ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥ ਸੰਸਾਰ, ਸੰਸਾਰੀ ਵਿਹਾਰਾਂ ਮਗਰ ਭੱਜਾ ਫਿਰਦਾ ਹੈ ਅਤੇ ਇਸ ਲਈ ਫਾਹੀ ਅੰਦਰ ਫਜ ਜਾਂਦਾ ਹੈ। ਸਾਈਂ ਦੇ ਸਿਮਰਨ ਨੂੰ ਇਹ ਅਨੁਭਵ ਨਹੀਂ ਕਰਦਾ। ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥ ਮੂਰਖ, ਬੇਸਮਝ ਅਧਰਮੀ ਜੰਮਣ ਤੇ ਮਰਣ ਦੀ ਅਧਿਕ ਪੀੜਾ ਨੂੰ ਭੁਲਾ ਦਿੰਦਾ ਹੈ। ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥੭॥ ਜਿਨ੍ਹਾਂ ਦੀ ਗੁਰੂ ਰੱਖਿਆ ਕਰਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੁਕਤ ਹੋ ਜਾਂਦੇ ਹਨ। ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥ ਰੱਬੀ ਪਿਆਰ ਦੇ ਪਿੰਜਰੇ ਵਿੱਚ ਬੋਲਣ ਵਾਲਾ, ਤੋਤਾ ਸੁਆਮੀ ਦੀ ਕੀਰਤੀ ਬੋਲਦਾ ਹੈ। ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥ ਇਹ ਸੱਚ ਨੂੰ ਚੁਗਦਾ ਹੈ, ਸੁਧਾਰਸ ਪਾਨ ਕਰਦਾ ਹੈ ਅਤੇ ਕੇਵਲ ਇਕ ਵਾਰੀ ਹੀ ਉਡਦਾ ਤੇ ਮੁੜ ਕੇ ਨਹੀਂ ਆਉਂਦਾ। ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥੮॥੨॥ ਗੁਰੂ ਜੀ ਆਖਦੇ ਹਨ, ਗੁਰਾਂ ਨਾਲ ਮਿਲਣ ਦੁਆਰਾ ਕੰਤ ਸਿਝਾਣਿਆ ਜਾਂਦਾ ਹੈ ਅਤੇ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ ਜੇਕਰ ਤੂੰ ਗੁਰਾਂ ਦੀ ਬਾਣੀ ਦੁਆਰਾ ਮਰ ਵੰਝੇ, ਤਦ ਤੂੰ ਮੌਤ ਤੇ ਕਾਬੂ ਪਾ ਲਵੇਗਾਂ। ਮੌਤ ਨੂੰ ਮਾਰਨ ਦੇ ਬਗ਼ੈਰ ਤੂੰ ਕੀਹਦੇ ਕੋਲ ਭੱਜ ਕੇ ਜਾ ਸਕਦਾ ਹੈਂ। ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥ ਅਮਰ ਕਰ ਦੇਣ ਵਾਲਾ ਹੈ ਉਸ ਦਾ ਨਾਮ, ਜਿਸ ਦੇ ਤ੍ਰਾਹ ਰਾਹੀਂ ਡਰ ਦੋੜ ਜਾਂਦਾ ਹੈ। ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥ ਕੇਵਲ ਤੂੰ ਹੀ, ਹੈ ਸਾਈਂ! ਮਾਰਦਾ ਤੇ ਰੱਖਿਆ ਕਰਦਾ ਹੈਂ। ਤੇਰੇ ਬਗ਼ੈਰ ਹੋਰ ਕੋਈ ਥਾਂ ਜਾਣ ਨੂੰ ਨਹੀਂ। ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥ ਹੇ ਮੇਰੇ ਪਿਤਾ! ਮੈਂ ਗੰਦਾ, ਕਮਜ਼ੋਰ ਅਤੇ ਬੇਸਮਝ ਹਾਂ। ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥ ਪ੍ਰਭੂ ਦੇ ਨਾਮ ਦੇ ਬਾਝੋਂ ਕੋਈ ਕੁਝ ਵੀ ਨਹੀਂ ਪੂਰਨ ਗੁਰਦੇਵ ਜੀ ਨੇ ਮੇਰੀ ਅਕਲ ਪੂਰਨ ਕਰ ਦਿੱਤੀ ਹੈ। ਠਹਿਰਾਉ। ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥ ਮੈਂ ਬਦੀਆਂ ਨਾਲ ਭਰਿਆ ਪਿਆ ਹਾਂ ਅਤੇ ਮੇਰੇ ਵਿੱਚ ਕੋਈ ਭੀ ਨੇਕੀ ਨਹੀਂ। ਨੇਕੀਆਂ ਦੇ ਬਗ਼ੈਰ, ਮੈਂ ਕਿਸ ਤਰ੍ਹਾਂ ਗ੍ਰਹਿ (ਪ੍ਰਭੂ ਪਾਸ) ਜਾ ਸਕਦਾ ਹਾਂ? ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥ ਸਾਈਂ ਦੇ ਨਾਮ ਦੇ ਰਾਹੀਂ ਅਡੋਲਤਾ ਅਤੇ ਆਰਾਮ ਉਤਪੰਨ ਹੁੰਦੇ ਹਨ। ਪ੍ਰਾਲਭਦ ਦੇ ਬਾਝੋਂ ਸਾਈਂ ਦੇ ਨਾਮ ਦੀ ਦੌਲਤ ਪ੍ਰਾਪਤ ਨਹੀਂ ਹੁੰਦੀ। ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਵਸਦਾ; ਉਹ ਨਰੜ ਲਏ ਜਾਂਦੇ ਹਨ ਅਤੇ ਕਸ਼ਟ ਸਹਾਰਦੇ ਹਨ। ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥ ਜਿਨ੍ਹਾਂ ਨੇ ਨਾਂਮ ਨੂੰ ਭੁਲਾ ਦਿੱਤਾ ਹੈ; ਉਹ ਇਸ ਜਹਾਨ ਅੰਦਰ ਕਿਉਂ ਆਏ ਹਨ। ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥ ਏਥੇ ਅਤੇ ਓਥੇ, ਉਹ ਆਰਾਮ ਨਹੀਂ ਪਾਉਂਦੇ ਆਪਣੇ ਗੱਡੇ ਉਨ੍ਹਾਂ ਨੇ ਸੁਆਹ ਨਾਲ ਭਰ ਲਏ ਹਨ। ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥ ਵਿਛੁੰਨੇ ਹੋਏ ਆਪਣੇ ਸੁਆਮੀ ਨੂੰ ਨਹੀਂ ਮਿਲਦੇ, ਪ੍ਰੰਤੂ ਮੌਤ ਦੇ ਬੂਹੇ ਉੱਤੇ ਘਣੇਰੇ ਤਸੀਹੇ ਉਠਾਉਂਦੇ ਹਨ। ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥ ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਅੱਗੇ ਕੀ ਵਾਪਰੂਗੀ। ਮੈਂਡੋ ਮਾਲਕ! ਮੈਂ ਭੁਲੇ ਹੋਏ ਨੂੰ ਤੂੰ ਸਿਖ-ਮਤ ਦੇ। ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥ ਮੈਂ ਉਸ ਦੇ ਪੈਰੀ ਪੈਂਦਾ ਹਾਂ, ਜੋ ਮੈਂ ਕੁਰਾਹੇ ਪਏ ਹੋਏ ਨੂੰ ਰਸਤਾ ਵਿਖਾਲ ਦੇਵੇ। ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥ ਗੁਰਾਂ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ। ਉਨ੍ਹਾਂ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥ ਜੇਕਰ ਮੈਂ ਆਪਣੇ ਮਿੱਤ੍ਰ ਨੂੰ ਵੇਖ ਲਵਾਂ, ਤਦ ਮੈਂ ਉਸ ਨੂੰ ਜੱਫੀ ਪਾ ਲਵਾਂਗੀ। ਆਪਣੀ ਪਾਕਦਾਮਨੀ ਸੰਬੰਧੀ ਮੈਂ ਉਸ ਨੂੰ ਚਿੱਠੀ ਭੇਜੀ ਹੈ। ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥ ਨਿੰਮੋਝੂਣੀ ਹੋ, ਮੈਂ ਉਸ ਦੀ ਪਤਨੀ, ਉਸ ਦੀ ਉਡੀਕ ਵਿੱਚ ਖਲੋਤੀ ਹਾਂ। ਮੁਖੀ ਗੁਰਾਂ ਦੇ ਰਾਹੀਂ ਹੀ ਮੈਂ ਉਸ ਨੂੰ ਆਪਣਿਆਂ ਨੇਤ੍ਰਾਂ ਨਾਲ ਵੇਖ ਸਕਦੀ ਹਾਂ। ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥ ਮੈਂਡੇ ਮਿਹਰਬਾਨ ਮਾਲਕ! ਆਪਣੀ ਖੁਸ਼ੀ ਦੁਆਰਾ, ਤੂੰ ਮੇਰੇ ਹਿਰਦੇ ਅੰਦਰ ਵਸਦਾ ਹੈਂ ਅਤੇ ਮੇਰੇ ਤੇ ਆਪਣੀ ਭਾਰੀ ਰਹਿਮਤ ਧਾਰਦਾ ਹੈ। ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥ ਜੋ ਖ਼ੁਦ ਭੁਖ ਤੇ ਤ੍ਰੇਹ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ, ਉਹ ਕੀ ਦੇ ਸਕਦਾ ਹੈ ਅਤੇ ਬੰਦਾ ਉਸ ਪਾਸੋਂ ਕੀ ਮੰਗ ਸਕਦਾ ਹੈ। ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥ ਮੇਰੇ ਖ਼ਿਆਲ ਵਿੱਚ ਐਹੋ ਜਿਹਾ ਹੋਰ ਕੋਈ ਨਹੀਂ ਆਉਂਦਾ ਜੋ ਮੇਰੀ ਜਿੰਦੜੀ ਅਤੇ ਦੇਹ ਨੂੰ ਪੂਰਨਤਾ ਬਖ਼ਸ਼ ਸਕਦਾ ਹੋਵੇ। ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥ ਜਿਸ ਨੇ ਮੈਨੂੰ ਰਚਿਆ ਹੈ, ਉਹ ਹੀ ਮੇਰੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਪ੍ਰਭਤਾ ਪ੍ਰਦਾਨ ਕਰਦਾ ਹੈ। ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥ ਦੇਹ ਦੇ ਪਿੰਡ ਅੰਦਰ ਬੱਚੇ-ਵਰਗੇ ਨਵੇਂ ਸਰੀਰ ਵਾਲਾ ਮੇਰਾ ਮਾਲਕ ਵਸਦਾ ਹੈ ਅਤੇ ਉਹ ਅਸਚਰਜ ਖੇਡਾਂ ਖੇਡਦਾ ਹੈ। ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥ ਸਿਆਣਾ ਸੁੰਦਰ ਅਤੇ ਸੱਚਾ ਸੁਆਮੀ ਨਾਂ ਇਸਤ੍ਰੀ ਹੈ, ਨਾਂ ਮਰਦ ਤੇ ਨਾਂ ਹੀ ਪੰਛੀ। ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥ ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੰਦਾ ਹੈ। ਤੂੰ ਹੇ ਸਾਹਿਬ! ਦੀਵਾ ਹਂ ਅਤੇ ਤੂੰ ਹੀ ਸੁਗੰਧੀ। ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥ ਇਨਸਾਨ ਗਾਣੇ ਸੁਣਦਾ ਹੈ ਅਤੇ ਸੁਆਦ ਚਖਦਾ ਹੈ ਪਰ ਬੇਫ਼ਾਇਦਾ ਹਨ ਇਹ ਰੰਗ ਰਲੀਆਂ ਜੋ ਸਰੀਰਕ ਬੀਮਾਰੀਆਂ ਪੈਦਾ ਕਰਦੀਆਂ ਹਨ। ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥ ਜੇਕਰ ਬੰਦਾ ਸੰਚ ਨੂੰ ਪਿਆਰ ਕਰੇ ਅਤੇ ਸੱਚ ਹੀ ਬੋਲੇ ਤਾਂ ਉਹ ਆਪਦੇ ਸੁਆਮੀ ਨਾਲ ਵਿਛੋੜੇ ਦੇ ਝੁਰੇਵੇਂ ਤੋਂ ਬਚ ਜਾਂਦਾ ਹੈ। ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥ ਨਾਨਕ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ। ਜੋ ਕੁਛ ਉਸ ਨੂੰ ਭਾਉਂਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥ ਤੂੰ ਸੁਆਮੀ ਦੀ ਸੰਚੀ ਟਹਿਲ ਸੇਵਾ ਕਰ। ਬੇਅਰਥ ਹਨ ਹੋਰ ਲਗਨਾਂ। ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥ ਸੱਚੇ ਸਾਹਿਬ ਨੇ ਮੇਰੀ ਇਹ ਆਤਮਾ ਫ਼ਰੇਫਤਾ ਕਰ ਲਈ ਹੈ ਅਤੇ ਮੇਰੀ ਇਹ ਜੀਭ ਸੱਚੇ ਸੁਆਦ ਨੂੰ ਮਾਣਦੀ ਹੈ। ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥ ਨਾਮ ਦੇ ਬਗ਼ੈਰ ਹੋਰ ਕੋਈ ਖ਼ੁਸ਼ੀ ਨਹੀਂ। ਨਾਮ ਤੋਂ ਸੱਖਣੇ ਬਾਕੀ ਦੇ ਹੋਰ ਜ਼ਹਿਰ ਲੱਦ ਕੇ ਟੁਰਦੇ ਹਨ। ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥ ਤੂੰ ਸ੍ਰਵਣ ਕਰ ਹੇ ਮੇਰੇ ਪਿਆਰੇ ਕੰਤ! ਮੈਂ ਤੇਰਾ ਐਹੋ ਜੇਹਾ ਗੋਲਾ ਹਾਂ। ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥ ਜਿਸ ਤਰ੍ਹਾਂ ਤੂੰ ਹੁਕਮ ਦਿੰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ, ਹੇ ਮੇਰੇ ਸੱਚੇ ਮਿੱਠੜੇ ਪ੍ਰੀਤਮ! ਠਹਿਰਾਉ। ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥ ਰੈਣ ਦਿਹੁੰ ਗੋਲੇ ਨੇ ਤੇਰੀ ਸੇਵਾ ਕਮਾਉਣੀ ਹੈ ਤੂੰ ਆਪਣੇ ਨੋਕਰ ਦੇ ਸਿਰ ਦਾ ਸੁਆਮੀ ਹੈ। ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥ ਮੈਂ ਆਪਣੀ ਜਿੰਦੜੀ ਗੁਰਾਂ ਦੀ ਬਾਣੀ ਨੂੰ ਵੇਚ ਦਿੱਤੀ ਹੈ ਤੇ ਗੁਰਾਂ ਦੀ ਬਾਣੀ ਰਾਂਹੀਂ ਮੇਰਾ ਮਨੂਆ ਸੁਖੀ ਥੀ ਗਿਆ ਹੈ। copyright GurbaniShare.com all right reserved. Email |