ਮੂੜੇ ਤੈ ਮਨ ਤੇ ਰਾਮੁ ਬਿਸਾਰਿਓ ॥ ਹੇ ਮੂਰਖ! ਆਪਣੇ ਹਿਰਦੇ ਤੋਂ ਤੋਂ ਆਪਣੇ ਸੁਆਮੀ ਨੂੰ ਭੁਲਾ ਛੱਡਿਆ ਹੈ। ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥ ਆਪਣੇ ਮਾਲਕ ਦਾ ਲੂਣ ਖਾ ਕੇ, ਤੂੰ ਉਸ ਨਾਲ ਬੇਈਮਾਨੀ ਕਰਦਾ ਹੈ। ਅੱਖਾਂ ਦੇ ਵੇਖਦਿਆਂ ਹੀ ਤੂੰ ਪਾੜ ਦਿੱਤਾ ਜਾਵੇਗਾਂ। ਠਹਿਰਾਉ। ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥ ਲਾਇਲਾਜ ਬੀਮਾਰੀ ਦੇਹ ਵਿੱਚ ਉਤਪੰਨ ਹੋ ਜਾਂਦੀ ਹੈ, ਜੋ ਕਿਸੇ ਜਣੇ ਦੇ ਹਟਾਇਆ ਹਟਦੀ ਨਹੀਂ। ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥੨॥੮॥ ਪ੍ਰਭੂ ਨੂੰ ਭੁਲਾ ਕੇ ਪ੍ਰਾਣੀ ਪਰਮ ਕਸ਼ਟ ਉਠਾਉਂਦਾ ਹੈ। ਇਹ ਹੈ ਜੌਹਰ, ਜੋ ਨਾਨਕ ਨੇ ਯੋਗ ਸੋਚ ਵੀਚਾਰ ਰਾਹੀਂ ਲੱਭਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਚਰਨ ਕਮਲ ਪ੍ਰਭ ਰਾਖੇ ਚੀਤਿ ॥ ਸੁਆਮੀ ਦੇ ਕੰਵਲ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ। ਹਰਿ ਗੁਣ ਗਾਵਹ ਨੀਤਾ ਨੀਤ ॥ ਸਦਾ, ਸਦਾ ਹੀ ਮੈਂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ। ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥ ਉਸ ਦੇ ਬਾਝੌਂ ਹੋਰ ਦੂਸਰਾ ਕੋਈ ਨਹੀਂ। ਆਦਿ ਮਧਿ ਅੰਤਿ ਹੈ ਸੋਊ ॥੧॥ ਕੇਵਲ ਉਹ ਹੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈ। ਸੰਤਨ ਕੀ ਓਟ ਆਪੇ ਆਪਿ ॥੧॥ ਰਹਾਉ ॥ ਖ਼ੁਦ-ਬ-ਖ਼ੁਦ ਹੀ ਸੁਆਮੀ ਆਪਣੇ ਸਾਧੂਆਂ ਦਾ ਆਸਰਾ ਹੈ। ਠਹਿਰਾਉ। ਜਾ ਕੈ ਵਸਿ ਹੈ ਸਗਲ ਸੰਸਾਰੁ ॥ ਜਿਸ ਦੇ ਇਖ਼ਤਿਆਰ ਵਿੱਚ ਹੈ ਸਮੂਹ ਆਲਮ; ਆਪੇ ਆਪਿ ਆਪਿ ਨਿਰੰਕਾਰੁ ॥ ਉਹ ਸਰੂਪ-ਰਹਿਤ ਸੁਆਮੀ ਸਾਰਾ ਕੁੱਛ ਖ਼ੁਦ ਹੀ ਹੈ। ਨਾਨਕ ਗਹਿਓ ਸਾਚਾ ਸੋਇ ॥ ਨਾਨਕ ਨੇ ਉਸ ਸੱਚੇ ਸੁਆਮੀ ਨੂੰ ਪਕੜਿਆ ਹੋਇਆ ਹੈ। ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥੨॥੯॥ ਉਸ ਨੂੰ ਸੁਖ ਪ੍ਰਾਪਤ ਹੋ ਗਿਆ ਹੈ ਅਤੇ ਉਹ ਮੁੜ ਕੇ ਦੁਖ ਨਹੀਂ ਉਠਾਵੇਗਾ। ਮਾਰੂ ਮਹਲਾ ੫ ਘਰੁ ੩ ਮਾਰੂ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥ ਹੇ ਅਗਿਆਨੀ ਬੰਦੇ! ਤੂੰ ਆਪਣੀ ਜਿੰਦ ਜਾਨ ਨੂੰ ਸੁਖ ਦੇਣ ਵਾਲੇ ਅਤੇ ਆਪਣੀ ਆਤਮਾ ਨੂੰ ਖ਼ੁਸ਼ੀ ਬਖ਼ਸ਼ਨਹਾਰ ਨੂੰ ਕਿਉਂ ਭੁਲਾਉਂਦਾ ਹੈਂ? ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥੧॥ ਨਿਕੰਮੀ ਸ਼ਰਾਬ ਨੂੰ ਪੀ ਕੇ ਤੂੰ ਕਮਲਾ ਹੋ ਗਿਆ ਹੈਂ ਅਤੇ ਤੈਂ ਆਪਣਾ ਅਮੋਲਕ ਜੀਵਨ ਬੇਫ਼ਾਇਦਾ ਗੁਆ ਲਿਆ ਹੈ। ਰੇ ਨਰ ਐਸੀ ਕਰਹਿ ਇਆਨਥ ॥ ਐਹੋ ਜੇਹੀ ਬੇਵਕੂਫੀ ਤੂੰ ਕਰਦਾ ਹੈਂ, ਹੇ ਬੰਦੇ! ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥ ਧਨਖਧਾਰੀ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਸੰਦੇਹ ਅੰਦਰ ਭਟਕਦਾ ਹੈਂ ਅਤੇ ਸੰਸਾਰੀ ਮਮਤਾ ਤੇ ਗੋਲੀ ਮਾਇਆ ਦੀ ਸੰਗਤ ਨਾਲ ਚਿਮੜਿਆ ਹੋਇਆ ਹੈ। ਠਹਿਰਾਉ। ਧਰਣੀਧਰੁ ਤਿਆਗਿ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਥ ॥ ਧਰਤੀ ਨੂੰ ਥੰਮਣਹਾਰ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਨੀਵੇਂ ਘਰਾਣੇ ਦੀ ਬਾਂਦੀ ਦੀ ਟਹਿਲ ਕਮਾਉਂਦਾ ਹੈਂ ਅਤੇ ਤੇਰੀ ਆਰਬਲਾ ਹੰਕਾਰ ਤੇ ਹੰਗਤਾ ਕਰਦਿਆਂ ਬੀਤ ਰਹੀ ਹੈ। ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥੨॥ ਹੇ ਬੇਸਮਝ ਬੰਦੇ! ਤੂੰ ਨਿਕੰਮੇ ਅਮਲ ਕਮਾਉਂਦਾ ਹੈਂ ਅਤੇ ਇਸ ਲਈ ਪ੍ਰਤੀਕੂਲ ਅਤੇ ਅੰਨ੍ਹਾਂ ਆਖਿਆ ਜਾਂਦਾ ਹੈ। ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥ ਜੋ ਸੱਚਾ ਹੈ, ਉਸ ਨੂੰ ਤੂੰ ਝੂਠਾ ਕਰ ਕੇ ਜਾਣਦਾ ਹੈਂ ਅਤੇ ਜੋ ਨਾਸਵੰਤ ਹੈ, ਉਸ ਨੂੰ ਤੂੰ ਮੁਸਤਕਿਲ (ਪੱਕਾ) ਖ਼ਿਆਲ ਕਰਦਾ ਹੈ। ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥੩॥ ਜੋ ਕਿਸੇ ਹੋਰਸ ਦਾ ਹੈ, ਉਸ ਨੂੰ ਤੂੰ ਆਪਣਾ ਨਿਜਦਾ ਕਰਕੇ ਪਕੜਦਾ ਹੈ। ਐਹੋ ਜੇਹੇ ਭੁਲੇਖੇ ਅੰਦਰ ਤੂੰ ਭੁਲਿਆ ਹੋਇਆ ਹੈਂ। ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥ ਖੱਤ੍ਰੀ, ਬ੍ਰਾਹਮਣ ਸ਼ੂਦਰ ਤੇ ਵੈਸ਼, ਸਾਰੇ ਹੀ ਇਕ ਸੁਆਮੀ ਦੇ ਨਾਮ ਰਾਹੀਂ ਪਾਰ ਉਤੱਰ ਜਾਂਦੇ ਹਨ। ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥ ਗੁਰੂ ਨਾਨਕ ਜੀ ਧਰਮ ਉਪਦੇਸ਼ ਉਚਾਰਨ ਕਰਦੇ ਹਨ, ਜਿਹੜਾ ਕੋਈ ਭੀ ਇਸ ਨੂੰ ਸ੍ਰਵਣ ਕਰਦਾ ਹੈ; ਉਹ ਪਾਰ ਉਤੱਰ ਜਾਂਦਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥ ਇਨਸਾਨ ਲੁਕ ਕੇ ਮੰਦੇ ਅਮਲ ਕਮਾਉਂਦਾ ਹੈ, ਪ੍ਰੰਤੂ ਉਹ ਸਾਈਂ ਉਸ ਦੇ ਨਾਲ ਹੈ। ਕੇਵਲ ਉਹ ਪ੍ਰਾਨੀਆਂ ਨੂੰ ਹੀ ਧੋਖਾ ਦੇ ਸਕਦਾ ਹੈ। ਬਿਸਾਰਿ ਹਰਿ ਜੀਉ ਬਿਖੈ ਭੋਗਹਿ ਤਪਤ ਥੰਮ ਗਲਿ ਲਾਇ ॥੧॥ ਆਪਣੇ ਮਾਣਨੀਯ ਮਾਲਕ ਨੂੰ ਭੁਲਾ ਕੇ ਤੂੰ ਕਾਮ-ਚੇਸ਼ਟਾ ਮਾਣਦਾ ਹੈਂ। ਤਪਦੇ ਹੋਏ ਸਤੂਨ ਤੇਰੇ ਗਲ ਨਾਲ ਲਾਏ ਜਾਣਗੇ। ਰੇ ਨਰ ਕਾਇ ਪਰ ਗ੍ਰਿਹਿ ਜਾਇ ॥ ਹੇ ਬੰਦੇ, ਤੂੰ ਕਿਉਂ ਹੋਰਸ ਦੀ ਇਸਤ੍ਰੀ ਕੋਲ ਜਾਂਦਾ ਹੈਂ? ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥ ਹੇ ਮਲੀਣ ਨਿਰਦਈ ਅਤੇ ਵਿਸ਼ੇਈ ਗਧੇ, ਕੀ ਤੂੰ ਧਰਮ ਰਾਜੇ ਬਾਰੇ ਨਹੀਂ ਸੁਣਿਆ? ਠਹਿਰਾਉ। ਬਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਇ ॥ ਪਾਪ ਦਾ ਪੱਥਰ ਤੇਰੀ ਗਰਦਨ ਨਾਲ ਬੰਨਿ੍ਹਆਂ ਹੋਇਆ ਹੈ ਅਤੇ ਬਦਖੋਈ ਦੀ ਪੋਟਲੀ ਤੇਰੇ ਸਿਰ ਦੇ ਉੱਤੇ ਹੈ। ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥੨॥ ਤੂੰ ਵੱਡੇ ਸਿੰਧ ਅਤੇ ਸਮੁੰਦਰ ਨੂੰ ਪਾਰ ਕਰਨਾ ਹੈ ਤੂੰ ਪਰਲੇ ਕਿਨਾਰੇ ਨਹੀਂ ਪੁਯ ਸਕਦਾ। ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥ ਤੂੰ ਭੋਗ ਬਿਲਾਸ, ਗੁੱਸੇ ਲਾਲਚ ਅਤੇ ਸੰਸਾਰੀ ਲਗਨ ਅੰਦਰ ਖੱਚਤ ਹੋਇਆ ਹੋਇਆ ਹੈਂ। ਆਪਣੀਆਂ ਅੱਖਾਂ ਤੂੰ ਅਸਲੀਅਤ ਵਲੋਂ ਮੋੜ ਲਈਆਂ ਹੋਈਆਂ ਹਨ। ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੁਤਰ ਮਾਇ ॥੩॥ ਬਿਖਮ ਨਾਂ ਪਾਰ ਕੀਤੇ ਜਾਣ ਵਾਲਾ ਹੈ ਮਾਇਆ ਦਾ ਸਮੁੰਦਰ, । ਤੂੰ ਕਦੇ ਭੀ ਆਪਣਾ ਸਿਰ ਇਯ ਦੇ ਪਾਣੀ ਤੋਂ ਉਤੇ ਨਹੀਂ ਚੁੱਕ ਸਕਦਾ। ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ॥ ਸੂਰਜ ਮਲ-ਰਹਿਤ ਵਿਚਰਦਾ ਹੈ, ਚੰਦ੍ਰਮਾ ਮਲ-ਰਹਿਤ ਰਹਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਨੂੰ ਜਾਣਨ ਵਾਲਾ ਨਿਰਲੇਪ ਵਿਚਰਦਾ ਹੈ। ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥੪॥ ਉਸ ਦਾ ਸੁਭਾ ਅੱਗ ਦੀ ਤਰ੍ਹਾਂ ਸਦੀਵ ਹੀ ਨਿਰਲੇਪ ਅਤੇ ਨਿਰਮਲ ਹੈ। ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ ਜਿਸ ਦੀ ਪ੍ਰਾਲਭਦ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ। copyright GurbaniShare.com all right reserved. Email |