Page 687

ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥
ਕੀ ਕੋਈ ਐਹੋ ਜੇਹਾ ਸਾਧੂ ਹੈ ਜੋ ਮੈਨੂੰ ਆ ਕੇ ਮਿਲੇ ਮੇਰਾ ਸਾਰਾ ਫਿਕਰ ਦੂਰ ਕਰ ਦੇਵੇ ਅਤੇ ਮੇਰੇ ਪ੍ਰਭੂ ਨਾਲ ਮੇਰਾ ਪਿਆਰ ਪਾ ਦੇਵੇ।

ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥
ਮੈਂ ਸਾਰੇ ਵੇਦ ਵਾਚੇ ਹਨ, ਪ੍ਰੰਤੂ ਮੇਰੇ ਚਿੱਤ ਦੀ ਰੱਬ ਨਾਲੋਂ ਜੁਦਾਇਗੀ ਦੂਰ ਨਹੀਂ ਹੋਈ ਅਤੇ ਮੇਰੇ ਮਨ ਦੇ ਪੰਜੇ ਭੂਤਨੇ, ਇਕ ਛਿਨ ਭਰ ਲਈ ਭੀ ਚੁੱਪ (ਧੀਰਜ) ਨਹੀਂ ਕਰਦੇ।

ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥
ਕੀ ਕੋਈ ਐਹੋ ਜੇਹਾ ਪ੍ਰੇਮੀ ਹੈ, ਜੋ ਸੰਸਾਰੀ ਪਦਾਰਥਾਂ ਤੋਂ ਨਿਰਲੇਪ ਹੈ, ਅਤੇ ਜੋ ਇਕ ਅੰਮ੍ਰਿਤ ਸਰੂਪ-ਨਾਮ ਨੂੰ ਮੇਰੇ ਮਨ ਵਿੱਚ ਰਮਾ ਦੇਵੇ।

ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥
ਜਿੰਨੇ ਜ਼ਿਆਦਾ ਯਾਤ੍ਰਾ ਅਸਥਾਨਾਂ ਉਤੇ ਇਨਸਾਨ ਨ੍ਹਾਉਂਦੇ ਹੈ, ਉਨ੍ਹਾਂ ਹੀ ਆਤਮਕ ਹੰਕਾਰ ਦਾ ਗੰਦ ਉਸ ਨੂੰ ਚਿਮੜਦਾ ਹੈ ਅਤੇ ਮਨ ਦਾ ਮਾਲਕ ਇਕ ਭੋਰਾ ਭਰ ਭੀ ਖੁਸ਼ ਨਹੀਂ ਹੁੰਦਾ।

ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥
ਮੈਨੂੰ ਐਸੀ ਸਤਿ ਸੰਗਤ ਕਦੋ ਪ੍ਰਾਪਤ ਹੋਵੇਗੀ, ਜਿਸ ਵਿੱਚ ਮੈਂ ਹਮੇਸ਼ਾਂ ਹੀ ਸੁਆਮੀ ਵਾਹਿਗੁਰੂ ਦੀ ਖੁਸ਼ੀ ਨੂੰ ਮਾਣਾਂਗਾ, ਮੇਰੀ ਆਤਮਾ ਉਸ ਵਿੱਚ ਇਸ਼ਨਾਨ ਕਰੂਗੀ ਅਤੇ ਮੈਨੂੰ ਬ੍ਰਹਮ-ਬੋਧ ਦਾ ਸੁਰਮਾ ਪ੍ਰਾਪਤ ਹੋ ਜਾਵੇਗਾ।

ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥
ਮੈਂ ਜੀਵਨ ਦੀਆਂ ਸਮੂਹ (ਚਾਰਾਂ ਹੀ) ਅਵਸਥਾਵਾਂ ਦੀ ਅਭਿਆਸ ਕੀਤਾ ਹੈ ਅਤੇ ਆਪਣੇ ਬ੍ਰਹਮ ਵੀਚਾਰ ਰਹਿਤ ਸਰੀਰ ਨੂੰ ਭੀ ਧੋਤਾ ਹੈ। ਪ੍ਰੰਤੂ ਮੇਰਾ ਮਨ ਪ੍ਰਸੰਨ ਨਹੀਂ ਹੋਇਆ।

ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥
ਮੈਨੂੰ ਸੁਆਮੀ ਸਿਰਜਣਹਾਰ ਦਾ ਕੋਈ ਐਸਾ ਸਾਧੂ ਮਿਲ ਪਵੇ, ਜੋ ਧਰਮ ਪ੍ਰਭੂ ਦੇ ਪਿਆਰ ਨਾਲ ਰੰਗਿਆ ਹੋਇਆ ਹੋਵੇ, ਉਹ ਮੇਰੇ ਚਿੱਤ ਦੀ ਖੋਟੀ ਸਮਝ ਦੀ ਗੰਦਗੀ ਦਾ ਨਾਮ ਨਿਸ਼ਾਨ ਮਿਟਾ ਦੇਵੇਗਾ।

ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥
ਜਿਹੜਾ ਇਨਸਾਨ ਕਰਮਕਾਂਡੀ ਅਕੀਦਿਆਂ ਨਾਲ ਜੁੜਿਆ ਹੋਇਆ ਹੈ, ਪ੍ਰਭੂ ਨੂੰ ਇਕ ਛਿਨ ਲਈ ਭੀ ਪ੍ਰੇਮ ਨਹੀਂ ਕਰਦਾ, ਅਤੇ ਹਉਮੈ ਹੰਕਾਰ ਨਾਲ ਫੁੱਲਿਆ ਫਿਰਦਾ ਹੈ ਉਹ ਕਿਸੇ ਭੀ ਹਿਸਾਬ-ਕਿਤਾਬ ਵਿੱਚ ਨਹੀਂ।

ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥
ਜੋ ਗੁਰਾਂ ਦੀ ਅਮੋਘ (ਸਫਲ) ਵਿਅਕਤੀ ਨੂੰ ਮਿਲ ਪੈਂਦਾ ਹੈ, ਉਹ ਹਮੇਸ਼ਾਂ ਹੀ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹੈ।

ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥
ਦੌਲਤ ਦਾ ਪੁਜਾਰੀ ਜੋ ਆਪਣੇ ਮਨ ਦੀ ਜਿੱਤ ਰਾਹੀਂ ਕੰਮ ਕਰਦਾ ਹੈ, ਅਤੇ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ, ਉਹ ਭੋਰਾ ਭਰ ਭੀ ਲੇਖੇ ਪੱਤੇ ਨਹੀਂ ਆਉਂਦਾ।

ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥
ਕੀ ਕੋਈ ਐਹੋ ਜੇਹੇ ਸੁੱਖ ਦੇਣ ਵਾਲਾ ਹੈ, ਜੋ ਮੈਨੂੰ ਸੁਆਮੀ ਦੀ ਵਾਰਤਾ ਸ੍ਰਵਣ ਕਰਾਵੇ? ਉਸ ਨੂੰ ਮਿਲ ਕੇ ਮੈਂ ਬੰਦ-ਖਲਾਸ ਹੋ ਵੰਞਾਗਾ।

ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥
ਜਦ ਪ੍ਰਭੂ, ਪਾਤਿਸ਼ਾਹ ਮੇਰੇ ਨਾਲ ਪਰਮ ਖੁਸ਼ ਹੋ ਜਾਂਦਾ ਹੈ। ਉਹ ਮੇਰੀਆਂ ਮਾਇਆ ਦੀਆਂ ਬੇੜੀਆਂ ਨੂੰ ਕੱਟ ਦਿੰਦਾ ਹੈ ਅਤੇ ਤਦ ਗੁਰਾਂ ਦੀ ਬਾਣੀ ਨਾਲ ਮੇਰੀ ਆਤਮਾ ਰੰਗੀ ਜਾਂਦੀ ਹੈ।

ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥
ਆਪਣੇ ਨਿੱਡਰ ਪ੍ਰਭੂ ਨੂੰ ਮਿਲ ਕੇ, ਮੈਂ ਹਮੈਸ਼ਾ ਹਮੇਸ਼ਾਂ ਪ੍ਰਸੰਨਤਾ ਅੰਦਰ ਵਸਦਾ ਹਾਂ। ਵਾਹਿਗੁਰੂ ਦੇ ਪੈਰੀਂ ਪੈ ਨਾਨਕ ਨੇ ਸਦੀਵੀ ਪਿਆਰ ਪਾ ਲਿਆ ਹੈ।

ਸਫਲ ਸਫਲ ਭਈ ਸਫਲ ਜਾਤ੍ਰਾ ॥
ਫਲਦਾਇਕ, ਫਲਦਾਇਕ, ਫਲਦਾਇਕ ਹੋ ਗਈ ਹੈ ਮੇਰੀ ਜੀਵਨ-ਯਾਤਰਾ।

ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥
ਸੰਤ ਗੁਰਾਂ ਨੂੰ ਭੇਟ ਕੇ, ਮੇਰਾ ਜਨਮ ਅਤੇ ਮਰਨ ਦਾ ਚੱਕਰ ਮੁੱਕ ਗਿਆ ਹੈ। ਠਹਿਰਾਉ ਦੂਜਾ।

ਧਨਾਸਰੀ ਮਹਲਾ ੧ ਛੰਤ
ਧਨਾਸਰੀ ਪਹਿਲੀ ਪਾਤਿਸ਼ਾਹੀ ਛੰਤ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
ਕਿਓਂ ਮੈਂ ਯਾਤਰਾ ਅਸਥਾਨ ਤੇ ਇਸ਼ਨਾਨ ਕਰਨ ਨੂੰ ਜਾਵਾਂ? ਰੱਬ ਦਾ ਨਾਮ ਹੀ ਅਸਲ ਯਾਤਰਾ ਅਸਥਾਨ ਹੈ।

ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
ਮੇਰੇ ਯਾਤ੍ਰਾ-ਅਸਥਾਨ ਨਾਮ ਦਾ ਸਿਮਰਨ ਅਤੇ ਅੰਦਰਲੀ ਬ੍ਰਹਮ-ਬੋਧ ਹਨ।

ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥
ਗੁਰਾਂ ਦਾ ਦਿੱਤਾ ਹੋਇਆ ਬ੍ਰਹਮ-ਬੋਧ ਸੱਚਾ ਪਵਿੱਤਰ ਅਸਥਾਨ ਹੈ, ਜਿਥੇ ਹਮੇਸ਼ਾਂ ਦਸ ਤਿਉਹਾਰ ਪ੍ਰਗਟ ਹੀ ਮਨਾਏ ਜਾਂਦੇ ਹਨ।

ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
ਮੈਂ ਹਮੇਸ਼ਾਂ ਵਾਹਿਗੁਰੂ ਦੇ ਨਾਮ ਨੂੰ ਮੰਗਦਾ ਹਾਂ, ਮੈਨੂੰ ਇਹ ਪ੍ਰਦਾਨ ਕਰ, ਹੇ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ!

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
ਜਹਾਨ ਬੀਮਾਰ ਹੈ, ਨਾਮ ਦਵਾਈ ਹੈ, ਸੱਚੇ ਸੁਆਮੀ ਦੇ ਬਗੈਰ ਇਸ ਨੂੰ ਪਾਪ ਦੀ ਗੰਦਗੀ ਚਿਮੜ ਜਾਂਦੀ ਹੈ।

ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥
ਗੁਰਬਾਣੀ ਪਵਿੱਤਰ ਹੇ ਅਤੇ ਹਮੇਸ਼ਾਂ ਹੀ ਪ੍ਰਕਾਸ਼ ਬਖਸ਼ਦੀ ਹੈ। ਤੂੰ ਸਦਾ ਇਸ ਸੱਚੇ ਯਾਤ੍ਰਾ ਅਸਥਾਨ ਵਿੱਚ ਇਸ਼ਨਾਨ ਕਰ।

ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥
ਸਚਿਆਰਾ ਨੂੰ ਮਲੀਨਤਾ ਚਿਮੜਦੀ ਨਹੀਂ, ਉਨ੍ਹਾਂ ਨੇ ਕਿਹੜੀ ਮਲੀਣਤਾ ਧੋਣੀ ਹੈ।

ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥
ਜੇ ਤੂੰ ਆਪਣੇ ਲਈ ਨੇਕੀਆਂ ਦੀ ਫੂਲਮਾਲਾ ਗੁੰਦ ਲਵੇ ਤਦ ਤੈਨੂੰ ਕਾਹਦੇ ਲਈ ਵਿਰਲਾਪ ਕਰਨਾ ਪਊਗਾ?

ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥
ਜੋ ਸਿਮਰਨ ਦੁਆਰਾ ਆਪਣੇ ਆਪ ਨੂੰ ਮਾਰ ਲੈਂਦਾ ਹੈ, ਉਹ ਬਚ ਜਾਂਦਾ ਹੈ, ਅਤੇ ਹੋਰਨਾਂ ਨੂੰ ਭੀ ਬਚਾ ਲੈਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਂਦਾ।

ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥
ਬੰਦਗੀ ਕਰਨ ਵਾਲਾ ਮਹਾਨ ਪੁਰਸ਼ ਖੁੱਦ ਅਮੋਲਕ ਪਦਾਰਥ ਹੈ। ਸਚਿਆਰੇ ਸੱਚੇ ਸਾਈਂ ਨੂੰ ਚੰਗੇ ਲੱਗਦੇ ਹਨ।

ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥
ਰਾਤ ਦਿਨ ਉਹ ਖੁਸ਼ੀ ਤੇ ਸੱਚੀ ਪ੍ਰਸੰਨਤਾ ਮਹਿਸੂ ਕਰਦਾ ਹੈ ਅਤੇ ਉਸ ਦੀ ਪੀੜ ਅਤੇ ਪਾਪ ਦੂਰ ਹੋ ਜਾਂਦੇ ਹਨ।

ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥
ਉਹ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ, ਅਤੇ ਗੁਰੂ ਜੀ ਉਸ ਨੂੰ ਪ੍ਰਭੂ ਵਿਖਾਲ ਦਿੰਦੇ ਹਨ। ਉਸ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ ਕਿਉਂਕਿ ਸਤਿਨਾਮ ਉਸ ਦੇ ਹਿਰਦੇ ਵਿੱਚ ਵਸਦਾ ਹੈ।

ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥
ਹੇ ਮਿੱਤਰ! ਸਾਧ ਸੰਗਤ ਅੰਦਰ ਜੁੜਨਾ ਹੀ ਪੂਰਨ ਇਸ਼ਨਾਨ ਹੈ।

copyright GurbaniShare.com all right reserved. Email