Page 1291

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥
ਜੋ ਪ੍ਰਭੂ ਦੇ ਨਿਵਾਸ ਅਸਥਾਨ ਨੂੰ ਇਨਸਾਨ ਦੇ ਮਨ ਦੇ ਧਾਮ ਅੰਦਰ ਵਿਖਾਲ ਦਿੰਦਾ ਹੈ, ਕੇਵਲ ਉਹ ਹੀ ਸਰੱਬ-ਸ਼ਕਤੀਵਾਨ ਅਤੇ ਸਰਵਗ ਸੱਚਾ ਗੁਰੂ ਹੈ।

ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥
ਦਸਮਦੁਆਰ ਅੰਦਰ ਪ੍ਰਭੂ ਪ੍ਰਗਟ ਹੈ, ਜਿਥੇ ਪੰਜ ਸੰਗੀਤਕ ਸਾਜ਼ ਦੀ ਆਵਾਜ਼ ਸਹਿਤ, ਬੈਕੁੰਠੀ ਕੀਰਤਨ ਗੂੰਜਦਾ ਹੈ।

ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥
ਚਕਿਰਤ ਹੋ, ਇਨਸਾਨ ਸਾਰੇ ਟਾਪੂਆਂ, ਆਲਮ, ਪਇਆਲਾ ਮਹਾਦੀਪ ਅਤੇ ਗੋਲਾ-ਕਾਰਾਂ ਨੂੰ ਉਥੇ ਵੇਖਦਾ ਹੈ।

ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥
ਓਥੇ ਇਨਸਾਨ ਸੰਗੀਤਕ ਸਾਜਾਂ ਦੀਆਂ ਤੰਦਾਂ ਦੀ ਗੂੰਜ ਸੁਣਦਾ ਹੈ ਅਤੇ ਪ੍ਰਭੂ ਪਾਤਿਸ਼ਾਹ ਦੇ ਸਚੇ ਰਾਜ ਸਿੰਘਾਸਣ ਨੂੰ ਵੇਖਦਾ ਹੈ।

ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥
ਤੂੰ ਆਤਮਕ ਆਰਾਮ ਦੇ ਗ੍ਰਹਿ ਦਾ ਕੀਰਤਨ ਸ੍ਰਵਣ ਕਰ ਅਤੇ ਬੈਕੁੰਠੀ ਚੁਪ ਚਾਪ ਨਾਲ ਪਿਰਹੜੀ ਪਾ।

ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥
ਵਾਹਿਗੁਰੂ ਦੀ ਅਕਹਿ ਵਾਰਤਾ ਦਾ ਵੀਚਾਰ ਕਰਨ ਦੁਆਰਾ, ਮਨੁੱਖ ਦੀ ਖਾਹਿਸ਼ ਮਨ ਅੰਦਰ ਹੀ ਮਰ ਮੁਕ ਜਾਂਦੀ ਹੈ।

ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
ਸੰਸਾਰ ਵਲੋ ਮੋੜਾ ਪਾ ਕੇ, ਦਿਲ ਕੰਵਲ ਸੁਧਾਰਸ ਨਾਲ ਪਰੀਪੂਰਨ ਹੋ ਜਾਂਦਾ ਹੈ ਅਤੇ ਇਹ ਮਨੂਆ ਫੇਰ ਕਿਧਰੇ ਨਹੀਂ ਜਾਂਦਾ।

ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥
ਪਰਾਪੂਰਬਲੇ ਪ੍ਰਭੂ ਅੰਦਰ ਲੀਨ ਹੋਣ ਦੁਆਰਾ, ਮਨੁਖ ਮਾਨਸਕ ਸਿਮਰਨ ਨੂੰ ਨਹੀਂ ਭੁਲਦਾ।

ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
ਗੁਰਾਂ ਦੀ ਦਇਆ ਦੁਆਰਾ, ਸਮੂਹ ਇੰਦ੍ਰੀਆਂ ਨੂੰ ਪੰਜੇ ਗੁਣ ਪਰਾਪਤ ਹੋ ਜਾਂਦੇ ਹਨ ਅਤੇ ਇਨਸਾਨ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ।

ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥
ਨਾਨਕ ਉਸ ਦਾ ਗੋਲਾ ਹੈ ਜੋ ਸਾਈਂ ਦੇ ਨਾਮ ਦੀ ਤਲਾਸ਼ ਕਰਨ ਦੁਆਰਾ ਆਪਣੇ ਇਸ ਧਾਮ ਨੂੰ ਪਾ ਲੈਂਦਾ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥
ਜਹਾਨ ਦੀ ਘਣੇਰੀ ਚਮਕ ਦਮਕ ਨਿਰਾਪੁਰਾ ਇਕ ਉਡਪੁਡ ਜਾਣ ਵਾਲਾ ਨਜ਼ਾਰਾ ਹੈ।

ਕਾਲੂਬਿ ਅਕਲ ਮਨ ਗੋਰ ਨ ਮਾਨੀ ॥
ਮੇਰੀ ਪੁੱਠੀ ਮਤ ਕਬਰ ਦਾ ਖਿਆਲ ਨਹੀਂ ਕਰਦੀ।

ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥
ਮੈਂ ਇਕ ਨੀਚ, ਮਸਕੀਨ ਅਰਜ਼ ਕਰਨ ਵਾਲਾ ਹਾਂ ਅਤੇ ਤੂੰ ਹੇ ਸੁਆਮੀ, ਇਕ ਵਡਾ ਦਰਿਆ ਹੈ।

ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ ॥
ਤੂੰ ਮੈਨੂੰ ਇਕ ਵਸਤੂ ਆਪਣਾ ਨਾਮ, ਪਰਦਾਨ ਕਰ। ਹੋਰ ਜ਼ਹਿਰੀਲੀ ਚੀਜ ਮੈਨੂੰ ਚੰਗੀ ਨਹੀਂ ਲਗਦੀ।

ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥
ਆਪਣੇ ਹੁਨਰ ਦੁਆਰਾ, ਤੂੰ ਹੇ ਸੁਆਮੀ! ਸਰੀਰ ਦੇ ਇਸ ਕਚੇ ਕੁੱਜੇ ਨੂੰ ਜਿੰਦਗੀ ਦੇ ਪਾਣੀ ਨਾਲ ਭਰਿਆ ਹੈ।

ਮਨ ਤੁਆਨਾ ਤੂ ਕੁਦਰਤੀ ਆਇਆ ॥
ਤੇਰੀ ਅਪਾਰ-ਸ਼ਕਤੀ ਰਾਹੀਂ, ਮੈਂ ਤਾਕਤਵਾਲਾ ਹੋ ਗਿਆ ਹਾਂ।

ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥
ਨਾਨਕ ਪ੍ਰਭੂ ਦੇ ਦਰਬਾਰ ਦਾ ਮਤਵਾਲਾ ਕੁੱਤਾ ਹੈ ਅਤੇ ਉਸ ਦੀ ਇਹ ਖੁਮਾਰੀ ਸਦੀਵੀ ਹੀ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ।

ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥
ਇਹ ਸੰਸਾਰ ਨਿਰੀਪੁਰੀ ਅੱਗ ਹੈ ਅਤੇ ਠੰਢਾ ਹੈ ਪ੍ਰਭੂ ਦਾ ਨਾਮ।

ਪਉੜੀ ਨਵੀ ਮਃ ੫ ॥
ਨਵੀ ਪਉੜੀ। ਪੰਜਵੀਂ ਪਾਤਿਸ਼ਾਹੀ।

ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥
ਅਦਭੁਤ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਅਦਭੁਤ ਸੁਆਮੀ ਨੂੰ ਹੀ ਮੈਂ ਵਰਣਨ ਕਰਦਾ ਹਾਂ।

ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥
ਗੁਰਾਂ ਦੀ ਦਇਆ ਦੁਆਰਾ, ਮੈਂ ਪਰਮ ਪ੍ਰਭੂ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰ ਲਿਆ ਹੈ।

ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥
ਵਾਹਿਗੁਰੂ ਦੇ ਪਰਗਟ ਹੋ ਜਾਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ।

ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥
ਸਤਿਸੰਗਤ ਰਾਹੀਂ ਮਨੁਸ਼ ਮੁਕਤ ਅਤੇ ਸੁੰਤਤਰ ਹੋ ਜਾਂਦਾ ਹੈ।

ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥
ਆਪਣੇ ਸਖੀ ਸਾਈਂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਮੈਂ ਸਾਰੇ ਆਰਾਮ ਭੋਗਦਾ ਹਾਂ।

ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥
ਮੈਂ ਸਾਰੇ ਜਹਾਨ ਵਿੱਚ ਪ੍ਰਸਿੱਧ ਹੋ ਗਿਆ ਹਾਂ ਅਤੇ ਸੁਆਮੀ ਦੀ ਰਹਿਮਤ ਦਾ ਸ਼ਾਮਿਆਨਾ ਮੇਰੇ ਉਤੇ ਤਣ ਗਿਆ ਹੈ।

ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥
ਮੈਂ ਸਦੀਵ ਹੀ ਸੁਆਮੀ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।

ਨਾਨਕ ਲਏ ਮਿਲਾਇ ਖਸਮੈ ਭਾਣਿਆ ॥੨੭॥
ਨਾਨਕ ਆਪਣੀ ਰਜ਼ਾ ਅੰਦਰ ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥
ਮੁਬਾਰਕ ਹੈ ਉਹ ਕਾਗਜ਼, ਮੁਬਾਰਕ ਲੇਖਣੀ, ਮੁਬਾਰਕ ਦਵਾਤ ਅਤੇ ਮੁਬਾਰਕ ਸਿਆਹੀ।

ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥
ਹੇ ਨਾਨਕ! ਮੁਬਾਰਕ ਹੈ ਉਹ ਲਿਖਣ ਵਾਲਾ ਜੋ ਸੱਚੇ ਨਾਮ ਨੂੰ ਲਿਖਦਾ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥
ਤੂੰ ਖੁਦ ਤਖਤੀ ਹੈ, ਹੇ ਸੁਆਮੀ! ਖੁਦ ਹੀ ਲੇਖਣੀ ਅਤੇ ਉਸ ਉਤੇ ਲਿਖਤ ਭੀ ਤੂੰ ਹੀ ਹੈ।

ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥
ਤੂੰ ਇਕ ਸੁਆਮੀ ਦਾ ਹੀ ਵਰਣਨ ਕਰ, ਹੇ ਨਾਨਕ! ਦੂਸਰਾ ਕੋਈ ਹੋਵੇ ਹੀ ਕਿਉਂ?

ਪਉੜੀ ॥
ਪਉੜੀ।

ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥
ਤੂੰ ਖੁਦ ਸਾਰੇ ਹੀ ਵਿਆਪਕ ਹੋ ਰਿਹਾ ਹੈ, ਹੇ ਸੁਆਮੀ! ਅਤੇ ਤੂੰ ਖੁਦ ਹੀ ਘਾੜਤ ਘੜੀ ਹੈ।

ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ ॥
ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਤੂੰ ਹੀ ਸਾਰਿਆਂ ਅੰਦਰ ਰਮ ਰਿਹਾ ਹੈ।

ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ ॥
ਕੇਵਲ ਤੂੰ ਹੀ ਆਪਣੀ ਅਵਸਥਾ ਅਤੇ ਵਿਸਥਾਰ ਨੂੰ ਜਾਣਦਾ ਹੈ ਅਤੇ ਕੇਵਲ ਤੂੰ ਹੀ ਆਪਣਾ ਮੁੱਲ ਪਾ ਸਕਦਾ ਹੈ।

ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥
ਮੈਂ ਦ੍ਰਿਸ਼ਟ, ਅਗਾਧ ਅਤੇ ਪਹੁੰਚ ਤੋਂ ਪਰੇ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਦਿੱਸਦਾ ਹੈ।

ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ ॥
ਇਨਸਾਨ ਦੇ ਅੰਦਰ ਬੇਸਮਝੀ ਪੀੜ ਅਤੇ ਸੰਦੇਹ ਹਨ। ਗੁਰਾਂ ਦੀ ਦਿਤੀ ਹੋਈ ਬ੍ਰਹਮ ਗਿਆਤ ਰਾਹੀਂ, ਇਨਸਾਨ ਇਨ੍ਹਾਂ ਤੋਂ ਖਲਾਸੀ ਪਾ ਜਾਂਦਾ ਹੈ।

ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥
ਜਿਸ ਤੇ ਤੂੰ ਮਿਹਰ ਧਾਰਦਾ ਹੈ ਕੇਵਲ ਉਹ ਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਨੂੰ ਤੂੰ, ਹੇ ਸੁਆਮੀ! ਆਪਣੇ ਨਾਲ ਮਿਲਾ ਲੈਂਦਾ ਹੈ।

ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ ॥
ਹੇ ਮੇਰੇ ਸਿਰਜਣਹਾਰ ਸੁਆਮੀ ਤੂੰ ਬੇਥਾਹ ਹੈ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।

ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥੨੮॥੧॥ ਸੁਧੁ
ਜਿਸ ਕਿਸੇ ਨਾਲ ਤੂੰ ਇਨਸਾਨ ਨੂੰ ਜੋੜਦਾ ਹੈ, ਹੈ ਸੱਚੇ ਸੁਆਮੀ! ਓਸੇ ਨਾਲ ਹੀ ਉਹ ਜੁੜ ਜਾਂਦਾ ਹੈ। ਨਾਨਕ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।

copyright GurbaniShare.com all right reserved. Email