Page 338
ਉਡਹੁ ਨ ਕਾਗਾ ਕਾਰੇ ॥
ਉਡ ਜਾ, ਹੇ ਕਾਲੇ ਕਾਂ!

ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
ਤਾਂ ਜੋ ਮੈਂ ਆਪਣੇ ਪ੍ਰੀਤਮ ਸੁਆਮੀ ਨੂੰ ਛੇਤੀ ਮਿਲ ਪਵਾਂ। ਠਹਿਰਾਉ।

ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
ਕਬੀਰ ਆਖਦਾ ਹੈ, ਸਦੀਵੀ ਜੀਵਨ ਦੀ ਪਦਵੀ ਹਾਸਲ ਕਰਨ ਲਈ ਸਾਈਂ ਦੀ ਅਨੁਰਾਗੀ ਸੇਵਾ ਕਰ।

ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
ਵਿਆਪਕ ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਹੈ ਅਤੇ ਆਪਣੀ ਜੀਭ ਨਾਲ ਮੈਂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਰਾਗੁ ਗਉੜੀ ੧੧ ॥
ਰਾਗ ਗਉੜੀ।

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥
ਆਲੇ ਦੁਆਲੇ ਸੰਘਣੀਆਂ ਮਿੱਠੇ ਨਿਆਜ਼ਬੋ ਦੀਆਂ ਝਾੜੀਆਂ ਹਨ। ਉਨ੍ਹਾਂ ਦੇ ਵਿੱਚ ਇਕ ਉਮਦਾ ਪਿੰਡ ਬਣਿਆ ਹੋਇਆ ਹੈ।

ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
ਉਸ ਦੀ ਸੁੰਦਰਤਾ ਵੇਖ ਕੇ ਗੁਆਲਣ ਫ਼ਰੇਫਤਾ ਹੋ ਗਈ "ਮੈਨੂੰ ਨਾਂ ਛੱਡ ਅਤੇ ਕਿਧਰੇ ਨਾਂ ਜਾ"।

ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥
ਮੇਰੀ ਆਤਮਾ ਤੇਰੇ ਚਰਨਾਂ ਨਾਲ ਜੁੜੀ ਹੋਈ ਹੈ, ਹੇ ਧਨੁਖ-ਧਾਰੀ!

ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥
ਕੇਵਲ ਓਹੀ ਤੈਨੂੰ ਮਿਲਦਾ ਹੈ, ਜਿਹੜਾ ਸ਼੍ਰੇਸ਼ਟ ਨਸੀਬਾਂ ਵਾਲਾ ਹੈ। ਠਹਿਰਾਉ।

ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
ਮਨ ਨੂੰ ਲੁਭਾਉਣ ਵਾਲਾ ਹੈ ਬ੍ਰਿੰਦਾਬਨ, ਜਿਥੇ ਮਨ-ਮੋਹਨ ਮਾਲਕ ਗਈਆਂ ਚਾਰਦਾ ਹੈ।

ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥
ਮੇਰਾ ਨਾਮ ਕਬੀਰ ਹੈ, ਜਿਸ ਦਾ ਮਾਲਕ, ਹੇ ਕਮਾਨ ਚੁਕਣ ਵਾਲੇ ਤੂੰ ਹੈ।

ਗਉੜੀ ਪੂਰਬੀ ੧੨ ॥
ਗਉੜੀ ਪੂਰਬੀ।

ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥
ਕਈ ਅਨੇਕਾਂ ਪੁਸ਼ਾਕਾਂ ਪਹਿਨਦੇ ਹਨ। ਜੰਗਲ ਵਿੱਚ ਵਸੇਬਾ ਕਰਨ ਦਾ ਕੀ ਲਾਭ ਹੈ?

ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
ਦੇਵਤਿਆਂ ਮੂਹਰੇ ਧੂਪ ਧੂਖਾਉਣ ਦਾ ਬੰਦੇ ਨੂੰ ਕੀ ਫਾਇਦਾ ਹੈ? ਆਪਣੇ ਸਰੀਰ ਨੂੰ ਪਾਣੀ ਵਿੱਚ ਟੁੱਭਾ ਲੁਆਉਣ ਦਾ ਕੀ?

ਜੀਅਰੇ ਜਾਹਿਗਾ ਮੈ ਜਾਨਾਂ ॥
ਹੈ ਜਿੰਦੇ! ਮੈਂ ਜਾਣਦਾ ਹਾਂ ਕਿ ਤੂੰ ਤੁਰ ਜਾਏਗੀ।

ਅਬਿਗਤ ਸਮਝੁ ਇਆਨਾ ॥
ਹੈ ਅੰਞਾਣ ਪੁਰਸ਼! ਅਬਿਨਾਸੀ ਪ੍ਰਭੂ ਨੂੰ ਸਮਝ।

ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥
ਜੋ ਕੁਛ ਭੀ ਪ੍ਰਾਣੀ, ਹੁਣ ਵੇਖਦਾ ਹੈ, ਉਹ ਉਸ ਨੂੰ ਮੁੜ ਕੇ ਨਹੀਂ ਵੇਖੇਗਾ, ਪਰ ਤਾਂ ਭੀ ਉਹ ਧਨ-ਦੌਲਤ ਨਾਲ ਚਿਮੜਿਆ ਹੋਇਆ ਹੈ ਠਹਿਰਾਉ।

ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥
ਸੁਰਤੇ, ਬਿਰਤੀ ਜੋੜਨ ਵਾਲੇ ਅਤੇ ਵੱਡੇ ਉਪਦੋਸ਼ਕ ਸਾਰੇ ਇਨ੍ਹਾਂ ਸੰਸਾਰੀ ਕਾਰ-ਵਿਹਾਰ ਅੰਦਰ ਗਲਤਾਨ ਹਨ।

ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥
ਕਬੀਰ ਜੀ ਆਖਦੇ ਹਨ, ਇਕ ਸੁਆਮੀ ਦੇ ਨਾਮ ਦੇ ਬਗੈਰ ਇਹ ਜਹਾਨ ਮੋਹਨੀ ਨੇ ਅੰਨ੍ਹਾਂ ਕੀਤਾ ਹੋਇਆ ਹੈ।

ਗਉੜੀ ੧੨ ॥
ਗਉੜੀ।

ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
ਹੇ ਇਹ ਮਾਇਆ ਦੇ ਸ਼ਿਕਾਰ ਬੰਦੇ! ਸਹਿਸਾ ਤਿਆਗ ਦੇ ਅਤੇ ਜ਼ਾਹਰਾ ਤੌਰ ਤੇ ਨਿਰਤਕਾਰੀ ਕਰ।

ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
ਉਹ ਕਾਹਦਾ ਸੂਰਮਾ ਹੈ ਜੋ ਆਮੋ-ਸਾਮ੍ਹਣੇ ਲੜਾਈ ਤੋਂ ਡਰਦਾ ਹੈ, ਅਤੇ ਉਹ ਕਿਸ ਤਰ੍ਹਾਂ ਦੀ ਜਾਂ-ਨਿਸਾਰ ਪਤਨੀ ਹੈ, ਜੋ ਜਦ ਸੱਦਾ ਆਉਂਦਾ ਹੈ, ਬਰਤਨ ਇਕੱਤ੍ਰ ਕਰਨ ਲੱਗ ਜਾਂਦੀ ਹੈ?

ਡਗਮਗ ਛਾਡਿ ਰੇ ਮਨ ਬਉਰਾ ॥
ਡਿੱਕੋ ਡੋਲੇ ਖਾਣੇ ਛੱਡ ਦੇ, ਹੇ ਬੇਵਕੂਫ ਬੰਦੇ!

ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥
ਹੁਣ ਜਦ ਤੂੰ ਸੰਧੂਰ ਆਪਣੇ ਹੱਥ ਵਿੱਚ ਲੈ ਲਿਆ ਹੈ, ਪੂਰਨਤਾ ਪ੍ਰਾਪਤ ਕਰਨ ਲਈ ਸੜ ਕੇ ਮਰ ਜਾ। ਠਹਿਰਾਉ।

ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥
ਸੰਸਾਰ ਵਿਸ਼ੇ ਭੋਗ, ਗੁੱਸੇ ਤੇ ਧਨ-ਦੌਲਤ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰ੍ਹਾਂ ਇਹ ਤਬਾਹ ਹੋ ਗਿਆ ਹੈ।

ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥
ਕਬੀਰ ਜੀ ਆਖਦੇ ਹਨ, ਤੂੰ ਪਾਤਸ਼ਾਹ ਪਰਮੇਸ਼ਰ ਨੂੰ ਨਾਂ ਤਿਆਗ, ਜੋ ਸਾਰਿਆਂ ਉਚਿਆਂ ਨਾਲੋਂ ਪਰਮ ਉੱਚਾ ਹੈ।

ਗਉੜੀ ੧੩ ॥
ਗਉੜੀ।

ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥
ਤੇਰਾ ਹੁਕਮ ਮੇਰੇ ਸੀਸ ਉਤੇ ਹੈ ਅਤੇ ਮੁੜ ਇਸ ਦੀ ਯੋਗਤਾ ਵੱਲ ਮੈਂ ਧਿਆਨ ਹੀ ਨਹੀਂ ਦਿੰਦਾ।

ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥
ਤੂੰ ਦਰਿਆ ਹੈ ਅਤੇ ਤੂੰ ਹੀ ਮਲਾਹ। ਤੇਰੇ ਤੋਂ ਹੀ ਮੇਰਾ ਕਲਿਆਨ ਹੈ।

ਬੰਦੇ ਬੰਦਗੀ ਇਕਤੀਆਰ ॥
ਹੇ ਇਨਸਾਨ! ਸਾਹਿਬ ਦਾ ਸਿਮਰਨ ਅਖਤਿਆਰ ਕਰ।

ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥
ਭਾਵੇਂ ਤੇਰਾ ਸੁਆਮੀ ਤੇਰੇ ਨਾਲ ਗੁੱਸੇ ਹੋਵੇ ਜਾਂ ਤੈਨੂੰ ਮੁਹੱਬਤ ਕਰੇ। ਠਹਿਰਾਉ।

ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
ਜਿਸ ਤਰ੍ਹਾਂ ਪੁਸ਼ਪ ਪਾਣੀ ਅੰਦਰ ਪ੍ਰਫੁੱਲਤ ਹੁੰਦਾ ਹੈ, ਇਸ ਤਰ੍ਹਾਂ ਹੀ ਤੇਰਾ ਨਾਮ ਮੇਰਾ ਆਸਰਾ ਹੈ।

ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥
ਕਬੀਰ ਆਖਦਾ ਹੈ, ਮੈਂ ਤੇਰੇ ਘਰ ਦਾ ਗੁਮਾਸ਼ਤਾ ਹਾਂ। ਮੇਰੀ ਰਖਿਆ ਕਰ ਤੇ ਭਾਵੇਂ ਮੈਨੂੰ ਮਾਰ ਸੁੱਟ।

ਗਉੜੀ ॥
ਗਉੜੀ।

ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥
ਚੁਰਾਸੀ ਲੱਖ ਪ੍ਰਾਣਧਾਰੀ ਜੂਨੀਆਂ ਅੰਦਰ ਭਟਕਦਾ ਹੋਇਆ, ਕ੍ਰਿਸ਼ਨ ਦਾ ਪਾਲਣ ਵਾਲਾ ਪਿਤਾ, ਨੰਦ ਬਹੁਤ ਹੰਭ ਗਿਆ ਸੀ।

ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥
ਉਸ ਦੇ ਅਨੁਰਾਗ ਦੇ ਕਾਰਨ ਕ੍ਰਿਸ਼ਨ ਨੇ ਉਸ ਦੇ ਘਰ ਜਨਮ ਧਾਰਿਆ। ਗਰੀਬ ਬੰਦੇ ਦੇ ਚੰਗੇ ਸਰੇਸ਼ਟ ਨਸੀਬ ਸਨ।

ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥
ਤੁਸੀਂ ਕਹਿੰਦੇ ਹੋ ਕਿ ਕ੍ਰਿਸ਼ਨ ਨੰਦ ਦਾ ਪੁਤ੍ਰ ਸੀ, ਉਹ ਨੰਦ ਆਪ ਕੀਹਦਾ ਪੁਤ੍ਰ ਸੀ?

ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥
ਜਦ ਕੋਈ ਧਰਤੀ ਅਸਮਾਨ ਅਤੇ ਦੱਸ ਪਾਸੇ ਨਹੀਂ ਹੁੰਦੇ ਸਨ, ਉਦੋਂ ਇਹ ਨੰਦ ਕਿਥੇ ਸੀ? ਠਹਿਰਾਉ।

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥
ਜਿਸ ਦਾ ਨਾਮ ਪਵਿੱਤ੍ਰ ਪ੍ਰਭੂ ਹੈ, ਉਹ ਤਕਲੀਫ ਵਿੱਚ ਨਹੀਂ ਪੈਦਾ ਅਤੇ ਜਨਮ ਨਹੀਂ ਧਾਰਦਾ।

copyright GurbaniShare.com all right reserved. Email