Page 1221

ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥
ਖੋਜ ਭਾਲ ਕਰ ਕੇ, ਮੈਂ ਇਹ ਅਸਲੀਅਤ ਅਨੁਭਵ ਕੀਤੀ ਹੈ ਕਿ ਕੇਵਲ ਸੁਆਮੀ ਦਾ ਉਤਕ੍ਰਿਸ਼ਟ ਸਿਮਰਨ ਹੀ ਪ੍ਰਾਣੀ ਨੂੰ ਪਰੀਪੂਰਨ ਕਰਦਾ ਹੈ।

ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥
ਗੁਰੂ ਜੀ ਫੁਰਮਾਉਂਦੇ ਹਨ, ਇਕ ਸੁਆਮੀ ਦੇ ਨਾਮ ਦੇ ਬਗੈਰ, ਅਧੂਰੇ ਹਨ ਹੋਰ ਸਮੂਹ ਤਰੀਕੇ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਸਾਚੇ ਸਤਿਗੁਰੂ ਦਾਤਾਰਾ ॥
ਸੱਚੇ ਅਤੇ ਉਦਾਰਚਿਤ ਹਨ ਮੇਰੇ ਸਤਿਗੁਰੂ,

ਦਰਸਨੁ ਦੇਖਿ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ॥੧॥ ਰਹਾਉ ॥
ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਕੰਵਲ ਰੂਪੀ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਠਹਿਰਾਉ।

ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥
ਸੱਚਾ ਹੈ ਸ਼ਰੋਮਣੀ ਸਾਹਿਬ, ਸੱਚੇ ਹਨ ਨੇਕ ਬੰਦੇ ਅਤੇ ਸਦੀਵੀ ਸਥਿਰ ਹੈ ਸੁਆਮੀ ਦਾ ਨਾਮ।

ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥੧॥
ਤੂੰ ਪਰਮ ਪ੍ਰਭੂ ਦੀ ਪਿਆਰੀ-ਉਪਾਸ਼ਨਾ ਧਾਰਨ ਕਰ ਅਤੇ ਅਮਰ ਹਰੀ ਦਾ ਜੱਸ ਆਲਾਪ!

ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥
ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਉਹ ਸਾਰਿਆਂ ਦਿਲਾਂ ਦਾ ਆਸਰਾ ਹੈ।

ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥੨॥੬੩॥੮੬॥
ਹੇ ਨਾਨਕ! ਸ਼ਾਬਾਸ਼, ਸ਼ਾਬਾਸ਼ ਤੂੰ ਉਸ ਨੂੰ ਆਖ, ਜਿਸ ਦੇ ਹੱਦ-ਬੰਨੇ ਦਾ ਕੋਈ ਓੜਕ ਨਹੀਂ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਗੁਰ ਕੇ ਚਰਨ ਬਸੇ ਮਨ ਮੇਰੈ ॥
ਗੁਰਾਂ ਦੇ ਪੈਰ, ਮੇਰੇ ਹਿਰਦੇ ਅੰਦਰ ਨਿਵਾਸ ਰਖਦੇ ਹਨ।

ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥
ਮੇਰਾ ਪ੍ਰਭੂ ਸਾਰਿਆਂ ਥਾਵਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਉਹ ਸਾਰਿਆਂ ਦੇ ਨੇੜੇ ਅਤੇ ਲਾਗੇ ਹੀ ਵਸਦਾ ਹੈ। ਠਹਿਰਾਉ।

ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥
ਬੇੜੀਆਂ ਕੱਟ ਕੇ, ਮੈਂ ਪ੍ਰਭੂ ਨਾਲ ਪ੍ਰੇਮ ਪਾ ਲਿਆ ਹੈ ਅਤੇ ਸਾਧੂ ਹੁਣ ਮੇਰੇ ਨਾਲ ਪਰਸੰਨ ਹਨ।

ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥
ਮੇਰਾ ਅਮੋਲਕ ਜੀਵਨ ਪਾਵਨ ਪਵਿੱਤਰ ਹੋ ਗਿਆ ਹੈ ਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਸੰਪੂਰਨ ਹੋ ਗਈਆਂ ਹਨ।

ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥
ਹੇ ਮੇਰੇ ਸੁਆਮੀ ਵਾਹਿਗੁਰੂ! ਜਿਸ ਕਿਸੇ ਉਤੇ ਤੇਰੀ ਮਿਹਰ ਹੈ, ਕੇਵਲ ਉਹ ਹੀ ਤੇਰੀ ਉਸਤਤੀ ਗਾਇਨ ਕਰਦਾ ਹੈ।

ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥
ਗੋਲਾ ਨਾਨਕ ਸਦੀਵ ਹੀ ਉਸ ਉਤੋਂ ਸਦਕੇ ਜਾਂਦਾ ਹੈ, ਜੋ ਅੱਠੇ ਪਹਿਰ ਹੀ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਆਲਾਪਦਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਜੀਵਨੁ ਤਉ ਗਨੀਐ ਹਰਿ ਪੇਖਾ ॥
ਕੇਵਲ ਤਦ ਹੀ ਜੀਵ ਜੀਉਂਦਾ ਗਿਣਿਆ ਜਾਂਦਾ ਹੈ, ਜੇਕਰ ਉਹ ਆਪਣੇ ਵਾਹਿਗੁਰੂ ਨੂੰ ਵੇਖਦਾ ਹੈ।

ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥
ਹੇ ਫਰੇਫਤਾ ਕਰਨ ਵਾਲੇ ਸੁਆਮੀ! ਦਿਲਬਰ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਸੰਦੇਹ ਦੀ ਲਿਖਤ ਨੂੰ ਮੇਟ ਦੇ। ਠਹਿਰਾਉ।

ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥
ਆਖਣ ਅਤੇ ਸੁਣਨ ਦੁਆਰਾ, ਕੁਝ ਭੀ ਠੰਢ-ਚੈਨ ਪੈਦਾ ਨਹੀਂ ਹੁੰਦੀ। ਭਰੋਸੇ ਦੇ ਬਗੈਰ ਜੀਵ ਕੀ ਸਿਖ ਸਕਦਾ ਹੈ?

ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥
ਸੁਆਮੀ ਨੂੰ ਛੱਡ ਕੇ, ਜੋ ਹਰਸ ਕਿਸੇ ਨੂੰ ਲੋਚਦਾ ਹੈ, ਉਸ ਦੇ ਚਿਹਰੇ ਨੂੰ ਕਾਲਖ ਲਗਦੀ ਹੈ।

ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥
ਜਿਸ ਨੂੰ ਸਮੂਹ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਦੀ ਪੂੰਜੀ ਦੀ ਦਾਤ ਪਰਾਪਤ ਹੋਈ ਹੈ, ਉਹ ਹੋਰ ਕਿਸੇ ਮਤ ਵਿੱਚ ਭਰੋਸਾ ਨਹੀਂ ਰੱਖਦਾ।

ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥੨॥੬੫॥੮੮॥
ਜਿਸ ਦੀ ਜਿੰਦੜੀ ਪ੍ਰਭੂ ਦੇ ਦਰਸਨ ਨਾਲ ਮਤਵਾਲੀ ਅਤੇ ਮੋਹਿਤ ਹੋਈ ਹੈ, ਉਸ ਦੇ ਕਾਰਜ ਭਲੀ ਭਾਤ ਸੰਪੂਰਨ ਹੋ ਜਾਂਦੇ ਹਨ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਸਿਮਰਨ ਰਾਮ ਕੋ ਇਕੁ ਨਾਮ ॥
ਕੇਵਲ ਸੁਆਮੀ ਦਾ ਨਾਮ ਹੀ ਆਰਾਧਨ-ਯੋਗ ਹੈ।

ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥੧॥ ਰਹਾਉ ॥
ਇਸ ਤਰ੍ਹਾਂ ਪਾਪ ਇਕ ਮੁਹਤ ਵਿੱਚ ਸੜ ਜਾਂਦੇ ਹਨ। ਇਸ ਅੰਦਰ ਕ੍ਰੋੜਾਂ ਹੀ ਪੁੰਨ-ਦਾਨ ਅਤੇ ਮਜਨ ਆ ਜਾਂਦੇ ਹਨ। ਠਹਿਰਾਉ।

ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥
ਹੋਰਨਾ ਰੁਝੇਵਿਆਂ ਵਿੱਚ ਬੰਦਾ ਮੁਫਤ ਦੀ ਤਕਲੀਫ ਉਠਾਉਂਦਾ ਹੈ। ਸੁਆਮੀ ਦੇ ਬਗੈਰ, ਵਿਅਰਥ ਹਨ ਹੋਰ ਦਾਨਾਈਆਂ।

ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥੧॥
ਪ੍ਰਸੰਨ ਪ੍ਰਭੂ ਹਾਂ ਸਿਮਰਨ ਤੇ ਖਿਆਲ ਕਰਨ ਦੁਆਰਾ, ਪ੍ਰਾਣੀ ਜੰਮਣ ਤੇ ਮਰਣ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।

ਤੇਰੀ ਸਰਨਿ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵਹੁ ਦਾਨ ॥
ਹੇ ਆਰਾਮ ਦੇ ਸਮੁੰਦਰ, ਮੁਕੰਮਲ ਮਾਲਕ! ਮੈਂ ਤੇਰੀ ਪਨਾਹ ਲੋੜਦਾ ਹਾਂ। ਆਪਣੀ ਮਿਹਰ ਧਾਰ, ਤੂੰ ਮੈਨੂੰ ਇਸ ਦੀ ਦਾਤ ਬਖਸ਼।

ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥੨॥੬੬॥੮੯॥
ਆਪਣੇ ਸੁਆਮੀ ਦਾ ਆਰਾਧਨ, ਆਰਾਧਨ ਕਰਨ ਦੁਆਰਾ ਨਾਨਕ ਜੀਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਸਵੈ-ਹੰਗਤਾ ਭੀ ਨਾਮ ਹੋ ਗਈ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਧੂਰਤੁ ਸੋਈ ਜਿ ਧੁਰ ਕਉ ਲਾਗੈ ॥
ਕੇਵਲ ਉਹ ਹੀ ਬਰਹੂਪੀਆ ਹੈ ਜੋ ਆਪਣੇ ਆਪ ਨੂੰ ਪਰਾਪੂਰਬਲੇ ਪ੍ਰਭੂ ਨਾਲ ਜੋੜਦਾ ਹੈ।

ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥
ਕੇਵਲ ਉਹ ਹੀ ਭਸਮ-ਧਾਰੀ ਤੇ ਉਹੀ ਕਾਪੜੀਆਂ ਹੈ, ਜੋ ਇਕ ਪ੍ਰਭੂ ਦੀ ਪ੍ਰੀਤ ਦੇ ਸੁਆਦ ਅੰਦਰ ਲੀਨ ਰਹਿੰਦਾ ਹੈ। ਠਹਿਰਾਉ।

ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਹ੍ਹਾ ॥
ਉਹ ਠਗੀ-ਬੱਗੀ ਕਰਦਾ ਹੈ ਅਤੇਆਪਣੇ ਲਾਭ ਨੂੰ ਨਹੀਂ ਸਮਝਦਾ। ਉਹ ਛਲੀਆ ਨਹੀਂ, ਬਲਕਿ ਮੂਰਖ ਹੈ।

ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥
ਉਹ ਨਫੇ ਵਾਲੇ ਕੰਮ ਛੱਡ ਦਿੰਦਾ ਹੈ ਅਤੇ ਘਾਟੇ ਵਾਲਿਆਂ ਵਿੱਚ ਖੱਚਤ ਹੁੰਦਾ ਹੈ। ਆਪਣੇ ਸੁੰਦਰ ਸੁਆਮੀ ਦਾ ਉਹ ਭਜਨ ਲਈ ਕਰਦਾ।

ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥
ਕੇਵਲ ਉਹੀ ਹੁਸ਼ਿਆਰ, ਬੁਧਵਾਨਾਂ ਅਤੇ ਵਿਦਵਾਨ ਹੈ, ਕੇਵਲ ਉਹੀ ਬਹਾਦਰ ਹੈ, ਕੇਵਲ ਉਹੀ ਅਕਲਮੰਦ ਹੈ,

ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥
ਅਤੇ ਕੇਵਲ ਉਹ ਹੀ ਪ੍ਰਮਾਣੀਕ ਹੈ, ਜੋ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਹੇ ਨਾਨਕ!

copyright GurbaniShare.com all right reserved. Email