Page 530
ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥
ਭਾਰੇ ਅਪਰਾਧ ਕ੍ਰੋੜਾਂ ਹੀ ਦੁੱਖਣੇ ਅਤੇ ਬੀਮਾਰੀਆਂ ਤੇਰੀ ਰਹਿਮਤ ਦੀ ਨਿਗ੍ਹਾ ਦੁਆਰਾ ਨਾਸ ਹੋ ਜਾਂਦੀਆਂ ਹਨ। ਹੇ ਸੁਆਮੀ!

ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥
ਗੁਰਾਂ ਦੀ ਪੈਰੀਂ ਪੈ ਕੇ, ਸੁੱਤਾ ਅਤੇ ਜਾਗਦਾ ਹੋਇਆ ਨਾਨਕ, ਪ੍ਰਭੁ, ਪ੍ਰਭੂ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।

ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥
ਉਹ ਸਾਹਿਬ ਮੈਂ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਿਆ ਹੈ।

ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥
ਆਰਾਮ-ਬਖਸ਼ਣਹਾਰ ਤੇ ਜੀਵਾਂ ਦਾ ਦਾਤਾਰ ਹੈ ਉਹ ਸਾਹਿਬ। ਅੰਮ੍ਰਿਤ ਵਰਗੇ ਮਿੱਠੜੇ ਹਨ ਜਿਸ ਦੇ ਬਚਨ-ਬਿਲਾਸ ਠਹਿਰਾਉ।

ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥
ਸਾਧੂ ਬੇਸਮਝੀ ਦੇ ਹਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਗੁਰੂ ਜੀ ਅਸਲ ਜੀਵਨ ਦੀ ਦਾਤ ਦੇਣ ਵਾਲੇ ਹਨ।

ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਸੜਦਾ ਬਲਦਾ ਹੋਇਆ, ਹੁਣ ਮੈਂ ਠੰਢਾ ਠਾਰ ਹੋ ਗਿਆ ਹਾਂ।

ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥
ਚੰਗੇ ਅਮਲ ਅਤੇ ਈਮਾਨ ਮੇਰੇ ਵਿੱਚ ਭੋਰਾ ਭਰ ਭੀ ਉਤਪੰਨ ਨਹੀਂ ਹੋਏ ਅਤੇ ਨਾਂ ਹੀ ਪਵਿੱਤਰ ਚਾਲ ਚੱਲਣ ਮੇਰੇ ਵਿੱਚ ਪ੍ਰਗਟ ਹੋਇਆ ਹੈ।

ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥
ਚਤੁਰਾਈਂ ਅਤੇ ਸਵੈ-ਭਗਤੀ ਨੂੰ ਤਿਆਗ ਕੇ ਹੇ ਨਾਨਕ! ਤੂੰ ਗੁਰਾਂ ਦੇ ਪੈਰੀਂ ਜਾ ਪਉ।

ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਹਰਿ ਰਾਮ ਨਾਮੁ ਜਪਿ ਲਾਹਾ ॥
ਤੂੰ ਸੁਆਮੀ ਵਾਹਿਗੁਰੂ ਦਾ ਨਾਮ ਉਚਾਰ। ਇਸ ਵਿੱਚ ਤੇਰਾ ਲਾਭ ਹੈ।

ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥
ਇਸ ਤਰ੍ਹਾਂ ਤੂੰ ਮੁਕਤੀ, ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲਵੇਂਗਾ ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਏਗੀ। ਠਹਿਰਾਉ।

ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥
ਭਾਲਦਿਆਂ, ਭਾਲਦਿਆਂ, ਭਾਲਦਿਆਂ ਅਤੇ ਵਿਚਾਰਦਿਆਂ ਮੈਨੂੰ ਪਤਾ ਲੱਗਾ ਹੈ ਕਿ ਪ੍ਰਭੂ ਦਾ ਨਾਮ ਪਵਿੱਤ੍ਰ ਪੁਰਸ਼ ਦੇ ਪਾਸ ਹੈ।

ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥
ਕੇਵਲ ਓਹੀ ਇਸ ਖਜਾਨੇ ਨੂੰ ਹਾਸਲ ਕਰਦੇ ਹਨ, ਜਿਨ੍ਹਾਂ ਦੀ ਕਿਸਮਤ ਵਿੱਚ ਇਸ ਤਰ੍ਹਾਂ ਦੀ ਲਿਖਤਾਕਾਰ ਹੈ।

ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥
ਉਹ ਵੱਡੇ ਕਰਮਾਂ ਵਾਲੇ ਹਨ, ਓਹੀ ਇੱਜ਼ਤ ਵਾਲੇ ਹਨ, ਉਹੀ ਪੂਰਨ ਸ਼ਾਹੂਕਾਰ ਹਨ,

ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥
ਅਤੇ ਉਹੀ ਸੁਹਣੇ, ਚਤੁਰ ਅਤੇ ਸੁਨੱਖੇ ਹਨ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਖਰੀਦਦੇ ਹਨ।

ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।

ਮਨ ਕਹ ਅਹੰਕਾਰਿ ਅਫਾਰਾ ॥
ਹੇ ਬੰਦੇ! ਕਿਉਂ ਗਰੂਰ ਨਾਲ ਫੁੱਲਿਆ ਫਿਰਦਾ ਹੈਂ?

ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥
ਜੋ ਕੁਛ ਭੀ ਇਸ ਕੁਚੀਲ, ਪਲੀਤ ਅਤੇ ਮਲੀਨ ਦੁਨੀਆਂ ਵਿੱਚ ਦਿਸਦਾ ਹੈ, ਉਹ ਕੇਵਲ ਸੁਆਹ ਹੀ ਹੈ। ਠਹਿਰਾਉ।

ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥
ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜਿਸ ਨੇ ਮੈਨੂੰ ਬਣਾਇਆ ਹੈ ਅਤੇ ਜੋ ਜਿੰਦਗੀ ਅਤੇ ਆਤਮਾ ਦਾ ਆਸਰਾ ਹੈ।

ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥
ਬੇਸਮਝ ਮੂਰਖ! ਜੋ ਉਸ ਨੂੰ ਛੱਡ ਕੇ ਹੋਰਸ ਨਾਲ ਜੁੜਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥
ਮੈਂ ਅੰਨ੍ਹਾ ਬੇਜਬਾਨ! ਹੱਥ-ਪੈਰ-ਹੀਣਾ ਅਤੇ ਸਮਝ-ਵਿਹੂਣ ਹਾਂ। ਹੇ ਰੱਖਿਆ ਕਰਨਹਾਰ ਮਾਲਕ! ਮੇਰੀ ਰੱਖਿਆ ਕਰ।

ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥
ਵਾਹਿਗੁਰੂ ਆਪ ਕਰਨ ਅਤੇ ਹੋਰਨਾਂ ਨੂੰ ਕਰਾਉਣ ਲਈ ਸਰਬ-ਸ਼ਕਤੀਵਾਨ ਹੈ। ਇਨਸਾਨ ਕਿੰਨਾ ਬੇਵੱਸ ਹੈ, ਹੇ ਨਾਨਕ!

ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।

ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥
ਉਹ ਸਾਹਿਬ ਦੇ ਪਰਮ ਨੇੜੇ ਤੋਂ ਪਰਮ ਨੇੜੇ ਹੈ।

ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥
ਦਿਨੇ, ਰਾਤ, ਸ਼ਾਮ ਅਤੇ ਸਵੇਰੇ ਤੂੰ ਦ੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਦੇ ਜੱਸ ਦਾ ਚਿੰਤਨ ਉਚਾਰਨ ਅਤੇ ਗਾਇਨ ਕਰ। ਠਹਿਰਾਉ।

ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥
ਹੇ ਬੰਦੇ! ਅਮੋਲਕ ਸਤਿ ਸੰਗਤ ਅੰਦਰ ਜੁੜ ਕੇ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਆਪਣੇ ਜੀਵਨ ਦਾ ਸਰੀਰ ਦਾ ਸੁਧਾਰ ਕਰ ਲੈ।

ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥
ਤੂੰ ਇਕ ਛਿਨ ਲੰਮੇ ਅਤੇ ਪਲ ਦੀ ਭੀ ਦੇਰੀ ਨਾਂ ਕਰ। ਮੌਤ ਸਦਾ, ਸਦਾ ਹੀ ਤੈਨੂੰ ਤਾੜ ਰਹੀ ਹੈ।

ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥
ਹੇ ਸਿਰਜਣਹਾਰ! ਮੈਨੂੰ ਸੰਸਾਰ ਦੀ ਅੰਨ੍ਹੀ, ਖੁੱਡ ਵਿਚੋਂ ਬਾਹਰ ਧੂ ਲੈ। ਉਹ ਕਿਹੜੀ ਸ਼ੈ ਹੈ, ਜਿਹੜੀ ਤੇਰੇ ਘਰ ਵਿੱਚ ਨਹੀਂ?

ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥
ਹੇ ਸਆਮੀ! ਨਾਨਕ ਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਤਾਂ ਜੋ ਉਹ ਹਮੇਸ਼ਾਂ ਪਰਮ ਪ੍ਰਸੰਨਤਾ ਅਤੇ ਆਰਾਮ ਅੰਦਰ ਵਿਚਰੇ।

ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਮਨ ਗੁਰ ਮਿਲਿ ਨਾਮੁ ਅਰਾਧਿਓ ॥
ਹੇ ਇਨਸਾਨ! ਗੁਰਾਂ ਨੂੰ ਮਿਲ ਕੇ ਤੂੰ ਨਾਮ ਦਾ ਸਿਮਰਨ ਕਰ।

ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥
ਐਸ ਤਰ੍ਹਾਂ ਤੂੰ ਆਰਾਮ, ਅਡੋਲਤਾ, ਪ੍ਰਸੰਨਤਾ, ਖੁਸ਼ੀ ਤੇ ਮਿਠਾਸ ਨੂੰ ਪ੍ਰਾਪਤ ਹੋ ਵੰਞੇਗਾ ਅਤੇ ਅਬਿਨਾਸੀ ਜਿੰਗਦੀ ਦੀ ਬੁਨਿਆਦ ਰੱਖ ਲਵੇਂਗਾ। ਠਹਿਰਾਉ।

ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥
ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣਾ ਗੁਮਾਸ਼ਤਾ ਬਣਾ ਲਿਆ ਹੈ ਅਤੇ ਮੋਹਨੀ ਦੀ ਬੇੜੀਆਂ ਕੱਟ ਛੱਡੀਆਂ ਹਨ।

ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥
ਪ੍ਰੇਮ, ਅਨੁਰਾਗ ਅਤੇ ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਮੌਤ ਦੇ ਰਸਤੇ ਨੂੰ ਸਰ ਕਰ ਲਿਆ ਹੈ।

ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥
ਮੇਰੇ ਉਤੇ ਮਾਲਕ ਦੀ ਮਿਹਰ ਹੈ, ਜੰਗਾਲ ਉਤਰ ਗਿਆ ਹੈ ਅਤੇ ਮੈਨੂੰ ਅਣਮੁੱਲੀ ਦੌਲਤ ਲੱਭ ਪਈ ਹੈ।

ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥
ਹੇ ਮੈਂਡੇ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਸੁਆਮੀ ਨਾਨਕ ਤੇਰੇ ਉਤੋਂ ਸੈਂਕੜੇ ਹਜ਼ਾਰਾਂ ਵਾਰੀ ਕੁਰਬਾਨ ਜਾਂਦਾ ਹੈ।

copyright GurbaniShare.com all right reserved. Email