ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥
ਸ਼ਕਤੀ ਦੀ ਲਗਨ ਦੀ ਗੰਦਗੀ ਉਨ੍ਹਾਂ ਦੇ ਹਿਰਦੇ ਨੂੰ ਚਿਮੜੀ ਹੋਈ ਹੈ ਤੇ ਇਹ ਵਣਜ ਕੇਵਲ ਧਨ ਦੀ ਖਾਤਰ ਹੀ ਹੈ। ਮਾਇਆ ਕੇ ਵਾਪਾਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥ ਸੰਸਾਰੀ ਧਨ-ਦੌਲਤ ਦੇ ਵਣਜ ਨੂੰ ਪਿਆਰ ਕਰਦਾ ਹੈ ਅਤੇ ਜੰਮਣ ਤੇ ਮਰਨ ਦੁਆਰਾ ਕਸ਼ਟ ਭੋਗਦਾ ਹੈ। ਬਿਖੁ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਟਾ ਮਾਹਿ ਸਮਾਈ ॥ ਜ਼ਹਿਰ ਦਾ ਕਿਰਮ ਜ਼ਹਿਰ ਨਾਲ ਹੀ ਜੁੜਿਆ ਹੋਇਆ ਹੈ ਅਤੇ ਗੰਦਗੀ ਅੰਦਰ ਹੀ ਗਰਕ ਹੋ ਜਾਂਦਾ ਹੈ। ਜੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ ॥ ਉਹ ਉਹੀ ਕੁੱਛ ਕਰਦਾ ਹੈ, ਜਿਹੜਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ। ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥ ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਆਰਾਮ ਪਾਉਂਦੇ ਹਨ। ਹੋਰ ਬੇਸਮਝ, ਬੇਵਕੂਫ ਧਾਹਾਂ ਮਾਰਦੇ ਮਰ ਜਾਂਦੇ ਹਨ। ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥ ਆਤਮਾ ਧਨ-ਦੌਲਤ ਦੀ ਮਮਤਾ ਨਾਲ ਰੰਗੀ ਹੋਈ ਹੈ। ਇਸ ਮਮਤਾ ਦੇ ਕਾਰਨ ਇਸ ਦੀ ਯਥਾਰਥ ਸਮਝ ਮਾਰੀ ਗਈ ਹੈ। ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗੁ ਜਾਈ ਰਾਮ ॥ ਜੇਕਰ ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਵੇ, ਤਦ ਹੋਰਸ ਦਾ ਪਿਆਰ ਦੂਰ ਹੋ ਜਾਵੇਗਾ। ਦੂਜਾ ਰੰਗੁ ਜਾਈ ਸਾਚਿ ਸਮਾਈ ਸਚਿ ਭਰੇ ਭੰਡਾਰਾ ॥ ਹੋਰਸ ਦਾ ਪਿਆਰ ਦੂਰ ਹੋ ਜਾਂਦਾ ਹੈ, ਆਤਮਾ ਸੱਚ ਵਿੱਚ ਲੀਨ ਹੋ ਜਾਂਦੀ ਹੈ ਤੇ ਇਸ ਦੇ ਖਜਾਨੇ ਸੱਚ ਨਾਲ ਪਰੀਪੂਰਨ ਹੋ ਜਾਂਦੇ ਹਨ। ਗੁਰਮੁਖਿ ਹੋਵੈ ਸੋਈ ਬੂਝੈ ਸਚਿ ਸਵਾਰਣਹਾਰਾ ॥ ਜੋ ਗੁਰਾਂ ਦੇ ਰਸਤੇ ਟੁਰਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਦਾ ਹੈ ਤੇ ਸੱਚਾ ਸਾਈਂ ਉਸ ਨੂੰ ਸਸ਼ੋਭਤ ਕਰ ਦਿੰਦਾ ਹੈ। ਆਪੇ ਮੇਲੇ ਸੋ ਹਰਿ ਮਿਲੈ ਹੋਰੁ ਕਹਣਾ ਕਿਛੂ ਨ ਜਾਏ ॥ ਜਿਸ ਨੂੰ ਪ੍ਰਭੂ ਖੁਦ ਮਿਲਾਉਂਦਾ ਹੈ, ਕੇਵਲ ਉਹੀ ਉਸ ਨੂੰ ਮਿਲਦਾ ਹੈ। ਹੋਰ ਕੁਝ ਆਖਿਆ ਤੇ ਕੀਤਾ ਨਹੀਂ ਜਾ ਸਕਦਾ। ਨਾਨਕ ਵਿਣੁ ਨਾਵੈ ਭਰਮਿ ਭੁਲਾਇਆ ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥ ਨਾਨਕ, ਨਾਮ ਦੇ ਬਗੈਰ ਪ੍ਰਾਣੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਕਈ ਜੋ ਨਾਮ ਨਾਲ ਰੰਗੇ ਹਨ, ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਹੋ ਜਾਂਦੇ ਹਨ। ਵਡਹੰਸੁ ਮਹਲਾ ੩ ॥ ਵਡਹੰਸ ਤੀਜੀ ਪਾਤਿਸ਼ਾਹੀ। ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥ ਹੇ ਮੇਰੀ ਜਿੰਦੇ! ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਕੇਵਲ ਸੱਚਾ ਨਾਮ ਹੀ ਅਖੀਰ ਨੂੰ ਉਸ ਨੂੰ ਬੰਦ ਖਲਾਸੀ ਕਰਦਾ ਹੈ। ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥ ਜਦ ਸੱਚਾ ਸਾਹਿਬ ਖੁਦ ਮਾਫ ਕਰ ਦਿੰਦਾ ਹੈ ਉਹ ਮੁੜ ਕੇ ਚੱਕਰ ਵਿੱਚ ਨਹੀਂ ਪੈਦਾ। ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥ ਉਹ ਮੁੜ ਚੱਕਰ ਵਿੱਚ ਨਹੀਂ ਪੈਦਾ, ਓੜਕ ਨੂੰ ਸੱਚੇ ਨਾਮ ਦੇ ਰਾਹੀਂ ਬੰਦ-ਖਲਾਸ ਹੋ ਜਾਂਦਾ ਹੈ ਅਤੇ ਗੁਰਾਂ ਰਾਹੀਂ ਇੱਜ਼ਤ ਆਬਰੂ ਪਾਉਂਦਾ ਹੈ। ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥ ਸੱਚੇ ਨਾਮ ਦੇ ਪ੍ਰੇਮ ਨਾਲ ਰੰਗੀਜ ਕੇ ਉਹ ਬੈਕੁੰਠੀ ਆਨੰਦ ਨਾਲ ਖੀਵਾ ਹੋ ਜਾਂਦਾ ਹੈ ਅਤੇ ਪਾਰਬ੍ਰਹਮ ਅੰਦਰ ਲੀਨ ਰਹਿੰਦਾ ਹੈ। ਸਚਾ ਮਨਿ ਭਾਇਆ ਸਚੁ ਵਸਾਇਆ ਸਬਦਿ ਰਤੇ ਅੰਤਿ ਨਿਬੇਰਾ ॥ ਸੱਚਾ ਸੁਆਮੀ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ, ਕਿ ਸੱਚੇ ਸੁਆਮੀ ਨੂੰ ਉਹ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ ਅਤੇ ਨਾਮ ਨਾਲ ਰੰਗੀਜਣ ਕਰ ਕੇ ਉਹ ਅਖੀਰ ਨੂੰ ਖਲਾਸੀ ਪਾ ਜਾਂਦਾ ਹੈ। ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥੧॥ ਨਾਨਕ, ਜੋ ਨਾਮ ਨਾਲ ਰੰਗੇ ਹਨ, ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੇ ਹਨ ਅਤੇ ਮੁੜ ਕੇ ਭਿਆਨਕ, ਸੰਸਾਰ ਸਮੁੰਦਰ ਦੇ ਗੇੜੇ ਵਿੱਚ ਨਹੀਂ ਪੈਦੇ। ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥ ਧਨ ਸੰਪਦਾ ਦੀ ਮੁਹੱਬਤ ਸਮੂਹ ਪਾਗਲਪਣਾ ਹੈ। ਦਵੈਤ ਭਾਵ ਦੇ ਰਾਹੀਂ ਪ੍ਰਾਣੀ ਬਰਬਾਦ ਹੋ ਜਾਂਦਾ ਹੈ। ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥ ਮਾਂ, ਪਿਉ ਅਤੇ ਹੋਰ ਸਾਰੇ ਇਹ ਮੋਹ ਦੇ ਅਧੀਨ ਅਨ ਅਤੇ ਇੋ ਮੋਹ ਵਿੱਚ ਹੀ ਉਲਝੇ ਹੋਏ ਹਨ। ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥ ਪੂਰਬਲੇ ਕਰਮਾਂ ਦੇ ਅਨੁਸਾਰ ਉਹ ਮੌਹ ਵਿੰਚ ਖੱਚਤ ਹੋਏ ਹੋਏ ਹਨ। ਕੋਈ ਭੀ ਉਨ੍ਹਾਂ ਨੂੰ ਮੇਟ ਨਹੀਂ ਸਕਦਾ। ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥ ਜਿਸ ਨੇ ਸੰਸਾਰ ਰੱਚਿਆ ਹੋਇਆ ਹੈ, ਉਹ ਰੱਚ ਕੇ ਇਸ ਦੀ ਸੰਭਾਲ ਕਰਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ। ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ ਅੰਨ੍ਹਾਂ ਅਧਰਮੀ (ਮਨਮੱਤੀਆ) ਰੋਹ ਨਾਲ ਸੜ ਕੇ ਤਬਾਹ ਹੋ ਜਾਂਦਾ ਹੈ ਤੇ ਨਾਮ ਦੇ ਬਾਝੋਂ ਉਸ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ। ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥ ਨਾਨਕ ਨਾਮ ਦੇ ਬਗੈਰ ਸਾਰੇ ਕੁਰਾਹੇ ਪਏ ਹੋਏ ਹਨ ਅਤੇ ਧਨ-ਸੰਪਦਾ ਦੀ ਮਮਤਾ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥ ਇਸ ਜਹਾਨ ਨੂੰ ਸੜਦਾ ਵੇਖ ਕੇ ਮੈਂ ਦੌੜ ਕੇ ਸੁਆਮੀ ਦੀ ਪਨਾਹ ਲਈ ਹੈ। ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥ ਮੈਂ ਆਪਣੇ ਪੂਰਨ ਗੁਰਾਂ ਮੂਹਰੇ ਬਿਨੇ ਕਰਦਾ ਹਾਂ, ਹੇ ਸਾਈਂ! ਮੇਰੀ ਰੱਖਿਆ ਕਰ ਤੇ ਮੈਨੂੰ ਆਪਣੇ ਨਾਮ ਦੀ ਬਜੁਰਗੀ ਬਖਸ਼। ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥ ਮੇਰੇ ਗੁਰਦੇਵ ਜੀ, ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਹੋਰ ਕੋਈ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ। ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥ ਭਾਰੇ ਭਾਗਾਂ ਵਾਲੇ ਹਨ ਉਹ, ਜੋ ਤੇਰੀ ਚਾਕਰੀ ਅੰਦਰ ਜੁੱਟਦੇ ਹਨ। ਸਾਰਿਆਂ ਜੁੱਗਾ ਅੰਦਰ ਉਹ ਇੱਕ ਪ੍ਰਭੂ ਨੂੰ ਹੀ ਜਾਣਦੇ ਹਨ। ਜਤੁ ਸਤੁ ਸੰਜਮੁ ਕਰਮ ਕਮਾਵੈ ਬਿਨੁ ਗੁਰ ਗਤਿ ਨਹੀ ਪਾਈ ॥ ਇਨਸਾਨ ਬ੍ਰਹਿਮ-ਚਰਜ, ਸੱਚ, ਸਵੈ-ਰਿਆਜ਼ਤ (ਜ਼ਬਤ) ਅਤੇ ਕਰਮ-ਕਾਂਡ ਕਮਾਉਂਦਾ ਹੈ, ਪਰੰਤੂ ਗੁਰਾਂ ਦੇ ਬਾਝੋਂ ਉਸ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥੩॥ ਨਾਨਕ ਗੁਰੂ ਜੀ ਉਸ ਨੂੰ ਨਾਮ ਦਰਸਾਉਂਦੇ ਹਨ, ਜੋ ਜਾ ਕੇ ਪ੍ਰਭੂ ਦੀ ਪਨਾਹ ਲੈਦਾ ਹੈ। ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥ ਸਮਝ ਜਿਹੜੀ ਸੁਆਮੀ ਪ੍ਰਦਾਨ ਕਰਦਾ ਹੈ, ਕੇਵਲ ਉਹੀ ਬੰਦੇ ਵਿੱਚ ਉਤਪੰਨ ਹੁੰਦੀ ਹੈ। ਹੋਰ ਕੋਈ ਸਿਆਣਪ ਹੈ ਹੀ ਨਹੀਂ। ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥ ਅੰਦਰ ਤੇ ਬਾਹਰ ਕੇਵਲ ਤੂੰ ਹੀ ਹੈਂ ਹੇ ਸਾਹਿਬ! ਤੂੰ ਖੁਦ ਹੀ ਇਨਸਾਨ ਨੂੰ ਇਹ ਗੱਲ ਅਨੁਭਵ ਕਰਾਉਂਦਾ ਹੈ। ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥ ਜਿਸਨੂੰ ਤੂੰ ਇਹ ਅਨੁਭਵ ਕਰਾਉਂਦਾ ਹੈ, ਉਹ ਹੋਰਸ ਨੂੰ ਪਿਆਰ ਨਹੀਂ ਕਰਦਾ ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਚਖਦਾ ਹੈ। ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥ ਸੱਚੇ ਦਰਬਾਰ ਅੰਦਰ ਉਹ ਸਦੀਵ ਹੀ ਸੁਰਖਰੂ ਹੁੰਦਾ ਹੈ ਅਤੇ ਸੱਚੇ ਨਾਮ ਨੂੰ ਉਹ ਪ੍ਰੇਮ ਨਾਲ ਉਚਾਰਨ ਕਰਦਾ ਹੈ। copyright GurbaniShare.com all right reserved. Email |