Page 1292

ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ ॥
ਰਾਗੁ ਮਲਾਰ। ਸ਼ਬਦ ਪੂਜਯ। ਸੰਤ ਨਾਮ ਦੇਵ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥
ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਸੇਵਾ ਕਰ, ਜੋ ਕੁਲ-ਰਹਿਤ ਅਤੇ ਪਾਵਨ ਪਵਿੱਤਰ ਹੈ।

ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥
ਤੂੰ ਮੈਨੂੰ ਆਪਣੇ ਸਿਮਰਨ ਦੀ ਦਾਤ ਪਰਦਾਨ ਕਰ, ਜਿਸ ਦੀ ਸਾਧੂ ਪੁਰਸ਼ ਤੇਰੇ ਕੋਲੋ ਯਾਚਨਾ ਕਰਦੇ ਹਨ, ਹੇ ਸੁਆਮੀ! ਠਹਿਰਾਉ।

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥
ਐਹੋ ਜੇਹਾ ਹੈ ਸੁਆਮੀ, ਜਿਸ ਦੇ ਗ੍ਰਹਿ ਵਿੱਚ ਸਾਰੀਆਂ ਤਰਫਾਂ ਦਾ ਬਣਿਆ ਹੋਇਆ ਤੰਬੂ ਦਿਸਦਾ ਹੈ, ਜਿਸ ਦਾ ਚਿਤ੍ਰਕਾਰੀ ਕੀਤਾ ਹੋਇਆ ਸਵਰਗੀ ਮੰਦਰ ਹੈ ਅਤੇ ਜੋ ਸੱਤਾਂ ਹੀ ਸੰਸਾਰ ਨੂੰ ਇਕ ਸਾਰ ਪਰੀਪੂਰਨ ਕਰ ਰਿਹਾ ਹੈ।

ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥
ਜਿਸ ਦੇ ਧਾਮ ਅੰਦਰ ਅਣਵਿਆਹੀ ਦੋਲਤ ਦੀ ਦੇਵੀ ਵਸਦੀ ਹੈ। ਚੰਦਰਮਾ ਅਤੇ ਆਫਤਾਬ ਉਸ ਦੇ ਦੋ ਦੀਵੇ ਹਨ। ਗਰੀਬ ਮੌਤ, ਜਿਹੜੀ ਅਸਚਰਜ ਖੇਡਾਂ ਵਿਖਾਲਦੀ ਹੈ ਅਤੇ ਜੋ ਸਾਰਿਆਂ ਨੂੰ ਮਸੂਲ ਲਾਉਂਦੀ ਹੈ, ਉਸ ਦੀ ਪੁਲੀਸ ਅਫਸਰ ਹੈ।

ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥
ਐਹੋ ਜੇਹਾ ਹੈ ਉਹ ਪੂਜਯ ਮਨੂਸ਼-ਸ਼ੇਰ ਸਰੂਪ ਪਾਤਿਸ਼ਾਹ।

ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥
ਜਿਸ ਦੇ ਮੰਦਰ ਵਿੱਚ ਹੈ ਘਾੜਤ ਘੜਨ ਵਾਲਾ ਘੁਮਾਰ, ਚਾਰ-ਮੂੰਹਾਂ ਵਾਲਾ ਬ੍ਰਹਮਾ, ਜਿਸਨੇ ਸਾਰਾ ਜਹਾਨ ਰਚਿਆ ਹੈ।

ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥
ਜਿਸ ਦੇ ਧਾਮ ਵਿੱਚ ਬੈਰਾ ਮਹਾਦੇਵ, ਸੰਸਾਰ ਦਾ ਮੁਰਸ਼ਿਦ, ਜੋ ਸੱਚਾ ਬ੍ਰਹਮ ਵੀਚਾਰ ਉਚਾਰਨ ਕਰਦਾ ਹੈ।

ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥
ਜਿਸ ਦੇ ਬੂਹੇ ਉਤੇ ਬਦੀ ਅਤੇ ਨੇਕੀ ਚੇਬਦਾਰ ਹਨ ਅਤੇ ਚਿਤਰ ਤੇ ਗੁਪ, ਲਿਖਾਰੀ।

ਧਰਮ ਰਾਇ ਪਰੁਲੀ ਪ੍ਰਤਿਹਾਰੁ ॥
ਪਰਲੋਕ ਦਾ ਸੁਆਮੀ, ਧਰਮਰਾਜ ਉਸ ਦਾ ਦੁਆਰਪਾਲ ਹੈ।

ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥
ਐਹੋ ਜੇਹਾ ਸੁਲਤਾਨ ਹੈ ਉਹ ਪੁਜਨੀਯ ਜਗਤ ਦੀ ਪਾਲਣਾ-ਪੋਸਣਾ ਕਰਨਹਾਰ।

ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥
ਜਿਸ ਦੇ ਗ੍ਰਹਿ ਅੰਦਰ ਹਨ ਇਲਾਹੀ ਏਲਚੀ, ਸਵਰਗੇ ਗਵੱਈਏ, ਰਿਸ਼ੀ ਅਤੇ ਗਰੀਬ ਕੀਰਤਨੀਏ, ਜੋ ਮਿਠਾਸ ਨਾਲ ਗਾਉਂਦੇ ਹਨ।

ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥
ਸਾਰੇ ਸ਼ਾਸਤਰ ਉਸ ਦੇ ਨਟ ਹਨ, ਬਹੁਤ ਵੱਡਾ ਹੈ ਉਸ ਦਾ ਅਖਾੜਾ! ਮਹਾਰਾਜੇ ਉਸ ਦੀ ਮਹਿਮਾ ਅੰਦਰ ਸੁੰਦਰ ਗੀਤ ਉਚਾਰਨ ਕਰਦੇ ਹਨ।

ਚਉਰ ਢੂਲ ਜਾਂ ਚੈ ਹੈ ਪਵਣੁ ॥
ਐਸਾ ਹੈ ਸੁਆਮੀ, ਹਵਾ ਜਿਸ ਦੀ ਝੁਲਾਉਣ ਵਾਲੀ ਚਉਰੀ,

ਚੇਰੀ ਸਕਤਿ ਜੀਤਿ ਲੇ ਭਵਣੁ ॥
ਜਿਸ ਦੀ ਨੌਕਰਾਣੀ ਹੈ ਮਾਇਆ, ਜਿਸਨੇ ਸੰਸਾਰ ਨੂੰ ਜਿੱਤ ਲਿਆ ਹੈ।

ਅੰਡ ਟੂਕ ਜਾ ਚੈ ਭਸਮਤੀ ॥
(ਮਾਤ ਲੋਕ) ਜਾਂ (ਅੱਧਾ ਆਂਡਾ) ਹੈ ਜਿਸ ਦਾ ਚੁਲ੍ਹਾ।

ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥
ਐਹੋ ਜੇਹਾ ਹੈ, ਉਹ ਤਿੰਨਾਂ ਜਹਾਨਾਂ ਦਾ ਸੁਆਮੀ ਸੁਲਤਾਨ।

ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥
ਜਿਸ ਦੇ ਧਾਮ ਵਿੱਚ ਕਛੂਕੁਮੇ ਦਾ ਪਲੰਘ ਹੈ ਅਤੇ ਹਜਾਰ ਫਣਾ ਵਾਲੇ ਸ਼ੇਸ਼ ਨਾਗ ਦਾ ਛੇਜ-ਬੰਦ।

ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥
ਜਿਸ ਦੀ ਮਾਲਣ ਹੈ ਅਠਾਰਾ ਬੋਝ ਨਬਾਤਾਤ ਦੇ ਅਤੇ ਜਿਸ ਦਾ ਪਾਣੀ ਲਿਆਉਣ ਵਾਲੀਆਂ ਹਨ ਛਿਆਨਵੇ ਕ੍ਰੋੜਾਂ ਬੱਦਲਾਂ ਦੀਆਂ ਕਤਾਰਾ।

ਨਖ ਪ੍ਰਸੇਵ ਜਾ ਚੈ ਸੁਰਸਰੀ ॥
ਜਿਸ ਦੇ ਨੌਹਾਂ ਦਾ ਮੁੜ੍ਹਕਾ ਗੰਗਾ ਹੈ।

ਸਪਤ ਸਮੁੰਦ ਜਾਂ ਚੈ ਘੜਥਲੀ ॥
ਸਤ ਸਮੁੰਦਰ ਜਿਸ ਦੀਆਂ ਘੜਵੰਜੀਆਂ ਹਨ।

ਏਤੇ ਜੀਅ ਜਾਂ ਚੈ ਵਰਤਣੀ ॥
ਐਨੇ ਜੀਵ-ਜੰਤੂ ਜਿਸ ਦੇ ਹਨ ਬਰਤਨ।

ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥
ਐਹੋ ਜੇਹਾ ਹੈ ਉਹ ਤਿੰਨਾਂ ਜਹਾਨਾਂ ਦਾ ਮਾਲਕ, ਪਾਤਿਸ਼ਾਹ।

ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥
ਜਿਸ ਦੇ ਧਾਮ ਵਿੱਚ ਅਰਜਨ, ਧੂ ਪ੍ਰਹਿਲਾਦ, ਅੰਬਰੀਕ, ਨਾਰਦ, ਨੇਜਾ, ਪੂਰਨ ਪੁਰਸ਼, ਗੋਤਮੇ ਇਲਾਹੀ ਏਲਚੀ ਤੇ ਬਾਨਵੇ ਸਵਰਗੀ ਗਵੱਈਏ, ਬਤੋਂ ਤ ਮੁਸਾਹਿਬ ਹਨ, ਜੋ ਅਸਚਰਜ ਕੌਤਕ ਕਰਦੇ ਹਨ।

ਏਤੇ ਜੀਅ ਜਾਂ ਚੈ ਹਹਿ ਘਰੀ ॥
ਜਿਸ ਦੇ ਮੰਦਰ ਅੰਦਰ, ਐਨੀਆਂ ਕਿਸਮਾਂ ਦੇ ਜੀਵ-ਜੰਤੂ ਹਨ।

ਸਰਬ ਬਿਆਪਿਕ ਅੰਤਰ ਹਰੀ ॥
ਸਾਰਿਆਂ ਜੀਵਾਂ ਦੇ ਅੰਦਰ ਮੇਰਾ ਮਾਲਕ ਰਮ ਰਿਹਾ ਹੈ।

ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥
ਨਾਮ ਦੇਵ ਜੀ ਬੇਨਤੀ ਕਰਦੇ ਹਨ, ਹੇ ਬੰਦੇ,

ਸਗਲ ਭਗਤ ਜਾ ਚੈ ਨੀਸਾਣਿ ॥੫॥੧॥
ਤੂੰ ਉਸ ਦੀ ਪਨਾਹ ਲੈ, ਜਿਸ ਦੇ ਜ਼ਹੂਰ ਹਨ ਉਸ ਦੇ ਸਾਰੇ ਸੰਤ।

ਮਲਾਰ ॥
ਮਲਾਰ।

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥
ਤੂੰ ਮੈਨੂੰ ਨਾਂ ਭੁਲਾ, ਤੂੰ ਮੈਨੂੰ ਨਾਂ ਭੁਲਾ।

ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥
ਤੰੂੰ ਮੈਨੂੰ ਨਾਂ ਭੁਲਾ, ਮੇਰੇ ਹੈ ਵਿਆਪਕ ਵਾਹਿਗੁਰੂ! ਠਹਿਰਾਉ।

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥
ਮੰਦਰ ਦੇ ਪੁਜਾਰੀਆਂ ਨੂੰ ਇਹ ਸੰਦੇਹ ਹੈ, ਕਿ ਹਰ ਕੋਈ ਮੇਰੇ ਉਤੇ ਲੋਹਾ ਲਾਖਾ ਹੈ।

ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥
ਕਮੀਣ, ਕਮੀਣ ਆਖ ਉਨ੍ਹਾਂ ਨੇ ਮਾਰ ਕੁਟ ਕੇ ਮੈਨੂੰ ਬਾਹਰ ਕਢ ਦਿੱਤਾ। ਮੈਂ ਹੁਣ ਕੀ ਕਰਾਂ, ਹੈ ਮੇਰੇ ਪਿਆਰੇ ਪਿਤਾ!

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥
ਜੇਕਰ ਤੂੰ ਮੇਰੇ ਮਰੇ ਹੋਏ ਦੀ ਕਲਿਆਣ ਕਰੇਗਾ, ਕਿਸੇ ਨੂੰ ਭੀ ਇਸ ਕਲਿਆਣ ਦਾ ਪਤਾ ਨਹੀਂ ਲਗਣਾ।

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥
ਇਹ ਬ੍ਰਾਹਮਣ ਮੇਨੂੰ ਨੀਚ-ਘਰਾਣੇ ਦਾ ਆਖਦੇ ਹਨ, ਇਸ ਤਰ੍ਹਾਂ ਤੇਰੀ ਇਜ਼ਤ ਨੂੰ ਹੈ ਸਾਈਂ! ਦਾਗ ਲੱਗੇਗਾ।

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥
ਤੂੰ ਦਇਆਵਾਨ ਅਤੇ ਮਿਹਰਬਾਨ ਆਖਿਆ ਜਾਂਦਾ ਹੈ ਅਤੇ ਪਰਮ ਲਾਸਾਨੀ ਹੈ ਤੇਰੀ ਬਾਂਹ।

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
ਸੁਆਮੀ ਨੇ ਮੋੜ ਕੇ ਮੰਦਰ ਦਾ ਮੂਹਰਲਾ ਪਾਸਾ ਨਾਮੇ ਵਲ ਕਰ ਦਿੱਤਾ ਅਤੇ ਪਿਛਲਾ ਪਾਸਾ ਬ੍ਰਾਹਮਣਾ ਵਲ।

copyright GurbaniShare.com all right reserved. Email