ਧਨਾਸਰੀ ਮਹਲਾ ੪ ॥ ਧਨਾਸਰੀ ਚੌਥੀ ਪਾਤਸ਼ਾਹੀ। ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਵਾਹਿਗੁਰੂ, ਵਾਹਿਗੁਰੂ, ਸੁਆਮੀ ਵਾਹਿਗੁਰੂ ਮੀਂਹ ਦੀ ਇਕ ਕਣੀ ਹੈ ਅਤੇ ਮੈਂ ਪਪੀਹਾ ਉਸ ਲਈ ਵਿਲਕ ਤੇ ਵਿਰਲਾਪ ਕਰ ਰਿਹਾ ਹਾਂ। ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪਣੀ ਮਿਹਰ ਧਾਰ, ਤੇ ਇਕ ਮੁਹਤ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਕਣੀ ਪਾ। ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਹਰੀ ਦੇ ਬਗੈਰ ਮੈਂ ਇੱਕ ਛਿਨ ਭਰ ਭੀ ਰਹਿ ਨਹੀਂ ਸਕਦਾ। ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਜਿਸ ਤਰ੍ਹਾਂ ਅਫੀਮ ਖਾਣ ਦਾ ਆਦੀ, ਅਫੀਮ ਦੇ ਬਗੈਰ ਮਰ ਜਾਂਦਾ ਹੈ, ਓਸੇ ਤਰ੍ਹਾਂ ਹੀ ਮੈਂ ਪ੍ਰਭੂ ਦੇ ਬਾਝੋਂ ਮਰ ਮੁਕ ਜਾਂਦਾ ਹਾਂ। ਠਹਿਰਾਓ। ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂੰ ਹੇ ਵਾਹਿਗੁਰੂ! ਅਤਿਅੰਤ ਡੂੰਘਾ ਸਮੁੰਦਰ ਹੈਂ। ਮੈਂ ਤੇਰੇ ਓੜਕ ਨੂੰ ਇੱਕ ਭੋਰਾ ਭੀ ਨਹੀਂ ਲੱਭ ਸਕਦਾ। ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਤੂੰ ਹੇ ਠਾਕਰ ਪਰੇਡੇ ਤੋਂ ਪਰਮ ਪਰੇਡੇ ਅਤੇ ਉਤੱਮਾਂ ਚੋਂ ਪਰਮ ਉਤੱਮ ਹੈਂ। ਆਪਣਾ ਵਿਸਥਾਰ ਤੇ ਅਵਸਥਾ, ਕੇਵਲ ਤੂੰ ਹੀ ਜਾਣਦਾ ਹੈਂ। ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਵਾਹਿਗੁਰੂ ਦੇ ਸਾਧੂ ਅਤੇ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ। ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਪਰਮ ਪ੍ਰਭਤਾ ਹੋ ਜਾਂਦੀ ਹੈ ਸੁਆਮੀ ਵਾਹਿਗੁਰੂ ਦੇ ਅਨੁਰਾਗੀ ਦੀ। ਮਾਲਕ ਦਾ ਚਿੰਤਨ ਕਰਨ ਦੁਆਰਾ ਉਹ ਸ੍ਰੇਸ਼ਟ ਇਜ਼ਤ ਆਬਰੂ ਨੂੰ ਪ੍ਰਾਪਤ ਹੋ ਜਾਂਦਾ ਹੈ। ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਵਾਹਿਗੁਰੂ ਆਪ ਮਾਲਕ ਹੈ ਅਤੇ ਆਪ ਹੀ ਦਾਸ ਉਹ ਆਪੇ ਹੀ ਆਪਣੀ ਸੇਵਾ ਦਾ ਵਾਯੂ ਮੰਡਲ ਰਚ ਦਿੰਦਾ ਹੈ। ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥ ਦਾਸ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਪ੍ਰਭੂ! ਹੁਣ ਤੂੰ ਆਪਣੇ ਸੇਵਕ ਦੀ ਇਜ਼ਤ ਆਬਰੂ ਨੂੰ ਬਰਕਰਾਰ ਰੱਖ। ਧਨਾਸਰੀ ਮਹਲਾ ੪ ॥ ਧਨਾਸਰੀ ਚੌਥੀ ਪਾਤਸ਼ਾਹੀ। ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ? ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਤਰਨ ਵਾਲਾ ਬੰਦਾ, ਸਮੁੰਦਰ ਤੋਂ ਤਰ ਜਾਂਦਾ ਹੈ। ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹੇ ਮਹਾਰਾਜ ਵਾਹਿਗੁਰੂ! ਤੂੰ ਵਾਹਿਗੁਰੂ ਦੇ ਗੋਲੇ ਦੀ ਇਜ਼ਤ ਰੱਖ। ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਮੇਰੇ ਸੁਆਮੀ ਮਾਲਕ! ਮੇਰੇ ਪਾਸੋਂ ਆਪਣੇ ਨਾਮ ਦਾ ਜਾਪ ਕਰਵਾ। ਮੈਂ ਇੱਕ ਤੇਰੀ ਪ੍ਰੇਮਮਈ ਸੇਵਾ ਹੀ ਮੰਗਦਾ ਹਾਂ। ਠਹਿਰਾਓ। ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਵਾਹਿਗੁਰੂ ਦੇ ਗੋਲੇ, ਜੋ ਰੱਬੀ ਬਾਣੀ ਦਾ ਉਚਾਰਨ ਕਰਦੇ ਹਨ, ਉਹ ਵਾਹਿਗੁਰੂ ਦੇ ਲਾਡਲੇ ਹਨ। ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ ਲਿਖਤ, ਜਿਹੜੀ ਲਿਖਣ ਵਾਲੇ ਫਰਿਸ਼ਤਿਆਂ ਨੇ ਲਿਖੀ ਹੈ, ਉਹ ਮਿੱਟ ਜਾਂਦੀ ਹੈ ਅਤੇ ਹਿਸਾਬ ਦਾ ਬਕਾਇਆ ਜੋ ਮੌਤ ਦੇ ਦੂਤਾਂ ਕੋਲ ਹੈ, ਸਾਰਾ ਚੁਕਤਾ ਹੋ ਜਾਂਦਾ ਹੈ। ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਨੇਕ ਪੁਰਸ਼ਾਂ ਦੀ ਸਭਾ ਅੰਦਰ ਜੁੜ ਕੇ ਰੱਬ ਦੇ ਭਗਤ ਆਪਣੇ ਚਿੱਤ ਵਿੱਚ ਸੁਆਮੀ ਮਾਲਕ ਨੂੰ ਸਿਮਰਦੇ ਹਨ। ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ ਖਾਹਿਸ਼ਾਂ ਦੀ ਅੱਗ ਦਾ ਚੁਭਣ ਵਾਲਾ ਸੂਰਜ ਛੁਪ ਗਿਆ ਹੈ ਤੇ ਠੰਢ ਤੇ ਰੌਸ਼ਨ ਚੜ੍ਹ ਪਿਆ ਹੈ। ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਤੂੰ ਵਿਸ਼ਾਲ ਪ੍ਰਭੂ, ਬਹੁਤ ਅਪਹੁੰਚ ਅਤੇ ਅਗਾਧ ਹੈਂ। ਤੂੰ ਖੁਦ ਹੀ ਆਪਣੇ ਆਪ ਤੋਂ ਸੰਸਾਰ ਰਚਿਆ ਹੈ। ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥ ਹੇ ਸੁਆਮੀ! ਦਾਸ ਨਾਨਕ ਤੇ ਤਰਸ ਕਰ ਅਤੇ ਉਸ ਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲੈ। ਧਨਾਸਰੀ ਮਹਲਾ ੪ ਘਰੁ ੫ ਦੁਪਦੇ ਧਨਾਸਰੀ ਚੌਥੀ ਪਾਤਿਸ਼ਾਹੀ, ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ। ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥ ਹੰਕਾਰ ਦੇ ਵੈਰੀ, ਰਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਕੇ, ਤੂੰ ਉਸ ਦਾ ਆਰਾਧਨ ਤੇ ਸਿਮਰਨ ਕਰ ਅਤੇ ਆਤਮਾ ਨੂੰ ਮੋਹਤ ਕਰਨ ਵਾਲੇ ਸੁਆਮੀ ਦੇ ਨਾਮ ਨੂੰ ਉਚਾਰ। ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥ ਪ੍ਰਭੂ ਅਡਿੱਠ, ਅਗਾਧ ਅਤੇ ਅਪਹੁੰਚ ਹੈ। ਪੂਰਨ ਗੁਰਾਂ ਦੁਆਰਾ ਉਹ ਪ੍ਰਕਾਸ਼ਵਾਨ ਹੋ ਜਾਂਦਾ ਹੈ। ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥ ਵਿਆਪਕ ਵਾਹਿਗੁਰੂ ਪਾਰਸ ਅਤੇ ਚੰਨਣ ਹੈ ਜਦ ਕਿ ਮੈਂ ਸੁੱਕੀ ਲੱਕੜ ਅਤੇ ਲੋਹਾ ਹਾਂ। ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥ ਵਾਹਿਗੁਰੂ ਅਤੇ ਵਾਹਿਗੁਰੂ ਦੀ ਸੰਗਤ ਨਾਲ ਜੁੜ ਜਾਣ ਉਤੇ ਵਾਹਿਗੁਰੂ ਨੇ ਮੈਨੂੰ ਸੋਨਾ ਅਤੇ ਚੰਨਣ ਬਣਾ ਦਿੱਤਾ ਹੈ। ਠਹਿਰਾਓ। ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ ਭਾਵੇਂ ਇਨਸਾਨ ਨੌਂ ਵਿਆਕਰਨਾਂ, ਛੇ ਸ਼ਾਸਤਰਾਂ ਅਤੇ ਵੇਦਾਂ ਦੇ ਛਿਆਂ ਕਾਂਡਾਂ ਨੂੰ, ਮੂੰਹ ਜ਼ਬਾਨੀ ਪਿਆ ਉਚਾਰੇ, ਪ੍ਰੰਤੂ ਮੇਰਾ ਵਾਹਿਗੁਰੂ ਸੁਆਮੀ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ। ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥ ਗੋਲਾ ਨਾਨਕ ਆਖਦਾ ਹੈ, ਤੂੰ ਆਪਣੇ ਮਨ ਅੰਦਰ ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ। ਇਸ ਤਰ੍ਹਾਂ ਮੈਡਾਂ ਵਾਹਿਗੁਰੂ ਸੁਆਮੀ ਪ੍ਰਸੰਨ ਹੁੰਦਾ ਹੈ। ਧਨਾਸਰੀ ਮਹਲਾ ੪ ॥ ਧਨਾਸਰੀ ਚੌਥੀ ਪਾਤਿਸ਼ਾਹੀ। copyright GurbaniShare.com all right reserved. Email |