ਭੈਰਉ ਮਹਲਾ ੫ ॥ ਭੈਰਓ ਪੰਜਵੀਂ ਪਾਤਸ਼ਾਹੀ। ਨਿਰਧਨ ਕਉ ਤੁਮ ਦੇਵਹੁ ਧਨਾ ॥ ਤੂੰ ਗਰੀਬਾਂ ਨੂੰ ਦੌਲਤ ਬਖਸ਼ਦਾ ਹੈ, ਹੇ ਪ੍ਰਭੂ! ਅਨਿਕ ਪਾਪ ਜਾਹਿ ਨਿਰਮਲ ਮਨਾ ॥ ਤੇਰੇ ਰਾਹੀਂ ਅਨੇਕਾਂ ਹੀ ਕਸਮਲ ਧੋਤੇ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਸਗਲ ਮਨੋਰਥ ਪੂਰਨ ਕਾਮ ॥ ਤੇਰੇ ਰਾਹੀਂ ਸਾਰੀਆਂ ਅਭਿਲਾਸ਼ਾਂ ਅਤੇ ਕਾਰਜ ਸੰਪੂਰਨ ਹੋ ਜਾਂਦੇ ਹਨ। ਭਗਤ ਅਪੁਨੇ ਕਉ ਦੇਵਹੁ ਨਾਮ ॥੧॥ ਹੇ ਵਾਹਿਗੁਰੂ! ਆਪਣੇ ਸਾਧੂਆਂ ਨੂੰ ਤੂੰ ਆਪਣਾ ਨਾਮ ਪ੍ਰਦਾਨ ਕਰਦਾ ਹੈਂ। ਸਫਲ ਸੇਵਾ ਗੋਪਾਲ ਰਾਇ ॥ ਫਲਦਾਇਕ ਹੈ ਟਹਿਲ ਸੇਵਾ ਮੇਰੇ ਪ੍ਰਭੂ ਪਾਤਿਸ਼ਾਹ ਦੀ। ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਮੇਰਾ ਸੁਆਮੀ ਮਾਲਕ! ਉਸ ਦੇ ਬੂਹੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਠਹਿਰਾਉ। ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਬੀਮਾਰ ਦੀ ਪ੍ਰਭੂ ਬੀਮਾਰੀ ਕੱਟ ਦਿੰਦਾ ਹੈ। ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥ ਪੀੜਤ ਪ੍ਰਾਣੀ ਦਾ ਪ੍ਰਭੂ ਗਮ ਦੂਰ ਕਰ ਦਿੰਦਾ ਹੈ। ਨਿਥਾਵੇ ਕਉ ਤੁਮ੍ਹ੍ਹ ਥਾਨਿ ਬੈਠਾਵਹੁ ॥ ਟਿਕਾਣੇ ਰਹਿਤ ਨੂੰ ਤੂੰ ਟਿਕਾਣੇ ਤੇ ਬਹਾਲ ਦਿੰਦਾ ਹੈ, ਹੇ ਸਾਈਂ! ਦਾਸ ਅਪਨੇ ਕਉ ਭਗਤੀ ਲਾਵਹੁ ॥੨॥ ਆਪਣੇ ਗੁਮਾਸ਼ਤੇ ਨੂੰ ਹੇ ਸੁਆਮੀ! ਤੂੰ ਆਪਣੀ ਪ੍ਰੇਮ ਮਈ ਸੇਵਾ ਵਿੱਚ ਜੋੜ ਲੈਂਦਾ ਹੈ। ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਤੂੰ ਹੇ ਸੁਆਮੀ! ਬੇਇਜਤੇ ਨੂੰ ਇਜਤ ਬਖਸ਼ਦਾ ਹੈ। ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ ਤੇਰੇ ਰਾਹੀਂ ਮੂਰਖ ਅਤੇ ਬੇਸਮਝ ਬੰਦਾ ਦਾਨਾ ਅਤੇ ਬਹੁਤ ਸਿਆਣਾ ਹੋ ਜਾਂਦਾ ਹੈ, ਹੇ ਸੁਆਮੀ! ਸਗਲ ਭਇਆਨ ਕਾ ਭਉ ਨਸੈ ॥ ਉਸਦੇ ਸਾਰੇ ਡਰਾਂ ਦਾ ਤ੍ਰਾਹ ਦੌੜ ਜਾਂਦਾ ਹੈ, ਜਨ ਅਪਨੇ ਕੈ ਹਰਿ ਮਨਿ ਬਸੈ ॥੩॥ ਜਿਸ ਗੋਲੇ ਦੇ ਚਿੱਤ ਦੇ ਅੰਦਰ ਰਬ ਵੱਸਦਾ ਹੈ। ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥ ਸ਼ਰੋਮਣੀ ਸੁਆਮੀ ਮਾਲਕ ਪ੍ਰਸੰਨਤਾ ਦਾ ਖਜਾਨਾ ਹੈ। ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥ ਹਰੀ ਦਾ ਸੁਧਾ-ਸਰੂਪ ਨਾਮ ਅਸਲੀ ਬ੍ਰਹਮ ਗਿਆਤਾ ਹੈ। ਕਰਿ ਕਿਰਪਾ ਸੰਤ ਟਹਲੈ ਲਾਏ ॥ ਆਪਣੀ ਰਹਿਮਤ ਧਾਰ ਕੇ ਜਦ ਸਾਈਂ ਬੰਦੇ ਨੂੰ ਸਾਧੂਆਂ ਦੀ ਸੇਵਾ ਅੰਦਰ ਜੋੜਦਾ ਹੈ, ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥ ਉਹ ਹੇ ਨਾਨਕ! ਤਦ ਸਤਿਸੰਗਤ ਦੇ ਰਾਹੀਂ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਸੰਤ ਮੰਡਲ ਮਹਿ ਹਰਿ ਮਨਿ ਵਸੈ ॥ ਸਤਿਸੰਗਤ ਰਾਹੀਂ ਸੁਆਮੀ ਪ੍ਰਾਨੀ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥ ਸੰਤ ਸਮਾਗਮ ਦੇ ਰਾਹੀਂ ਸਾਰੇ ਕਸਮਲ ਦੌੜ ਜਾਂਦੇ ਹਨ। ਸੰਤ ਮੰਡਲ ਮਹਿ ਨਿਰਮਲ ਰੀਤਿ ॥ ਸਤਿ ਸੰਗਤ ਅੰਦਰ ਇਨਸਾਨ ਪਵਿੱਤਰ ਜੀਵਨ ਰਹੁ-ਰੀਤੀ ਪ੍ਰਾਪਤ ਕਰ ਲੈਂਦਾ ਹੈ। ਸੰਤਸੰਗਿ ਹੋਇ ਏਕ ਪਰੀਤਿ ॥੧॥ ਸਾਧ ਸੰਗਤ ਦੇ ਰਾਹੀਂ ਇਨਸਾਨ ਦੀ ਇੱਕ ਪ੍ਰਭੂ ਨਾਲ ਪਿਰਹੜੀ ਪੈ ਜਾਂਦੀ ਹੈ। ਸੰਤ ਮੰਡਲੁ ਤਹਾ ਕਾ ਨਾਉ ॥ ਸਿਰਫ ਉਸ ਨੂੰ ਹੀ ਸਤਿਸੰਗਤ ਆਖਿਆ ਜਾਂਦਾ ਹੈ, ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥ ਜਿਥੇ ਵਾਹਿਦ ਪਰਮ ਪ੍ਰਭੂ ਦੀਆਂ ਸਿਫਤਾਂ ਹੀ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾੳ। ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥ ਸਤਿ ਸੰਗਤ ਦੁਆਰਾ ਜੀਵ ਜੰਮਣ ਅਤੇ ਮਰਣ ਤੋਂ ਖਲਾਸੀ ਪਾ ਜਾਂਦਾ ਹੈ। ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥ ਸਤਿ ਸੰਗਤ ਦੇ ਰਾਹੀਂ, ਮੌਤ ਦਾ ਦੂਤ ਇਨਸਾਨ ਨੂੰ ਛੂੰਹਦਾ ਤੱਕ ਨਹੀਂ। ਸੰਤਸੰਗਿ ਹੋਇ ਨਿਰਮਲ ਬਾਣੀ ॥ ਸਤਿ ਸੰਗਤ ਅੰਦਰ, ਬੰਦੇ ਦੀ ਬੋਲ ਬਾਣੀ ਪਵਿੱਤਰ ਹੋ ਜਾਂਦੀ ਹੈ। ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥ ਸਤਿ ਸੰਗਤ ਅੰਦਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ। ਸੰਤ ਮੰਡਲ ਕਾ ਨਿਹਚਲ ਆਸਨੁ ॥ ਸਦੀਵੀ ਸਥਿਰ ਹੈ ਸਾਧ ਸਮਾਗਮ ਦਾ ਟਿਕਾਣਾ। ਸੰਤ ਮੰਡਲ ਮਹਿ ਪਾਪ ਬਿਨਾਸਨੁ ॥ ਸਾਧ ਸਮਾਗਮ ਅੰਦਰ ਪਾਪ ਕੱਟੇ ਜਾਂਦੇ ਹਨ। ਸੰਤ ਮੰਡਲ ਮਹਿ ਨਿਰਮਲ ਕਥਾ ॥ ਸਾਧ ਸੰਗਤ ਅੰਦਰ, ਵਾਹਿਗੁਰੂ ਦੀ ਪਵਿੱਤਰ ਕਥਾਵਾਰਤਾ ਬਿਆਨ ਕੀਤੀ ਜਾਂਦੀ ਹੈ। ਸੰਤਸੰਗਿ ਹਉਮੈ ਦੁਖ ਨਸਾ ॥੩॥ ਸਤਿ ਸੰਗਤ ਦੇ ਰਾਹੀਂ ਹੰਕਾਰ ਦੀ ਬਿਮਾਰੀ ਦੌੜ ਜਾਂਦੀ ਹੈ। ਸੰਤ ਮੰਡਲ ਕਾ ਨਹੀ ਬਿਨਾਸੁ ॥ ਸੰਤ ਸੰਗਤ ਨਾਸ ਨਹੀਂ ਹੁੰਦੀ। ਸੰਤ ਮੰਡਲ ਮਹਿ ਹਰਿ ਗੁਣਤਾਸੁ ॥ ਸਤਿਸੰਗਤ ਅੰਦਰ ਵਾਹਿਗੁਰੂ ਦੀਆਂ ਨੇਕੀਆਂ ਦਾ ਖਜਾਨਾ ਵੱਸਦਾ ਹੈ। ਸੰਤ ਮੰਡਲ ਠਾਕੁਰ ਬਿਸ੍ਰਾਮੁ ॥ ਸਾਧ ਸੰਗਤ ਸੁਆਮੀ ਮਾਲਕ ਦਾ ਨਿਵਾਸ ਅਸਥਾਨ ਹੈ। ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥ ਨਾਨਕ, ਤਾਣੇ ਅਤੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਸੰਤਾਂ ਨਾਲ ਉਣਿਆ ਹੋਇਆ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਰੋਗੁ ਕਵਨੁ ਜਾਂ ਰਾਖੈ ਆਪਿ ॥ ਬੀਮਾਰੀ ਕੀ ਹੈ, ਜਦ ਪ੍ਰਭੂ ਖੁਦ ਰੱਖਿਆ ਕਰਦਾ ਹੈ। ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥ ਜਿਸ ਦੀ ਪ੍ਰਭੂ ਰੱਖਿਆ ਕਰਦਾ ਹੈ, ਉਸ ਇਨਸਾਨ ਨੂੰ ਕਸ਼ਟ ਅਤੇ ਸ਼ੋਕ ਨਹੀਂ ਵਾਪਰਦੇ। ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥ ਜਿਸ ਉਤੇ ਸੁਆਮੀ ਦੀ ਰਹਿਮਤ ਹੈ, ਤਿਸੁ ਊਪਰ ਤੇ ਕਾਲੁ ਪਰਹਰੈ ॥੧॥ ਉਸ ਦੇ ਉਤੋਂ ਸੁਆਮੀ ਮੌਤ ਨੂੰ ਪਰੇ ਹਟਾ ਦਿੰਦਾ ਹੈ। ਸਦਾ ਸਖਾਈ ਹਰਿ ਹਰਿ ਨਾਮੁ ॥ ਸਾਈਂ ਹਰੀ ਦਾ ਨਾਮ ਸਦੀਵ ਹੀ ਬੰਦੇ ਦਾ ਸਹਾਇਕ ਹੈ। ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥ ਜੋ ਕੋਈ ਨਾਮ ਦਾ ਆਰਾਧਨ ਕਰਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਓ। ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥ ਜਦ ਇਹ ਪ੍ਰਾਣੀ ਹੋਂਦ ਵਿੱਚ ਹੀ ਨਹੀਂ ਸੀ, ਤਦ ਇਸਨੂੰ ਕਿਸ ਨੇ ਪੈਦਾ ਕੀਤਾ ਸੀ? ਕਵਨ ਮੂਲ ਤੇ ਕਿਆ ਪ੍ਰਗਟਾਇਆ ॥ ਕਿਸ ਬੀਜ ਤੋਂ ਸੁਆਮੀ ਨੇ ਕੀ ਜਾਹਿਰ ਕਰ ਦਿੱਤਾ ਹੈ? ਆਪਹਿ ਮਾਰਿ ਆਪਿ ਜੀਵਾਲੈ ॥ ਆਪੇ ਸੁਆਮੀ ਮਾਰਦਾ ਹੈ ਤੇ ਆਪੇ ਸੁਰਜੀਤ ਕਰਦਾ ਹੈ। ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥ ਆਪਣੇ ਅਨੁਰਾਗੀ ਨੂੰ ਸਾਈਂ ਸਦੀਵ ਹੀ ਪਾਲਦਾ ਪੋਸਦਾ ਹੈ। ਸਭ ਕਿਛੁ ਜਾਣਹੁ ਤਿਸ ਕੈ ਹਾਥ ॥ ਜਾਣ ਲੈ ਕਿ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ। ਪ੍ਰਭੁ ਮੇਰੋ ਅਨਾਥ ਕੋ ਨਾਥ ॥ ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ। ਦੁਖ ਭੰਜਨੁ ਤਾ ਕਾ ਹੈ ਨਾਉ ॥ ਪੀੜ ਨੂੰ ਨਾਸ ਕਰਨ ਵਾਲਾ ਹੈ, ਉਸ ਦਾ ਨਾਮ। ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥ ਉਸ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ, ਤੂੰ ਆਰਾਮ ਪਾ ਲਵੇਗਾ, ਹੇ ਬੰਦੇ! ਸੁਣਿ ਸੁਆਮੀ ਸੰਤਨ ਅਰਦਾਸਿ ॥ ਹੇ ਪ੍ਰਭੂ! ਤੂੰ ਆਪਣੇ ਸਾਧੂ ਦੀ ਪ੍ਰਾਰਥਨਾਂ ਸ੍ਰਵਣ ਕਰ। ਜੀਉ ਪ੍ਰਾਨ ਧਨੁ ਤੁਮ੍ਹ੍ਹਰੈ ਪਾਸਿ ॥ ਆਪਣੀ ਜਿੰਦੜੀ, ਜਿੰਦ ਜਾਨ ਅਤੇ ਧਨ ਦੌਲਤ ਮੈਂ ਤੈਨੂੰ ਸਮਰਪਨ ਕਰਦਾ ਹਾਂ, ਹੇ ਸੁਆਮੀ! ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥ ਇਹ ਸਮੂਹ ਆਲਮ ਤੇਰਾ ਹੈ ਅਤੇ ਇਹ ਤੇਰਾ ਹੀ ਆਰਾਧਨ ਕਰਦਾ ਹੈ, ਹੇ ਮੇਰੇ ਮਾਲਕ! copyright GurbaniShare.com all right reserved. Email |