Page 491
ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥
ਸਿਰਜਣਹਾਰ ਨੇ ਇਹ ਕਾਰਜ ਸੰਪੂਰਨ ਕੀਤਾ ਅਤੇ ਲਹਿਣੇ ਦਾ ਨੂਰ ਨਾਨਕ ਦੇ ਰੱਬੀ ਨੂਰ ਵਿੱਚ ਲੀਨ ਹੋ ਗਿਆ।

ਗੂਜਰੀ ਮਹਲਾ ੩ ॥
ਗੂਜਰੀ ਤੀਜੀ ਪਾਤਿਸ਼ਾਹੀ।

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
ਸਾਰੇ ਇਨਸਾਨ ਰੱਬ ਦਾ ਨਾਮ ਉਚਾਰਦੇ ਹਨ, ਪ੍ਰਭੂ ਇਸ ਤਰ੍ਹਾਂ ਦੇ ਉਚਾਰਨ ਨਾਲ ਬੰਦਾ ਪ੍ਰਭੂ ਨਾਲ ਇਕ ਮਿੱਕ ਨਹੀਂ ਹੁੰਦਾ।

ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਚਿੱਤ ਵਿੱਚ ਟਿਕ ਜਾਵੇ, ਕੇਵਲ ਤਦ ਹੀ ਕੋਈ ਜਣਾ ਮੇਵਾ ਹਾਸਲ ਕਰਦਾ ਹੈ।

ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥
ਜਿਸ ਦੇ ਹਿਰਦੇ ਅੰਦਰ ਪ੍ਰਭੁ ਦੀ ਪਿਰਹੜੀ ਲੱਗ ਗਈ ਹੈ,

ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥
ਉਹ ਵਾਹਿਗੁਰੂ ਨੂੰ ਕਦਾਚਿਤ ਨਹੀਂ ਭੁਲਾਉਂਦਾ, ਪ੍ਰੰਤੂ ਵਾਹਿਗੁਰੂ ਦੇ ਨਾਮ ਹਮੇਸ਼ਾਂ ਹੀ ਆਪਣੇ ਦਿਲ ਤੇ ਆਤਮਾ ਨਾਲ ਉਚਾਰਦਾ ਹੈ। ਠਹਿਰਾਉ।

ਹਿਰਦੈ ਜਿਨ੍ਹ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਛਲ ਫਰੇਬ ਵਸਦਾ ਹੈ, ਅਤੇ ਜੋ ਬਾਹਰ ਵਾਰੋਂ ਸਾਧੂ ਆਖੇ ਜਾਂਦੇ ਹਨ,

ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥
ਉਨ੍ਹਾਂ ਦੀਆਂ ਖਾਹਿਸ਼ਾਂ ਕਦੇ ਵੀ ਨਵਿਰਤ ਨਹੀਂ ਹੁੰਦੀਆਂ ਅਤੇ ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਂਦੇ ਹਨ।

ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥
ਭਾਵੇਂ ਆਦਮੀ ਉਪਰਾਲੇ ਸਹਿਤ ਘਣੇਰਿਆਂ ਧਰਮ ਅਸਥਾਨਾਂ ਤੇ ਇਸ਼ਨਾਨ ਕਰੇ, ਤਦ ਭੀ ਉਸ ਦੇ ਚਿੱਤ ਦੀ ਹੰਗਤਾ ਕਦਾਚਿਤ ਦੂਰ ਨਹੀਂ ਹੁੰਦੀ।

ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥
ਜਿਸ ਇਨਸਾਨ ਦਾ ਦਵੈਤ-ਭਾਵ ਦੂਰ ਨਹੀਂ ਹੁੰਦਾ, ਧਰਮ ਰਾਜਾ ਉਸ ਨੂੰ ਡੰਡ ਦਿੰਦਾ ਹੈ।

ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥
ਜਿਸ ਬੰਦੇ ਤੇ ਵਾਹਿਗੁਰੂ ਦੀ ਮਿਹਰ ਹੈ, ਉਹੀ ਉਸ ਨੂੰ ਪਾਉਂਦਾ ਹੈ। ਬਹੁਤ ਥੋੜ੍ਹੇ ਗੁਰਾਂ ਦੇ ਰਾਹੀਂ ਸੁਆਮੀ ਨੂੰ ਸਮਝਦੇ ਹਨ।

ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥
ਨਾਨਕ, ਜੇਕਰ ਇਨਸਾਨ ਅੰਦਰੋਂ ਆਪਣੇ ਹੰਕਾਰ ਨੂੰ ਨਸ਼ਟ ਕਰ ਦੇਵੇ, ਤਦ ਉਹ ਸਾਹਿਬ ਨੂੰ ਮਿਲ ਪੈਂਦਾ ਹੈ।

ਗੂਜਰੀ ਮਹਲਾ ੩ ॥
ਗੂਜਰੀ ਤੀਜੀ ਪਾਤਿਸ਼ਾਹੀ।

ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥
ਜਿਸ ਬੰਦੇ ਦੀ ਸਵੈ-ਹੰਗਤਾ ਨੂੰ ਸੁਆਮੀ ਦੂਰ ਕਰ ਦਿੰਦਾ ਹੈ, ਉਹ ਆਰਾਮ ਤੇ ਚੈਨ ਵਿੱਚ ਹੁੰਦਾ ਹੈ ਅਤੇ ਉਸ ਨੂੰ ਸਦੀਵੀ ਸਥਿਰ ਅਕਲ ਪ੍ਰਦਾਨ ਹੁੰਦੀ ਹੈ।

ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥
ਪਵਿੱਤ੍ਰ ਹੈ, ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਮਝਦਾ ਹੈ ਅਤੇ ਆਪਣੇ ਮਨ ਨੂੰ ਉਸ ਦੇ ਪੈਰਾਂ ਨਾਲ ਜੋੜਦਾ ਹੈ।

ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥
ਹੇ ਮੇਰੀ ਗਾਫ਼ਲ ਆਤਮਾ! ਤੂੰ ਸੁਆਮੀ ਦਾ ਸਿਮਰਨ ਕਰ। (ਇਸ ਨਾਲ) ਤੂੰ ਉਹ ਮੇਵਾ ਪਾ ਲਵਨੂੰਗੀ, ਜਿਸ ਨੂੰ ਤੂੰ ਲੋੜਦੀ ਹੈਂ।

ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਤੂੰ ਈਸ਼ਵਰੀ ਅੰਮ੍ਰਿਤ ਨੂੰ ਪਾ ਲਵਨੂੰਗੀ, ਜਿਸ ਨੂੰ ਇਕ ਰਸ ਪਾਨ ਕਰਨ ਰਾਹੀਂ ਤੂੰ ਸਦੀਵੀ ਆਰਾਮ ਹਾਸਲ ਕਰ ਲਵਨੂੰਗੀ। ਠਹਿਰਾਉ।

ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥
ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਰਸਾਇਣ ਥੀ ਵੰਞਦਾ ਹੈ। ਜਦ ਉਹ ਇਉਂ ਹੋ ਜਾਂਦਾ ਹੈ, ਤਦ ਪ੍ਰਭੂ ਪ੍ਰਾਣੀਆਂ ਪਾਸੋਂ ਉਸ ਦੀ ਪੂਜਾ ਕਰਵਾਉਂਦਾ ਹੈ।

ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
ਜੇ ਕੋਈ ਉਸ ਦੀ ਪ੍ਰਸਤਸ਼ ਕਰਦਾ ਹੈ, ਉਹ ਸਿਲਾ (ਫਲ) ਪਾ ਲੈਂਦਾ ਹੈ। ਹੋਰਨਾਂ ਨੂੰ ਉਪਦੇਸ਼ ਦੇ ਕੇ ਉਹ ਉਨ੍ਹਾਂ ਨੂੰ ਸੱਚ ਦਰਸਾ ਦਿੰਦਾ ਹੈ।

ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥
ਰਸਾਇਣ ਥੀ ਵੰਞਣ ਦੇ ਬਗੈਰ, ਇਨਸਾਨ ਪੂਜਣ ਦੇ ਯੋਗ ਨਹੀਂ। ਆਪਣੇ ਮਨੂਏ ਨੂੰ ਸਮਝਾਉਣ ਦੇ ਬਾਝੋਂ ਉਹ ਹੋਰਨਾਂ ਨੂੰ ਸਮਝਾਉਂਦਾ ਹੈ।

ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
ਬੇਸਮਝ ਅੰਨ੍ਹਾਂ ਇਨਸਾਨ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ। ਉਹ ਕਿਸ ਨੂੰ ਰਸਤੇ ਪਾ ਸਕਦਾ ਹੈ?

ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥
ਨਾਨਕ, ਮਿਹਰਬਾਨ ਮਾਲਕ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਜਿਸ ਉਤੇ ਉਹ ਮਿਹਰ ਧਾਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ।

ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥
ਗੁਰੂ ਦੀ ਦਇਆ ਦੁਆਰਾ, ਵਾਹਿਗੁਰੂ ਮਹਾਨਤਾ ਬਖਸ਼ਦਾ ਹੈ ਅਤੇ ਆਪਣੇ ਨਾਮ ਦਾ ਪਸਾਰਾ ਕਰਦਾ ਹੈ।

ਗੂਜਰੀ ਮਹਲਾ ੩ ਪੰਚਪਦੇ ॥
ਗੂਜਰੀ ਤੀਜੀ ਪਾਤਿਸ਼ਾਹੀ ਪੰਚਪਦੇ।

ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
ਗਿਆਤ ਦਾ ਬਨਾਰਸ ਵਿੱਚ ਉਤਪੰਨ ਹੁੰਦੀ ਹੈ, ਨਾਂ ਹੀ ਗਿਆਤ ਬਨਾਰਸ ਵਿੱਚ ਜਾਂਦੀ ਹੈ।

ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸਿਆਣਪ ਪੈਦਾ ਹੁੰਦੀ ਹੈ ਤੇ ਤਦ ਇਸ ਆਦਮੀ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ।

ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
ਤੂੰ ਵਾਹਿਗੁਰੂ ਦੀ ਗਿਆਨ-ਗੋਸ਼ਟ ਸ੍ਰਵਣ ਕਰ, ਹੇ ਬੰਦੇ! ਅਤੇ ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।

ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥
ਜੇਕਰ ਤੈਂਡੀ ਇਹ ਬ੍ਰਹਿਮ ਗਿਆਤ ਮੁਸਤਗਿਲ ਰਹੇ, ਤਦ ਵਹਿਮ ਅੰਦਰੋਂ ਜਾਂਦਾ ਰਹੇਗਾ। ਠਹਿਰਾਉ।

ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥
ਤੂੰ ਵਾਹਿਗੁਰੂ ਦੇ ਪੈਰ ਆਪਣੇ ਹਿਰਦੇ ਵਿੱਚ ਟਿਕਾ ਅਤੇ ਤੇਰੇ ਪਾਪ ਨੇਸਤੋ-ਨਾਬੂਦ ਹੋ ਜਾਣਗੇ।

ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥
ਜੇਕਰ ਤੂੰ ਆਪਣੇ ਪੰਜਾਂ ਤੱਤਾਂ ਦੇ ਮਨੂਏ ਨੂੰ ਕਾਬੂ ਕਰ ਲਵੇ, ਤਦ ਤੇਰਾ ਵਾਸਾ ਸੱਚੇ ਧਰਮ ਅਸਥਾਨ ਤੇ ਹੋ ਜਾਵੇਗਾ।

ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥
ਪ੍ਰਤੀਕੂਲ ਪੁਰਸ਼ ਦਾ ਇਹ ਮਨੂਆ ਮੂਰਖ ਹੈ। ਇਸ ਨੂੰ ਕੋਈ ਸਮਝ ਨਹੀਂ ਪੈਂਦੀ।

ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥
ਮੂਰਖ ਆਤਮਾ ਭਗਵਾਨ ਦੇ ਨਾਮ ਨੂੰ ਨਹੀਂ ਜਾਣਦੀ ਤੇ ਅਖੀਰ ਨੂੰ ਝੂਰਦੀ ਹੋਈ ਟਰ ਵੰਞਦੀ ਹੈ।

ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
ਇਸ ਮਨੂਏ ਅੰਦਰ ਬਨਾਰਸ, ਸਾਰੇ ਧਰਮ ਅਸਥਾਨ ਅਤੇ ਸਿਮ੍ਰਤੀਆਂ ਹਨ। ਸੱਚੇ ਗੁਰਾਂ ਨੇ ਇਹ ਦਰਸਾ ਦਿੱਤਾ ਹੈ।

ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
ਅਠਾਹਟ ਤੀਰਥ ਉਸ ਦੇ ਨਾਲ ਰਹਿੰਦੇ ਹਨ, ਜਿਸ ਦੇ ਦਿਲ ਅੰਦਰ ਪ੍ਰਭੂ ਰਮ ਰਿਹਾ ਹੈ।

ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥
ਨਾਨਕ ਸੱਚੇ ਗੁਰਾਂ ਨੂੰ ਮਿਲਣ ਨਾਲ ਹਰੀ ਦਾ ਭਾਣਾ ਜਾਣ ਲਿਆ ਜਾਂਦਾ ਹੈ ਤੇ ਇਕ ਸੁਆਮੀ ਆ ਕੇ ਆਦਮੀ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।

ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
ਜਿਹੜੈ ਤੈਨੂੰ ਚੰਗੇ ਲੱਗਦੇ ਹਨ, ਹੇ ਸੱਚੇ ਸਾਈਂ! ਉਹ ਸਾਰੇ ਸੱਚੇ ਹਨ, ਅਤੇ ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ।

copyright GurbaniShare.com all right reserved. Email