ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥
ਬੇਸਮਝ ਉਹ ਹੈ, ਜਿਹੜਾ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਜਾਨਣ ਵਾਲਾ ਲੁਕਿਆ ਹੋਇਆ ਨਹੀਂ ਰਹਿੰਦਾ। ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥ ਗੁਰੂ ਜੀ ਆਖਦੇ ਹਨ, ਗੁਰੂ ਨੇ ਮੈਨੂੰ ਅੰਮ੍ਰਿਤ ਪਾਨ ਕਰਵਾਇਆ ਹੈ। ਪ੍ਰਭੂ ਦੀ ਪ੍ਰੀਤ ਨਾਲ ਭਿੱਜ ਮੈਂ ਹੁਣ ਪ੍ਰਫੁਲਤ ਹੋ ਗਿਆ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹ੍ਹਾਰਿਆ ॥ ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਛੱਡੀਆਂ ਹਨ, ਮੇਰੇ ਪਾਪ ਭੁਲਾ ਦਿੰਤੇ ਹਨ ਅਤੇ ਇਸ ਤਰ੍ਹਾਂ ਆਪਣਾ ਧਰਮ ਪਾ ਲਿਆ ਹੈ। ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥ ਉਹ ਮਾਂ ਤੇ ਪਿਉ ਦੀ ਤਰ੍ਹਾਂ ਮੇਰੇ ਉਤੇ ਮਿਹਰਬਾਨ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਮਾਨਿੰਦ ਮੇਰੀ ਪਾਲਣਾ ਪੋਸਣਾ ਕੀਤੀ ਹੈ। ਗੁਰਸਿਖ ਰਾਖੇ ਗੁਰ ਗੋਪਾਲਿ ॥ ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ। ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥ ਆਪਣੀ ਮਿਹਰ ਨਾਲ ਤੱਕ ਕੇ, ਉਹ ਉਨ੍ਹਾਂ ਨੂੰ ਪਰਮ ਭਿਆਨਕ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈਂਦੇ ਹਨ। ਠਹਿਰਾਉ। ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥ ਜਿਸ ਦੇ ਆਰਾਧਨ ਦੁਆਰਾ ਅਸੀਂ ਮੌਤ ਦੇ ਦੂਤ ਤੋਂ ਬਚ ਜਾਂਦੇ ਹਾਂ ਅਤੇ ਐਥੇ ਤੇ ਓਥੇ ਆਰਾਮ ਪਾਉਂਦੇ ਹਾਂ। ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥ ਸਾਹ ਲੈਦਿਆਂ ਅਤੇ ਖਾਂਦਿਆਂ ਆਪਣੀ ਜੀਭਾ ਨਾਲ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਵਰਣਨ ਕਰ, ਅਤੇ ਸਦਾ ਸਦਾ ਹੀ ਉਸ ਦਾ ਜੱਸ ਗਾਇਨ ਕਰ। ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥ ਪ੍ਰੀਤ ਭਾਵਨਾ ਵਾਲੀ ਸੇਵਾ ਦੁਆਰਾ ਮਹਾਨ ਮਰਤਬਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗਤ ਅੰਦਰੋਂ ਗਮ ਦੌੜ ਜਾਂਦੇ ਹਨ। ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥ ਰੱਬ ਦੇ ਨਾਮ ਦੀ ਪਵਿੱਤਰ ਦੌਲਤ ਗੰਢ ਵਿੱਚ ਹੋਣ ਨਾਲ ਆਦਮੀ ਨਾਂ ਖੁਰਦਾ ਹੈ, ਨਾਂ ਮਰਦਾ ਹੈ ਅਤੇ ਨਾਂ ਹੀ ਉਸ ਦਾ ਡਰ ਚਿਮੜਦਾ ਹੈ। ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥ ਏਥੇ ਅਤੇ ਓਥੇ ਬੰਦੇ ਨੂੰ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਉਸ ਦਾ ਮਦਦਗਾਰ ਹੁੰਦਾ ਹੈ। ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥ ਸਾਹਿਬ ਮੇਰੀ ਜਿੰਦ ਜਾਨ, ਮਿਤ੍ਰ, ਸ਼ੁਭ-ਚਿੰਤਕ, ਅਤੇ ਮਾਲ-ਦੌਲਤ ਹੈ। ਹੇ ਨਾਨਕ (ਆਖ) ਮੈਂ ਹਮੇਸ਼ਾਂ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥ ਜਦ ਤੂੰ ਮੇਰਾ ਸੁਆਮੀ ਹੈਂ, ਤਦ ਡਰ ਕਾਹਦਾ ਹੈ? ਤੇਰੇ ਬਗੈਰ ਮੈਂ ਹੋਰ ਕਿਸ ਦੀ ਤਾਰੀਫ ਕਰਾਂ? ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥ ਜਦ ਕੇਵਲ ਤੂੰ ਹੀ ਮੇਰਾ ਹੈਂ, ਤਦ ਮੇਰੇ ਕੋਲ ਸਭ ਕੁਝ ਹੈ, ਤੇਰੇ ਬਾਝੋਂ ਹੋਰ ਕੋਈ ਨਹੀਂ। ਬਾਬਾ ਬਿਖੁ ਦੇਖਿਆ ਸੰਸਾਰੁ ॥ ਹੇ ਪਿਤਾ! ਮੈਂ ਦੇਖ ਲਿਆ ਹੈ ਕਿ ਜਗਤ ਜ਼ਹਿਰ ਰੂਪ ਹੈ। ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥ ਮੇਰੀ ਹਿਫਾਜਤ ਕਰ, ਹੇ ਸ੍ਰਿਸ਼ਟੀ ਦੇ ਸੁਆਮੀ! ਤੈਡਾਂ ਨਾਮ ਮੇਰਾ ਆਸਰਾ ਹੈ। ਠਹਿਰਾਉ। ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥ ਤੂੰ ਮੇਰੇ ਚਿੱਤ ਦੀ ਸਾਰੀ ਦਸ਼ਾ ਜਾਣਦਾ ਹੈਂ। ਸੋ, ਹੋਰਸ ਕੀਹਦੇ ਕੋਲ ਜਾ ਕੇ ਮੈਂ ਇਸ ਨੂੰ ਆਖਾ ਤੇ ਬਿਆਨ ਕਰਾਂ? ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥ ਨਾਮ ਦੇ ਬਾਝੋਂ ਸਾਰਾ ਜਹਾਨ ਕਮਲਾ ਹੋ ਗਿਆ ਹੈ। ਨਾਮ ਪਰਾਪਤ ਕਰਕੇ ਇਹ ਆਰਾਮ ਪਾਉਂਦਾ ਹੈ। ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥ ਮੈਂ ਕੀ ਆਖਾਂ? ਮੈਂ ਆਪਣੀ ਹਾਲਤ ਕਿਸ ਨੂੰ ਦੱਸਾਂ? ਜੋ ਕੁਛ ਮੈਂ ਕਹਿਣਾ ਚਾਹੁੰਦਾ ਹਾਂ, ਉਹ ਮੈਂ ਆਪਣੇ ਮਾਣਨੀਯ ਮਾਲਕ ਕੋਲ ਕਹਿੰਦਾ ਹਾਂ। ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥ ਜਿਹੜਾ ਕੁਝ ਤੂੰ ਕੀਤਾ ਹੈ, ਉਹੀ ਹੋ ਰਿਹਾ ਹੈ। ਹਮੇਸ਼ਾਂ ਹਮੇਸ਼ਾਂ ਹੀ ਮੇਰੀ ਉਮੈਦ ਤੇਰੇ ਵਿੱਚ ਹੈ। ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥ ਜੇਕਰ ਤੂੰ ਇਜ਼ਤ ਪੱਤ ਬਖਸ਼ਦਾ ਹੈਂ, ਤਦ ਇਹ ਤੇਰੀ ਇਜ਼ਤ ਪੱਤ ਹੈ। ਐਥੇ ਅਤੇ ਉਥੇ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ। ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥ ਨਾਨਕ ਦਾ ਸੁਆਮੀ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਮੇਰੀ ਤਾਕਤ ਕੇਵਲ ਤੇਰਾ ਨਾਮ ਹੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅੰਮ੍ਰਿਤੁ ਨਾਮੁ ਤੁਮ੍ਹ੍ਹਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥ ਆਬਿ-ਹਿਯਾਤ ਹੈ ਤੇਰਾ ਨਾਮ। ਮੇਰੇ ਮਾਲਕ! ਇਹ ਪਰਮ ਸੁਧਾਰਸ ਤੇਰੇ ਗੋਲੇ ਨੇ ਪਾਨ ਕੀਤਾ ਹੈ। ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥ ਅਨੇਕਾਂ ਜਨਮਾਂ ਦੇ ਪਾਪਾਂ ਦਾ ਭਿਆਨਕ ਬੋਝ ਨਾਸ ਹੋ ਗਿਆ ਹੈ ਅਤੇ ਦਵੈਤ ਭਾਵ ਦਾ ਵਹਿਮ ਭੀ ਚਲਿਆ ਗਿਆ ਹੈ। ਦਰਸਨੁ ਪੇਖਤ ਮੈ ਜੀਓ ॥ ਮੈਂ ਤੇਰਾ ਦੀਦਾਰ ਤੱਕ ਕੇ ਜੀਉਂਦਾ ਹਾਂ, ਹੇ ਸਾਹਿਬ! ਸੁਨਿ ਕਰਿ ਬਚਨ ਤੁਮ੍ਹ੍ਹਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥ ਤੇਰੀ ਗੁਰਬਾਣੀ ਸ੍ਰਵਣ ਕਰਨ ਦੁਆਰਾ, ਹੇ ਮੇਰੇ ਸੱਚੇ ਗੁਰੂ ਜੀ! ਮੇਰੀ ਆਤਮਾ ਤੇ ਦੇਹਿ ਸੀਤਲ ਹੋ ਗਏ ਹਨ। ਠਹਿਰਾਉ। ਤੁਮ੍ਹ੍ਹਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ਹ੍ਹ ਆਪਿ ਕੀਓ ॥ ਤੇਰੀ ਦਇਆ ਦੁਆਰਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਅਤੇ ਇਹ ਕਾਰਜ ਤੂੰ ਖੁਦ ਹੀ ਕੀਤਾ ਹੈ। ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ ਸਹਜੇ ਬਿਖਿਆ ਭਈ ਖੀਓ ॥੨॥ ਮੈਂ ਘੁਟ ਕੇ ਤੇਰੇ ਪੈਰ ਪਕੜ ਲਏ ਹਨ, ਹੇ ਸੁਆਮੀ ਅਤੇ ਮਾਇਆ ਦੀ ਜ਼ਹਿਰ ਸੁਖੈਨ ਹੀ ਦੂਰ ਹੋ ਗਈ ਹੈ। ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥ ਆਰਾਮ ਦਾ ਖ਼ਜ਼ਾਨਾ ਹੈ, ਤੇਰਾ ਨਾਮ ਹੇ ਸਾਹਿਬ! ਇਹ ਅਮਰ ਜਾਦੂ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ। ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥ ਆਪਣੀ ਮਿਹਰ ਧਾਰ ਕੇ ਸੱਚੇ ਗੁਰਾਂ ਨੇ ਇਹ ਮੈਨੂੰ ਪਰਦਾਨ ਕੀਤਾ ਹੈ ਅਤੇ ਮੇਰਾ ਦੁਖੜਾ ਸੜੇਵਾਂ ਅਤੇ ਦੁਸ਼ਮਨੀ ਨਾਸ ਹੋ ਗਏ ਹਨ। ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥ ਮੁਬਾਰਕ ਹੈ ਮਨੁੱਖੀ ਸਰੀਰ ਦੀ ਪਰਾਪਤੀ, ਜਿਸ ਦੀ ਬਰਕਤ, ਮੇਰੇ ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ। ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥ ਹੇ ਨਾਨਕ, (ਆਖ-) ਏਸ ਕਾਲੇ ਸਮੇਂ ਅੰਦਰ ਮੁਬਾਰਕ ਹੈ ਸਤਿਸੰਗ, ਜਿਸ ਵਿੱਚ ਸਾਹਿਬ ਦਾ ਜੱਸ ਗਾਇਨ ਕੀਤਾ ਜਾਂਦਾ ਹੈ। ਸਾਹਿਬ ਦਾ ਨਾਮ ਹੀ ਨਾਨਕ ਦੀ ਆਤਮਾ ਦਾ ਆਸਰਾ ਹੈ। copyright GurbaniShare.com all right reserved. Email |