Page 94
ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪
ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥
ਵਾਹਿਗੁਰੂ ਸੁਆਮੀ ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।

ਵਡਭਾਗੀ ਹਰਿ ਨਾਮੁ ਧਿਆਇਆ ॥
ਪਰਮ ਚੰਗੇ ਨਸੀਬ ਦੁਆਰਾ, ਮੈਂ ਵਾਹਿਗੁਰੂ ਦੇ ਨਾਮ ਦਾ ਅਰਾਧਨ ਕੀਤਾ ਹੈ।

ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥
ਪੂਰਨ ਗੁਰਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਪੂਰਨਤਾ ਪਰਾਪਤ ਕੀਤੀ ਹੈ। ਕੋਈ ਟਾਵਾਂ ਹੀ ਗੁਰਾਂ ਦੇ ਰਾਹੇ ਟੁਰਦਾ ਹੈ।

ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥
ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।

ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥
ਮੇਰੀ ਜਿੰਦੜੀ ਦਾ ਸਹਾਇਕ ਸਦੀਵ ਹੀ ਮੇਰੇ ਸਾਥ ਜਾਵੇਗਾ।

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥੨॥
ਮੁਕੰਮਲ ਗੁਰਾਂ ਨੇ (ਮੇਰੇ ਮਨ ਅੰਦਰਂ) ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ। ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦੀ ਨਾਸ-ਰਹਿਤ ਦੌਲਤ ਹੈ।

ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥
ਵਾਹਿਗੁਰੂ ਸੁਆਮੀ ਮੇਰਾ ਮਿੱਤ੍ਰ ਹੈ। ਉਹ ਮੇਰਾ ਪਿਆਰਾ ਪਾਤਸ਼ਾਹ ਹੈ।

ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥
ਕੋਈ ਜਣਾ ਆ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਵਾਹਿਗੁਰੂ ਨਾਲ ਮਿਲਾ ਦੇਵੇ।

ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥
ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ। ਮੇਰਿਆਂ ਨੈਣਾਂ ਵਿਚੋਂ ਹੰਝੂ ਛਮਾਛਮ ਵਰਸ ਰਹੇ ਹਨ।

ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥
ਮੇਰਾ ਯਾਰ ਸੱਚਾ ਗੁਰੂ ਮੇਰਾ ਬਚਪਨ ਦਾ ਬੇਲੀ ਹੈ।

ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥
ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!

ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥੪॥੧॥
ਹੇ ਮਾਣਨੀਯ ਵਾਹਿਗੁਰੂ! ਰਹਿਮਤ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਨ੍ਹਾਂ ਪਾਸੋਂ ਗੋਲਾ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰ ਲਵੇਗਾ।

ਮਾਝ ਮਹਲਾ ੪ ॥
ਮਾਝ, ਚਊਥੀ ਪਾਤਸ਼ਾਹੀ।

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥
ਅੰਮ੍ਰਿਤ ਦਾ ਪਿਆਰਾ ਪ੍ਰਭੂ ਮੇਰੀ ਆਤਮਾ, ਦੇਹਿ ਤੇ ਜਿੰਦ-ਜਾਨ ਹੈ।

ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥
ਵਾਹਿਗੁਰੂ ਦੇ ਬਗੈਰ ਮੈਂ ਕਿਸੇ ਹੋਰ ਦੁਸਰੇ ਨੂੰ ਨਹੀਂ ਸਿੰਞਾਣਦਾ।

ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥
ਜੇਕਰ ਪਰਮ ਚੰਗੇ ਨਸੀਬਾਂ ਦੁਆਰਾ ਕੋਈ ਮਿਤ੍ਰ ਸਾਧੂ ਮੈਨੂੰ ਮਿਲ ਪਵੇ, ਤਾਂ ਉਹ ਮੈਨੂੰ ਮੇਰੇ ਪ੍ਰੀਤਮ, ਵਾਹਿਗੁਰੂ ਸੁਆਮੀ, ਦਾ ਰਾਹ ਦਿਖਾ ਦੇਵੇਗਾ।

ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥
ਮੈਂ ਆਪਣਾ ਦਿਲ ਤੇ ਦੇਹਿ ਦੀ ਖੋਜ ਤੇ ਢੂੰਡ ਭਾਲ ਕਰਦਾ ਹਾਂ।

ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥
ਮੈਂ ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਭੇਟਾਂਗਾ। ਹੇ ਮੇਰੀ ਅੰਮੜੀਏ!

ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥੨॥
ਸਾਧ ਸੰਮੇਲਨ ਅੰਦਰ ਜੁੜ ਕੇ ਮੈਂ ਵਾਹਿਗੁਰੂ ਦੇ ਮਾਰਗ ਦੀ ਪੁਛ ਗਿਛ ਕਰਦਾ ਹਾਂ। ਸਾਧ ਸਭਾ ਅੰਦਰ ਵਾਹਿਗੁਰੂ ਸੁਆਮੀ ਨਿਵਾਸ ਰੱਖਦਾ ਹੈ।

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥
ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ ਕਰਨ ਵਾਲਾ ਹੈ।

ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥
ਮੈਂ ਇਕ ਬੇਬਸ ਬਾਲ ਹਾਂ ਮੇਰੀ ਪਾਲਣਾ ਪੋਸਣਾ ਕਰ, ਹੇ ਮੇਰੇ ਗੁਰਦੇਵ!

ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥
ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।

ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥
ਗੁਰਾਂ ਨੂੰ ਵੇਖਣ ਬਾਝੋਂ ਮੈਨੂੰ ਨੀਦ ਨਹੀਂ ਪੈਦੀ।

ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥
ਮੇਰੀ ਆਤਮਾ ਤੇ ਦੇਹਿ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤਾਂਦੀ ਹੈ।

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥੪॥੨॥
ਹੇ ਵਾਹਿਗੁਰੂ ਸੁਆਮੀ! ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੂੰ ਭੇਟਣ ਦੁਆਰਾ ਗੋਲਾ ਨਾਨਕ ਪ੍ਰਫੁਲਤ ਹੋ ਜਾਂਦਾ ਹੈ।

copyright GurbaniShare.com all right reserved. Email:-