Page 14
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥
ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।

ਹਰਿ ਬਿਨੁ ਜੀਉ ਜਲਿ ਬਲਿ ਜਾਉ ॥
ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਅਤੇ ਮਾਣਿਕ ਨਾਲ ਸਜਤ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ-ਪਰੀ ਪਿਆਰ ਤੇ ਦਿਲ ਖਿੱਚਵੇ ਇਸ਼ਾਰਿਆਂ ਨਾਲ ਮੈਨੂੰ ਪਲੰਘ ਉਤੇ ਸੱਦੇ।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਕਰਾਮਾਤੀ ਬੰਦਾ ਬਣ ਜੇਕਰ ਮੈਂ ਕਰਾਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇਹ ਸੱਦ ਲਵਾਂ,

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਜੇਕਰ ਮੈਂ ਮਹਾਰਾਜਾ ਹੋ ਜਾਵਾਂ, ਭਾਰੀ ਸੈਨਾ ਜਮ੍ਹਾ ਕਰ ਲਵਾਂ ਅਤੇ ਰਾਜ ਸਿੰਘਾਸਨ ਉਤੇ ਆਪਣਾ ਪੈਰ ਟਿਕਾ ਲਵਾਂ ਤੇ ਤਖਤ ਦੇ ਉਤੇ ਬਹਿ ਕੇ ਜੇਕਰ ਮੈਂ ਫੁਰਮਾਨ ਜਾਰੀ ਕਰਾਂ,

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,

ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
ਜਿਥੇ ਮੈਨੂੰ ਦੋਵੇ ਚੰਨ ਤੇ ਭਾਨ ਨਿਗ੍ਹਾ ਹੀ ਨਾਂ ਪੈਣ, ਅਤੇ ਜਿਥੇ ਮੈਨੂੰ ਸੁਫ਼ਨੇ ਵਿੱਚ ਭੀ ਕਦਾਚਿਤ ਨੀਦਰ ਨਾਂ ਪਵੇ।

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥
ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿਡਾ ਵੱਡਾ ਕਹਾਂ?

ਸਾਚਾ ਨਿਰੰਕਾਰੁ ਨਿਜ ਥਾਇ ॥
ਸੱਚਾ ਰੂਪ-ਰੰਗ-ਰਹਿਤ ਸਾਹਿਬ ਆਪਣੀ ਨਿੱਜ ਦੀ ਜਗ੍ਹਾ ਤੇ ਹੈ।

ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥
ਜਿਵੇਂ ਮੈਂ ਘਨੇਰੀ ਵਾਰੀ ਸੁਣਿਆ ਹੈ, ਮੈਂ ਤੇਰੀਆਂ ਖੂਬੀਆਂ ਵਰਨਣ ਕਰਦਾ ਹਾਂ, (ਹੇ ਸਾਹਿਬ!) ਜੇਕਰ ਤੈਨੂੰ ਚੰਗਾ ਲੱਗੇ, ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ। ਠਹਿਰਾਉ।

ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵਢਿਆ ਟੁੱਕਿਆਂ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ।

ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
ਜੇਕਰ ਮੈਂ ਅੱਗ ਨਾਲ ਸਾੜ ਦਿੱਤਾ ਜਾਵਾਂ ਅਤੇ ਸੁਆਹ ਨਾਲ ਮਿਲਾ ਦਿੱਤਾ ਜਾਵਾਂ;

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥
ਤਾਂ ਭੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ। ਮੈਂ ਤੈਡੇਂ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ?

ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
ਪੰਛੀ ਹੋ ਕੇ ਜੇਕਰ ਮੈਂ ਸੈਕੜਿਆਂ ਅਕਾਸ਼ਾਂ ਅੰਦਰ ਚੱਕਰ ਕੱਟਾਂ ਤੇ ਉਡਾਰੀਆਂ ਲਾਵਾਂ,

ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥
ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?