Page 4
ਅਸੰਖ ਭਗਤ ਗੁਣ ਗਿਆਨ ਵੀਚਾਰ ॥
ਅਣਗਿਣਤ ਹਨ ਅਨਿੰਨ ਅਨੁਰਾਗੀ ਜੋ ਪ੍ਰਭੂ ਦੀਆਂ ਉਤਕ੍ਰਿਸਟਾਈਆਂ (ਵਡਿਆਈਆਂ) ਅਤੇ ਬੋਧ ਨੂੰ ਸੋਚਦੇ ਸਮਝਦੇ ਹਨ।

ਅਸੰਖ ਸਤੀ ਅਸੰਖ ਦਾਤਾਰ ॥
ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।

ਅਸੰਖ ਸੂਰ ਮੁਹ ਭਖ ਸਾਰ ॥
ਅਣਗਿਣਤ ਹਨ ਯੋਧੇ ਜਿਹੜੇ ਮੂੰਹ ਉਤੇ ਲੋਹੇ ਦੀਆਂ ਸੱਟਾਂ ਸਹਾਰਦੇ (ਜਾਂ ਲੋਹਾ ਖਾਂਦੇ) ਹਨ।

ਅਸੰਖ ਮੋਨਿ ਲਿਵ ਲਾਇ ਤਾਰ ॥
ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।

ਕੁਦਰਤਿ ਕਵਣ ਕਹਾ ਵੀਚਾਰੁ ॥
ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?

ਵਾਰਿਆ ਨ ਜਾਵਾ ਏਕ ਵਾਰ ॥
ਮੈਂ ਇਕ ਵਾਰੀ ਭੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।

ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਕੰਮ ਕਾਜ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!

ਅਸੰਖ ਮੂਰਖ ਅੰਧ ਘੋਰ ॥
ਅਣਗਿਣਤ ਮਹਾਨ ਅੰਨ੍ਹੇ ਮੂੜ੍ਹ ਹਨ।

ਅਸੰਖ ਚੋਰ ਹਰਾਮਖੋਰ ॥
ਅਣਗਿਣਤ ਤਸਕਰ ਅਤੇ ਹੋਰਨਾਂ ਦਾ ਮਾਲ ਖਾਣ ਵਾਲੇ ਹਨ।

ਅਸੰਖ ਅਮਰ ਕਰਿ ਜਾਹਿ ਜੋਰ ॥
ਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।

ਅਸੰਖ ਗਲਵਢ ਹਤਿਆ ਕਮਾਹਿ ॥
ਅਣਗਿਣਤ ਹਨ ਗਲ ਵੱਢਣ ਵਾਲੇ, ਜੋ ਖੂਨ ਕਰਦੇ ਹਨ।

ਅਸੰਖ ਪਾਪੀ ਪਾਪੁ ਕਰਿ ਜਾਹਿ ॥
ਅਣਗਿਣਤ ਗੁਨਾਹਗਾਰ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਹਨ।

ਅਸੰਖ ਕੂੜਿਆਰ ਕੂੜੇ ਫਿਰਾਹਿ ॥
ਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ।

ਅਸੰਖ ਮਲੇਛ ਮਲੁ ਭਖਿ ਖਾਹਿ ॥
ਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਅਹਾਰ ਵਜੋ ਖਾਂਦੇ ਹਨ।

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।

ਨਾਨਕੁ ਨੀਚੁ ਕਹੈ ਵੀਚਾਰੁ ॥
ਨਾਨਕ, ਨੀਵਾਂ! ਵਰਨਣ ਕਰਦਾ ਹੈ।

ਵਾਰਿਆ ਨ ਜਾਵਾ ਏਕ ਵਾਰ ॥
ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ।

ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥੧੮॥
ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!

ਅਸੰਖ ਨਾਵ ਅਸੰਖ ਥਾਵ ॥
ਬੇ-ਗਿਣਤ ਹਨ ਤੇਰੇ ਨਾਮ ਅਤੇ ਬੇ-ਗਿਣਤ ਤੇਰੇ ਨਿਵਾਸ ਅਸਥਾਨ, ਹੇ ਪ੍ਰਭੂ!

ਅਗੰਮ ਅਗੰਮ ਅਸੰਖ ਲੋਅ ॥
ਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।

ਅਸੰਖ ਕਹਹਿ ਸਿਰਿ ਭਾਰੁ ਹੋਇ ॥
ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।

ਅਖਰੀ ਨਾਮੁ ਅਖਰੀ ਸਾਲਾਹ ॥
ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆਂ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ।

ਅਖਰੀ ਗਿਆਨੁ ਗੀਤ ਗੁਣ ਗਾਹ ॥
ਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਉਤਕ੍ਰਿਸਾਈਆਂ (ਵਡਿਆਈਆਂ) ਦੇ ਗਾਉਣ ਗਾਏ ਜਾਂਦੇ ਹਨ।

ਅਖਰੀ ਲਿਖਣੁ ਬੋਲਣੁ ਬਾਣਿ ॥
ਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ।

ਅਖਰਾ ਸਿਰਿ ਸੰਜੋਗੁ ਵਖਾਣਿ ॥
ਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।

ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।

ਜੇਤਾ ਕੀਤਾ ਤੇਤਾ ਨਾਉ ॥
ਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।

ਵਿਣੁ ਨਾਵੈ ਨਾਹੀ ਕੋ ਥਾਉ ॥
ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।

ਕੁਦਰਤਿ ਕਵਣ ਕਹਾ ਵੀਚਾਰੁ ॥
ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?

ਵਾਰਿਆ ਨ ਜਾਵਾ ਏਕ ਵਾਰ ॥
ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?

ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥੧੯॥
ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!

ਭਰੀਐ ਹਥੁ ਪੈਰੁ ਤਨੁ ਦੇਹ ॥
ਜਦੋਂ ਹਥ ਪੈਰ ਅਤੇ ਸਰੀਰ ਦੇ ਹੋਰ ਹਿਸੇ ਘੱਟੇ ਨਾਲ ਭਰ ਜਾਣ ਤਾਂ,

ਪਾਣੀ ਧੋਤੈ ਉਤਰਸੁ ਖੇਹ ॥
ਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।

ਮੂਤ ਪਲੀਤੀ ਕਪੜੁ ਹੋਇ ॥
ਪਿਸ਼ਾਬ ਨਾਲ ਗੰਦਾ ਹੋਇਆ ਹੋਇਆ ਬਸਤਰ,

ਦੇ ਸਾਬੂਣੁ ਲਈਐ ਓਹੁ ਧੋਇ ॥
ਸਾਬਣ ਲਾ ਕੇ ਸਾਫ ਸੁਥਰਾ ਕਰ ਲਈਦਾ ਹੈ।

ਭਰੀਐ ਮਤਿ ਪਾਪਾ ਕੈ ਸੰਗਿ ॥
ਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ,

ਓਹੁ ਧੋਪੈ ਨਾਵੈ ਕੈ ਰੰਗਿ ॥
ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।

ਪੁੰਨੀ ਪਾਪੀ ਆਖਣੁ ਨਾਹਿ ॥
ਕੇਵਲ ਮੂੰਹ ਜ਼ਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ।

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਬਾਰੰਬਾਰ ਕੀਤੇ ਹੋਏ ਕਰਮ ਦਿਲ ਉਤੇ ਉਕਰੇ ਜਾਂਦੇ ਹਨ।

ਆਪੇ ਬੀਜਿ ਆਪੇ ਹੀ ਖਾਹੁ ॥
ਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੱਢਦਾ ਖਾਂਦਾ ਹੈ।

ਨਾਨਕ ਹੁਕਮੀ ਆਵਹੁ ਜਾਹੁ ॥੨੦॥
ਵਾਹਿਗੁਰੂ ਦੇ ਫੁਰਮਾਨ ਦੁਆਰਾ ਹੇ ਨਾਨਕ! ਇਨਸਾਨ ਆਉਂਦਾ ਤੇ ਜਾਂਦਾ ਹੈ।

ਤੀਰਥੁ ਤਪੁ ਦਇਆ ਦਤੁ ਦਾਨੁ ॥
ਯਾਤਰਾ, ਤਪੱਸਿਆ, ਰਹਿਮ ਅਤੇ ਖੈਰਾਤ ਦੇਣੀ,

ਜੇ ਕੋ ਪਾਵੈ ਤਿਲ ਕਾ ਮਾਨੁ ॥
ਜੇਕਰ ਪਾਉਣ ਤਾਂ ਕੁੰਜਕ ਮਾਤ੍ਰ (ਕਦਰ) ਜਾਂ ਸਨਮਾਨ ਪਾਉਂਦੀਆਂ ਹਨ।

ਸੁਣਿਆ ਮੰਨਿਆ ਮਨਿ ਕੀਤਾ ਭਾਉ ॥
ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਮੰਨਣ ਅਤੇ ਪ੍ਰੀਤ ਕਰਦਾ ਹੈ,

ਅੰਤਰਗਤਿ ਤੀਰਥਿ ਮਲਿ ਨਾਉ ॥
ਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾਕੇ ਮੁਕਤੀ ਪਾ ਲੈਂਦਾ ਹੈ।

ਸਭਿ ਗੁਣ ਤੇਰੇ ਮੈ ਨਾਹੀ ਕੋਇ ॥
ਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।

ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਉਤਕ੍ਰਿਸ਼ਟਤਾਈਆਂ ਹਾਸਲ ਕਰਨ ਦੇ ਬਾਝੋਂ ਸੁਆਮੀ ਦੀ ਪਰੇਮ-ਮਈ ਸੇਵਾ ਨਹੀਂ ਕੀਤੀ ਜਾ ਸਕਦੀ।

ਸੁਅਸਤਿ ਆਥਿ ਬਾਣੀ ਬਰਮਾਉ ॥
ਮੇਰੀ ਨਿਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਬਰ੍ਹਮਾ ਆਦਿਕ ਹੈ।

ਸਤਿ ਸੁਹਾਣੁ ਸਦਾ ਮਨਿ ਚਾਉ ॥
ਉਹ ਸੱਚਾ ਅਤੇ ਸੁੰਦਰ ਹੈ ਅਤੇ ਪਰਮ ਅਨੰਦ ਸਦੀਵ ਹੀ ਉਸਦੇ ਚਿੱਤ ਅੰਦਰ ਵਸਦਾ ਹੈ।

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਪੰਡਤਾ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਨਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਭੀ ਹੋਵੇ।

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਨਾਂ ਹੀ ਕਾਜ਼ੀ, ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ, ਸਮੇ ਨੂੰ ਜਾਣਦੇ ਹਨ।

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਨਾਂ ਯੋਗੀ, ਨਾਂ ਹੀ ਕੋਈ ਹੋਰ, ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨਾ ਜਾਣਦਾ ਹੈ।

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ।

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?

copyright GurbaniShare.com all right reserved. Email:-