ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥ ਸਮੂਹ ਵਡਿਆਈ ਪੂਰਨ ਗੁਰਦੇਵ ਜੀ ਨੂੰ ਹੈ ਜਿਨ੍ਹਾਂ ਨੇ ਮੇਰੇ ਚਿੱਤ ਦਾ ਰੰਜ ਦੂਰ ਕਰ ਦਿੱਤਾ ਹੈ। ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥ ਮੈਂ ਆਪਣੇ ਮਾਲਕ ਦਾ ਨੌਕਰ ਅਤੇ ਨਫ਼ਰ ਹਾਂ। ਉਸ ਦੀ ਉਪਮਾ ਮੈਂ ਕੀ ਆਖ ਸਕਦਾ ਹਾਂ। ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥ ਜਿਸ ਨੂ ਮੁੰਕਮਲ ਮਾਲਕ ਆਪਣੀ ਰਜ਼ਾ ਅੰਦਰ ਮਾਫ਼ ਕਰ ਦਿੰਦਾ ਹੈ, ਉਹ ਸੱਚੇ ਅਮਲ ਕਮਾਉਂਦਾ ਹੈ। ਵਿਛੁੜਿਆ ਕਉ ਮੇਲਿ ਲਏ ਗੁਰ ਕਉ ਬਲਿ ਜਾਈਐ ॥੩॥ ਕੁਰਬਾਨ ਹਾਂ ਮੈਂ ਗੁਰਾਂ ਉਤੋਂ ਜੋ ਵਿਛੁੰਨਿਆਂ ਨੂੰ ਸਾਹਿਬ ਨਾਲ ਮਿਲਾ ਦਿੰਦੇ ਹਨ। ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥ ਸ੍ਰੇਸ਼ਟ ਹੈ ਸਮਝ ਗੁਰਦੇਵ ਜੀ ਦੀ ਅਤੇ ਉਨ੍ਹਾਂ ਦੇ ਰਾਹੀਂ ਉਨ੍ਹਾਂ ਦੇ ਫ਼ਰਮਾਂਬਰਦਾਰ ਸੇਵਕ ਦੀ ਸਮਝ ਭੀ ਚੰਗੀ ਹੋ ਗਈ ਹੈ। ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥ ਸੁੰਦਰ ਹੈ ਅਨੁਭਵ ਸੱਚੇ ਪੁਰਸ਼ ਦਾ ਅਤੇ ਫਿਕਲੀ ਹੈ ਅਕਲ ਮਨਮਤੀਏ ਦੀ। ਮਨੁ ਤਨੁ ਤੇਰਾ ਤੂ ਪ੍ਰਭੂ ਸਚੁ ਧੀਰਕ ਧੁਰ ਕੀ ॥੪॥ ਮੇਰੀ ਜਿੰਦੜੀ ਤੇ ਦੇਹ ਤੇਰੀ ਮਲਕੀਅਤ ਹਨ ਤੇ ਤੂੰ ਮੇਰਾ ਸਾਈਂ ਹੈਂ। ਐਨ ਆਰੰਭ ਤੋਂ ਕੇਵਲ ਸੱਚੇ ਹੀ ਮੇਰਾ ਆਸਰਾ ਹੈ। ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥ ਸੱਚ ਅੰਦਰ ਮੈਂ ਬਹਿੰਦਾ ਤੇ ਖੜੋਦਾਂ ਹਾਂ ਅਤੇ ਸੱਚ ਨੂੰ ਹੀ ਮੈਂ ਛਕਦਾ ਤੇ ਬੋਲਦਾ ਹਾਂ। ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥ ਮੈਂ ਸੱਚ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ, ਸੱਚ ਦੀ ਦੌਲਤ ਨੂੰ ਇਕੱਤਰ ਕਰਦਾ ਹਾਂ ਅਤੇ ਸੱਚ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ। ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥੫॥ ਮੈਂ ਸ੍ਰੇਸ਼ਟ ਗੁਰਬਾਣੀ ਨੂੰ ਉਚਾਰਦਾ ਹਾਂ ਅਤੇ ਤੂੰ ਹੇ ਸੱਚੇ ਸਾਹਿਬ! ਮੈਨੂੰ ਆਪਣੇ ਸੱਚੇ ਮੰਦਰ ਵਿੱਚ ਰਖਦਾ ਹੈਂ। ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥ ਅਧਰਮੀ ਸਾਈਂ ਦੇ ਨਾਮ ਨੂੰ ਸਿਮਰਨ ਵਿੱਚ ਬਹੁਤੀ ਸੁਸਤੀ ਕਰਦਾ ਹੈ ਤੇ ਇਸ ਲਈ ਉਜਾੜ ਬੀਆਬਾਨ ਵਿੱਚ ਫਸ ਜਾਂਦਾ ਹੈ। ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥ ਪਾਪਾਂ ਦੇ ਚੋਗੇ ਦਾ ਜਿਸ ਨੂੰ ਉਹ ਸਦੀਵ ਹੀ ਚੁਗਦਾ ਹੈ, ਲੁਭਾਇਮਾਨ ਕੀਤਾ ਹੋਇਆ, ਉਹ ਕੁੜਿਕੀ ਵਿੱਚ ਫਸ ਜਾਂਦਾ ਹੈ ਅਤੇ ਸੁਆਮੀ ਨਾਲ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ। ਗੁਰ ਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥੬॥ ਗੁਰਾਂ ਦੀ ਦਇਆ ਦੁਆਰਾ ਆਪਣੇ ਸੰਚੇ ਸਾਹਿਬ ਨਾਲ ਇਕਸੁਰ ਹੋਣ ਦੁਆਰਾ ਉਹ ਮੁਕਤ ਹੋ ਜਾਂਦਾ ਹੈ। ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥ ਪ੍ਰਭੂ ਦਾ ਗੋਲਾ ਆਪਣੇ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਨਾਲ ਲਗਾਤਾਰ ਵਿੰਨਿ੍ਹਆ ਰਹਿੰਦਾ ਹੈ। ਬਿਨੁ ਸਾਚੇ ਜੀਉ ਜਲਿ ਬਲਉ ਝੂਠੇ ਵੇਕਾਰੀ ॥ ਸੱਚੇ ਨਾਮ ਦੇ ਬਾਝੇ, ਕੂੜੇ ਪਾਪੀ ਪੂਰਸ਼ ਦੀ ਆਤਮਾ ਸੜ ਕੇ ਸੁਆਹ ਹੋ ਜਾਂਦੀ ਹੈ। ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ ॥੭॥ ਸਾਰੇ ਮੰਦੇ ਅਮਲਾਂ ਨੂੰ ਤਿਆਗ ਕੇ ਪ੍ਰਾਣੀ ਸੱਚ ਦੀ ਬੇੜੀ ਤੇ ਚੜ੍ਹ ਕੇ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ। ਜਿਨੀ ਨਾਮੁ ਵਿਸਾਰਿਆ ਤਿਨਾ ਠਉਰ ਨ ਠਾਉ ॥ ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਨੂੰ ਆਰਾਮ ਦਾ ਕੋਈ ਥਾਂ ਤੇ ਟਿਕਾਣਾ ਨਹੀਂ ਮਿਲਦਾ। ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥ ਆਪਣੇ ਲੋਭ ਨੂੰ ਛੱਡ ਕੇ, ਪ੍ਰਭੂ ਦਾ ਨਫ਼ਰ ਪ੍ਰਭੂ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ। ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥ ਜੇਕਰ ਤੂੰ ਮਾਫ਼ ਕਰ ਦੇਵੇਂ, ਕੇਵਲ ਤਦ ਹੀ ਤੂੰ ਪ੍ਰਾਣੀ ਨੂੰ ਆਪਣੇ ਨਾਲ ਮਿਲਾਉਂਦਾ ਹੈਂ, ਹੇ ਸੁਆਮੀ! ਤੇਰੇ ਉਤੋਂ ਨਾਨਕ ਘੋਲੀ ਵੰਝਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥ ਗੁਰਾਂ ਦੇ ਡਰ ਅੰਦਰ, ਰੱਬ ਦੇ ਗੋਲਾ ਸੁਖੈਨ ਹੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ। ਲਾਲੈ ਖਸਮੁ ਪਛਾਣਿਆ ਵਡੀ ਵਡਿਆਈ ॥ ਵਿਸ਼ਾਲ ਹੈ ਵਿਸ਼ਾਲਤਾ ਰੱਬ ਦੇ ਗੋਲੇ ਦੀ, ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ। ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥੧॥ ਆਪਣੇ ਸੁਆਮੀ ਨਾਲ ਮਿਲ ਕੇ ਬੰਦੇ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਮੁਲ ਪਾਇਆ ਨਹੀਂ ਜਾ ਸਕਦਾ। ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥ ਮੈਂ ਮਾਲਕ ਦਾ ਨਫ਼ਰ ਤੇ ਨੌਕਰ ਹਾਂ ਅਤੇ ਸਾਰੀ ਬਜ਼ੁਰਗੀ ਮਾਲਕ ਅੰਦਰ ਹੀ ਹੈ। ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥੧॥ ਰਹਾਉ ॥ ਮੈਂ ਸਾਹਿਬ ਦੀ ਸ਼ਰਣਾਗਤ ਅੰਦਰ ਵਸਦਾ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ ਬੰਦਖ਼ਲਾਸ ਹੋ ਗਿਆ ਹਾਂ। ਠਹਿਰਾਉ। ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥ ਆਪਣੀ ਪਰਮ ਸ੍ਰੇਸ਼ਟ ਸੇਵਾ ਦੇ ਕਮਾਉਣ ਦਾ ਬੁਨਿਆਦੀ ਹੁਕਮ ਹੈ, ਜੋ ਸੁਆਮੀ ਨੇ ਆਪਣੇ ਗੋਲੇ ਨੂੰ ਦਿੱਤਾ ਹੈ। ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ॥ ਗੋਲਾ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ ਅਤੇ ਸਦੀਵ ਹੀ ਉਸ ਦੀ ਰਜ਼ਾਂ ਦੀ ਪਾਲਣਾ ਕਰਦਾ ਹੈ। ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥੨॥ ਆਪ ਹੀ ਪਾਤਿਸ਼ਾਹ ਮਾਫ਼ੀ ਦਿੰਦਾ ਹੈ ਅਤੇ ਭਾਰੀ ਇੱਜ਼ਤ ਬਖ਼ਸ਼ਦਾ ਹੈ। ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥ ਗੁਰਾਂ ਦੀ ਬਾਣੀ ਦਰਸਾਉਂਦੀ ਹੈ ਕਿ ਪ੍ਰਭੂ ਖ਼ੁਦ ਸੱਚਾ ਹੈ ਅਤੇ ਸੱਚੇ ਹਨ ਉਸ ਦੇ ਸਮੂਹ ਗੋਲੇ। ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥ ਕੇਵਲ ਉਹ ਹੀ ਤੇਰੀ ਟਹਿਲ ਕਮਉਂਦਾ ਹੈ, ਹੇ ਸਾਈਂ! ਜਿਸ ਨੂੰ ਤੂੰ ਉਸ ਨਾਲ ਜੋੜਦਾ ਹੈਂ। ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥੩॥ ਪ੍ਰਭੂ ਦੀ ਟਹਿਲ ਸੇਵਾ ਦੇ ਬਾਝੋਂ, ਕੋਈ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਦਵੈਤ-ਭਾਵ ਅਤੇ ਸੰਦੇਹ ਅੰਦਰ, ਬੰਦੇ ਤਬਾਹ ਹੋ ਜਾਂਦੇ ਹਨ। ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ॥ ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਜੋ ਸਾਨੂੰ ਦਾਤਾਂ ਬਖ਼ਸ਼ਦਾ ਹੈ, ਜੋ ਦਿਨ-ਬ-ਦਿਨ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ। ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ ॥ ਆਤਮਾ ਅਤੇ ਦੇਹ ਸਮੂਹ ਉਸੇ ਦੀ ਮਲਕੀਅਤ ਹਨ। ਉਸ ਨੇ ਹੀ ਸਾਡੇ ਅੰਦਰ ਸੁਆਸ ਪਾਇਆ ਹੈ। ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥੪॥ ਜੇਕਰ ਸਾਈਂ ਮਿਹਰ ਧਾਰੇ, ਤਦ ਹੀ ਬੰਦਾ ਉਸ ਦੀ ਚਾਕਰੀ ਕਮਾਉਂਦਾ ਹੈ ਅਤੇ ਸੱਚੇ ਸਾਈਂ ਦੀ ਚਾਕਰੀ ਕਮਾ, ਉਹ ਉਹ ਵਿੱਚ ਲੀਨ ਥੀ ਵੰਝਦਾ ਹੈ। ਲਾਲਾ ਸੋ ਜੀਵਤੁ ਮਰੈ ਮਰਿ ਵਿਚਹੁ ਆਪੁ ਗਵਾਏ ॥ ਕੇਵਲ ਉਹ ਹੀ ਸੇਵਕ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੇ ਅੰਦਰੋਂ ਇਸ ਤਰ੍ਹਾਂ ਮਰਨ ਦੀ ਹੰਗਤਾ ਨੂੰ ਭੀ ਦੂਰ ਕਰ ਦਿੰਦਾ ਹੈ। ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥ ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ, ਉਸ ਦੀ ਖ਼ਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਮੋਖਸ਼ ਹੋ ਜਾਂਦਾ ਹੈ। ਸਭ ਮਹਿ ਨਾਮੁ ਨਿਧਾਨੁ ਹੈ ਗੁਰਮੁਖਿ ਕੋ ਪਾਏ ॥੫॥ ਸਾਰਿਆਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਪ੍ਰੰਤੂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ। ਲਾਲੇ ਵਿਚਿ ਗੁਣੁ ਕਿਛੁ ਨਹੀ ਲਾਲਾ ਅਵਗਣਿਆਰੁ ॥ ਦਾਸ ਵਿੱਚ ਕੋਈ ਨੇਕੀ ਨਹੀਂ। ਸੇਵਕ ਹੱਢੋਂ ਹੀ ਨੇਕੀ-ਵਿਹੂਣ ਹੈ। ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ ॥ ਕੋਈ ਭੀ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ, ਹੇ ਸਾਹਿਬ ਕੇਵਲ ਤੂੰ ਹੀ ਮਾਫ਼ੀ ਦੇਣਹਾਰ ਹੈਂ। ਤੇਰਾ ਹੁਕਮੁ ਲਾਲਾ ਮੰਨੇ ਏਹ ਕਰਣੀ ਸਾਰੁ ॥੬॥ ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ, ਕਿ ਤੇਰਾ ਗੋਲਾ ਤੇਰੀ ਅਗਿਆ ਦਾ ਪਾਲਣ ਕਰੇ। ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥ ਸੰਸਾਰ ਸਮੁੰਦਰ ਵਿੱਚ, ਗੁਰੂ ਜੀ ਆਬਿ-ਹਿਯਾਤ ਦੇ ਤਾਲਾਬ ਹਨ। ਜਿਹੜੀ ਭੀ ਕੋਈ ਵਾਸ਼ਨਾ ਧਾਰਦਾ ਹੈ, ਉਹ ਮੇਵਾ ਹੀ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ। ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ ॥ ਸਦੀਵ ਸੁਰਜੀਤ ਕਰ ਦੇਣ ਵਾਲੀ ਹੈ ਪ੍ਰਭੂ ਦੇ ਨਾਮ ਦੀ ਦੌਲਤ। ਗੁਰੂ ਜੀ ਇਸ ਨੂੰ ਰਿਦੇ ਤੇ ਦਿਲ ਅੰਦਰ ਟਿਕਾਉਂਦੇ ਹਨ। copyright GurbaniShare.com all right reserved. Email |