Page 1168

ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ
ਰਾਗ ਬਸੰਤੁ ਪਹਿਲੀ ਪਾਤਿਸ਼ਾਹੀ ਚਉਪਦੇ ਦੋਤੁਕੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
ਮਹੀਨਿਆਂ ਵਿੱਚ ਮੁਬਾਰਕ ਹੈ ਉਹ ਮਹੀਨਾ ਜਦ ਕਿ ਮੌਸਮ ਬਹਾਰ ਹਮੇਸ਼ਾਂ ਚੜ੍ਹਦਾ ਹੈ।

ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥
ਉਸ ਸੰਸਾਰ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਹਮੇਸ਼ਾ, ਹਮੇਸ਼ਾਂ ਪ੍ਰਫੁਲਤ ਹੋ, ਹੇ ਮੇਰੀ ਜਿੰਦੜੀਏ!

ਭੋਲਿਆ ਹਉਮੈ ਸੁਰਤਿ ਵਿਸਾਰਿ ॥
ਹੇ ਬੇਸਮਝ ਬੰਦੇ! ਤੂੰ ਆਪਣੀ ਆਕੜ-ਖਾਂ ਅਕਲ ਨੂੰ ਭੁੱਲ ਜਾ।

ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥
ਤੂੰ ਆਪਣੀ ਹੰਗਤਾ ਨੂੰ ਮੇਟ ਦੇ, ਆਪਣੇ ਦਿਲ ਵਿੱਚ ਵਾਹਿਗੁਰੂ ਦਾ ਸਿਮਰਨ ਕਰ ਅਤੇ ਆਪਣੇ ਹਿਰਦੇ ਅੰਦਰ ਤੂੰ ਸਰੇਸ਼ਟ ਗੁਣਵਾਨ ਪ੍ਰਭੂ ਦੀਆਂ ਨੇਕੀਆਂ ਇਕੱਤਰ ਕਰ। ਠਹਿਰਾਉ।

ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
ਨੇਕ ਅਮਲ ਬ੍ਰਿਛ ਹਨ, ਰਬ ਦਾ ਨਾਮ ਇਸ ਦੀਆਂ ਟਹਿਣੀਆਂ, ਸਿਦਕ ਭਰੋਸਾ ਇਸ ਦੇ ਪੁਸ਼ਪ ਅਤੇ ਬ੍ਰਹਮ ਬੀਚਾਰ ਇਸ ਦਾ ਫਲ-ਮੇਵਾ।

ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥
ਵਾਹਿਗੁਰੂ ਦੀ ਪਰਾਪਤੀ ਇਸ ਦੇ ਪੱਤੇ ਹਨ ਅਤੇ ਚਿੱਤ ਦੀ ਹੰਗਤਾ ਨੂੰ ਮਾਰਣਾ ਇਸ ਦੀ ਸੰਘਣੀ ਛਾਂ।

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥
ਜੋ ਕੋਈ ਆਪਣੇ ਨੇਤ੍ਰਾਂ ਨਾਲ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਵੇਖਦਾ ਹੈ, ਆਪਣੇ ਕੰਨਾਂ ਨਾਲ ਗੁਰਬਾਣੀ ਸੁਣਦਾ ਹੈ ਅਤੇ ਆਪਣੇ ਮੂੰਹ ਨਾਲ ਸਤਿਨਾਮ ਦਾ ਉਚਾਰਨ ਕਰਦਾ ਹੈ,

ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥
ਉਸ ਦੀ ਇਜ਼ਤ ਆਬਰੂ ਦੀ ਮੁਕੰਮਲ ਦੌਲਤ ਮਿਲ ਜਾਂਦੀ ਹੈ ਅਤੇ ਉਸ ਦੀ ਬਿਰਤੀ ਸੁਖੈਨ ਹੀ ਸਾਈਂ ਨਾਲ ਜੁੜ ਜਾਂਦੀ ਹੈ।

ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
ਮਹੀਨੇ ਤੇ ਮੌਸਮ ਆਉਂਦੇ ਰਹਿੰਦੇ ਹਨ। ਦੇਖ! ਤੂੰ ਨੇਕ ਅਮਲਾਂ ਦੀ ਕਮਾਈ ਕਰ।

ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥
ਨਾਨਕ, ਜੋ ਗੁਰਾਂ ਦੀ ਦਇਆ ਦੁਆਰਾ ਹਰੀ ਅੰਦਰ ਲੀਨ ਰਹਿੰਦੇ ਹਨ, ਉਹ ਸੁਕਦੇ ਨਹੀਂ ਅਤੇ ਸਰਸਬਜ਼ ਰਹਿੰਦੇ ਹਨ।

ਮਹਲਾ ੧ ਬਸੰਤੁ ॥
ਪਹਿਲੀ ਪਾਤਿਸ਼ਾਹੀ ਬਸੰਤ।

ਰੁਤਿ ਆਈਲੇ ਸਰਸ ਬਸੰਤ ਮਾਹਿ ॥
ਅਨੰਦ-ਦਾਇਕ ਮੌਸਮ ਬਹਾਰ ਦੇ ਮਹੀਨੇ ਆ ਗਏ ਹਨ।

ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥
ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਹ ਖੁਸ਼ੀ ਲਾਲ ਤੇਰੇ ਨਾਮ ਦਾ ਉਚਾਰਨ ਕਰਦੇ ਹਨ।

ਕਿਸੁ ਪੂਜ ਚੜਾਵਉ ਲਗਉ ਪਾਇ ॥੧॥
ਤੇਰੇ ਬਗੈਰ, ਮੈਂ ਹੋਰ ਕਿਸ ਦੀ ਉਪਾਸ਼ਨਾ ਕਰਾਂ, ਅਤੇ ਕੀਹਦੇ ਪੈਰੀ ਪਵਾਂ?

ਤੇਰਾ ਦਾਸਨਿ ਦਾਸਾ ਕਹਉ ਰਾਇ ॥
ਮੇਰੇ ਪਾਤਿਸ਼ਾਹ! ਮੇ ਤੇਰੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹਾਂ।

ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥
ਹੈ ਜਗਤ ਦੀ ਜਿੰਦ-ਜਾਨ ਮੇਰੇ ਮਾਲਕ! ਤੂੰ ਹੋਰ ਕਿਸੇ ਢੰਗ ਨਾਲ ਨਹੀਂ ਮਿਲਦਾ। ਠਹਿਰਾਉ।

ਤੇਰੀ ਮੂਰਤਿ ਏਕਾ ਬਹੁਤੁ ਰੂਪ ॥
ਤੇਰੀ ਇਕ ਵਿਅਕਤੀ ਹੈ, ਪ੍ਰੰਤੂ ਘਣੇਰੇ ਸਰੂਪ।

ਕਿਸੁ ਪੂਜ ਚੜਾਵਉ ਦੇਉ ਧੂਪ ॥
ਤੇਰੇ ਸਰੂਪਾਂ ਵਿਚੋਂ ਮੈਂ ਕੀਹਦੀ ਉਪਾਸ਼ਨਾ ਕਰਾਂ ਅਤੇ ਕੀਹਦੇ ਮੂਹਰੇ ਹੋਮ ਸਮਗਰੀ ਧੁਖਾਵਾਂ!

ਤੇਰਾ ਅੰਤੁ ਨ ਪਾਇਆ ਕਹਾ ਪਾਇ ॥
ਕਿਸੇ ਨੂੰ ਭੀ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਕੋਈ ਜਣਾ ਕਿਸ ਤਰ੍ਹਾਂ ਇਸ ਨੂੰ ਪਾ ਸਕਦਾ ਹੈ?

ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥
ਮੈਂ ਆਪਣੇ ਆਪ ਨੂੰ ਤੇਰਿਆਂ ਨੌਕਰਾਂ ਦਾ ਨੌਕਰ ਆਖਦਾ ਹਾਂ, ਹੇ ਮੇਰੇ ਸੁਲਤਾਨ!

ਤੇਰੇ ਸਠਿ ਸੰਬਤ ਸਭਿ ਤੀਰਥਾ ॥
ਸੱਠ (ਸਮੂਹ) ਸਾਲ ਅਤੇ ਸਾਰੇ ਧਰਮ ਅਸਥਾਨ ਤੂੰ ਹੀ ਰਚੇ ਹਨ।

ਤੇਰਾ ਸਚੁ ਨਾਮੁ ਪਰਮੇਸਰਾ ॥
ਸੱਚਾ ਹੈ ਤੇਰਾ ਨਾਮ, ਹੈ ਸ਼ਰੋਮਣੀ ਸਾਹਿਬ!

ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥
ਹੇ ਅਮਰ ਪ੍ਰਭੂ, ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ।

ਅਣਜਾਣਤ ਨਾਮੁ ਵਖਾਣੀਐ ॥੩॥
ਭਾਵੇਂ ਇਨਸਾਨ ਤੈਨੂੰ ਜਾਣਦਾ ਨਹੀਂ, ਤਾਂ ਭੀ ਉਸ ਨੂੰ ਤੇਰੇ ਨਾਮ ਦਾ ਉਚਾਰਨ ਕਰਨਾ ਉਚਿਤ ਹੈ, ਹੇ ਪ੍ਰਭੂ!

ਨਾਨਕੁ ਵੇਚਾਰਾ ਕਿਆ ਕਹੈ ॥
ਗਰੀਬੜਾ ਨਾਨਕ ਕੀ ਕਹਿ ਸਕਦਾ ਹੈ?

ਸਭੁ ਲੋਕੁ ਸਲਾਹੇ ਏਕਸੈ ॥
ਸਾਰੇ ਜੀਵ ਕੇਵਲ ਇਕ ਸੁਆਮੀ ਦੀ ਹੀ ਸਿਫ਼ਤ ਕਰਦੇ ਹਨ।

ਸਿਰੁ ਨਾਨਕ ਲੋਕਾ ਪਾਵ ਹੈ ॥
ਨਾਨਕ ਇਹੋ ਜਿਹੇ ਪੁਰਸ਼ਾਂ ਦੇ ਪੈਰਾਂ ਤੇ ਆਪਦਾ ਸੀਸ ਰਖਦਾ ਹੈ।

ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥
ਮੈਂ ਜਿੰਨੇ ਭੀ ਤੇਰੇ ਨਾਮ ਹਲ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਹੇ ਸੁਆਮੀ!

ਬਸੰਤੁ ਮਹਲਾ ੧ ॥
ਬਸੰਤ ਪਹਿਲੀ ਪਾਤਿਸ਼ਾਹੀ।

ਸੁਇਨੇ ਕਾ ਚਉਕਾ ਕੰਚਨ ਕੁਆਰ ॥
ਚੌਕਾਂ ਸੋਨੇ ਦਾ ਹੈ ਅਤੇ ਸੋਨੇ ਦੇ ਹੀ ਹਨ ਬਰਤਨ।

ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥
ਵਲਗਣ ਦੀਆਂ ਚਾਂਦੀ ਦੀਆਂ ਲਹਿਰਾਂ ਦੂਰ ਤਾਂਈ ਫੈਲੀਆਂ ਹੋਈਆਂ ਹਨ।

ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥
ਪਾਣੀ ਸੁਰਸਰੀ ਦਾ ਹੈ ਅਤੇ ਅੱਗ ਯਜਨਾ ਰੁਖ ਦੀ ਲੱਕੜ ਦੀ।

ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥
ਖੁਰਾਕ ਦੁਧ ਵਿੱਚ ਉਬਲੇ ਹੋਏ ਵਧੀਆ ਚੌਲਾ ਦੀ ਹੈ।

ਰੇ ਮਨ ਲੇਖੈ ਕਬਹੂ ਨ ਪਾਇ ॥
ਹੇ ਮੇਰੀ ਜਿੰਦੇ, ਇਹ ਕਦਾਚਿਤ ਕਿਸੇ ਹਿਸਾਬ ਵਿੱਚ ਨਹੀਂ,