Page 1428

ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥
ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ, ਕੋਈ ਫਰਕ ਨਹੀਂ ਹੇ ਨਾਨਕ! ਤੂੰ ਇਸ ਨੂੰ ਸੱਚ ਕਰ ਕੇ ਸਮਝ।

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥
ਇਨਸਾਨ ਧਨ ਦੌਲਤ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ।

ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥
ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ ਇਹ ਮਨੁਸ਼ੀ ਜਿੰਦੜੀ ਕਿਹੜੇ ਕੰਮ ਦੀ ਹੈ?

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥
ਧਨ-ਦੌਲਤ ਦੀ ਸ਼ਰਾਬ ਦਾ ਅੰਨ੍ਹਾਂ ਕੀਤਾ ਹੋਇਆ, ਫਾਨੀ ਬੰਦਾ ਆਪਣੇ ਸਾਹਿਬ ਨੂੰ ਨਹੀਂ ਸਿਮਰਦਾ।

ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥
ਗੁਰੂ ਜੀ ਆਖਦੇ ਹਨ, ਵਾਹਿਗੁਰੂ ਦੀ ਬੰਦਗੀ ਦੇ ਬਗੈਰ, ਮੌਤ ਦੀ ਫਾਹੀ ਉਸ ਦੁਆਲੇ ਆ ਪੈਦੀ ਹੈ।

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।

ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥
ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਦਾ ਚਿੰਤਨ ਕਰ, ਜੋ ਅਖੀਰ ਨੂੰ ਤੇਰਾ ਸਹਾਇਥ ਹੋਵੇਗਾ।

ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥
ਇਨਸਾਨ ਦੇ ਘਣੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਹੈ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ।

ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥
ਗੁਰੂ ਜੀ ਆਖਦੇ ਹਨ, ਹੇ ਬੰਦੇ! ਤੂੰ, ਆਪਣੇ ਸਾਈਂ ਦਾ ਆਰਾਧਨ ਕਰ, ਤਾਂ ਜੋ ਤੈਨੂੰ ਨਿਡਰ ਹਰੀ ਵਿੱਚ ਵਾਸਾ ਮਿਲ ਜਾਵੇ।

ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥
ਮੈਂ ਘਣੇਰੇ ਉਪਰਾਲੇ ਕਰਕੇ ਹੰਭ ਗਿਆ ਹਾਂ, ਪ੍ਰੰਤੂ ਮੇਰੇ ਚਿੱਤ ਦੀ ਹੰਗਤਾ ਮਿਟਦੀ ਨਹੀਂ।

ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥
ਖੋਟੀਆਂ-ਰੁਚੀਆਂ ਨਾਲ ਨਾਨਕ ਜਕੜਿਆ ਹੋਇਆ ਹੈ, ਹੇ ਕੀਰਤੀਮਾਨ ਪ੍ਰਭੂ, ਤੂੰ ਮੇਰੀ ਰੱਖਿਆ ਕਰ।

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥
ਤੂੰ ਜਾਣ ਲੈ ਕਿ ਜੀਵਨ ਦੀਆਂ ਤਿੰਨ ਦਸ਼ਾਂ ਹਨ, ਬਚਪਨ, ਯੁਵਾ ਅਵਸਥਾ ਅਤੇ ਫਿਰ ਬੁਢੇਪਾ।

ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥
ਗੁਰੂ ਜੀ ਆਖਦੇ ਹਨ, ਤੂੰ ਜਾਣ ਲੈ ਕਿ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੀਆਂ ਹੀ ਬੇਅਰਥ ਹਨ।

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥
ਜਿਹੜਾ ਕੁਛ ਤੈਨੂੰ ਕਰਨਾ ਚਾਹੀਦਾ ਸੀ, ਉਹ ਤੂੰ ਨਹੀਂ ਕੀਤਾ। ਤੂੰ ਲਾਲਚ ਦੇ ਜਾਲ ਵਿੱਚ ਫਸ ਗਿਆ ਹੈਂ।

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥
ਨਾਨਕ, ਤੇਰਾ ਵੇਲਾ ਬੀਤ ਗਿਆ ਹੈ। ਤੂੰ ਹੁਣ ਕਿਉਂ ਵਿਰਲਾਪ ਕਰਦਾ ਹੈ, ਹੇ ਅੰਨ੍ਹੇ ਇਨਸਾਨ!

ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥
ਹੇ ਮਿਤ੍ਰ, ਮਨੂਆ ਧਨ-ਦੌਲਤ ਅੰਦਰ ਲੀਨ ਹੋਇਆ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ,

ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥
ਜਿਸ ਤਰ੍ਹਾਂ ਕੰਧ ਉਤੇ ਖਿੱਚੀ ਹੋਈ ਤਸਵੀਰ, ਇਸ ਨੂੰ ਛੱਡ ਨਹੀਂ ਸਕਦੀ, ਹੇ ਨਾਨਾਕ।

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥
ਆਦਮੀ ਕੁਝ ਹੋਰ ਚਾਹੁੰਦਾ ਹੈ, ਪ੍ਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ।

ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥
ਉਹ ਹੋਰਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪ੍ਰੰਤੂ ਹੇ ਨਾਨਕ! ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥
ਆਦਮੀ ਆਰਾਮ ਪ੍ਰਾਪਤ ਕਰਨ ਲਈ ਘਣੇਰੇ ਉਪਰਾਲੇ ਕਰਦਾ ਹੈ ਪ੍ਰੰਤੂ ਪੀੜ ਹਰਨ ਲਈ ਕੋਈ ਭੀ ਨਹੀਂ ਕਰਦਾ।

ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਇਨਸਾਨ! ਜਿਹੜਾ ਕੁਝ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥
ਸੰਸਾਰ ਮੰਗਤੇ ਦੀ ਮਾਨੰਦ ਭਟਕਦਾ ਫਿਰਦਾ ਹੈ ਅਤੇ ਕੇਵਲ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ।

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥
ਗੁਰੂ ਜੀ ਆਖਦੇ ਹਨ, ਤੂੰ ਉਸ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਤੇਰੇ ਕਾਰਜ ਸੰਪੂਰਨ ਥੀ ਵੰਞਣ।

ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥
ਤੂੰ ਕੂੜਾ ਹੰਕਾਰ ਕਿਉਂ ਕਰਦਾ ਹੈਂ? ਤੂੰ ਸੰਸਾਰ ਨੂੰ ਸੁਫਨੇ ਦੀ ਮਾਨੰਦ ਸਮਝ।

ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥
ਇਸ ਵਿੱਚ ਕੁਝ ਭੀ ਨਹੀਂ, ਜੋ ਤੈਡਾਂ ਹੈ। ਨਾਨਕ ਇਸ ਸੱਚ ਨੂੰ ਆਖਦਾ ਅਤੇ ਉਚਾਰਦਾ ਹੈ।

ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥
ਤੂੰ ਅਪਣੇ ਸਰੀਰ ਦਾ ਹੰਕਾਰ ਕਰਦਾ ਹੈਂ, ਜੋ ਕਿ ਇਕ ਮੁਹਤ ਵਿੱਚ ਨਾਸ ਹੋ ਜਾਂਦਾ ਹੈ, ਹੇ ਮਿੱਤਰ!

ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥
ਜੋ ਜੀਵ ਸੁਆਮੀ ਦੀ ਮਹਿਮਾਂ ਉਚਾਰਨ ਕਰਦਾ ਹੈ, ਉਹ ਹੇ ਨਾਨਕ! ਸੰਸਾਰ ਨੂੰ ਜਿੱਤ ਲੈਂਦਾ ਹੈ।

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥
ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਤੂੰ ਉਸ ਇਨਸਾਨ ਨੂੰ ਮੋਖਸ਼ ਹੋਇਆ ਹੋਇਆ ਸਮਝ।

ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥
ਉਸ ਇਨਯਾਨ ਅਤੇ ਹਰੀ ਦੇ ਵਿਚਕਾਰ, ਕੋਈ ਫਰਕ ਨਹੀਂ, ਤੂੰ ਇਸ ਨੂੰ ਸੱਚ ਜਾਣ ਕੇ ਕਬੂਲ ਕਰ, ਹੇ ਨਾਨਕ!

ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥
ਜਿਸ ਜੀਵ ਦੇ ਅੰਤਰ ਆਤਮੇ ਇਕ ਪ੍ਰਭੂ ਦਾ ਅਨੁਰਾਗ ਨਹੀਂ,

ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥
ਹੇ ਨਾਨਕ! ਤੂੰ ਉਸ ਦੀ ਦੇਹ ਨੂੰ ਸੂਰ ਅਤੇ ਕੁੱਤੇ ਦੀ ਦੇਹ ਵਰਗੀ ਜਾਣ।

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥
ਜਿਸ ਤਰ੍ਹਾਂ ਕੁੱਤਾ ਸਦੀਵ ਹੀ ਆਪਣੈ ਮਾਲਕ ਦੇ ਘਰ ਨੂੰ ਕਦਾਚਿੱਤ ਨਹੀਂ ਛੱਡਦਾ।

ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥
ਨਾਨਕ ਇਸ ਤਰੀਕੇ ਨਾਲ ਤੂੰ ਇਕ ਮਨੂਏ ਅਤੇ ਇਕ ਦਿਲ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ।

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥
ਜੋ ਕੋਈ ਯਾਤਰਾ ਕਰ, ਉਪਹਾਸ ਰੱਖ ਅਤੇ ਪੁੰਨ ਦਾਨ ਕਰਕੇ ਆਪਦੇ ਚਿੱਤ ਵਿੱਚ ਹੰਕਾਰ ਕਰਦਾ ਹੈ,

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥
ਨਾਨਕ ਉਸ ਦੇ ਇਹ ਕਰਮ, ਹਾਥੀ ਦੇ ਨ੍ਹਾਉਣ ਦੀ ਮਾਨੰਦ ਬੇਅਰਥ ਜਾਂਦੇ ਹਨ।

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥
ਮੂੰਢ ਕੰਬਦਾ ਹੈ, ਪੈਰ ਥਿੜਕਦੇ ਹਨ ਅਤੇ ਅੱਖਾਂ ਨੂਰ ਤੋਂ ਸੱਖਣੀਆਂ ਹੋ ਜਾਂਦੀਆਂ ਹਨ।

ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥
ਗੁਰੂ ਜੀ ਆਖਦੇ ਹਨ, ਇਹ ਹੋ ਗਈ ਹੈ ਤੇਰੀ ਹਾਲਤ, ਹੇ ਬੰਦੇ! ਤਾਂ ਭੀ ਤੂੰ ਪ੍ਰਭੂ ਦੇ ਨਾਮ ਅੰਮ੍ਰਿਤ ਅੰਦਰ ਅਭੇਦ ਨਹੀਂ ਹੁੰਦਾ।

copyright GurbaniShare.com all right reserved. Email