Page 1308

ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥
ਤੇਰੇ ਡਰ, ਪ੍ਰੇਮ ਅਤੇ ਸਿਮਰਨ ਨਾਲ ਰੰਗੀਜ ਨਾਨਕ ਪਰਮ ਪ੍ਰਸੰਨ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਤੇਰੇ ਉਤੋਂ ਬਲਿਹਾਰਨੇ ਵੰਝਦਾ ਹਾਂ, ਹੇ ਸੁਆਮੀ!

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਕਰਤ ਕਰਤ ਚਰਚ ਚਰਚ ਚਰਚਰੀ ॥
ਬਹਿਸ ਕਰਨ ਵਾਲੇ ਹਮੇਸ਼ਾਂ ਅਤੇ ਹਰ ਵੇਨੇ ਬਖੇੜੇ ਅਤੇ ਬਹਿਸਾ ਕਰਦੇ ਕਰਕੇ ਹਨ।

ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥
ਯੋਗੀ, ਵਿਚਾਰਵਾਨ ਸਪਰਦਾਈ, ਗਿਆਨਵਾਨ ਅਤੇ ਧਰਤੀ ਤੇ ਰਟਨ ਕਰਨ ਵਾਲੇ, ਧਰਤੀ ਅਤੇ ਧਰਤੀ ਦੇ ਕਈ ਹਿਸਿਆ ਤੇ ਭੌਦੇ ਅਤੇ ਭਟਕਦੇ ਹਨ। ਠਹਿਰਾਉ।

ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥
ਕਈ ਹੰਕਾਰ ਤੇ ਸਵੈ-ਹੰਗਤਾ ਅੰਦਰ ਗਲਤਾਨ ਹਨ ਅਤੇ ਬੁਧੂ ਬੇਸਮਝ ਬੇਵਕੂਫ ਅਤੇ ਬਊਰੇ ਹਨ।

ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥
ਜਿਥੇ ਕਿਤੇ ਭੀ ਉਹ ਜਾਂਦੇ ਅਤੇ ਭੌਦੇ ਫਿਰਦੇ ਹਨ, ਮੌਤ ਹਮੇਸ਼ਾ, ਹਾਂ ਹਮੇਸ਼ਾਂ ਅਤੇ ਹਰ ਦਮ ਹੀ ਉਨ੍ਹਾਂ ਦੇ ਨਾਲ ਹੈ।

ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥
ਹੇ ਬੰਦੇ! ਤੂੰ ਆਪਣੇ ਹੰਕਾਰ, ਮਾਨ ਅਤੇ ਸਵੈ-ਹੰਗਤਾ ਨੂੰ ਛੱਡ ਦੇ। ਮੌਤ ਹਾਂ ਮੌਤ ਸਦੀਵ ਹੀ ਤੇਰਾ ਨੇੜੇ ਤੇੜੇ ਹੈ।

ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥
ਗੁਰੂ ਜੀ ਆਖਦੇ ਹਨ, ਤੂੰ ਮੇਰੀ ਗਲ ਸੁਣ, ਹੇ ਬੇਸਮਝ ਬੰਦੇ! ਤੂੰ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ। ਵਾਹਿਗੁਰੂ ਦੇ ਸਿਮਰਨ ਅਤੇ ਅਰਾਧਨ ਬਗੈਰ ਤੇਰਾ ਜੀਵਲ ਬੇਅਰਥ ਜਾ ਰਿਹਾ ਹੈ।

ਕਾਨੜਾ ਅਸਟਪਦੀਆ ਮਹਲਾ ੪ ਘਰੁ ੧
ਕਾਨੜਾ ਅਸਟਪਦੀਆਂ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥
ਹੇ ਮੇਰੀ ਜਿੰਦੇ! ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਤੂੰ ਆਰਮ ਪਾਵੇਗੀ।

ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥
ਜਿੰਨਾ ਜਿਆਦਾ ਤੂੰ ਵਾਹਿਗੁਰੂ ਦਾ ਸਿਮਰਨ ਕਰੇਗੀ ਉਨਾ ਹੀ ਜਿਆਦਾ ਆਰਾਮ ਤੂੰ ਪਾਵੇਗੀ ਸੱਚੇ ਗੁਰਾ ਦੀ ਟਹਿਲ ਦੁਆਰਾ ਤੂੰ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।

ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥
ਹਰ ਮੁਹਤ ਸਾਧ ਸਰੂਪ ਪੁਰਸ਼ ਨਾਮ ਦੀ ਚਾਹਨਾ ਕਰਦੇ ਹਨ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਖੁਸ਼ੀ ਨੂੰ ਪ੍ਰਾਪਤ ਹੁੰਦੇ ਹਨ।

ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥
ਉਨ੍ਹਾਂ ਦੇ ਹੋਰਨਾ ਰਸਾਂ ਦੇ ਸੁਆਦ ਸਮੂਹ ਦੂਰ ਹੋ ਗਏ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਹੋਰ ਕੁਝ ਚੰਗਾ ਨਹੀਂ ਲਗਦਾ।

ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥
ਗੁਰਾਂ ਦੀ ਸਿਖਿਆ ਦੁਆਰਾ, ਸਾਈਂ ਹਰੀ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਗੁਰੂ ਜੀ ਉਨ੍ਹਾਂ ਪਾਸੋ ਮਿੱਠੇ ਸ਼ਬਦ ਉਚਾਰਨ ਕਰਵਾਉਂਦੇ ਹਨ?

ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥
ਸੱਚੇ ਗੁਰਾਂ ਦੀ ਬਾਣੀ ਰਾਹੀਂ ਪ੍ਰਮ ਸ਼੍ਰੇਸ਼ਟ ਪੁਰਸ਼ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਆਪਣੇ ਮਨ ਨੂੰ ਗੁਰੂ ਬਾਣੀ ਨਾਲ ਜੋੜਦੇ ਹਨ।

ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥
ਗੁਰਾਂ ਦੀ ਬਾਣੀ ਨੂੰ ਸੁਣ ਕੇ ਮੇਰਾ ਮਨੂਆ ਨਰਮ ਹੋ ਗਿਆ ਹੈ ਅਤੇ ਇਸ ਨਾਲ ਸਰਸਾਰ ਹੋ ਇਹ ਮਨੂਆ ਆਪਣੇ ਨਿਜ ਦੇ ਧਾਮ ਵਿੱਚ ਆ ਗਿਆ ਹੈ।

ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
ਓਥੇ ਸਦਾ ਅਤੇ ਹਰ ਦਮ ਬੈਕੁੰਠੀ ਕੀਰਤਨ ਅਤੇ ਸੰਗੀਤਕ ਗੂੰਜਦੇ ਹਨ ਅਤੇ ਅੰਮ੍ਰਿਤ ਦੀ ਧਾਰਾ ਇਕ ਰਸ ਟਪਕਦੀ ਹੈ।

ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥
ਜਦ ਇਨਸਾਨ ਹਰ ਮੁਹਤ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਤਾਂ ਉਹ ਗੁਰਾਂ ਦੇ ਉਪਦੇਸ਼ ਰਾਹੀਂ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥
ਰੱਬ ਦੇ ਨਾਮ ਨੂੰ ਉਹ ਸੁਣਦਾ ਹੈ, ਰੱਬ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਰੱਬ ਦੇ ਨਾਮ ਨਾਲ ਹੀ ਉਹ ਧਾਪਦਾ ਹੈ।

ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥
ਭਾਵੇਂ ਇਨਸਾਨ ਸੋਨੇ ਦੇ ਅਨੇਕਾਂ ਸੁਨਿਹਰੀ ਕੜੇ ਪਾ ਲਵੇ ਅਤੇ ਕਈ ਕਿਸਮਾਂ ਦੇ ਬਸਤਰ ਪਹਿਨੇ,

ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥
ਪ੍ਰੰਤੂ ਪ੍ਰਭੂ ਦੇ ਨਾਮ ਦੇ ਬਾਝੋਂ ਉਹ ਸਭ ਫਿਕਲੇ ਅਤੇ ਵਿਅਰਥ ਹਨ ਅਤੇ ਇਸ ਬਿਨਾ ਉਹ ਜੰਮਦਾ ਤੇ ਮਰਦਾ ਰਹੇਗਾ।

ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥
ਧਨ-ਦੌਲਤ ਦਾ ਪੜਦਾ ਇਕ ਵੱਡਾ ਪੜਦਾ ਹੈ। ਤੇ ਹਿਯ ਦੇ ਰਾਹੀਂ ਬੰਦਾ ਖਾਹਿਸ਼ ਦੀ ਘੁਮਣਘੇਰੀ ਵਿੱਚ ਜਾ ਡਿਗਦਾ ਹੈ ਜਿਸ ਅੰਦਰ ਉਸ ਦਾ ਧਾਮ ਨਸ਼ਟ ਹੋ ਜਾਂਦਾ ਹੈ।

ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥
ਸਾਰੇ ਗੁਨਾਹ ਅਤੇ ਕਸਮਲ ਜੰਗਾਲੇ ਹੋਏ ਲੋਹੇ ਦੀ ਮਾਨੰਦ ਬੋਝਲ ਹਨ ਅਤੇ ਉਨ੍ਹਾਂ ਦੇ ਨਾਲ ਜਹਿਰੀਲਾ ਅਤੇ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਨਹੀਂ ਜਾ ਸਕਦਾ।

ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥
ਰੱਬ ਦਾ ਡਰ ਅਤੇ ਪਿਆਰ ਜਹਾਜ ਹੈ ਅਤੇ ਗੁਰੂ ਜੀ ਮਲਾਹ ਹਨ, ਜੋ ਪ੍ਰਭੂ ਦੇ ਨਾਮ ਦੁਆਰਾ ਇਨਸਾਨ ਨੂੰ ਪਾਰ ਕਰ ਦਿੰਦੇ ਹਨ।

ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥
ਸੁਆਮੀ ਮਾਲਕ ਦੇ ਨਾਮ ਨਾਲ ਮਿਲਣ ਦੁਆਰਾ ਇਨਸਾਨ ਸੁਆਮੀ ਦੇ ਨਾਮ ਵਿੱਚ ਹੀ ਲੀਨ ਹੋ ਜਾਂਦਾ ਹੈ।

ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥
ਬੇਸਮਝੀ ਨਾਲ ਜੁੜਿਆ ਬੰਦਾ ਸੁਆਲ ਦਿੱਤਾ ਗਿਆ ਹੈ ਅਤੇ ਗਿਆਤ ਨਾਲ ਜੋੜ ਗੁਰੂ ਜੀ ਉਸ ਨੂੰ ਜਗਾ ਦਿੰਦੇ ਹਨ।

ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥
ਹੇ ਨਾਨਕ! ਆਪਣੀ ਰਜਾ ਅੰਦਰ ਸੁਆਮੀ ਬੰਦੇ ਨੂੰ ਉਸੇ ਤਰ੍ਹਾਂ ਹੀ ਤੋਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥
ਹੇ ਮੇਰੀ! ਤੂੰ ਸਾਈਂ ਹਰੀ ਦੇ ਨਾਮ ਦਾ ਉਚਾਰਨ ਕਰ ਅਤੇ ਇਹ ਤੇਰਾ ਪਾਰ ਉਤਾਰਾ ਕਰ ਦੇਵੇਗਾ।

ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥
ਜੋ ਕੋਈ ਉਸ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਧਰੂ ਤੇ ਪ੍ਰਹਿਲਾਦ ਦੀ ਮਾਨੰਦ ਸਾਈਂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।

copyright GurbaniShare.com all right reserved. Email