ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
ਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
ਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
ਹਿਸਾਬ ਵਿੱਚ ਆਦਮੀ ਬਚਨ ਬੋਲਦਾ ਹੈ। ਹਿਸਾਬ ਅੰਦਰ ਉਹ ਭੋਜਨ ਛਕਦਾ ਹੈ।
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
ਹਿਸਾਬ ਅੰਦਰ ਉਹ ਰਾਹੋ ਟੁਰਦਾ ਹੈ। ਹਿਸਾਬ ਅੰਦਰ ਉਹ ਸੁਣਦਾ ਤੇ ਦੇਖਦਾ ਹੈ।
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
ਹਿਸਾਬ ਅੰਦਰ ਉਹ ਸੁਆਸ ਲੈਂਦਾ ਹੈ। ਮੈਂ ਪੜ੍ਹੇ ਲਿਖੇ ਕੋਲੋ ਪਤਾ ਕਰਨ ਲਈ ਕਿਉਂ ਜਾਵਾਂ?
ਬਾਬਾ ਮਾਇਆ ਰਚਨਾ ਧੋਹੁ ॥
ਹੇ ਪਿਤਾ! ਧੋਖਾ ਦੇਣ ਵਾਲੀ ਹੈ ਸੰਸਾਰੀ ਪਦਾਰਥਾਂ ਦੀ ਰੌਣਕ।
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥
(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
ਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
ਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ ਹੈ।
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥
ਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
ਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥
ਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥
ਜਿਥੇ ਗਰੀਬਾਂ ਦੀ ਪ੍ਰਤਿਪਾਲਨਾ ਹੁੰਦੀ ਹੈ, ਉਥੇ ਹੇ ਸਾਈਂ! ਤੇਰੀ ਰਹਿਮਤ ਦੀ ਨਿਗਾਹ ਵਰਸਦੀ ਹੈ।
ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
ਲਾਲਚ ਕੂਕਰ ਹੈ, ਝੂਠ ਇਕ ਭੰਗੀ ਅਤੇ ਹੋਰਨਾ ਨੂੰ ਛਲਣਾ ਇਕ ਲਾਸ਼ ਦਾ ਖਾਣਾ ਹੈ।
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਹੋਰਨਾ ਤੇ ਕਲੰਕ ਲਾਉਣਾ ਨਿਰੀਪੁਰੀ ਹੋਰਨਾ ਦੀ ਗੰਦਗੀ ਆਪਣੇ ਮੂੰਹ ਵਿੱਚ ਪਾਉਣੀ ਹੈ ਅਤੇ ਰੋਹ ਦੀ ਅੱਗ ਇਕ ਕੰਮੀ।
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
ਬਾਬਾ ਬੋਲੀਐ ਪਤਿ ਹੋਇ ॥
ਹੇ ਭਰਾਵਾ! ਉਹ ਬਚਨ ਬੋਲ ਜਿਨ੍ਹਾਂ ਕਰਕੇ ਇਜ਼ਤ ਪਰਾਪਤ ਹੋਵੇ।
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
ਚੰਗੇ ਹਨ ਉਹ ਜਿਹੜੇ ਸਾਈਂ ਦੇ ਦਰਬਾਰ ਚੰਗੇ ਆਖੇ ਜਾਂਦੇ ਹਨ। ਮੰਦੇ ਅਮਲਾ ਵਾਲੇ ਬੈਠ ਕੇ ਵਿਰਲਾਪ ਕਰਦੇ ਹਨ। ਠਹਿਰਾਉ।
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਕੰਚਨ ਦਾ ਸੁਆਦ, ਚਾਂਦੀ ਅਤੇ ਮੁਟਿਆਰ ਦਾ ਸੁਆਦ, ਚੰਨਣ ਦੀ ਸੁਗੰਧਤਾ ਦਾ ਸੁਆਦ,
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਘੋੜਿਆਂ ਦਾ ਸੁਆਦ, ਮੋਹਣੀ ਨਾਲ ਸਾਂਝੇ ਪਲੰਘ ਤੇ ਮਹਿਲ ਦਾ ਸੁਆਦ, ਮਠਿਆਈਆਂ ਦਾ ਸੁਆਦ ਅਤੇ ਮਾਸ ਦਾ ਸੁਆਦ,
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
ਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਜਿਨ੍ਹਾਂ ਬਚਨਾ ਦੇ ਉਚਾਰਨ ਕਰਨ ਦੁਆਰਾ ਇਜ਼ਤ-ਆਬਰੂ ਪਰਾਪਤ ਹੁੰਦੀ ਹੈ, ਬਚਨਾਂ ਦਾ ਉਹ ਉਚਾਰਣ ਕਬੂਲ ਪੈ ਜਾਂਦਾ ਹੈ।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
ਰੁਖੇ ਬਚਨ ਉਚਾਰ ਕੇ ਆਦਮੀ ਖਰਾਬ ਹੁੰਦਾ ਹੈ। ਸਰਵਣ ਕਰ, ਹੈ ਮੇਰੀ ਬੇਵਕੂਫ ਤੇ ਬੇਸਮਝ ਆਤਮਾ!
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥
ਜਿਹੜੇ ਉਸ ਨੂੰ ਭਾਉਂਦੇ ਹਨ, ਉਹ ਚੰਗੇ ਹਨ। ਬਾਕੀ ਹੋਰ ਕੀ ਆਖਣਾ ਤੇ ਬਿਆਨ ਕਰਨਾ ਹੋਇਆ?
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
ਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
ਆਦਮੀ ਉਨ੍ਹਾਂ ਦੀ ਕਿਹੜੀ ਉਪਮਾਂ ਗਾਇਨ ਕਰ ਸਕਦਾ ਹੈ? ਉਨ੍ਹਾਂ ਨੂੰ ਹੋਰ ਕਿਹੜੇ ਹਾਰ-ਸ਼ਿੰਗਾਰ ਦੀ ਲੋੜ ਹੈ?
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
ਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
ਦੇਣ ਵਾਲੇ ਨੇ ਇਨਸਾਨ ਨੂੰ ਝੂਠ ਦੀ ਨਸ਼ੀਲੀ ਗੋਲੀ ਦਿੱਤੀ ਹੈ।
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
ਉਸ ਨਾਲ ਨਾਲ ਮਤਵਾਲਾ ਹੋ ਉਸ ਨੇ ਮੌਤ ਨੂੰ ਭੁਲਾ ਛੱਡਿਆ ਹੈ ਅਤੇ ਚਹੁੰ-ਦਿਹਾੜਿਆਂ ਲਈ ਮੌਜਾਂ ਮਾਣਦਾ ਹੈ।
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥
ਜੋ ਪ੍ਰਾਣੀ ਨਸ਼ੀਲੀਆਂ ਚੀਜ਼ਾ ਵਰਤਣ ਵਾਲੇ ਨਹੀਂ ਉਨ੍ਹਾਂ ਨੂੰ ਰੱਬ ਦੀ ਦਰਗਾਹ ਅੰਦਰ ਰੱਖਣ ਲਈ ਸਚਾਈ ਪਰਾਪਤ ਹੁੰਦੀ ਹੈ।
ਨਾਨਕ ਸਾਚੇ ਕਉ ਸਚੁ ਜਾਣੁ ॥
ਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
ਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ! ਹੇ ਸੁਆਮੀ! ਠਹਿਰਾਉ।
ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
  
  
|