Page 534
ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥
ਮੈਂ ਸਾਧ-ਸੰਗਤ ਦੀ ਓਟ ਲਈ ਹੈ, ਅਤੇ ਮੇਰਾ ਚਿੱਤ ਉਨ੍ਹਾਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹਾਂ।

ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥
ਮੈਂ ਕੋਈ ਢੰਗ ਨਹੀਂ ਜਾਣਦਾ, ਨਾਂ ਹੀ ਮੇਰੇ ਵਿੱਚ ਕੋਈ ਨੇਕੀ ਹੈ। ਮਾਇਆ ਤੋਂ ਬਚ ਨਿਕਲਣਾ ਪਰਮ ਕਠਨ ਹੈ।

ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥
ਨਾਨਕ ਆ ਕੇ ਗੁਰਾਂ ਦੇ ਪੈਰਾਂ ਤੇ ਡਿੱਗ ਪਿਆ ਹੈ ਅਤੇ ਤਦ ਉਸ ਦੀਆਂ ਸਾਰੀਆਂ ਮੰਦੀਆਂ-ਵਾਸ਼ਨਾ ਨਵਿਰਤ ਹੋ ਗਈਆਂ ਹਨ।

ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਮੇਰੇ ਪ੍ਰੀਤਮਾ! ਅੰਮ੍ਰਿਤਮਈ ਹਨ ਤੇਰੇ ਬਚਨ-ਬਿਲਾਸ।

ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥
ਤੂੰ ਪਰਮ ਸੁਹਣਾ, ਮਨੋਹਰ ਹੈ, ਹੇ ਪ੍ਰੀਤਮ! ਤੂੰ ਸਾਰਿਆਂ ਦੇ ਅੰਦਰ ਹੈ ਅਤੇ ਫਿਰ ਭੀ ਅਟੰਕ ਹੈ। ਠਹਿਰਾਉ।

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਮੈਂ ਨ ਬਾਦਸ਼ਾਹੀ ਚਾਹੁੰਦਾ ਹਾਂ ਅਤੇ ਨ ਹੀ ਮੁਕਤੀ, ਮੇਰੀ ਆਤਮਾ ਨੂੰ ਤੇਰੇ ਕੰਵਲ ਵਰਗੇ ਪੈਰਾਂ ਦੇ ਪ੍ਰੇਮ ਦੀ ਤਾਂਘ ਹੈ।

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥
ਬ੍ਰਹਿਮਾ, ਸ਼ਿਵਜੀ, ਕਰਾਮਾਤੀ ਬੰਦੇ, ਰਿਸ਼ੀ ਅਤੇ ਇੰਦਰ ਜੀ ਹਨ। ਪ੍ਰੰਤੂ, ਮੈਂ ਕੇਵਲ ਪ੍ਰਭੂ ਦੇ ਦਰਸ਼ਨ ਨੂੰ ਹੀ ਲੋੜਦਾ ਹਾਂ।

ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥
ਹੇ ਸਾਹਿਬ! ਮੈਂ ਨਿਮਾਣਾ ਹੋ ਤੇਰੇ ਬੂਹੇ ਤੇ ਆਇਆ ਹਾਂ। ਹਾਰ ਹੰਭ ਕੇ ਮੈਂ ਤੇਰੇ ਸਾਧੂਆਂ ਦੀ ਪਨਾਹ ਲਈ ਹੈ।

ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥
ਗੁਰੂ ਜੀ ਫੁਰਮਾਉਂਦੇ ਹਨ, ਮੈਂ ਸੁੰਦਰ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੇਰੀ ਆਤਮਾ ਠੰਢੀ ਤੇ ਖੁਸ਼ੀ ਹੋ ਗਈ ਹੈ।

ਦੇਵਗੰਧਾਰੀ ਮਹਲਾ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥
ਸੁਆਮੀ ਨੂੰ ਸਿਮਰ ਕੇ ਉਸ ਦਾ ਦਾਸ ਤਰ ਜਾਂਦਾ ਹੈ।

ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥੧॥ ਰਹਾਉ ॥
ਜਦ ਸੁਆਮੀ ਆਪਣੇ ਮਸਕੀਨ ਦਾਸ ਤੇ ਦਯਾਵਾਨ ਹੋ ਜਾਂਦਾ ਹੈ ਉਹ ਮੁੜ ਕੇ ਜਨਮ ਮਰਨ ਵਿੱਚ ਨਹੀਂ ਆਉਂਦਾ। ਠਹਿਰਾਉ।

ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥
ਸਤਿ ਸੰਗਤ ਅੰਦਰ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਆਪਣੇ ਹੀਰੇ ਵਰਗੇ, ਮਨੁੱਖੀ ਜੀਵਨ ਨੂੰ ਨਹੀਂ ਹਾਰਦਾ।

ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥
ਸਾਹਿਬ ਦੀ ਕੀਰਤੀ ਕਰਨ ਦੁਆਰਾ, ਉਹ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।

ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥
ਸਾਹਿਬ ਦੇ ਕੰਵਲ ਪੈਰ ਉਸ ਦੇ ਹਿਰਦੇ ਅੰਦਰ ਵਸਦੇ ਹਨ ਅਤੇ ਆਪਣੇ ਹਰ ਸਾਹ ਅਤੇ ਬੁਰਕੀ ਨਾਲ ਉਹ ਸਾਈਂ ਦਾ ਨਾਮ ਜੱਪਦਾ ਹੈ।

ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥
ਨਾਨਕ ਨੇ ਆਲਮ ਦੇ ਸੁਆਮੀ ਦੀ ਸ਼ਰਣ ਲਈ ਹੈ ਅਤੇ ਉਹ ਮੁੜ ਮੁੜ ਕੇ, ਉਸ ਉਤੋਂ ਘੋਲੀ ਵੰਞਦਾ ਹਾਂ।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪
ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥੧॥ ਰਹਾਉ ॥
ਮਜ਼ਹਬੀ ਬਾਣੇ ਪਹਿਣ ਕੇ ਬੰਦੇ ਜੰਗਲਾਂ ਅੰਦਰ ਭਟਕਦੇ ਹਨ, ਪ੍ਰੰਤੂ ਸੁੰਦਰ ਸੁਆਮੀ ਨਿਰਲੇਪ ਵਿਚਰਦਾ ਹੈ। ਠਹਿਰਾਉ।

ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥੧॥
ਉਹ ਵਖਿਆਨ ਤੇ ਪ੍ਰਚਾਰ ਕਰਦੇ ਹਨ ਚੰਗੇ ਗਾਉਣ ਗਾਇਨ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਚਿੱਤ ਵਿੱਚ ਪਾਪਾਂ ਦੀ ਮੈਲ ਹੈ।

ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥੨॥
ਬਹੁਤ ਸੁਹਣਾ, ਪਰਮ ਪ੍ਰਬੀਨ, ਅਕਲਮੰਦ, ਵਿਦਵਾਨ ਅਤੇ ਮਿੱਠ-ਬੋਲੜਾ ਹੋਣਾ ਸੁਖੈਨ ਹੈ।

ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥੩॥
ਹੰਕਾਰੀ ਸੰਸਾਰ ਮਮਤਾ, ਮੇਰਾਪਨ ਅਤੇ ਤੈਂਡਾਪਨ ਤਿਆਗਣਾ, ਇਹ ਰਸਤਾ ਦੋ-ਧਾਰੀ ਤਲਵਾਰ ਦੇ ਤਿੱਖੇ ਤੀਰ ਤੁੱਲ (ਸਮਾਨ) ਹੈ।

ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥
ਗੁਰੂ ਜੀ ਆਖਦੇ ਹਨ, ਕੇਵਲ ਓਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਹਨ, ਜੋ ਸੁਆਮੀ ਦੀ ਰਹਿਮਤ ਸਦਕਾ ਸਤਿ ਸੰਗਤ ਨਾਲ ਜੁੜਦੇ ਹਨ।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫
ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥
ਓ, ਮੈਂ ਸੁਆਮੀ ਨੂੰ ਉਚਾ ਵੇਖਿਆ ਹੈ। ਮਨੋਹਰ ਮਾਲਕ ਸਾਰਿਆਂ ਨਾਲੋਂ ਉਚਾ ਹੈ।

ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥
ਉਸ ਦੇ ਬਰਾਬਰ ਹੋਰ ਕੋਈ ਨਹੀਂ। ਮੈਂ ਬਹੁਤ ਹੀ ਖੋਜ ਭਾਲ ਕੀਤੀ ਹੈ। ਠਹਿਰਾਉ।

ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥
ਪਰਮ ਅਨੰਤ, ਮਹਾਨ ਵੱਡਾ ਡੂੰਘਾ ਅਤੇ ਅਥਾਹ ਹੈ ਉਹ। ਉਹ ਪਹੁੰਚ ਤੋਂ ਪਰੇ ਉਚੇਰਾ ਹੈ।

ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ ॥੧॥
ਉਹ ਜੋਖਣ ਨੂੰ ਅਜੋਖ ਅਤੇ ਮੂਲ ਪਾਉਣ ਨੂੰ ਅਣਮੁੱਲਾ ਹੈ। ਮਨ ਦੇ ਮੋਹਨਹਾਰ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥
ਅਨੇਕਾਂ ਰਸਤਿਆਂ ਰਾਹੀਂ ਕ੍ਰੋੜਾਂ ਹੀ ਉਸ ਨੂੰ ਭਾਲਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਕੋਈ ਭੀ ਉਸ ਨੂੰ ਨਹੀਂ ਪਾਉਂਦਾ।

ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥
ਗੁਰੂ ਜੀ ਆਖਦੇ ਹਨ, ਸਾਹਿਬ ਦੇ ਮੇਹਰ ਕੀਤੀ ਹੈ ਅਤੇ ਸੰਤ ਗੁਰਾਂ ਨੂੰ ਮਿਲ ਕੇ ਮੈਂ ਉਸ ਦਾ ਅੰਮ੍ਰਿਤ ਪਾਨ ਕਰਦਾ ਹਾਂ।

copyright GurbaniShare.com all right reserved. Email