Page 155
ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥
ਹੇ ਮੇਰੀ ਦੇਹਿ! ਮੈਂ ਤੈਨੂੰ ਆਖਦੀ ਹਾਂ। ਮੇਰੀ ਨਸੀਹਤ ਨੂੰ ਧਿਆਨ ਦੇ ਕੇ ਸ੍ਰਵਣ ਕਰ।

ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥
ਤੂੰ ਹੋਰਨਾਂ ਦੀ ਬਦਖੋਈ ਅਤੇ ਉਸਤਤੀ ਕਰਦੀ ਹੈਂ ਅਤੇ ਕੂੜੀਆਂ ਚੁਗਲੀਆਂ ਖਾਂਦੀ ਹੈਂ।

ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥
ਤੂੰ ਹੇ ਮਨ ਹੋਰਨਾ ਦੀ ਵੇਲ (ਤ੍ਰੀਮਤ) ਨੂੰ ਤਕਦੀ ਹੈਂ ਤੇ ਸਰਕਾ ਅਤੇ ਕੁਕਰਮ ਕਮਾਉਂਦੀ ਹੈ।

ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥
ਜਦ ਆਤਮਾ, ਰਾਜ ਹੰਸ ਟੁਰ ਜਾਂਦਾ ਹੈ, ਤੂੰ ਮਗਰ ਰਹਿ ਜਾਂਦੀ ਹੈਂ ਅਤੇ ਛੱਡੀ ਹੋਈ ਤੀਵੀ ਵਾਂਗ ਹੇ ਜਾਂਦੀ ਹੈ।

ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥
ਹੇ ਦੇਹਿ! ਤੂੰ ਸੁਪਨੇ ਵਿੱਚ ਦੀ ਤਰ੍ਹਾਂ ਵਸਦੀ ਹੈ। ਤੂੰ ਕਿਹੜਾ ਭਲਾ ਕੰਮ ਕੀਤਾ ਹੈ।

ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥
ਜਦ ਮੈਂ ਤਸਕਰੀ ਕਰਕੇ ਕੋਈ ਚੀਜ ਲਿਆਂਦੀ ਤਦ ਇਹ ਚਿੱਤ ਨੂੰ ਚੰਗਾ ਲਗਾ।

ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥
ਇਸ ਮਾਤ ਲੋਕ ਵਿੱਚ ਮੇਰੀ ਕੋਈ ਇਜ਼ਤ ਨਹੀਂ ਅਤੇ ਪ੍ਰਲੋਕ ਵਿੱਚ ਮੈਨੂੰ ਕੋਈ ਪਨਾਹ ਨਹੀਂ ਲਭਣੀ। ਮੈਂ ਆਪਣਾ ਮਨੁਖੀ ਜੀਵਨ ਬੇਫਾਇਦਾ ਵੰਞ ਲਿਆ ਹੈ।

ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥
ਮੈਂ ਬਹੁਤ ਦੁਖੀ ਹੋ ਗਈ ਹਾਂ, ਹੇ ਪਿਤਾ। ਨਾਨਕ ਅਤੇ ਕੋਈ ਭੀ ਮੇਰੀ ਪਰਵਾਹ ਨਹੀਂ ਕਰਦਾ। ਠਹਿਰਾੳ।

ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥
ਤੁਰਕਿਸਤਾਨੀ ਕੋਤਲ ਸੋਨਾ ਚਾਂਦੀ ਅਤੇ ਬਸਤਰ ਦੇ ਢੇਰਾਂ ਦੇ ਢੇਰ।

ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥
ਕਿਸੇ ਦੇ ਭੀ ਸਾਥ ਨਹੀਂ ਜਾਂਦੇ ਹੇ ਨਾਨਕ! ਉਹ ਏਸ ਜਹਾਨ ਵਿੱਚ ਹੀ ਪਿਛੇ ਰਹਿ ਜਾਂਦੇ ਹਨ, ਹੇ ਮੂਰਖ।

ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥
ਕੂਜੇ ਦੀ ਮਿਸਰੀ ਤੇ ਸੌਗੀ ਮੈਂ ਸਾਰੇ ਚੱਖੇ ਹਨ। ਕੇਵਲ ਤੇਰਾ ਨਾਮ ਹੀ ਸੁਧਾਰਸ ਜੈਸਾ ਮਿੱਠੜਾ ਹੈ, ਹੇ ਸੂਆਮੀ!।

ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥
ਡੂੰਘੀਆਂ ਬੁਨਿਆਦਾਂ ਦੇ ਕੇ (ਪੁੱਟ ਕੇ) ਬੰਦਾ ਕੰਧਾਂ ਉਸਾਰਦਾ ਹੈ। ਐਹੋ ਜੇਹੀਆਂ ਇਮਾਰਤਾ ਅਖੀਰ ਨੂੰ ਮਿੱਟੀ ਦਾ ਅੰਬਾਰ ਹੋ ਜਾਂਦੀਆਂ ਹਨ।

ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥
ਆਦਮੀ ਦੌਲਤ ਜਮ੍ਹਾ ਤੇ ਇਕੱਠੀ ਕਰਦਾ ਅਤੇ ਕਿਸੇ ਨੂੰ ਨਹੀਂ ਦਿੰਦਾ। ਅੰਨ੍ਹਾਂ ਖਿਆਲ ਕਰਦਾ ਹੈ ਕਿ ਸਾਰੀ ਉਸ ਦੀ ਆਪਣੀ ਹੈ।

ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥
ਸੁਨਹਿਰੀ ਲੰਕਾ ਤੇ ਸੋਨੇ ਦੇ ਮੰਦਰ (ਰਾਵਣ ਦੇ ਨਾਲ ਨਾਂ ਰਹੇ।) ਧਨ ਦੌਲਤ ਕਿਸੇ ਦੀ ਭੀ ਮਲਕੀਅਤ ਨਹੀਂ।

ਸੁਣਿ ਮੂਰਖ ਮੰਨ ਅਜਾਣਾ ॥
ਕੰਨ ਦੇ, ਹੇ ਬੇਵਕੂਫ ਤੇ ਬੇਸਮਝ ਮਨ!

ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥
ਕੇਵਲ ਉਸ ਦੀ ਰਜਾ ਹੀ ਨੇਪਰੇ ਚੜ੍ਹਦੀ ਹੈ। ਠਹਿਰਾਉ।

ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥
ਮੇਰਾ ਸਾਹੂਕਾਰ ਵਡਾ ਮਾਲਕ ਹੈ, ਮੈਂ ਉਸ ਦਾ ਅਦਨਾ ਹਟਵਾਣੀਆਂ ਹਾਂ।

ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥
ਆਤਮਾ ਤੇ ਦੇਹਿ ਸਮੂਹ ਉਸੇ ਦੀ ਪੁੰਜੀ ਹੈ। ਉਹ ਆਪ ਹੀ ਮਾਰਦਾ ਤੇ ਸੁਰਜੀਤ ਕਰਦਾ ਹੈ।

ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਹਿਲੀ ਪਾਤਸ਼ਾਹੀ।

ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਬਾਕੀ ਦੇ ਪੰਜ ਹਲ, ਮੈਂ ਕੇਵਲ ਕਲਾ ਜੀਵ ਹਾਂ। ਮੈਂ ਆਪਣਾ ਝੁੱਗਾ ਝਾਹਾ ਕਿਸ ਤਰ੍ਹਾਂ ਬਚਾ ਕੇ ਰਖਾਂਗਾ ਹੇ ਮੇਰੀ ਜਿਦੜੀਏ?

ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
ਉਹ ਸਦਾ ਤੇ ਨਿਤਾਪ੍ਰਤੀ ਮੈਨੂੰ ਕੁਟਦੇ ਤੇ ਲੁੱਟਦੇ ਹਨ। ਮੈਂ ਕਿਹੜੇ ਪੁਰਸ਼ ਮੂਹਰੇ ਫਰਿਆਦ ਕਰਾਂ?

ਸ੍ਰੀ ਰਾਮ ਨਾਮਾ ਉਚਰੁ ਮਨਾ ॥
ਪੂਜਯ ਵਿਆਪ ਪ੍ਰਭੂ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੂ!

ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
ਤੇਰੇ ਮੂਹਰੇ ਮੌਤ ਦਾ ਸਖਤ ਅਤੇ ਬੇਸੁਮਾਰ ਲਸ਼ਕਰ ਹੈ। ਠਹਿਰਾਉ।

ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਵਾਹਿਗੁਰੂ ਨੇ ਦੇਹਿ ਦਾ ਦੇਹੁਰਾ ਬਣਾਇਆ ਹੈ ਇਸ ਨੂੰ ਦਰਵਾਜੇ ਲਾਏ ਹਨ ਅਤੇ ਇਸ ਦੇ ਅੰਦਰ ਆਤਮਾ ਇਸਤਰੀ ਬੈਠੀ ਹੈ।

ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
ਦੇਹਿ ਨੂੰ ਮੌਤ-ਰਹਿਤ ਜਾਣ ਕੇ, ਮੁਟਿਆਰ, ਸਦਾ ਹੀ ਕਲੋਲਾਂ ਕਰਦੀ ਹੈ ਤੇ ਉਹ ਪੰਜੇ ਮੰਦੇ ਜਣੇ ਉਸ ਨੂੰ ਲੁਟੀ ਪੁਟੀ ਜਾ ਰਹੇ ਹਨ।

ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
ਮੌਤ ਇਮਾਰਤ ਨੂੰ ਢਾਹ ਸੁਟਦੀ ਹੈ, ਮੰਦਰ ਨੂੰ ਲੁਟ ਲੈਂਦੀ ਹੈ ਅਤੇ ਇਕੱਲੀ ਜਣੀ, ਮੁਟਿਆਰ ਫੜੀ ਜਾਂਦੀ ਹੈ।

ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
ਮੌਤ ਦਾ ਮੁਤਕਹਿਰਾ ਉਸ ਤੇ ਵਰਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪੈਂਦੇ ਹਨ ਅਤੇ ਉਹ ਪੰਜ ਜਣੇ ਨੱਸ ਜਾਂਦੇ ਹਨ।

ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
ਪਤਨੀ ਸੋਨਾ ਚਾਂਦੀ ਚਾਹੁੰਦੀ ਹੈ ਅਤੇ ਦੌਸਤ ਚੰਗਾ ਖਾਣਾ ਲੋੜਦੇ ਹਨ।

ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥
ਨਾਨਕ, ਉਨ੍ਹਾਂ ਦੀ ਖਾਤਰ ਇਨਸਾਨ ਗੁਨਾਹ ਕਰਦਾ ਹੈ, ਉਹ ਨਰੜਿਆਂ ਹੋਇਆ ਮੌਤ ਦੇ ਸ਼ਹਿਰ ਨੂੰ ਜਾਏਗਾ।

ਗਉੜੀ ਚੇਤੀ ਮਹਲਾ ੧ ॥
ਗਊੜੀ ਚੇਤੀ ਪਾਤਸ਼ਾਹੀ ਪਹਿਲੀ।

ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥
ਉਹ ਹਨ ਤੇਰੀਆਂ ਨੱਤੀਆਂ, ਜਿਹੜੀਆਂ ਨੱਤੀਆਂ ਤੇਰੇ ਚਿੱਤ ਵਿੱਚ ਹਨ। ਆਪਣੀ ਦੇਹਿ ਨੂੰ ਤੂੰ ਖਫਣੀ ਬਣਾ।

ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥
ਆਪਣੇ ਪੰਜ ਮੁਰੀਦਾ ਨੂੰ ਕਾਬੂ ਕਰ ਅਤੇ ਇਸ ਚਿੱਤ ਨੂੰ ਆਪਣਾ ਸੋਟਾ ਬਣਾ, ਹੇ ਯੋਗੀ!

ਜੋਗ ਜੁਗਤਿ ਇਵ ਪਾਵਸਿਤਾ ॥
ਇਸ ਤਰ੍ਹਾ ਤੈਨੂੰ ਸੱਚੇ ਯੋਗ ਦਾ ਮਾਰਗ ਲ੍ਹੱਭ ਪਵੇਗਾ।

ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥
ਕੇਵਲ ਨਾਮ ਹੀ ਸਦੀਵੀ ਸਥਿਰ ਹੈ। ਹੋਰ ਸਮੂਹ ਨਾਸਵੰਤ ਹੈ। ਆਪਣੇ ਚਿੱਤ ਨੂੰ ਫਲਾਂ ਤੇ ਜੜਾਂ ਦੀ ਇਸ ਖੁਰਾਕ ਨਾਲ ਜੋੜ। ਠਹਿਰਾਉ।

ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥
ਜੇਕਰ ਗੰਗਾ ਤੇ ਸਿਰ ਮੁਨਾਉਣ ਨਾਲ ਵਿਸ਼ਾਲ ਵਾਹਿਗੁਰੂ ਮਿਲ ਸਕਦਾ ਹੈ ਮੈਂ ਤਾਂ, ਵਿਸ਼ਾਲ ਵਾਹਿਗੁਰੂ ਨੂੰ ਪਹਿਲਾਂ ਹੀ ਆਪਣੀ ਸੁਰਸੁਰੀ ਬਣਾਇਆ ਹੋਇਆ ਹੈ।

ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥
ਇਕ ਪ੍ਰਭੂ ਤਿੰਨਾਂ ਜਹਾਨਾ ਨੂੰ ਪਾਰ ਕਰਨ ਵਾਲਾ ਹੈ ਮਨਾਖਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ।

ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥
ਤੂੰ ਪਖੰਡ ਰਚਦਾ ਹੈਂ ਅਤੇ ਨਿਰੀਆਂ ਮੂੰਹ-ਜਬਾਨੀ ਗੱਲਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈਂ। ਤੇਰਾ ਵਹਿਮ ਕਦਾਚਿਤ ਦੂਰ ਨਹੀਂ ਹੋਣਾ।

copyright GurbaniShare.com all right reserved. Email:-