Page 524
ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥
ਸਿਰ ਦੇ ਵਾਲਾਂ ਤੋਂ ਪਕੜ ਕੇ ਉਹ ਉਨ੍ਹਾਂ ਨੂੰ ਧਰਤੀ ਨਾਲ ਪਟਕਾ ਮਾਰਦਾ ਹੈ ਅਤੇ ਉਨ੍ਹਾਂ ਨੂੰ ਮੌਤ ਦੇ ਰਸਤੇ ਅੰਦਰ ਧੱਕ ਦਿੰਦਾ ਹੈ।

ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥
ਸੁਆਮੀ ਉਨ੍ਹਾਂ ਨੂੰ ਕਾਲੇ ਬੋਲੇ ਦੋਜ਼ਕ ਵਿੱਚ ਸੁੱਟ ਪਾਉਂਦਾ ਹੈ, ਜਿਥੇ ਉਹ ਕਸ਼ਟ ਅੰਦਰ ਰੋਂਦੇ ਪਿਟਦੇ ਹਨ।

ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥
ਪ੍ਰੰਤੂ, ਆਪਣੀ ਛਾਤੀ ਨਾਲ ਲਾ ਕੇ, ਸੱਚਾ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥
ਭਜਨ ਕਰੋ ਸੁਆਮੀ ਦਾ, ਹੇ ਤੁਸੀਂ ਕਰਮਾਂ ਵਾਲਿਓ! ਉਹ ਸਮੁੰਦਰ ਅਤੇ ਧਰਤੀ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।

ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥
ਨਾਨਕ, ਨਾਮ ਦਾ ਆਰਾਧਨ ਕਰਨ ਨਾਲ ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
ਕ੍ਰੋੜਾਂ ਹੀ ਅਟਕਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦਾ ਹੈ।

ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥
ਨਾਨਕ, ਉਜਾੜ ਗ੍ਰਹ ਵਿੱਚ ਕਾ ਦਾਂ ਦੀ ਨਿਆਈ ਉਹ ਰਾਤ ਦਿਨ ਵਿਰਲਾਪ ਕਰਦਾ ਹੈ।

ਪਉੜੀ ॥
ਪਉੜੀ।

ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥
ਦਰਿਆ ਦਿਲ ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਨਾਲ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥
ਮੇਰੇ ਚਿੱਤ ਦੀ ਸੱਧਰ ਤੇ ਉਮੈਦ ਬਰ ਆਈਆਂ ਹਨ ਤੇ ਮੇਰੇ ਗਮ ਦੂਰ ਹੋ ਗਏ ਹਨ।

ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥
ਮੈਂ ਨਾਮ ਦਾ ਖਜਾਨਾ ਪ੍ਰਾਪਤ ਕਰ ਲਿਆ ਹੈ, ਜਿਸ ਨੂੰ ਢੂੰਡਦਾ ਸੀ।

ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥
ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ (ਪ੍ਰਮਾਤਮਾ) ਨਾਲ ਅਭੇਦ ਹੋ ਗਿਆ ਹੈ ਅਤੇ ਮੇਰੀ ਮਿਹਨਤ ਮੁਸ਼ੱਕਤ ਮੁੱਕ ਗਈ ਹੈ।

ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥
ਮੈਂ ਉਸ ਧਾਮ ਅੰਦਰ ਵੱਸਦਾ ਹਾਂ ਜਿਸ ਅੰਦਰ ਆਰਾਮ ਅਡੋਲਤਾ ਅਤੇ ਪ੍ਰਸੰਨਤਾ ਪਰਵਿਰਤ ਹੋ ਰਹੀਆਂ ਹਨ।

ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥
ਮੁੱਕ ਗਏ ਹਨ ਮੇਰੇ ਆਉਣੇ ਅਤੇ ਜਾਣੇ ਕਿਉਂ ਜੋ ਉਥੇ ਪੈਦਾਇਸ਼ ਤੇ ਮੌਤ ਹਨ ਹੀ ਨਹੀਂ।

ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥
ਮਾਲਕ ਤੇ ਨੌਕਰ ਤਦ ਇਕੋ ਹੀ ਹੋ ਜਾਂਦੇ ਹਨ ਅਤੇ ਇਕ ਦੂਸਰੇ ਨੂੰ ਵੱਖਰਾ ਮਾਲੂਮ ਨਹੀਂ ਹੁੰਦੇ।

ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ
ਗੁਰੂ ਦੀ ਦਇਆ ਦੁਆਰਾ ਨਾਨਕ, ਸੱਚੇ ਸਾਹਿਬ ਵਿੱਚ ਲੀਨ ਹੋ ਗਿਆ।

ਰਾਗੁ ਗੂਜਰੀ ਭਗਤਾ ਕੀ ਬਾਣੀ
ਰਾਗ ਗੁਜਰੀ। ਭਗਤਾਂ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥
ਪੂਜਯ ਮਹਾਰਾਜ ਕਬੀਰ ਜੀ ਦਾ ਚਉਪਦਾ।

ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
ਚਾਰ ਪੈਰਾਂ, ਦੋ ਸਿੰਙਾਂ ਅਤੇ ਗੁੰਗੇ ਮੂੰਹ ਨਾਲ, ਤੂੰ ਉਦੋਂ ਕਿਸ ਤਰ੍ਹਾਂ ਵਾਹਿਗੁਰੂ ਦਾ ਜੱਸ ਗਾਇਨ ਕਰਨੂੰਗਾ?

ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥
ਉਠਦਿਆਂ ਤੇ ਬਹਿੰਦਿਆਂ ਤੈਨੂੰ ਡੰਡਾ ਪਊਗਾ, ਤਦੋਂ ਤੂੰ ਆਪਣਾ ਸਿਰ ਕਿਥੇ ਛੁਪਾਵਨੂੰਗਾ?

ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥
ਵਾਹਿਗੁਰੂ ਦੇ ਬਾਝੋਂ ਤੂੰ ਮਾਂਗਵਾਂ ਬਲ੍ਹਦ ਹੋ ਜਾਵੇਗਾਂ।

ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥
ਪਾਟੇ ਹੋਏ ਨੱਕ ਅਤੇ ਟੁੱਟੇ ਹੋਏ ਕੰਨਾਂ ਨਾਲ ਤੂੰ ਕੋਧਰੇ ਦਾ ਭੁਹ ਖਾਵੇਗਾਂ। ਠਹਿਰਾਉ।

ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥
ਸਾਰਾ ਦਿਨ ਤੂੰ ਜੰਗਲ ਅੰਦਰ ਭਟਕਦਾ ਫਿਰਨੂੰਗਾ, ਤਾਂ ਭੀ ਤੇਰਾ ਢਿੱਡ ਨਹੀਂ ਭਰਨਾ।

ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥
ਤੂੰ ਨੇਕ ਬੰਦਿਆਂ ਦੀ ਨਸੀਹਤ ਤੇ ਅਮਲ ਨਹੀਂ ਕੀਤਾ ਤੂੰ ਆਪਣੇ ਕਰਮਾਂ ਦਾ ਫਲ ਪਾਵੇਗਾਂ।

ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥
ਖੁਸ਼ੀ ਤੇ ਗਮੀ ਭੋਗਦਾ ਅਤੇ ਭਾਰੇ ਸੰਦੇਹ ਅੰਦਰ ਡੁੱਬਿਆ ਹੋਇਆ ਤੂੰ ਘਣੇਰੀਆ ਜੂਨੀਆਂ ਅੰਦਰ ਭਟਕੇਗਾਂ।

ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥
ਸੁਆਮੀ ਨੂੰ ਭੁਲਾ ਕੇ, ਤੈਂ ਆਪਣਾ ਹੀਰੇ ਵਰਗਾ ਜੀਵਨ ਗੁਆ ਲਿਆ ਹੈ। ਤੈਨੂੰ ਐਸਾ ਮੌਕਾ ਮੁੜ ਕਦੇ ਹੱਥ ਲੱਗਨੂੰਗਾ?

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥
ਤੂੰ ਤੇਲੀ ਦੇ ਬਲ੍ਹਦ ਵਾਂਗੂੰ ਭਾਉਂਦਾ ਫਿਰਦਾ ਹੈਂ। ਤੇਰੀ ਜੀਵਨ ਰਾਤ੍ਰੀ ਮੋਖਸ਼ ਪ੍ਰਾਪਤ ਕਰਨ ਦੇ ਬਾਝੋਂ ਹੀ ਬਤੀਤ ਹੋ ਜਾਣੀ ਹੈ।

ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥
ਕਬੀਰ ਜੀ ਆਖਦੇ ਹਨ, ਪ੍ਰਭੂ ਦੇ ਨਾਮ ਦੇ ਬਗੈਰ ਤੂੰ ਆਪਣਾ ਸਿਰ ਪਟਕਾਵੇਂ ਤੇ ਪਸਚਤਾਪ ਕਰੇਗਾਂ।

ਗੂਜਰੀ ਘਰੁ ੩ ॥
ਗੂਜਰੀ।

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥
ਕਬੀਰ ਦੀ ਮਾਤਾ ਡੁਸਕ ਡੁਸਕ ਦੇ ਵਿਰਲਾਪ ਕਰਦੀ ਹੈ,

ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥
ਹੇ ਰਾਘਵਾ ਵੰਸ ਦੇ ਰਾਜੇ (ਪ੍ਰਭੂ) ਇਹ ਬੱਚੇ ਕਿਸ ਤਰ੍ਹਾਂ ਜੀਊਣਗੇ?

ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥
ਕਬੀਰ ਨੇ ਕੱਤਣਾ ਅਤੇ ਉਣਨਾ ਸਮੂਹ ਛੱਡ ਦਿੱਤਾ ਹੈ,

ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥
ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਜਿਸਮ ਉਤੇ ਉਕਰ ਲਿਆ ਹੈ। ਠਹਿਰਾਉ।

ਜਬ ਲਗੁ ਤਾਗਾ ਬਾਹਉ ਬੇਹੀ ॥
ਜਿੰਨੇ ਚਿਰ ਲਈ ਮੈਂ ਨਲੀ ਵਿੱਚ ਦੀ ਧਾਗਾ ਲੰਘਾਉਂਦਾ ਹਾਂ,

ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥
ਉਨੇ ਚਿਰ ਲਈ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਭੁੱਲ ਜਾਂਦਾ ਹਾਂ।

ਓਛੀ ਮਤਿ ਮੇਰੀ ਜਾਤਿ ਜੁਲਾਹਾ ॥
ਕਮੀਨੀ ਹੈ ਮੇਰੀ ਸਮਝ, ਅਤੇ ਜਾਤੀ ਦਾ ਮੈਂ ਜੁਲਾਹਾ ਹਾਂ।

ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥
ਵਾਹਿਗੁਰੂ ਦੇ ਨਾਮ ਦੀ ਮੈਂ ਖੱਟੀ ਖੱਟੀ ਹੈ।

ਕਹਤ ਕਬੀਰ ਸੁਨਹੁ ਮੇਰੀ ਮਾਈ ॥
ਕਬੀਰ ਜੀ ਆਖਦੇ ਹਨ, ਸੁਣ! ਹੇ ਮੇਰੀ ਅੰਮੜੀਏ!

ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥
ਸਾਡਾ ਅਤੇ ਇਨ੍ਹਾਂ ਦਾ ਦਾਤਾਰ ਕੇਵਲ ਪ੍ਰਭੂ ਹੀ ਹੈ।

copyright GurbaniShare.com all right reserved. Email