ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।
ਰਾਗੁ ਧਨਾਸਰੀ ਮਹਲਾ ੧ ॥
ਧਨਾਸਰੀ ਰਾਗ, ਪਹਿਲੀ ਪਾਤਸ਼ਾਹੀ।
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
ਕੈਸੀ ਆਰਤੀ ਹੋਇ ॥
ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ?
ਭਵ ਖੰਡਨਾ ਤੇਰੀ ਆਰਤੀ ॥
ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥
ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਗੁਰਾਂ ਦੇ ਉਪਦੇਸ਼ ਦੁਆਰਾ ਈਸ਼ਵਰੀ ਨੂਰ ਜ਼ਾਹਿਰ ਹੋ ਜਾਂਦਾ ਹੈ।
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ (ਉਸ ਦੀ) ਅਸਲੀ ਪੂਜਾ ਹੈ।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥
ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਸ਼ਹਿਦ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਨਸ ਮੈਂ ਉਨ੍ਹਾਂ ਲਈ ਤਿਹਾਇਆ ਹਾਂ।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
ਰਾਗੁ ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ ਰਾਗ, ਚਉਥੀ ਪਾਤਸ਼ਾਹੀ।
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥
ਸੰਤ (ਗੁਰਾਂ) ਨੂੰ ਹੱਥ ਜੋੜ ਕੇ ਨਮਸ਼ਕਾਰ ਕਰ ਇਹ ਇਕ ਭਾਰਾ ਨੇਕ ਕੰਮ ਹੈ।
ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥
ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
ਮੈਂ ਗ੍ਰੀਬੜਾ ਤੇ ਆਜਿਜ਼ ਹਾਂ, ਪਰ ਤੇਰਾ ਹਾਂ, ਹੇ ਵਾਹਿਗੁਰੂ ਸਾਈਂ! ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥
ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
ਰਾਗੁ ਗਉੜੀ ਪੂਰਬੀ ਮਹਲਾ ੫ ॥
ਗਉੜੀ ਪੂਰਬੀ ਰਾਗ, ਪੰਜਵੀਂ ਪਾਤਸ਼ਾਹੀ।
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
ਏਥੇ ਰੱਬ ਦੇ ਨਾਮ ਦੀ ਖਟੀ ਖੱਟ ਕੇ ਚਾਲੇ ਪਾ, ਪ੍ਰਲੋਕ ਵਿੱਚ ਤੈਨੂੰ ਸੁਸ਼ੋਭਤ ਨਿਵਾਸ ਅਸਥਾਨ ਮਿਲੇਗਾ।
ਅਉਧ ਘਟੈ ਦਿਨਸੁ ਰੈਣਾਰੇ ॥
ਦਿਨ ਰਾਤਿ ਉਮਰ ਘਟ ਹੁੰਦੀ ਜਾ ਰਹੀ ਹੈ।
ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
ਗੁਰਾਂ ਨੂੰ ਭੇਟਣ ਦੁਆਰਾ, ਹੇ ਬੰਦੇ! ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
ਇਹ ਜਹਾਨ ਬਦਫੈਲ੍ਹੀ ਅਤੇ ਸੰਦੇਹ ਅੰਦਰ ਗ਼ਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾਅ ਹੁੰਦਾ ਹੈ।
ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥
ਜਿਸ ਨੂੰ ਵਾਹਿਗੁਰੂ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ, ਉਹ ਬਿਆਨ ਨਾਂ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ-ਚਰਚਾ ਨੂੰ ਸਮਝ ਲੈਂਦਾ ਹੈ।
ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
ਕੇਵਲ ਉਹੀ ਸੌਦਾ ਖ਼ਰੀਦ, ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥
ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
ਹੇ, ਦਿਲਾਂ ਦੀਆਂ ਜਾਨਣਹਾਰ ਤੇ ਢੋ ਮੇਲ ਮੇਲਣਹਾਰ, ਪ੍ਰਭੂ! ਮੇਰੇ ਦਿਲ ਦੀ ਸੱਧਰ ਪੂਰੀ ਕਰ।
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
  
  
|