Page 92
ਐਸਾ ਤੈਂ ਜਗੁ ਭਰਮਿ ਲਾਇਆ ॥
ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।

ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥
ਇਹ ਤੈਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਮਾਲਕ! ਜਦ ਕਿ ਮੋਹਣੀ ਨੇ ਇਸ ਨੂੰ ਛਲ ਲਿਆ ਹੈ? ਠਹਿਰਾਉ।

ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥
ਕਬੀਰ ਜੀ ਆਖਦੇ ਹਨ, ਤੂੰ ਪਾਪ ਦੀਆਂ ਰੰਗ ਰਲੀਆਂ ਨੂੰ ਤਿਆਗ ਦੇ, ਕਿਉਂਕਿ ਇਨ੍ਹਾਂ ਦੇ ਮੇਲ-ਮਿਲਾਪ ਅੰਦਰ ਤੂੰ ਯਕੀਨਨ ਹੀ ਮਰ ਜਾਏਗਾ।

ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥
ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।

ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥
ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਹੀ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈਦੀ ਹੈ,

ਭਰਮੁ ਭੁਲਾਵਾ ਵਿਚਹੁ ਜਾਇ ॥
ਅਤੇ ਗਲਤ-ਫਹਿਮੀ ਦਾ ਸੰਦੇਹ ਉਸ ਦੇ ਅੰਦਰੋ ਦੂਰ ਹੋ ਜਾਂਦਾ ਹੈ।

ਉਪਜੈ ਸਹਜੁ ਗਿਆਨ ਮਤਿ ਜਾਗੈ ॥
ਅਡੋਲਤਾ ਪੈਦਾ ਹੋ ਜਾਂਦੀ ਹੈ ਅਤੇ ਬੁੱਧੀ ਬ੍ਰਹਿਮ ਵੀਚਾਰ ਵਲ ਜਾਗ ਪੈਦੀ ਹੈ।

ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥
ਗੁਰਾਂ ਦੀ ਦਇਆ ਦੁਆਰਾ ਦਿਲ ਵਿੱਚ ਰਬੀ ਪ੍ਰੀਤ ਪੈਦਾ ਹੋ ਜਾਂਦੀ ਹੈ।

ਇਤੁ ਸੰਗਤਿ ਨਾਹੀ ਮਰਣਾ ॥
ਵਾਹਿਗੁਰੂ ਦੇ ਇਸ ਮੇਲ-ਮਿਲਾਪ ਅੰਦਰ ਮੌਤ ਨਹੀਂ।

ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥
ਉਸ ਦੇ ਹੁਕਮ ਨੂੰ ਸਿੰਞਾਣ ਅਤੇ ਤਦ ਤੂੰ ਕੰਤ ਨੂੰ ਮਿਲ ਪਵੇਗੀ। ਦੂਸਰਾ ਠਹਿਰਾਉ।

ਸਿਰੀਰਾਗੁ ਤ੍ਰਿਲੋਚਨ ਕਾ ॥
ਸਿਰੀ ਰਾਗ, ਤ੍ਰਿਲੋਚਨ।

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ।

ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥
ਆਪਣੇ ਟੱਬਰ ਕਬੀਲੇ ਨੂੰ ਵੇਖ ਕੇ ਤੂੰ ਕੰਵਲ ਫੁੱਲ ਦੇ ਵਾਂਙੂ ਖਿੜ੍ਹ ਜਾਂਦਾ ਹੈ। ਹੈ ਦੁਸ਼ਟ ਬੰਦੇ! ਤੂੰ ਹੋਰਨਾ ਦੇ ਝੁਗੇ ਤਕਦਾ ਹੈ।

ਦੂੜਾ ਆਇਓਹਿ ਜਮਹਿ ਤਣਾ ॥
ਜਦ ਮੌਤ ਦਾ ਬਲਵਾਨ ਦੂਤ ਆਉਂਦਾ ਹੈ,

ਤਿਨ ਆਗਲੜੈ ਮੈ ਰਹਣੁ ਨ ਜਾਇ ॥
ਮੈਂ ਉਸ ਦੇ ਸਾਹਮਣੇ (ਖਿਲਾਫ) ਖੜਾ ਨਹੀਂ ਹੋ ਸਕਦਾ।

ਕੋਈ ਕੋਈ ਸਾਜਣੁ ਆਇ ਕਹੈ ॥
ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ,

ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥
ਮੈਡੇ ਪ੍ਰੀਤਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਗਲਵਕੜੀ ਪਾ।

ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥
ਮੇਰੇ ਪ੍ਰੀਤਮਾਂ ਮੈਨੂੰ ਦਰਸ਼ਨ ਦੇ ਅਤੇ ਮੇਰੀ ਬੰਦ-ਖਲਾਸ ਕਰ। ਠਹਿਰਾਉ।

ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ-ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ।

ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥
ਮੋਹਨੀ ਦਾ ਠਗਿਆ ਹੋਇਆ ਤੂੰ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਹੇ ਸੁਸਤ ਆਦਮੀ, ਆਪਣਾ ਜੀਵਨ ਗੁਆ ਲੈਂਦਾ ਹੈ।

ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥
ਹੈ ਜੀਵ! ਤੂੰ ਔਖੇ ਤੇ ਭਿਆਨਕ ਰਸਤੇ ਟੁਰਨਾ ਹੈ, ਜਿਥੇ ਸੂਰਜ ਤੇ ਚੰਦ ਦੀ ਪਹੁੰਚ ਨਹੀਂ।

ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥
ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
ਅਜ ਮੇਰੇ ਚਿੱਤ ਨੂੰ ਜ਼ਾਹਰ ਹੋ ਗਿਆ ਹੈ ਕਿ ਧਰਮ ਰਾਜਾ ਪ੍ਰਾਣੀਆਂ ਨੂੰ ਤਕਦਾ ਰਹਿੰਦਾ ਹੈ।

ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥
ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।

ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ।

ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥
ਤ੍ਰਿਲੋਚਨ ਆਖਦਾ ਹੈ, "ਹੇ ਮੇਰੇ ਮਾਣਨੀਯ ਵਿਆਪਕ ਹਰੀ! ਤੂੰ ਖੁਦ ਹੀ ਸਾਰਾ ਕੁਝ ਸਮਝਦਾ ਹੈ"।

ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
ਸਿਰੀ ਰਾਗ, ਸੰਤ ਕਬੀਰ ਜੀ।

ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
ਸੁਣ, ਹੇ ਪੰਡਤ! ਕੇਵਲ ਇਕ ਪ੍ਰਭੂ ਹੀ ਅਦਭੁਤ ਹੈ। ਮੈਂ ਹੁਣ ਉਸ ਨੂੰ ਬਿਆਨ ਨਹੀਂ ਕਰ ਸਕਦਾ।

ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥
ਜਿਸ ਨੇ ਦੇਵਤੇ, ਮਨੁਖ, ਸਵਰਗੀ ਏਲਚੀ ਤੇ ਗਵੱਵੀਏ, ਫ਼ਰੇਫ਼ਤਾ ਕਰ ਰਖੇ ਹਨ ਅਤੇ ਜਿਸ ਨੇ ਤਿੰਨਾਂ ਜਹਾਨਾਂ ਨੂੰ ਜਕੜਿਆ ਹੋਇਆ ਹੈ।

ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
ਪਾਤਸ਼ਾਹ ਪ੍ਰਭੂ ਦੀ ਵੀਣਾ ਬਿਨਾਂ ਵਜਾਏ ਵੱਜਦੀ ਹੈ,

ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥
ਅਤੇ ਜਿਸ ਦੀ ਮਿਹਰ ਦੀ ਨਿਗਾਹ ਦੁਆਰਾ ਇਨਸਾਨ ਦੀ ਇਸ ਰਾਗ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।

ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
ਮੈਨੂੰ ਦਸਮਦੁਆਰ ਦੀ ਭੱਠੀ, ਸਮੇਤ ਇਕ ਨਾਲੀ ਅੰਦਰ ਖਿਚਣ ਵਾਲੀ ਅਤੇ ਇਕ ਨਾਲੀ ਬਾਹਰ ਸੁਟਣ ਵਾਲੀ ਦੇ ਅਤੇ ਅੰਤਸ਼ਕਰਨ ਦਾ ਸੋਨੇ ਦਾ ਇਕ ਬਰਤਨ ਪਰਾਪਤ ਹੋਇਆ ਹੈ।

ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥
ਉਸ ਬਰਤਨ ਅੰਦਰ ਪਰਮ ਸ਼ੁੱਧ ਨਾਮ ਅੰਮ੍ਰਿਤ ਦੀ ਨਦੀ ਟਪਕਦੀ ਹੈ। ਇਸ ਤਰ੍ਹਾਂ ਮੈਂ ਜੋਹਰਾਂ ਦਾ ਜੌਹਰ ਖਿੱਚ ਲਿਆ ਹੈ।

ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
ਇਕ ਬੇ-ਮਿਸਾਲ ਗੱਲ ਬਣ ਗਈ ਹੈ। ਆਪਣੇ ਸੁਆਮੀ ਨੂੰ ਮੈਂ ਸ਼ਰਾਬ ਦਾ ਕਟੋਰਾ ਬਣਾਇਆ ਹੈ।

ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥
ਤਿੰਨਾਂ ਹੀ ਪੁਰੀਆਂ ਅੰਦਰ ਉਹ ਅਦੁੱਤੀ ਯੋਗੀ ਹੈ (ਜੋ ਐਸੀ ਸ਼ਰਾਬ ਪੀਂਦਾ ਹੈ) ਦਸੋ ਕਿਹੜਾ ਪਾਤਸ਼ਾਹ ਉਸ ਦੀ ਬਰਾਬਰੀ ਕਰ ਸਕਦਾ ਹੈ?

ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
ਕਬੀਰ ਜੀ ਆਖਦੇ ਹਨ, ਪਰਮ ਪੁਰਖ ਦੀ ਐਹੋ ਜੇਹੀ ਗਿਆਤ ਨਾਜ਼ਲ ਹੋਈ ਹੈ ਕਿ ਮੈਂ ਉਸ ਦੀ ਪ੍ਰੀਤ ਅੰਦਰ ਰੰਗਿਆ ਗਿਆ ਹਾਂ।

ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥
ਬਾਕੀ ਦੀ ਦੁਨੀਆਂ ਸਾਰੀ ਵਹਮਿ ਨੇ ਬਹਿਕਾਈ ਹੋਈ ਹੈ, ਪੰਤੂ ਮੇਰੀ ਆਤਮਾ ਵਿਆਪਕ ਵਾਹਿਗੁਰੂ ਦੇ ਅੰਮ੍ਰਿਤ ਨਾਲ ਮਤਵਾਲੀ ਹੋਈ ਹੋਈ ਹੈ।

copyright GurbaniShare.com all right reserved. Email:-