ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹੇ ਮੇਰੇ ਮਨ! ਤੂੰ ਸਦੀਵ ਹੀ ਸੱਚੇ ਨਾਮ, ਸੱਚੇ ਨਾਮ ਦਾ ਸਿਮਰਨ ਕਰ। ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਹਮੇਸ਼ਾਂ ਪਵਿੱਤਰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦਾ ਚਿਹਰਾ ਇਸ ਲੋਕ ਤੇ ਪ੍ਰਲੋਕ ਵਿੱਚ ਰੌਸ਼ਨ ਹੋ ਜਾਂਦਾ ਹੈ। ਠਹਿਰਾਓ। ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਿਥੇ ਕਿਤੇ ਵਾਹਿਗੁਰੂ ਦੀ ਭਜਨ ਬੰਦਗੀ ਹੈ, ਓੁਥੋਂ ਸਾਰੀਆਂ ਮੁਸੀਬਤਾਂ ਦੌੜ ਜਾਂਦੀਆਂ ਹਨ। ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਸਾਈਂ ਦਾ ਆਰਾਧਨ ਕਰਦੇ ਹਨ। ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ ਗੁਰਾਂ ਨੇ ਦਾਸ ਨਾਨਕ ਨੂੰ ਇਹ ਸਮਝ ਪ੍ਰਦਾਨ ਕੀਤੀ ਹੈ ਕਿ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਬੰਦਾ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਧਨਾਸਰੀ ਮਹਲਾ ੪ ॥ ਧਨਾਸਰੀ ਚੌਥੀ ਪਾਤਿਸ਼ਾਹੀ। ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ। ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? ਠਹਿਰਾਓ। ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਹੇ ਪਾਤਿਸ਼ਾਹ! ਨਿਸਚਿਤ ਹੀ ਤੂੰ ਮੇਰਾ ਸੱਚਾ ਸੁਆਮੀ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਸਭ ਸੱਚ ਹੈ। ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਮੈਂ ਕੂੜਾ ਕਿਸ ਨੂੰ ਕਹਾਂ, ਜਦ ਕਿ ਤੇਰੇ ਬਗੈਰ ਹੋਰ ਕੋਈ ਹੈ ਹੀ ਨਹੀਂ, ਹੇ ਪਾਤਿਸ਼ਾਹ! ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਸੁਆਮੀ! ਅਤੇ ਹਰ ਕੋਈ ਤੈਨੂੰ ਦਿਨ ਰਾਤ ਯਾਦ ਕਰਦਾ ਹੈ। ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਾਰੇ ਜਣੇ ਤੇਰੇ ਪਾਸੋਂ ਮੰਗਦੇ ਹਨ, ਹੇ ਸੁਆਮੀ! ਤੇ ਕੇਵਲ ਤੂੰ ਹੀ ਸਾਰਿਆਂ ਨੂੰ ਬਖ਼ਸ਼ੀਸ਼ਾਂ ਦਿੰਦਾ ਹੈਂ। ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਾਰੇ ਤੇਰੇ ਇਖਤਿਆਰ ਅੰਦਰ ਹਨ, ਹੇ ਸੁਆਮੀ ਕੋਈ ਭੀ ਤੇਰੇ ਤੋਂ ਬਾਹਰ ਨਹੀਂ। ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਸੁਆਮੀ ਹੈਂ, ਹੇ ਸਾਹਿਬ! ਅਤੇ ਹਰ ਕੋਈ ਤੇਰੇ ਵਿੱਚ ਲੀਨ ਹੋ ਜਾਵੇਗਾ। ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ ਤੈਨੂੰ ਯਾਦ ਕਰਦਾ ਹੈ, ਹੇ ਮੇਰੇ ਸ਼ਾਹੂਕਾਰ! ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਪ੍ਰੀਤਮ! ਗੋਲੇ ਨਾਨਕ ਦਾ, ਤੂੰ ਹੀ ਸੱਚਾ ਬਾਦਸ਼ਾਹ ਹੈਂ। ਧਨਾਸਰੀ ਮਹਲਾ ੫ ਘਰੁ ੧ ਚਉਪਦੇ ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ। ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ ਤਾਂ ਕਰੋੜਾਂ ਹੀ ਪਾਪ ਇੱਕ ਨਿਮਖ ਵਿੱਚ ਨਾਸ ਹੋ ਜਾਂਦੇ ਹਨ। ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਮੇਰੀ ਜਿੰਦੜੀ, ਮੇਰੇ ਪ੍ਰੀਤਮ ਪ੍ਰਭੂ ਨਾਲ ਜੁੜੀ ਹੋਈ ਹੈ। ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ ਗਰੀਬਾਂ ਤੇ ਮਿਹਰਬਾਨ, ਮੇਰੇ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਮੇਰੇ ਪੰਜੇ ਹੀ ਵੈਰੀ ਮੇਰੇ ਵੱਸ ਕਰ ਦਿੱਤੇ ਹਨ। ਠਹਿਰਾਓ। ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ਸੁੰਦਰ ਹੈ ਤੇਰਾ ਟਿਕਾਣਾ ਅਤੇ ਸੁੰਦਰ ਤੇਰਾ ਸਰੂਪ। ਤੇਰੇ ਸਾਧੂ ਤੇਰੀ ਦਰਗਾਹ ਵਿੱਚ ਸੁੰਦਰ ਲੱਗਦੇ ਹਨ। ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ਹੇ, ਸਮੂਹ ਜੀਵਾਂ ਦੇ ਦਾਤਾਰ ਪ੍ਰਭੂ! ਮਿਹਰ ਧਾਰ ਅਤੇ ਮੇਰਾ ਪਾਰ ਉਤਾਰਾ ਕਰ। ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ਤੇਰਾ ਰੰਗ ਜਾਣਿਆਂ ਨਹੀਂ ਜਾਂਦਾ, ਨਾਂ ਹੀ ਤੇਰਾ ਸਰੂਪ ਵੇਖਿਆ ਜਾਂਦਾ ਹੈ। ਤੇਰੀ ਸ਼ਕਤੀ ਨੂੰ ਕੌਣ ਅਨੁਭਵ ਕਰ ਸਕਦਾ ਹੈ? ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ਤੂੰ ਪਾਣੀ, ਧਰਤੀ, ਅਸਮਾਨ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਬੇਅੰਤ ਸੁੰਦਰ ਅਤੇ ਪਹਾੜ ਨੂੰ ਚੁਕਣ ਵਾਲੇ ਸਾਹਿਬ। ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ ਹੇ, ਤੂੰ ਹੰਕਾਰ ਦੇ ਵੈਰੀ ਤੇ ਅਮਰ ਸੁਆਮੀ! ਸਮੂਹ ਪ੍ਰਾਣੀ ਤੇਰੀ ਮਹਿਮਾ ਗਾਇਨ ਕਰਦੇ ਹਨ। ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ ਨਫ਼ਰ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸਾਹਿਬ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ ਮੱਛੀ, ਜਿਸ ਨੇ ਪਾਣੀ ਨਾਲ ਘਣਾ ਪਿਆਰ ਪਾਇਆ ਹੋਇਆ ਹੈ, ਪਾਣੀ ਦੇ ਬਗੈਰ ਜਾਨ ਦੇ ਦਿੰਦੀ ਹੈ। ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ ਕੰਵਲ ਦੇ ਪ੍ਰੇਮ ਅੰਦਰ ਫਸ, ਭਉਰਾ ਮਰ ਮੁਕਦਾ ਹੈ। ਇਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ। ਅਬ ਮਨ ਏਕਸ ਸਿਉ ਮੋਹੁ ਕੀਨਾ ॥ ਹੁਣ ਮੇਰੇ ਮਨ ਨੇ ਇੱਕ ਸੁਆਮੀ ਨਾਲ ਪ੍ਰੇਮ ਪਾ ਲਿਆ ਹੈ। ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ, ਜੋ ਮਰਦਾ ਨਹੀਂ, ਨਾਂ ਹੀ ਜੰਮਦਾ ਹੈ ਅਤੇ ਹਮੇਸ਼ਾਂ ਮੇਰੇ ਅੰਗ ਸੰਗ ਹੈ। ਠਹਿਰਾਓ। copyright GurbaniShare.com all right reserved. Email |