ਸੁਆਮੀ ਮਾਲਕ! ਜਿਨ੍ਹਾਂ ਦੇ ਅੰਤਰ ਆਤਮੇ ਨਾਮ ਨਹੀਂ ਵਸਦਾ ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ।

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
ਉਨ੍ਹਾ ਦਾ ਵੀਰਾਨ ਸਰੀਰ ਨਾਮ ਦੇ ਬਗੈਰ ਭਟਕਦਾ ਫਿਰਦਾ ਹੈ। ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਕੁਰਲਾਉਂਦੇ ਮਰ ਜਾਂਦੇ ਹਨ।

ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ, ਜੋ ਮੇਰੇ ਅੰਦਰ ਹੀ ਹੈ, ਦੇ ਨਾਮ ਦਾ ਉਚਾਰਨ ਕਰ।

ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥
ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ।

ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥
ਕਲਜੁੱਗ ਅੰਦਰ, ਵਾਹਿਗੁਰੂ ਦੀ ਮਹਿਮ ਪਰਮ ਉੱਚਾ ਦਰਜਾ ਰਖਦੀ ਹੈ। ਸੱਚੇ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ।

ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥
ਮੈਂ ਆਪਣੇ ਸੱਚੇ ਗੁਰਾਂ ਉੱਤੋ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਸੁਆਮੀ ਦਾ ਅੰਦਰ ਛੁਪਿਆ ਹੋਇਆ ਨਾਮ ਮੇਰੇ ਤੇ ਪ੍ਰਗਟ ਕਰ ਦਿੱਤਾ ਹੈ।

ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥
ਪਰਮ ਚੰਗੇ ਨਸੀਬਾ ਦੁਆਰਾ ਪਵਿੱਤਰ ਪੁਰਸ਼ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਸਾਰਿਆਂ ਪਾਪਾਂ ਨੂੰ ਦੂਰ ਕਰਦਾ ਅਤੇ ਧੋ ਸੁਟਦਾ ਹੈ।

ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥
ਮੈਂ ਬੜੇ ਸਿਆਣੇ ਸ਼ਹਿਨਸ਼ਾਹ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ, ਵਾਹਿਗੁਰੂ ਦੀਆਂ ਅਨੇਕਾਂ ਖੂਬੀਆਂ ਅੰਦਰ ਮੈਨੂੰ ਸਾਂਝੀਵਾਲ ਬਣਾ ਦਿੱਤਾ ਹੈ।

copyright GurbaniShare.com all right reserved. Email