Page 336
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
ਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬੋਹਿਥ ਉੱਤੇ ਸਵਾਰ ਨਹੀਂ ਹੋਈ, ਹੇ ਮੇਰੀ ਕਮਲੀ ਜਿੰਦੜੀਏ! ਠਹਿਰਾਉ।

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
ਹੇ ਮੇਰੀ ਕਮਲੀ ਜਿੰਦੜੀਏ! ਆਪਣਾ ਹੱਥ ਅਗਾਂਹਾਂ ਕਰ ਕੇ ਬਾਦਰ ਦਾਣਿਆਂ ਦੀ ਮੁੱਠੀ ਭਰ ਲੈਦਾ ਹੈ।

ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
ਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ ਹੇ ਮੇਰੀ ਕਮਲੀ ਜਿੰਦੜੀਏ! ਉਸ ਨੂੰ ਹਰ ਮਕਾਨ ਦੇ ਬੂਹੇ ਮੂਹਰੇ ਨਚਣਾ ਪੈਦਾ ਹੈ।

ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
ਜਿਸ ਤਰ੍ਹਾਂ ਕੁੜਿੱਕੀ ਦੇ ਜ਼ਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਏਸ ਤਰ੍ਹਾਂ ਹੀ ਸੰਸਾਰੀ ਕਾਰ-ਵਿਹਾਰ ਨਾਲ ਇਨਸਾਨ ਜਕੜਿਆਂ ਜਾਂਦਾ ਹੈ।

ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
ਜਿਸ ਤਰ੍ਹਾਂ ਉਡ ਪੁਡ ਜਾਣ ਵਾਲੀ ਹੈ ਰੰਗਤ ਕੁਸੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ! ਉਸੇ ਤਰ੍ਹਾਂ ਦਾ ਹੈ ਜਗਤ ਦਾ ਖਿਲਾਰਾ।

ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
ਹੇ ਮੇਰੀ ਕਮਲੀ ਜਿੰਦੇ ਇਸ਼ਨਾਨ ਕਰਨ ਲਈ ਬਹੁਤੇ ਧਰਮ ਅਸਥਾਨ ਹਨ ਅਤੇ ਉਪਾਸ਼ਨਾ ਕਰਨ ਲਈ ਅਨੇਕਾਂ ਦੇਵਤੇ।

ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
ਕਬੀਰ ਜੀ ਆਖਦੇ ਹਨ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਹੇ ਮੇਰੀ ਕਮਲੀ ਜਿੰਦੇ! ਰੱਬ ਦੀ ਸੇਵਾ ਦੁਆਰਾ ਹੀ ਤੇਰਾ ਖਲਾਸੀ ਹੋਏਗੀ।

ਗਉੜੀ ॥
ਗਉੜੀ।

ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥
ਅੱਗ ਇਸ ਨੂੰ ਫੁਕਦੀ ਨਹੀਂ ਨਾਂ ਹੀ ਹਵਾ ਇਸ ਨੂੰ ਉਡਾ ਕੇ ਲੈ ਜਾਂਦੀ ਹੈ। ਚੋਰ ਇਸ ਦੇ ਨੇੜੇ ਨਹੀਂ ਲਗਦਾ।

ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥
ਸੁਆਮੀ ਦੇ ਨਾਮ ਦੀ ਐਸੀ ਦੌਲਤ ਇਕੱਤ੍ਰ ਕਰ। ਉਹ ਦੌਲਤ ਕਿਧਰੇ ਨਹੀਂ ਜਾਂਦੀ।

ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥
ਮਾਇਆ ਦਾ ਸੁਆਮੀ, ਆਲਮ ਦਾ ਮਾਲਕ ਅਤੇ ਧਰਤੀ ਦਾ ਆਸਰਾ, ਵਾਹਿਗੁਰੂ ਮੇਰੀ ਦੌਲਤ ਹੈ। ਇਹੀ ਅਸਲੀ ਦੌਲਤ ਆਖੀ ਜਾਂਦੀ ਹੈ।

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥
ਜੋ ਠੰਢ ਚੈਨ ਸੁਆਮੀ ਮਾਲਕ ਦੀ ਘਾਲ ਅੰਦਰ ਪਰਾਪਤ ਹੁੰਦੀ ਹੈ, ਉਹ ਠੰਢ ਚੈਨ ਪਾਤਸ਼ਾਹੀ ਵਿੱਚ ਨਹੀਂ ਲੱਭਦੀ। ਠਹਿਰਾਉ।

ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥
ਸ਼ਿਵਜੀ ਅਤੇ ਸਨਕ ਆਦਿਕ ਇਸ ਦੌਲਤ ਦੀ ਖੋਜ ਭਾਲ ਖਾਤਰ ਜਗਤ-ਤਿਆਗੀ ਹੋ ਗਏ।

ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥
ਜਿਸ ਦੇ ਦਿਲ ਅੰਦਰ ਮੁਕਤੀ ਦੇਣਹਾਰ ਅਤੇ ਜਿਸ ਦੀ ਜੀਭ ਉਤੇ ਸਰਬ-ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਦਾ।

ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
ਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਅਤੇ ਬ੍ਰਹਮ ਬੀਚਾਰ ਮੇਰੀ ਜ਼ਾਤੀ ਦੌਲਤ ਹੈ। ਉਸ ਸਰੇਸ਼ਟ ਸਿਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ।

ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
ਸਾਈਂ ਦਾ ਨਾਮ ਸੜਦੀ ਹੋਈ ਰੂਹ ਨਹੀਂ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਲਈ ਥੰਮ। ਉਸ ਨਾਲ ਵਹਿਮ ਦੇ ਡਰ ਅਤੇ ਜੂੜ ਉਡ ਪੁੱਡ ਜਾਂਦੇ ਹਨ।

ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥
ਕਬੀਰ ਜੀ ਆਖਦੇ ਹਨ, "ਓ ਤੂੰ ਕਾਮ ਦੇ ਮੱਤੇ ਹੋਏ ਬੰਦੇ! ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ"।

ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥
ਤੇਰੇ ਗ੍ਰਹਿ ਵਿੱਚ ਲੱਖਾਂ ਅਤੇ ਕ੍ਰੋੜਾਂ ਹੀ ਕੋਤਲ ਅਤੇ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ਼ ਨੂੰ ਮਾਰਨ ਵਾਲਾ ਇਕ ਪ੍ਰਭੂ ਹੀ ਹੈ।

ਗਉੜੀ ॥
ਗਉੜੀ।

ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥
ਜਿਸ ਤਰ੍ਹਾਂ ਲਾਲਚ ਕਰਕੇ ਬਾਂਦਰ ਆਪਣੇ ਹੱਥ ਦੀ ਛੱਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ,

ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥
ਅਤੇ ਉਸ ਕਰਕੇ ਫਸ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਰੇ ਅਮਲ ਜੋ ਹਿਰਸ ਰਾਹੀਂ ਬੰਦਾ ਕਮਾਉਂਦਾ ਹੈ, ਉਹ ਆਖਰ ਨੂੰ ਉਸ ਦੀ ਗਰਦਨ ਦੁਆਲੇ ਦੀ ਫਾਹੀ ਬਣ ਜਾਂਦੇ ਹਨ।

ਭਗਤਿ ਬਿਨੁ ਬਿਰਥੇ ਜਨਮੁ ਗਇਓ ॥
ਵਾਹਿਗੁਰੂ ਦੀ ਅਨੁਰਾਗੀ ਸੇਵਾ ਦੇ ਬਗੈਰ ਮਨੁੱਖੀ ਜੀਵਨ ਬੇਅਰਥ ਬੀਤ ਜਾਂਦਾ ਹੈ।

ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥
ਸਚਿਆਰਾ ਦੀ ਸੰਗਤ ਅਤੇ ਭਾਗਾਂ ਵਾਲੇ ਸੁਆਮੀ ਦੇ ਸਿਮਰਨ ਦੇ ਬਗੈਰ ਹੋਰ ਕਿਧਰੇ ਸੱਚ ਨਿਵਾਸ ਨਹੀਂ ਰਖਦਾ। ਠਹਿਰਾਉ।

ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥
ਜਿਸ ਤਰ੍ਹਾਂ ਬੀਅਬਾਨ ਵਿੱਚ ਫੁਲ ਖਿੜਦਾ ਹੈ ਅਤੇ ਕੋਈ ਭੀ ਉਸ ਦੀ ਸੁੰਗਧੀ ਨਹੀਂ ਮਾਣਦਾ,

ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥
ਇਸੇ ਤਰ੍ਹਾਂ ਆਦਮੀ ਕਈ ਜੂਨੀਆਂ ਅੰਦਰ ਭਟਕਦਾ ਹੈ ਅਤੇ ਮੌਤ ਉਸ ਨੂੰ ਬਾਰੰਬਰ ਤਬਾਹ ਕਰਦੀ ਹੈ।

ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥
ਇਹ ਦੌਲਤ, ਜੁਆਨੀ, ਪੁਤ੍ਰ ਅਤੇ ਪਤਨੀ, ਜੋ ਸੁਆਮੀ ਦੇ ਦਿਤੇ ਹਨ, ਕੇਵਲ ਇਕ ਬੀਤ ਜਾਣ ਵਾਲਾ ਨਜ਼ਾਰਾ ਹੈ।

ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥
ਜੋ ਇਨ੍ਹਾਂ ਅੰਦਰ ਫਸ ਅਤੇ ਉਲਝ ਜਾਂਦੇ ਹਨ, ਉਨ੍ਹਾਂ ਨੂੰ ਇੰਦਰੇ ਉਕਸਾ ਕੇ ਕੁਰਾਹੇ ਪਾ ਦਿੰਦੇ ਹਨ।

ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥
ਉਮਰ ਅੱਗ ਹੈ, ਦੇਹਿ ਫੂਸ ਦਾ ਘਰ ਹੈ। ਚੌਹੀ ਪਾਸੀਂ ਸਾਰੇ ਇਹ ਬਨਾਵਟ ਬਣੀ ਹੋਈ ਹੈ।

ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥
ਕਬੀਰ ਜੀ ਆਖਦੇ ਹਨ ਕਿ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ।

ਗਉੜੀ ॥
ਗਉੜੀ।

ਪਾਨੀ ਮੈਲਾ ਮਾਟੀ ਗੋਰੀ ॥
ਪਾਣੀ ਵਰਗਾ ਵੀਰਜ ਗੰਦਾ ਹੈ ਅਤੇ ਅੰਡ ਥੈਲੀ ਦੀ ਰਤੂਬਤ ਲਾਲ।

ਇਸ ਮਾਟੀ ਕੀ ਪੁਤਰੀ ਜੋਰੀ ॥੧॥
ਇਸ ਮਿੱਟੀ ਤੋਂ ਪੁਤਲੀ ਬਣਾਈ ਗਈ ਹੈ।

ਮੈ ਨਾਹੀ ਕਛੁ ਆਹਿ ਨ ਮੋਰਾ ॥
ਮੈਂ ਕੁਝ ਭੀ ਨਹੀਂ ਅਤੇ ਕੋਈ ਸ਼ੈ ਮੇਰੀ ਨਹੀਂ।

ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
ਮੇਰੀ ਦੇਹਿ, ਦੌਲਤ ਅਤੇ ਸਾਰੀਆਂ ਨਿਆਮ੍ਹਤਾ ਤੇਰੀਆਂ ਹਨ ਹੇ ਜਗਤ ਦੇ ਰਖਿਅਕ! ਠਹਿਰਾਉ।

ਇਸ ਮਾਟੀ ਮਹਿ ਪਵਨੁ ਸਮਾਇਆ ॥
ਇਸ ਮਿਟੀ (ਦੇਹਿ) ਅੰਦਰ ਸੁਆਸ ਪਾ ਦਿੱਤਾ ਗਿਆ ਹੈ।

ਝੂਠਾ ਪਰਪੰਚੁ ਜੋਰਿ ਚਲਾਇਆ ॥੨॥
ਆਪਣੀ ਸੱਤਿਆ ਦੁਆਰਾ ਤੂੰ ਝੂਠੀ ਬਣਤਰ ਨੂੰ ਚਾਲੂ ਕਰ ਛੱਡਿਆ ਹੈ।

copyright GurbaniShare.com all right reserved. Email