Page 689

ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥
ਮੈਂ ਜਾ ਕੇ ਸੱਚੇ ਗੁਰਾਂ ਦਾ ਮਸ਼ਵਰਾ ਲਵਾਂਗਾ ਅਤੇ ਸੁਆਮੀ ਦੇ ਨਾਮ ਦਾ ਸਿਮਰਨ ਕਰਾਂਗਾ।

ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥
ਮੈਂ ਸੱਚੇ ਨਾਮ ਨੂੰ ਆਰਾਧਦਾ ਹਾਂ, ਸੱਚੇ ਨਾਮ ਨੂੰ ਉਚਾਰਦਾ ਹਾਂ, ਅਤੇ ਸੱਚੇ ਨਾਮ ਨੂੰ ਹੀ ਸੱਚੇ ਗੁਰਾਂ ਦੇ ਰਾਹੀਂ ਜਾਣਦਾ ਹਾਂ।

ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥
ਰਾਤ ਦਿਨ ਮੈਂ ਮਸਕੀਨਾਂ ਦੇ ਮਾਲਕ, ਮਿਹਰਬਾਨ ਤੇ ਪਵਿੱਤਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥
ਇਹ ਕਾਰਜ, ਆਦਿ ਪੁਰਖ ਨੇ ਇਨਸਾਨ ਨੂੰ ਕਰਨ ਦੀ ਆਗਿਆ ਕੀਤੀ ਹੈ। ਇਸ ਤਰ੍ਹਾਂ ਸਵੈ-ਹੰਗਤਾ ਮਿੱਟ ਜਾਂਦੀ ਹੈ ਤੇ ਮਨ ਕਾਬੂ ਆ ਜਾਂਦਾ ਹੈ।

ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥
ਨਾਨਕ, ਪਰਮ ਮਿਠਾ ਹੈ ਨਾਮ-ਅੰਮ੍ਰਿਤ। ਨਾਮ ਦੇ ਰਾਹੀਂ ਹੀ ਵਧੀ ਖਾਹਿਸ਼ ਨਵਿਰਤ ਹੁੰਦੀ ਹੈ।

ਧਨਾਸਰੀ ਛੰਤ ਮਹਲਾ ੧ ॥
ਧਨਾਸਰੀ ਪਹਿਲੀ ਪਾਤਿਸ਼ਾਹੀ।

ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥
ਹੇ ਠੱਗੀ ਹੋਈ ਪਤਨੀਏ! ਤੇਰਾ ਪ੍ਰੀਤਮ ਤੇਰੇ ਨਾਲ ਹੈ ਪਰ ਤੈਨੂੰ ਇਸ ਦਾ ਪਤਾ ਤੱਕ ਨਹੀਂ।

ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥
ਤੇਰੇ ਪਿਛਲੇ ਅਮਲਾਂ ਦੇ ਅਨੁਸਾਰ, ਤੇਰੇ ਮੱਥੇ ਉਤੇ ਪ੍ਰਾਲਭਧ ਲਿਖੀ ਹੋਈ ਹੈ।

ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥
ਪੂਰਬਲੇ ਕਰਮਾਂ ਦੀ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ। ਮੈਂ ਕੀ ਜਾਣਦਾ ਹਾਂ, ਮੇਰੇ ਨਾਲ ਕੀ ਵਾਪਰੂਗੀ?

ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥
ਤੂੰ ਨੇਕ ਜੀਵਨ-ਰਹੁ-ਰੀਤੀ ਧਾਰਨ ਨਹੀਂ ਕੀਤੀ। ਨਾਂ ਹੀ ਤੂੰ ਆਪਣੇ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੀ ਹੈ। ਤੂੰ ਸਦੀਵ ਹੀ ਬੈਠ ਕੇ, ਆਪਣੇ ਕੁਕਰਮਾਂ ਉਤੇ ਵਿਰਲਾਪ ਕਰਨੂੰਗੀ।

ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥
ਤੇਰੀ ਮਾਲ-ਮਿਲਖ ਅਤੇ ਜੁਆਨੀ ਅੱਕ ਦੀ ਛਾਂ ਦੀ ਮਾਨੰਦ ਹੈ। ਬੁੱਢਾ ਹੋਣ ਨਾਲ ਤੇਰੇ ਦਿਹਾੜੇ ਮੁੱਕ ਜਾਣਗੇ।

ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥
ਨਾਮ ਦੇ ਬਗੈਰ ਤੂੰ ਛੁੱਟੜ ਨਿਖਸਮੀ ਰੰਨ ਥੀ ਵੰਞੇਗੀ। ਤੇਰਾ ਕੂੜ ਤੈਨੂੰ ਤੇਰੇ ਸੁਆਮੀ ਨਾਲੋਂ ਜੁਦਾ ਕਰ ਦੇਵੇਗਾ।

ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥
ਨੀ ਪਤਨੀਏ! ਤੂੰ ਡੁੱਬ ਗਈ ਹੈ। ਤੇਰਾ ਝੁੱਗਾ ਉਜੱੜ ਗਿਆ ਹੈ। ਤੂੰ ਗੁਰਾਂ ਦੀ ਰਜ਼ਾ ਅੰਦਰ ਟੁਰ।

ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥
ਤੂੰ ਸੱਚੇ ਨਾਮ ਦਾ ਸਿਮਰਨ ਕਰ। (ਇਸ ਤਰ੍ਹਾਂ) ਤੂੰ ਹਰੀ ਸੁਆਮੀ ਦੇ ਮੰਦਰ ਅੰਦਰ ਆਰਾਮ ਪਾਵਨੂੰਗੀ।

ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥
ਜੇਕਰ ਤੂੰ ਪ੍ਰਭੂ ਦੇ ਨਾਮ ਦਾ ਆਰਾਧਨ ਕਰਨੂੰ, ਤਦ ਤੂੰ ਖੁਸ਼ੀ ਪ੍ਰਾਪਤ ਕਰ ਲਵਨੂੰਗੀ। ਇਸ ਜਹਾਨ ਅੰਦਰ ਤੇਰਾ ਮੁਕਾਮ ਕੇਵਲ ਚਹੁ ਦਿਹਾੜਿਆਂ ਲਈ ਹੀ ਹੈ।

ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥
ਜੋ ਰਾਤ ਦਿਨ ਆਪਣੇ ਪ੍ਰੀਤਮ ਨਾਲ ਵਸਦੀ ਹੈ, ਉਹ ਸੱਚ ਨੂੰ ਪਾ ਲੈਂਦੀ ਹੈ ਅਤੇ ਆਪਣੇ ਨਿੱਜ ਦੇ ਧਾਮ ਵਿੱਚ ਜਾ ਬਹਿੰਦੀ ਹੈ।

ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥
ਪਿਆਰੀ ਉਪਾਸ਼ਨਾ ਦੇ ਬਾਝੋਂ ਬੰਦਾ ਆਪਣੇ ਹਿਰਦੇ ਘਰ ਅੰਦਰ ਵਸੇਬਾ ਨਹੀਂ ਪਾਉਂਦਾ। ਸੁਣ ਲਓ ਤੁਸੀਂ ਹੇ ਸਾਰਿਓ, ਲੋਕੋ!

ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥
ਨਾਨਕ, ਜੇਕਰ ਉਹ ਸੱਚੇ ਨਾਮ ਨਾਲ ਰੰਗੀ ਜਾਵੇ, ਤਦ ਉਹ ਪ੍ਰਸੰਨ ਹੋ ਜਾਂਦੀ ਹੈ ਅਤੇ ਆਪਣੇ ਪਤੀ ਨੂੰ ਪਾ ਲੈਂਦੀ ਹੈ।

ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥
ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲਗਣ ਲੱਗ ਜਾਵੇ, ਕੇਵਲ ਤਦ ਹੀ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ।

ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥
ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜੀ ਹੋਈ ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੀ ਹੈ।

ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥
ਉਹ ਗੁਰਬਾਣੀ ਦਾ ਧਿਆਨ ਧਾਰਦੀ ਹੈ ਅਤੇ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ ਤੇ ਉਹ ਐਨ ਨਿਮਰਤਾ ਨਾਲ ਉਸ ਦੀ ਅਨਿੰਨ ਸੇਵਾ ਇਖਤਿਆਰ ਕਰ ਲੈਂਦੀ ਹੈ।

ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥
ਉਹ ਆਪਣੀ ਸੰਸਾਰੀ ਮਮਤਾ ਨੂੰ ਸਾੜ ਸੁੱਟਦੀ ਹੈ ਅਤੇ ਪਿਆਰ ਅੰਦਰ ਆਪਣੇ ਪਿਆਰੇ (ਵਾਹਿਗੁਰੂ) ਨੂੰ ਮਾਣਦੀ ਹੈ।

ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥
ਉਹ ਸੱਚੇ ਸਾਈਂ ਦੇ ਸਨੇਹ ਨਾਲ ਰੰਗੀ ਹੋਈ ਹੈ। ਆਪਣੇ ਮਨ ਨੂੰ ਜਿੱਤ ਲੈਂਦੀ ਹੈ ਅਤੇ ਸੁੰਦਰ ਥੀ ਵੰਞਦੀ ਹੈ।

ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥
ਨਾਨਕ, ਖੁਸ਼ਬਾਸ਼ ਪਤਨੀ ਸੱਚ ਅੰਦਰ ਵਸਦੀ ਹੈ ਅਤੇ ਆਪਣੇ ਪਿਆਰੇ ਨਾਲ ਮਿੱਠੜਾ ਪਿਆਰ ਕਰਦੀ ਹੈ।

ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥
ਪਤਨੀ ਆਪਣੇ ਪਤੀ ਦੇ ਗ੍ਰਿਹ ਵਿੱਚ ਸੋਹਣੀ ਲੱਗਦੀ ਹੈ, ਜੇਕਰ ਉਹ ਆਪਣੇ ਪਤੀ ਦੇ ਮਨ ਨੂੰ ਚੰਗੀ ਲੱਗਣ ਲੱਗ ਜਾਵੇ।

ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥
ਕੂੜੇ ਸ਼ਬਦਾਂ ਦਾ ਉਚਾਰਨ ਕਿਸੇ ਕੰਮ ਨਹੀਂ ਆਉਂਦਾ।

ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥
ਜੇਕਰ ਉਹ ਕੂੜ ਬੋਲਦੀ ਹੈ, ਤਾਂ ਉਹ ਉਸ ਦੇ ਕਿਸੇ ਕੰਮ ਨਹੀਂ ਆਉਂਦਾ ਅਤੇ (ਇਸ ਤਰ੍ਹਾਂ) ਉਹ ਆਪਣੀਆਂ ਅੱਖਾਂ ਨਾਲ ਆਪਣੇ ਕੰਤ ਨੂੰ ਨਹੀਂ ਵੇਖ ਸਕਦੀ।

ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥
ਗੁਣ-ਵਿਹੂਣੇ ਅਤੇ ਭਰਤੇ ਦੀ ਭਲਾਈ ਅਤੇ ਛੱਡੀ ਹੋਈ, ਉਹ ਆਪਣੀ ਜੀਵਨ-ਰਾਤ੍ਰੀ ਆਪਣੇ ਖਸਮ ਦੇ ਬਿਨਾ ਬਤੀਤ ਕਰਦੀ ਹੈ।

ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥
ਐਹੋ ਜੇਹੀ ਵਹੁਟੀ ਗੁਰਾਂ ਦੇ ਬਚਨ ਤੇ ਭਰੋਸਾ ਨਹੀਂ ਰੱਖਦੀ, ਉਹ ਸੰਸਾਰੀ ਜਾਲ ਵਿੱਚ ਫਸੀ ਹੋਈ ਹੈ ਅਤੇ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ।

ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥
ਨਾਨਕ ਜੇਕਰ ਉਹ ਆਪਣੇ ਆਪ ਨੂੰ ਸਮਝ ਲਵੇ, ਤਦ ਉਹ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਆਰਾਮ ਅੰਦਰ ਲੀਨ ਹੋ ਜਾਂਦੀ ਹੈ।

ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥
ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ ਜੋ ਆਪਣੇ ਪਿਆਰੇ ਪਤੀ ਨੂੰ ਸਿੰਞਾਣਦੀ ਹੈ।

ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥
ਨਾਮ ਦੇ ਬਾਝੋਂ ਉਹ ਝੂਠੀ ਹੈ ਅਤੇ ਝੂਠੇ ਕੰਮ ਕਰਦੀ ਹੈ।

ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥
ਸੁੰਦਰ ਹੈ ਵਾਹਿਗੁਰੂ ਦੀ ਪਿਆਰੀ-ਉਪਾਸ਼ਨਾ, ਜੋ ਸੱਚੇ ਸੁਆਮੀ ਨੂੰ ਪਿਆਰੀ ਲੱਗਦੀ ਹੈ। ਇਸ ਲਈ ਬੰਦੇ ਨੂੰ ਸਾਈਂ ਦੀ ਪਿਆਰ-ਉਪਾਸ਼ਨਾ ਵਿੱਚ ਲੀਨ ਹੋਣਾ ਉਚਿਤ ਹੈ।

ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ ॥
ਰੰਗੀਲਾ ਅਤੇ ਜਵਾਨ ਹੈ ਮੇਰਾ ਪ੍ਰੀਤਮ। ਉਸ ਦੇ ਪ੍ਰੇਮ ਨਾਲ ਰੰਗੀ ਹੋਈ ਪਤਨੀ ਉਸ ਨੂੰ ਮਾਣਦੀ ਹੈ।

ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥
ਉਹ ਗੁਰਬਾਣੀ ਦੁਆਰਾ ਪ੍ਰਫੁੱਲਤ ਹੁੰਦੀ ਹੈ। ਆਪਣੇ ਪਤੀ ਨੂੰ ਮਾਣਦੀ ਹੈ ਤੇ ਲਾਭਦਾਇਕ ਫਲ ਨੂੰ ਪਾ ਲੈਂਦੀ ਹੈ।

ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰਿ ਸੋਹੈ ਨਾਰੀ ॥੫॥੩॥
ਨਾਨਕ, ਸੱਚੇ ਦੇ ਰਾਹੀਂ ਪਤਨੀ ਪ੍ਰਭਤਾ ਨੂੰ ਪ੍ਰਾਪਤ ਹੋ ਜਾਂਦੀ ਹੈ, ਤੇ ਆਪਣੇ ਪਤੀ ਨੂੰ ਟਿਕਾਣੇ ਵਿੱਚ ਸੁਹਣੀ ਲੱਗਦੀ ਹੈ।

copyright GurbaniShare.com all right reserved. Email