Page 1104

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥
ਕਬੀਰ ਜੀ ਆਖਦੇ ਹਨ, ਜੋ ਕੋਈ ਭੀ ਨਾਮ ਅੰਦਰ ਲੀਨ ਹੋ ਜਾਂਦਾ ਹੈ, ਉਹ ਪ੍ਰਭੂ ਦੀ ਪ੍ਰੀਤ ਅੰਦਰ ਇਸਥਿਤ ਰਿਹੰਦਾ ਹੈ।

ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥
ਜੇਕਰ ਤੂੰ ਮੈਨੂੰ ਆਪਣੇ ਕੋਲੋਂ ਦੁਰੇਡੇ ਰਖਦਾ ਹੈਂ, ਹੇ ਸੁਆਮੀ! ਤਦ ਤੂੰ ਮੈਨੂੰ ਦੱਸ, ਮੋਖ਼ਸ਼ ਕੀ ਹੈ?

ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥
ਤੂੰ ਹੇ ਅਦੁੱਤੀ ਪ੍ਰਭੂ ਘਣੇਰਿਆਂ ਸਰੂਪਾਂ ਵਾਲਾ ਹੈਂ ਅਤੇ ਸਾਰਿਆਂ ਅੰਦਰ ਵਿਆਪਕ ਹੈਂ। ਤੂੰ ਹੁਣ ਮੈਨੂੰ ਕਿਸ ਤਰ੍ਹਾਂ ਭਰਮਾ ਸਕਦਾ ਹੈਂ?

ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥
ਹੇ ਸੁਆਮੀ! ਮੋਖ਼ਸ਼ ਦੇ ਲਈ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਗਾਂ?

ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥
ਮੈਨੂੰ ਦਸ, ਤੂੰ ਮੈਨੂੰ ਕਿਥੇ ਅਤੇ ਕੇਹੋ ਜੇਹੀ ਕਲਿਆਣ ਦੇਵੇਗਾਂ? ਤੇਰੀ ਮਿਹਰ ਦੁਆਰਾ ਪਹਿਲਾਂ ਹੀ ਮੈਂ ਇਸ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।

ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥
ਜਦ ਤਾਂਈਂ ਬੰਦਾ ਅਸਲੀਅਤ ਨੂੰ ਨਹੀਂ ਜਾਣਦਾ, ਉਦੋਂ ਤਾਂਈਂ ਉਹ ਤਾਰਨ ਵਾਲਾ ਅਤੇ ਤਰਨ ਵਾਲਾ ਆਖਦਾ ਹੈ।

ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥
ਕਬੀਰ ਜੀ ਆਖਦੇ ਹਨ, ਹੁਣ ਮੈਂ ਆਪਣੇ ਅੰਤਰ-ਆਤਮੇ ਮੈਲ-ਰਹਿਤ ਹੋ ਗਿਆ ਹਾਂ ਅਤੇ ਮੇਰੀ ਜਿੰਦੜੀ ਪ੍ਰਸੰਨ ਥੀ ਗਈ ਹੈ।

ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥
ਜਿਸ ਨੇ ਸੋਨੇ ਦਾ ਕਿਲ੍ਹਾ ਅਤੇ ਫ਼ਸੀਲ ਬਣਾਏ ਸਨ; ਉਨ੍ਹਾਂ ਨੂੰ ਛੱਡ ਕੇ ਉਸ ਰਾਵਨ ਨੂੰ ਜਾਣਾ ਪਿਆ।

ਕਾਹੇ ਕੀਜਤੁ ਹੈ ਮਨਿ ਭਾਵਨੁ ॥
ਹੇ ਬੰਦੇ! ਤੂੰ ਕਿਉਂ ਆਪਣੀਆਂ ਮਨ-ਮਾਨੀਆਂ ਕਰਦਾ ਹੈਂ?

ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
ਜਦ ਮੌਤ ਦੇ ਦੂਤ ਨੇ ਆ ਕੇ ਤੈਨੂੰ ਜੁੰਡਿਆਂ ਤੋਂ ਫੜਿਆ, ਤਦ ਉਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੀ ਖ਼ਲਾਸੀ ਕਰਾਵੇਗਾ। ਠਹਿਰਾਉ।

ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ ॥
ਮੌਤ ਅਤੇ ਜਨਮ ਸੁਆਮੀ ਦੀ ਰਚਨਾ ਹਨ। ਇਹ ਸੰਸਾਰ ਇੱਕ ਫਾਹੀ ਹੀ ਹੈ।

ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ੍ਹ ਹਿਰਦੈ ਰਾਮ ਰਸਾਇਨੁ ॥੨॥੬॥
ਕਬੀਰ ਜੀ ਆਖਦੇ ਹਨ, ਉਹ ਓੜਕ ਨੂੰ ਮੋਖ਼ਸ਼ ਹੋ ਜਾਂਦੇ ਹਨ, ਜਿਨ੍ਹਾਂ ਦੇ ਮਨ ਅੰਦਰ ਸਾਹਿਬ ਦੇ ਨਾਮ ਦਾ ਅੰਮ੍ਰਿਤ ਹੈ।

ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥
ਕਾਂਇਆ ਇੱਕ ਪਿੰਡ ਹੈ ਅਤੇ ਆਤਮਾ ਖੇਤ ਦੀ ਮਾਲਕਣ ਹੈ। ਪੰਜ ਕਾਸ਼ਤਕਾਰ ਉਸ ਵਿੱਚਵਸਦੇ ਹਨ।

ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥
ਅੱਖਾਂ, ਨੱਕ, ਕੰਨ, ਜੀਭ ਅਤੇ ਸਪਰਸ਼; ਇਹ ਅੰਗ ਮੇਰਾ ਹੁਕਮ ਨਹੀਂ ਮੰਨਦੇ।

ਬਾਬਾ ਅਬ ਨ ਬਸਉ ਇਹ ਗਾਉ ॥
ਹੇ ਪਿਤਾ! ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ।

ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥
ਚਿਤ੍ਰ ਤੇ ਗੁਪਤ ਨਾਮ ਦੇ ਮੁਨੀਮ ਮੇਰੇ ਕੋਲੋਂ ਮੇਰੇ ਹਰ ਇਕ ਘੜੀ ਦਾ ਹਿਸਾਬ-ਕਿਤਾਬ ਮੰਗਦੇ ਹਨ। ਠਹਿਰਾਉ।

ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
ਜਦ ਧਰਮਰਾਜਾ ਮੇਰੇ ਕੋਲੋਂ ਲੇਖਾ ਪੱਤਾ ਮੰਗੇਗਾ ਤਾਂ ਮੇਰੇ ਜ਼ਿੰਮੇ ਵੱਡਾ ਬਕਾਇਆ ਨਿਕਲੇਗਾ।

ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥
ਪੰਜ ਕਿਸਾਨ ਤਦ ਨੱਸ ਜਾਣਗੇ ਅਤੇ ਪਿਆਦਾ ਆਤਮਾ ਨੂੰ ਗ੍ਰਿਫਤਾਰ ਕਰ ਲਵੇਗਾ।

ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥
ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਆਪਣਾ ਹਿਸਾਬ ਕਿਤਾਬ ਇਸ ਜੀਵਨ ਦੀ ਪੈਲੀ ਵਿੱਚ ਹੀ ਮੁਕਾ ਕਿਓ।

ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥
ਤੂੰ ਆਪਣੇ ਗੋਲੇ (ਸੇਵਕ) ਨੂੰ ਐਸ ਵਾਰੀ ਮੁਆਫ਼ ਕਰ ਦੇ, ਤਾਂ ਜੋ ਉਹ ਮੁੜ ਕੇ ਇਸ ਭਿਆਨਕ ਸਮੁੰਦਰ ਵਲ ਗੇੜਾ ਨਾਂ ਕੱਢੋ।

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ
ਰਾਗ ਮਾਰੂ। ਕਬੀਰ ਮਹਾਰਾਜਾ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥
ਹੇ ਤਿਆਗੀ, ਕਿਸੇ ਨੇ ਭੀ ਭੈ-ਰਹਿਤ ਸੁਆਮੀ ਨੂੰ ਨਹੀਂ ਵੇਖਿਆ।

ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥
ਕੀ ਨਿੱਡਰ ਪ੍ਰਭੂ, ਉਸ ਦਾ ਡਰ ਧਾਰਨ ਕਰਨ ਦੇ ਬਗ਼ੈਰ ਪਾਇਆ ਜਾ ਸਕਦਾ ਹੈ, ਹੇ ਭਾਈ?

ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥
ਜੇਕਰ ਪ੍ਰਾਣੀ ਕੰਤ ਨੂੰ ਨੇੜੇ (ਅੰਗ ਸੰਗ) ਹੀ ਵੇਖੇ, ਕੇਵਲ ਤਦ, ਹੀ ਉਹ ਉਸ ਦਾ ਡਰ ਧਾਰਨ ਕਰਦਾ ਹੈ, ਹੇ ਤਿਆਗੀ।

ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥
ਜੇਕਰ ਇਨਸਾਨ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰ ਲਵੇ, ਕੇਵਲ ਤਦ ਹੀ ਉਹ ਡਰ-ਰਹਿਤ ਹੁੰਦਾ ਹੈ, ਹੇ ਭਾਈ!

ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥
ਤੂੰ ਆਪਣੇ ਵਾਹਿਗੁਰੂ ਨਾਲ ਦੰਭ ਨਾਂ ਕਰ, ਹੇ ਇਕਾਂਤੀ!

ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥
ਸਾਰੇ ਪੁਰਸ਼ ਦੰਭ ਨਾਲ ਰੰਗੇ ਹੋਏ ਹਨ, ਹੇ ਭਰਾ!

ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥
ਲਾਲਚ ਇਨਸਾਨ ਦਾ ਖਹਿੜਾ ਨਹੀਂ ਛੱਡਦਾ, ਹੇ ਵਿੱਰਕਤ!

ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥
ਪ੍ਰਾਣੀ ਦੀ ਦੇਹ ਸੰਸਾਰੀ ਮੋਹ ਦੀ ਅੱਗ ਵਿੱਚ ਸੜ ਰਹੀ ਹੈ, ਹੇ ਭਾਈ!

ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥
ਫ਼ਿਕਰ ਦੀ ਅੱਗ ਨੇ ਦੇਹ ਨੂੰ ਸਾੜ ਸੁੱਟਿਆ ਹੈ, ਹੇ ਤਿਆਗੀ!

ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥
ਇਨਸਾਨ ਇਸ ਕੋਲੋਂ ਬੱਚ ਜਾਂਦਾ ਹੈ, ਜੇਕਰ ਉਹ ਆਪਦੇ ਮਨ ਨੂੰ ਮਾਰ ਲਵੇ, ਹੇ ਭਾਈ!

ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥
ਹੇ ਤਿਆਗੀ! ਸੱਚੇ ਗੁਰਾਂ ਦੇ ਬਗ਼ੈਰ, ਕੋਈ ਉਪਰਾਮਤਾ ਨਹੀਂ ਹੋ ਸਕਦੀ,

ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥
ਭਾਵੇਂ ਹਰ ਜਣਾ ਇਸ ਦੀ ਖ਼ਾਹਿਸ਼ ਪਿਆ ਕਰੇ।

ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥
ਹੇ ਤਿਆਗੀ, ਜੇਕਰ ਪ੍ਰਾਣੀ ਉੱਤੇ ਸਾਹਿਬ ਦੀ ਰਹਿਮਤ ਹੋਵ ਤਾਂ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ,

ਸਹਜੇ ਪਾਵੈ ਸੋਇ ਵਣਾਹੰਬੈ ॥੭॥
ਅਤੇ ਸੁਚੈਨ ਹੀ ਉਸ ਪ੍ਰਭੂ ਨੂੰ ਪਾ ਲੈਂਦਾ ਹੈ।

ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥
ਹੇ ਤਿਆਗੀ! ਕਬੀਰ ਜੀ ਇਕ ਬੇਨਤੀ ਕਰਦੇ ਹਨ,

ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥
ਕਿ ਪ੍ਰਭੂ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੌਂ ਪਾਰ ਦੇਵੇ।

copyright GurbaniShare.com all right reserved. Email