Page 728

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧
ਰਾਗ ਸੂਹੀ ਪਾਤਿਸ਼ਾਹੀ ਪਹਿਲੀ ਚਉਪਦੇ।

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
ਬੈਠ ਕੇ ਬਰਤਨ ਨੂੰ ਧੋ ਅਤੇ ਸੁਗੰਧਤ ਕਰ ਤਦ ਤੂੰ ਦੁੱਧ ਲੈਣ ਲਈ ਜਾ।

ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥
ਸ਼ੁਭ ਅਮਲਾਂ ਦੇ ਦੁਧ ਵਿੱਚ ਸਿਮਰਨ ਦੀ ਜਾਗ ਲਾ ਅਤੇ ਫੇਰ ਨਿਸ਼ਕਾਮ ਹੋ ਇਸ ਨੂੰ ਜਮਣ ਲਈ ਰੱਖ ਦੇ।

ਜਪਹੁ ਤ ਏਕੋ ਨਾਮਾ ॥
ਤੂੰ ਇਕ ਨਾਮ ਦਾ ਆਰਾਧਨ ਕਰ।

ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥
ਨਿਸਫਲ ਹਨ, ਹੋਰ ਸਾਰੇ ਕੰਮ। ਠਹਿਰਾਉ।

ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥
ਆਪਣੇ ਚਿੱਤ ਨੂੰ ਹੱਥ ਦੀਆਂ ਗੁੱਲੀਆਂ ਅਤੇ ਫੇਰ ਸਦਾ ਜਾਗਦੇ ਰਹਿਣ ਨੂੰ ਦੁੱਧ ਰਿੜਕਣ ਲਈ ਨੇਤ੍ਰਾ ਬਣਾ।

ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
ਜੇਕਰ ਜੀਭਾਂ ਦੇ ਨਾਲ ਨਾਮ ਦਾ ਉਚਾਰਨ ਕੀਤਾ ਜਾਵੇ, ਤਦ ਹੀ ਦੁੱਧ ਰਿੜਕਿਆ ਜਾਂਦਾ ਹੈ। ਇਸ ਤਰੀਕੇ ਨਾਲ ਤੂੰ ਅੰਮ੍ਰਿਤਮਈ-ਮੱਖਣ ਨੂੰ ਪਾ ਲਵੇਂਗਾ।

ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
ਆਪਣੇ ਚਿੱਤ ਨੂੰ ਜੋ ਸੱਚ ਦੇ ਸਰੋਵਰ ਵਿੱਚ ਧੋਤਾ ਹੋਇਆ ਹੈ, ਪ੍ਰਭੂ ਦੇ ਨਿਵਾਸ ਲਈ ਭਾਂਡਾ ਬਣਾ, ਅਤੇ ਉਸ ਨੂੰ ਪ੍ਰਸੰਨ ਕਰਨ ਲਈ ਅਨੁਰਾਗ ਦੇ ਪੱਤਿਆਂ ਦੀ ਭੇਟਾ ਚੜ੍ਹਾ।

ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥
ਟਹਿਲੂਆ, ਜਿਹੜਾ ਆਪਣੀ ਜਿੰਦ-ਜਾਨ ਦੀ ਭੇਟਾ ਚੜ੍ਹਾ ਕੇ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਇਸ ਤਰ੍ਹਾਂ ਆਪਣੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।

ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥
ਕਹਿਣ ਵਾਲੇ ਤੇਰਾ ਜੱਸ ਕਹਿਦੇ ਹਨ ਅਤੇ ਕਹਿੰਦੇ ਕਹਿੰਦੇ ਟੁਰ ਜਾਂਦੇ ਹਨ। ਤੇਰੇ ਬਰਾਬਰ ਦਾ ਹੋਰ ਕੋਈ ਨਹੀਂ।

ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥
ਭਗਤੀ-ਰਹਿਤ ਗੋਲ ਨਾਨਕ ਬਿਨੈ ਕਰਦਾ ਹੈ ਕਿ ਮੈਂ ਉਸ ਸੱਚੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਰਹਾਂ।

ਸੂਹੀ ਮਹਲਾ ੧ ਘਰੁ ੨
ਸੂਹੀ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ, ਉਹ ਪਰਾਪਤ ਹੁੰਦਾ ਹੈ।

ਅੰਤਰਿ ਵਸੈ ਨ ਬਾਹਰਿ ਜਾਇ ॥
ਸਾਹਿਬ ਚਿੱਤ ਅੰਦਰ ਵਸਦਾ ਹੈ। ਤੂੰ ਬਾਹਰਵਾਰ ਨਾਂ ਭਟਕ।

ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥
ਸੁਧਾਰਸ ਨੂੰ ਛੱਡ ਕੇ ਤੂੰ ਕਿਉਂ ਜ਼ਹਿਰ ਨੂੰ ਖਾਂਦਾ ਹੈਂ?

ਐਸਾ ਗਿਆਨੁ ਜਪਹੁ ਮਨ ਮੇਰੇ ॥
ਹੇ ਮੇਰੀ ਜਿੰਦੜੀਏ! ਇਹੋ ਜਿਹੀ ਰੱਬੀ ਵੀਚਾਰ ਧਾਰਨ ਕਰ,

ਹੋਵਹੁ ਚਾਕਰ ਸਾਚੇ ਕੇਰੇ ॥੧॥ ਰਹਾਉ ॥
ਤਾਂ ਜੋ ਤੂੰ ਸੱਚੇ ਸਾਹਿਬ ਦਾ ਗੋਲਾ ਹੋ ਜਾਵੇ। ਠਹਿਰਾਉ।

ਗਿਆਨੁ ਧਿਆਨੁ ਸਭੁ ਕੋਈ ਰਵੈ ॥
ਹਰ ਕੋਈ ਬ੍ਰਹਿਮਬੋਧ ਤੇ ਬੰਦਗੀ ਦੀਆਂ ਗੱਲਾਂ ਕਰਦਾ ਹੈ,

ਬਾਂਧਨਿ ਬਾਂਧਿਆ ਸਭੁ ਜਗੁ ਭਵੈ ॥੨॥
ਪ੍ਰੰਤੂ ਬੰਧਨਾਂ ਨਾਲ ਜਕੜਿਆ ਹੋਇਆ ਸਾਰਾ ਸੰਸਾਰ ਭਟਕਦਾ ਫਿਰਦਾ ਹੈ।

ਸੇਵਾ ਕਰੇ ਸੁ ਚਾਕਰੁ ਹੋਇ ॥
ਜੇ ਉਸ ਦੀ ਟਹਿਲ ਕਮਾਉਂਦਾ ਹੈ, ਉਹ ਉਸ ਦਾ ਸੇਵਕ ਬਣ ਜਾਂਦਾ ਹੈ।

ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥
ਉਹ ਸਾਹਿਬ ਪਾਣੀ ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।

ਹਮ ਨਹੀ ਚੰਗੇ ਬੁਰਾ ਨਹੀ ਕੋਇ ॥
ਮੈਂ ਭਲਾ ਨਹੀਂ, ਅਤੇ ਕੋਈ ਜਣਾ ਭੀ ਮੰਦਾ ਨਹੀਂ।

ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥
ਨਾਨਕ ਬੇਨਤੀ ਕਰਦਾ ਹੈ, ਕੇਵਲ ਉਹ ਸੁਆਮੀ ਹੀ ਪ੍ਰਾਣੀ ਦਾ ਪਾਰ ਉਤਾਰਾ ਕਰਨ ਵਾਲਾ ਹੈ।