ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਨਾਮ ਨੂੰ ਸਰਵਣ ਕਰਦੇ ਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ। ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥ ਪੂਜਯ ਸੱਚਾ ਵਾਹਿਗੁਰੂ ਬੁਲੰਦਾਂ ਦਾ ਪਰਮ ਬੁਲੰਦ, ਉਨ੍ਹਾਂ ਦਾ ਹੰਕਾਰ ਦੂਰ ਕਰਕੇ ਆਪਦੇ ਨਾਲ ਉਨ੍ਹਾਂ ਨੂੰ ਮਿਲਾ ਲੈਂਦਾ ਹੈ। ਠਹਿਰਾਉ। ਹਰਿ ਜੀਉ ਸਾਚਾ ਸਾਚੀ ਨਾਈ ॥ ਮਾਣਨੀਯ ਮਾਲਕ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ। ਗੁਰ ਪਰਸਾਦੀ ਕਿਸੈ ਮਿਲਾਈ ॥ ਗੁਰਾਂ ਦੀ ਦਇਆ ਦੁਆਰਾ ਉਹ ਕਿਸੇ ਵਿਰਲੇ ਨੂੰ ਆਪਦੇ ਨਾਲ ਮਿਲਾਉਂਦਾ ਹੈ। ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥ ਗੁਰਾਂ ਦੇ ਉਪਦੇਸ਼ ਤਾਬੇ ਜੋ ਵਾਹਿਗੁਰੂ ਨੂੰ ਮਿਲੇ ਹਨ ਉਹ ਮੁੜ ਵਿਛੜਦੇ ਨਹੀਂ। ਉਹ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ। ਤੁਝ ਤੇ ਬਾਹਰਿ ਕਛੂ ਨ ਹੋਇ ॥ ਤੇਰੇ ਬਗੇਰ, ਹੈ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ। ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥ ਕੇਵਲ ਤੂੰ ਹੀ ਆਪਦੇ ਕੰਮਾਂ ਨੂੰ ਕਰਦਾ ਦੇਖਦਾ ਅਤੇ ਚੰਗੀ ਤਰ੍ਰਾਂ ਜਾਣਦਾ ਹੈ। ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥ ਖੁਦ ਹੀ ਸਿਰਜਣਹਾਰ ਕਰਦਾ ਤੇ ਕਰਾਉਂਦਾ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਕਾਮਣਿ ਗੁਣਵੰਤੀ ਹਰਿ ਪਾਏ ॥ ਉਹ ਨੇਕੀ ਨਿਪੁੰਨ ਪਤਨੀ ਵਾਹਿਗੁਰੂ ਨੂੰ ਪਾ ਲੈਂਦੀ ਹੈ, ਭੈ ਭਾਇ ਸੀਗਾਰੁ ਬਣਾਏ ॥ ਜੋ ਪਤੀ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ। ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥ ਜੋ ਸੱਚੇ ਗੁਰਾਂ ਦੀ ਟਹਿਲ ਕਾਮਉਂਦੀ ਹੈ ਉਹ ਹਮੇਸ਼ਾਂ ਲਈ ਚੰਗੀ ਵਸਣ ਵਾਲੀ ਵਹੁਟੀ ਹੈ ਅਤੇ ਉਸ ਦੇ ਸੰਚੇ ਉਪਦੇਸ਼ ਵਿੱਚ ਲੀਨ ਹੋ ਜਾਂਦੀ ਹੈ। ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥ ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਦਾ ਕੋਈ ਟਿਕਾਣਾ ਜਾ ਆਰਾਮ ਦਾ ਅਸਥਾਨ ਨਹੀਂ। ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥ ਉਹ ਸੁਨਸਾਨ ਮਕਾਨ ਵਿੱਚ ਕਾਂ ਦੇ ਵਾਙੂ ਵਹਿਮ ਅੰਦਰ ਭਟਕਦੇ ਫਿਰਦੇ ਹਨ। ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥ ਇਹ ਲੋਕ ਅਤੇ ਪ੍ਰਲੋਕ ਉਹ ਦੋਵੇ ਹੀ ਵੰਞਾ ਲੈਂਦੇ ਹਨ ਅਤੇ ਆਪਣਾ ਜੀਵਨ ਅਤਿਅੰਤ ਤਕਲੀਫ ਅੰਦਰ ਗੁਜਾਰਦੇ ਹਨ। ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ ਲਿਖਦਿਆਂ ਤੇ ਲਿਖਦਿਆਂ ਉਨ੍ਹਾ ਦਾ ਕਾਗਜ ਤੇ ਸਿਆਹੀ ਨਿਖੁਟ ਜਾਂਦੇ ਹਨ। ਦੂਜੈ ਭਾਇ ਸੁਖੁ ਪਾਏ ਨ ਕੋਈ ॥ ਦਵੈਤ-ਭਾਵ ਵਿੱਚ ਕਦੇ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੋਇਆ। ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥ ਝੂਠ ਉਹ ਲਿਖਦੇ ਹਨ, ਝੂਠ ਦਾ ਉਹ ਅਭਿਆਸ ਕਰਦੇ ਹਨ ਅਤੇ ਝੂਠ ਨਾਲ ਆਪਦਾ ਮਨ ਜੋੜ ਕੇ ਉਹ ਸੜ-ਸੁਆਹ ਹੋ ਜਾਂਦੇ ਹਨ। ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ ਪਵਿੱਤ੍ਰ ਪੁਰਸ਼ ਨਿਰੋਲ ਸੱਚ ਹੀ ਲਿਖਦੇ ਅਤੇ ਸੋਚਦੇ ਸਮਝਦੇ ਹਨ। ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥ ਉਹ ਸੱਚੇ ਪੁਰਸ਼ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ। ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥ ਸੱਚਾ ਹੈ ਕਾਗਜ, ਕਲਮ ਅਤੇ ਦਵਾਤ ਉਨ੍ਹਾਂ ਦੀ ਜੋ ਸੱਚ ਨੂੰ ਲਿਖ ਕੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ। ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥ ਮੇਰਾ ਮਾਲਕ ਮਨੁੱਖਾਂ ਦੇ ਮਨ ਵਿੱਚ ਬਹਿ ਕੇ ਉਨ੍ਹਾਂ ਦੇ ਕਰਮ ਦੇਖ ਰਿਹਾ ਹੈ। ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥ ਜੋ ਪੁਰਸ਼ ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਨੂੰ ਮਿਲਦਾ ਹੈ ਉਹ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ। ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥ ਨਾਨਕ ਰੱਬ ਦੇ ਨਾਮ ਰਾਹੀਂ ਬਜੁਰਗੀ ਪਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਹਿਆ ਜਾਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥ ਗੁਰਾਂ ਤੋਂ ਹੀ ਸਰਬ-ਵਿਆਪਕ ਰੂਹ ਦਾ ਚਾਨਣ ਪ੍ਰਾਕਸ਼ ਹੁੰਦਾ ਹੈ। ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥ ਮਨੁੱਖ ਦੇ ਮਨ ਨੂੰ ਚਿਮੜੀ ਹੋਈ ਹੰਕਾਰ ਦੀ ਮਲੀਨਤਾ ਗੁਰਾਂ ਦੇ ਉਪਦੇਸ਼ ਦੁਆਰਾ ਉਤਰ ਜਾਂਦੀ ਹੈ। ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥ ਇਨਸਾਨ ਜੋ ਰੈਣ ਦਿਹੁੰ ਸਾਹਿਬ ਦੀ ਉਪਾਸ਼ਨਾ ਅੰਦਰ ਰੰਗਿਆ ਰਹਿੰਦਾ ਹੈ, ਪਵਿੱਤ੍ਰ ਹੋ ਜਾਂਦਾ ਅਤੇ ਪ੍ਰੇਮ-ਮਈ ਘਾਲ ਕਮਾਉਣ ਦੁਆਰਾ ਹਰੀ ਨੂੰ ਪਾ ਲੈਂਦਾ ਹੈ। ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥ ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ। ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਸਦੀਵ ਹੀ ਉਨ੍ਹਾਂ ਪਵਿੱਤ੍ਰ ਪੁਰਸ਼ਾ ਨੂੰ ਪ੍ਰਣਾਮ ਕਰ ਜਿਹੜੇ ਰਾਤ੍ਰੀ ਤੇ ਦਿਹੁੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦੇ ਹਨ। ਠਹਿਰਾਉ। ਆਪੇ ਕਰਤਾ ਕਾਰਣੁ ਕਰਾਏ ॥ ਸਿਰਜਣਹਾਰ ਖੁਦ ਹੀ ਕਾਰਜ ਕਰਦਾ ਹੈ। ਜਿਤੁ ਭਾਵੈ ਤਿਤੁ ਕਾਰੈ ਲਾਏ ॥ ਉਹ ਬੰਦੇ ਨੂੰ ਉਸ ਕੰਮ ਲਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥ ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਟਹਿਲ-ਸੇਵਾ ਕਮਾਈ ਜਾਂਦੀ ਹੈ। ਗੁਰਾਂ ਦੀ ਚਾਕਰੀ ਤੋਂ ਹੀ ਕੇਵਲ ਠੰਢ ਚੈਨ ਪਰਾਪਤ ਹੁੰਦੀ ਹੈ। ਮਰਿ ਮਰਿ ਜੀਵੈ ਤਾ ਕਿਛੁ ਪਾਏ ॥ ਜੇਕਰ ਆਦਮੀ ਆਪਣੇ ਆਪੇ ਨੂੰ ਨਵਿਰਤ ਕਰਕੇ ਜੀਵੇ ਤਦ ਉਸ ਨੂੰ ਕੁਝ ਪਰਾਪਤ ਹੁੰਦਾ ਹੈ। ਗੁਰ ਪਰਸਾਦੀ ਹਰਿ ਮੰਨਿ ਵਸਾਏ ॥ ਗੁਰਾਂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਆਪਦੇ ਚਿੱਤ ਵਿੱਚ ਟਿਕਾਉਂਦਾ ਹੈ। ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥ ਜੋ ਸੁਆਮੀ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰਦਾ ਹੈ ਉਹ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਸੁਖੈਨ ਹੀ ਮਾਲਕ ਅੰਦਰ ਲੀਨ ਹੋ ਜਾਂਦਾ ਹੈ। ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥ ਆਦਮੀ ਘਲੇਰੇ ਕਰਮ ਕਾਂਡ ਕਰਦਾ ਹੈ ਪ੍ਰੰਤੂ ਕਲਿਆਨ ਨੂੰ ਪਰਾਪਤ ਨਹੀਂ ਹੁੰਦਾ। ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥ ਮੁਲਕ ਵਿੱਚ ਉਹ ਭਟਕਦਾ ਫਿਰਦਾ ਹੈ ਅਤੇ ਉਹ ਹੋਰਸ ਦੀ ਪ੍ਰੀਤ ਦੇ ਕਾਰਨ ਤਬਾਹ ਹੋ ਜਾਂਦਾ ਹੈ। ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥ ਛਲੀਆਂ ਬੇਅਰਥ ਹੀ ਆਪਦਾ ਜੀਵਨ ਵੰਞਾ ਲੈਂਦਾ ਹੈ। ਹਰੀ ਦੇ ਨਾਮ ਦੇ ਬਾਝੋਂ ਉਹ ਕਸ਼ਟ ਸਹਾਰਦਾ ਹੈ। ਧਾਵਤੁ ਰਾਖੈ ਠਾਕਿ ਰਹਾਏ ॥ ਜੋ ਆਪਦੇ ਭਟਕਦੇ ਹੋਏ ਮਨੂਹੈ ਨੂੰ ਰੋਕਦਾ ਹੈ ਅਤੇ ਹੋੜ ਕੇ ਇਸ ਨੂੰ ਅਡੋਲ ਰਖਦਾ ਹੈ, ਗੁਰ ਪਰਸਾਦੀ ਪਰਮ ਪਦੁ ਪਾਏ ॥ ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ। ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥ ਸੱਚੇ ਗੁਰੂ ਜੀ ਆਪ ਹੀ ਬੰਦੇ ਨੂੰ ਰੱਬ ਦੇ ਮਿਲਾਪ ਅੰਦਰ ਮਿਲਾਉਂਦੇ ਹਨ, ਜੋ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
|