ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥ ਤੂੰ ਆਪਣੇ ਵਲਛਲ ਨੂੰ ਤਿਆਗ ਦੇ, ਦੁਸ਼ਮਨੀ-ਰਹਿਤ ਹੋ ਜਾ ਅਤੇ ਉਸ ਸੁਆਮੀ ਨੂੰ ਸਦਾ ਹੀ ਆਪਣੇ ਨਾਲ ਵੇਖ। ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥ ਤੂੰ ਕੇਵਲ ਸੱਚੇ ਨਾਮ ਦੀ ਦੌਲਤ ਦਾ ਵਾਪਾਰ ਕਰ ਤੇ ਤੂੰ ਸੱਚੇ ਨਾਮ ਦੀ ਦੌਲਤ ਨੂੰ ਹੀ ਇਕੱਤਰ ਕਰ। ਇਸ ਤਰ੍ਹਾਂ ਤੂੰ ਕਦੇ ਭੀ ਹਾਰ ਖਾ ਕੇ ਨਹੀਂ ਆਵੇਗਾ। ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥ ਖਰਚਣ ਅਤੇ ਖਾਣ ਨਾਲ ਇਹ ਮੁਕਦਾ ਨਹੀਂ, ਕਿਉਂਕਿ ਸੁਆਮੀ ਕੋਲ ਇਸ ਦੇ ਅਣਗਿਣਤ ਹੀ ਪਰੀਪੂਰਨ ਖ਼ਜ਼ਾਨੇ ਹਨ। ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥ ਗੇਰੂ ਜੀ ਆਖਦੇ ਹਨ, ਕੇਵਲ ਇਸ ਤਰ੍ਹਾਂ ਹੀ ਮਾਨ ਪ੍ਰਤਿਸ਼ਟਾ ਸਹਿਤ ਤੂੰ ਸ਼ਰੋਮਣੀ ਸੁਆਮੀ ਦੇ ਦਰਬਾਰ ਨੂੰ ਜਾਵੇਗਾ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥ ਹੇ ਮਹਾਰਾਜ ਮਾਲਕ! ਮੈਂ ਕਿਹੋ ਜਿਹਾ ਨਿਖਸਮਾ ਤੇ ਨਿਰਬਲ ਹਾਂ? ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥ ਕਿਹੋ ਜਿਹੇ ਮੁੱਢ ਤੋਂ ਤੂੰ ਮੈਨੂੰ ਇਨਸਾਨ ਬਣਾਇਆ ਹੈ। ਇਹ ਹੈ ਤੇਰੀ ਪ੍ਰਭਤਾ। ਠਹਿਰਾਉ। ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥ ਤੂੰ ਹੇ ਸਾਈਂ ਸਾਰਿਆਂ ਨੂੰ ਜਿੰਦੜੀ ਤੇ ਜਿੰਦ-ਜਾਨ ਬਖਸ਼ਣ ਵਾਲਾ ਹੈ। ਤੇਰੀਆਂ ਬੇਅੰਤ ਨੇਕੀਆਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ। ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥ ਤੂੰ ਸਾਰਾ ਦਾ ਪਿਆਰਾ ਹੈ, ਸਾਰਿਆਂ ਦਾ ਪਾਲਣ-ਪੋਸਣਹਾਰ ਅਤੇ ਸਾਰਿਆਂ ਦਿਲਾਂ ਦਾ ਆਸਰਾ ਹੈ। ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥ ਕੋਈ ਭੀ ਤੇਰੀ ਅਵਸਥਾ ਅਤੇ ਵਿਸਥਾਰ ਨੂੰ ਨਹੀਂ ਜਾਣਦਾ। ਕੇਵਲ ਤੂੰ ਹੀ ਸੰਸਾਰ ਨੂੰ ਸਾਜਿਆ ਹੈ। ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥ ਗੁਰੂ ਜੀ ਆਖਦੇ ਹਨ, ਤੂੰ ਮੈਨੂੰ ਸੰਤਾਂ ਦੀ ਬੇੜੀ ਵਿੱਚ ਬਿਠਾ ਦੇ, ਹੇ ਸਾਹਿਬ! ਤਾਂ ਜੋ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਆਵੈ ਰਾਮ ਸਰਣਿ ਵਡਭਾਗੀ ॥ ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਸੁਆਮੀ ਦੀ ਪਨਾਹ ਲੈਂਦਾ ਹੈ। ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥ ਇਕ ਪ੍ਰਭੂ ਦੇ ਬਗੈਰ, ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਉਹ ਹੋਰ ਉਪਰਾਲੇ ਛੱਡ ਦਿੰਦਾ ਹੈ। ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥ ਆਪਣੇ ਖਿਆਲ ਬਾਣੀ ਅਤੇ ਅਮਲ ਨਾਲ ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਸਤਿਸੰਗਤ ਅੰਦਰ ਆਰਾਮ ਪਾਉਂਦਾ ਹੈ। ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥ ਉਹ ਖੁਸ਼ੀ ਰੰਗ-ਰਲੀਆਂ ਅਤੇ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਸੁਆਦਾਂ ਨੂੰ ਮਾਣਦਾ ਹੈ ਅਤੇ ਸੱਚੇ ਸੁਆਮੀ ਅੰਦਰ ਸੁਖੈਨ ਹੀ ਲੀਨ ਹੋ ਜਾਂਦਾ ਹੈ। ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥ ਮਿਹਰਧਾਰ ਕੇ ਜਿਸ ਨੂੰ ਮਾਲਕ ਆਪਣਾ ਨਿੱਜ ਦਾ ਬਣਾ ਲੈਂਦਾ ਹੈ, ਸਰੇਸ਼ਟ ਹਨ ਉਸ ਦੇ ਬਚਨ-ਬਿਲਾਸ। ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥ ਹੇ ਨਾਨਕ! ਸਤਿਸੰਗਤ ਰਾਹੀਂ ਕੇਵਲ ਉਹ ਹੀ ਮੁਕਤ ਹੁੰਦੇ ਹਨ ਜੋ ਆਪਣੇ ਨਿਰਲੇਪ ਪ੍ਰਭੂ ਨਾਲ ਰੰਗੀਜੇ ਹੋਏ ਹਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਜਾ ਤੇ ਸਾਧੂ ਸਰਣਿ ਗਹੀ ॥ ਜਦ ਦੀ ਮੈਂ ਸੰਤਾਂ ਦੀ ਪਨਾਹ ਪਕੜੀ ਹੈ, ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥ ਠੰਢ-ਚੈਨ ਤੇ ਅਡੋਲਤਾ ਨਾਲ ਮੇਰਾ ਚਿੱਤ ਪ੍ਰਕਾਸ਼ਵਾਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਪੀੜਾਂ ਮਿਟ ਗਈਆਂ ਹਨ। ਠਹਿਰਾਉ। ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥ ਤੂੰ ਦਇਆਵਾਨ ਹੋ, ਹੇ ਪ੍ਰਭੂ! ਅਤੇ ਮੈਨੂੰ ਆਪਣਾ ਨਾਮ ਬਖਸ਼। ਇਹ ਪ੍ਰਾਰਥਨਾ ਹੀ ਮੈਂ ਕਰਦਾ ਹਾਂ। ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥ ਸੁਆਮੀ ਦਾ ਸਿਮਰਨ ਕਰਨ ਦੁਆਰਾ ਹੋਰ ਕੰਮਕਾਰ ਭੁੱਲ ਜਾਂਦੇ ਹਨ ਤੇ ਜੀਵ ਠੀਕ ਨਫਾ ਪਰਾਪਤ ਕਰ ਲੈਂਦਾ ਹੈ। ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥ ਜਿਸ ਵਿੱਚੋ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਉਹ ਲੀਨ ਹੋ ਜਾਂਦਾ ਹੈ। ਅਸਲ ਵਿੱਚ, ਉਹ ਉਹੀ ਅਮੋਲਕ ਪਦਾਰਥ ਸੀ। ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਰਸਨਾ ਰਾਮ ਕੋ ਜਸੁ ਗਾਉ ॥ ਹੇ ਮੇਰੀ ਜੀਭੇ! ਤੂੰ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰ। ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥ ਤੂੰ ਹੋਰ ਸਾਰੇ ਜ਼iਾੲਕੇ ਛੱਡ ਦੇ। ਸਰੇਸ਼ਟ ਹੈ ਲੱਜ਼ਤ ਪ੍ਰਭੂ ਦੇ ਨਾਮ ਦੀ। ਠਹਿਰਾਉ। ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥ ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰ ਆਪਣੇ ਮਨ ਅੰਦਰ ਟਿਕਾ ਅਤੇ ਇਕ ਪ੍ਰਭੂ ਨਾਲ ਹੀ ਤੂੰ ਪਿਰਹੜੀ ਪਾ। ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥ ਸਤਿਸੰਗਤ ਰਾਹੀਂ, ਤੂੰ ਪਾਵਨ ਪਵਿੱਤਰ ਹੋ ਜਾਏਗਾ ਅਤੇ ਮੁੜ ਕੇ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰੇਗਾ। ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥ ਹੇ ਪ੍ਰਭੂ! ਤੂੰ ਮੇਰੀ ਜਿੰਦੜੀ ਅਤੇ ਜਿੰਦਜਾਨ ਦਾ ਆਸਰਾ ਹੈ ਅਤੇ ਤੂੰ ਹੀ ਟਿਕਾਣੇ ਵਿਹੁਣ ਦਾ ਟਿਕਾਣਾ। ਸਾਸਿ ਸਾਸਿ ਸਮ੍ਹ੍ਹਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥ ਨਾਨਕ ਆਪਣੇ ਹਰ ਸੁਆਸ ਨਾਲ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਸਦੀਵ ਹੀ ਉਸ ਉਤੋਂ ਸਦਕੇ ਜਾਂਦਾ ਹਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥ ਸਦਾ ਪ੍ਰਭੂ ਦੇ ਪੈਰਾਂ ਦਾ ਆਰਾਧਨ ਕਰਨਾ ਬ੍ਰਹਮ ਲੋਕ ਅੰਦਰ ਵਸਣਾ ਹੈ। ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥ ਸਤਿਸੰਗਤ ਦੁਆਰਾ, ਪ੍ਰਾਣੀ ਨੂੰ ਕਲਿਆਣ ਦੀ ਦੋਲਤ ਅਤੇ ਸਾਹਿਬ ਦੇ ਸੁਧਾਸਰੂਪ-ਨਾਮ ਦੀ ਦਾਤ ਮਿਲਦੀ ਹੈ। ਠਹਿਰਾਉ। ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥ ਹੇ ਸੁਲੱਖਣੇ ਸੁਆਮੀ! ਤੂੰ ਮੇਰੇ ਤੇ ਮਿਹਰ ਧਾਰ, ਤਾਂ ਜੋ ਮੈਂ ਆਪਣੇ ਕੰਨਾਂ ਨਾਲ ਤੇਰੀ ਸਰੇਸ਼ਟ ਕਥਾ-ਵਾਰਤਾ ਸ੍ਰਵਣ ਕਰਾਂ। ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥ ਇਸ ਤਰ੍ਹਾਂ ਮੈਨੂੰ ਜੀਵਨ ਤੇ ਮਰਨ ਦੀਆਂ ਦੋਨਾਂ ਹਾਲਤਾਂ ਅੰਦਰ ਮੁਕੰਮਲ ਆਰਾਮ ਤੇ ਅਨੰਦ ਪਰਾਪਤ ਹੋ ਜਾਂਦੇ ਹਨ। copyright GurbaniShare.com all right reserved. Email |