Page 130
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥
ਉਸ ਦਾ ਕੋਈ ਸਰੂਪ ਜਾਂ ਚੱਕਰ-ਚਿਨ੍ਹ ਨਹੀਂ, ਅਤੇ ਉਹ ਸਾਰਿਆਂ ਦਿਲਾਂ ਅੰਦਰ ਵੇਖਿਆ ਜਾਂਦਾ ਹੈ। ਭੇਦ-ਰਹਿਤ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ। ਠਹਿਰਾਉ।

ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥
ਤੂੰ ਐਸਾ ਮਿਹਰਬਾਨ ਤੇ ਮਾਇਆਵਾਨ ਮਾਲਕ ਹੈ,

ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥
ਕਿ ਤੇਰੇ ਬਿਨਾ ਹੋਰ ਕੋਈ ਵੀ ਨਹੀਂ।

ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥
ਜੇਕਰ ਵਾਹਿਗੁਰੂ ਮਿਹਰ ਧਾਰੇ ਉਹ ਨਾਮ ਬਖਸ਼ਦਾ ਹੈ। ਨਾਮ ਦੇ ਸਿਮਰਨ ਰਾਹੀਂ ਇਨਸਾਨ ਨਾਮ ਸਰੂਪ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।

ਤੂੰ ਆਪੇ ਸਚਾ ਸਿਰਜਣਹਾਰਾ ॥
ਤੂੰ ਆਪੇ ਹੀ ਸੱਚਾ ਕਰਤਾਰ ਹੈ।

ਭਗਤੀ ਭਰੇ ਤੇਰੇ ਭੰਡਾਰਾ ॥
ਤੇਰੇ ਖ਼ਜ਼ਾਨੇ ਈਸ਼ਵਰੀ ਅਨੁਰਾਗ ਨਾਲ ਪਰੀਪੂਰਨ ਹਨ।

ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥
ਹਰੀ ਨਾਮ ਪਰਾਪਤ ਹੋਣ ਨਾਲ ਗੁਰੂ-ਸਮਰਪਣ ਦੀ ਆਤਮਾ ਪਰਮ-ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਅਫੁਰ ਇਕਾਗਰਤਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।

ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥
ਰੈਣ ਦਿਹੁੰ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਮੇਰੇ ਸੁਆਮੀ!

ਤੁਧੁ ਸਾਲਾਹੀ ਪ੍ਰੀਤਮ ਮੇਰੇ ॥
ਤੇਰੀ ਹੀ ਮੈਂ ਪਰਸੰਸਾ ਕਰਦਾ ਹਾਂ, ਹੇ ਮੇਰੇ ਦਿਲਬਰ।

ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥
ਤੇਰੇ ਬਗੈਰ ਮੈਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ। ਗੁਰਾਂ ਦੀ ਦਇਆ ਦੁਆਰਾ ਤੂੰ ਪਰਾਪਤ ਹੁੰਦਾ ਹੈ।

ਅਗਮੁ ਅਗੋਚਰੁ ਮਿਤਿ ਨਹੀ ਪਾਈ ॥
ਪਹੁੰਚ ਤੋਂ ਪਰ੍ਹੇ ਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ ਦਾ ਵਿਸਥਾਰ ਜਾਣਿਆ ਨਹੀਂ ਜਾ ਸਕਦਾ।

ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
ਆਪਣੀ ਰਹਿਮਤ ਧਾਰ ਕੇ ਤੂੰ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥
ਪੂਰਨ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕੀਤਾ ਜਾਂਦਾ ਹੈ। ਸਾਹਿਬ ਦੀ ਘਾਲ ਘਾਲਣ ਦੁਆਰਾ ਆਰਾਮ ਪਰਾਪਤ ਹੁੰਦਾ ਹੈ।

ਰਸਨਾ ਗੁਣਵੰਤੀ ਗੁਣ ਗਾਵੈ ॥
ਗੁਣਵਾਨ ਹੈ ਉਹ ਜਿਹਬਾ ਜਿਹੜੀ ਪ੍ਰਭੂ ਦੀਆਂ ਵਡਿਆਈਆਂ ਗਾਇਨ ਕਰਦੀ ਹੈ।

ਨਾਮੁ ਸਲਾਹੇ ਸਚੇ ਭਾਵੈ ॥
ਨਾਮ ਦੀ ਉਪਮਾ ਕਰਨ ਦੁਆਰਾ ਜੀਵ ਸੱਚੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।

ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥
ਪਵਿੱਤ੍ਰ ਪਤਨੀ ਸਦੀਵ ਹੀ ਆਪਣੇ ਪਤੀ ਦੇ ਪ੍ਰੇਮ ਨਾਲ ਰੰਗੀ ਰਹਿੰਦੀ ਹੈ ਅਤੇ ਸਤਿ ਪੁਰਖ ਨੂੰ ਮਿਲ ਕੇ ਕੀਰਤੀ ਨੂੰ ਪਰਾਪਤ ਹੁੰਦੀ ਹੈ।

ਮਨਮੁਖੁ ਕਰਮ ਕਰੇ ਅਹੰਕਾਰੀ ॥
ਮਨ-ਮਤੀਆਂ ਆਪਣੇ ਕੰਮ ਹੰਕਾਰ ਵਿੱਚ ਕਰਦਾ ਹੈ।

ਜੂਐ ਜਨਮੁ ਸਭ ਬਾਜੀ ਹਾਰੀ ॥
ਉਹ ਆਪਣਾ ਸਾਰਾ ਜੀਵਨ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ।

ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥
ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ, ਇਸ ਲਈ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਆਪੇ ਕਰਤਾ ਦੇ ਵਡਿਆਈ ॥
ਆਪ ਹੀ ਸਿਰਜਣਹਾਰ ਉਨ੍ਹਾਂ ਨੂੰ ਪ੍ਰਭਤਾ ਬਖਸ਼ਦਾ ਹੈ,

ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
ਜਿਨ੍ਹਾਂ ਲਈ ਉਸ ਨੇ ਖੁਦ ਮੁਢ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।

ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥
ਨਾਨਕ, ਜੋ ਡਰ ਦੇ ਨਾਸ ਕਰਨਹਾਰ ਵਾਹਿਗੁਰੂ ਦੇ ਨਾਮ ਨੂੰ ਗੁਰਾਂ ਦੀ ਅਗਵਾਈ ਤਾਬੇ ਪਾਉਂਦੇ ਹਨ, ਉਹ ਆਰਾਮ ਨੂੰ ਪਰਾਪਤ ਹੋ ਜਾਂਦੇ ਹਨ।

ਮਾਝ ਮਹਲਾ ੫ ਘਰੁ ੧ ॥
ਮਾਝ, ਪੰਜਵੀਂ ਪਾਤਸ਼ਾਹੀ।

ਅੰਤਰਿ ਅਲਖੁ ਨ ਜਾਈ ਲਖਿਆ ॥
ਹਿਰਦੇ ਦੇ ਅੰਦਰ ਅਦ੍ਰਿਸ਼ਟ ਸੁਆਮੀ ਹੈ ਪਰ ਉਹ ਵੇਖਿਆ ਨਹੀਂ ਜਾ ਸਕਦਾ।

ਨਾਮੁ ਰਤਨੁ ਲੈ ਗੁਝਾ ਰਖਿਆ ॥
ਨਾਮ ਦੇ ਹੀਰੇ ਨੂੰ ਲੈ ਕੇ ਉਸ ਨੇ ਇਸ ਨੂੰ ਅੰਦਰ ਲੁਕਾ ਕੇ ਰਖਿਆ ਹੋਇਆ ਹੈ।

ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥
ਪਹੁੰਚ ਤੋਂ ਪਰੇਡੇ ਅਤੇ ਸਮਝ ਸੋਚ ਤੋਂ ਉਚੇਰਾ ਸੁਆਮੀ ਸਾਰਿਆਂ ਨਾਲੋਂ ਬੁਲੰਦ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਜਾਣਿਆ ਜਾਂਦਾ ਹੈ।

ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਇਸ ਕਲਜੁਗ ਅੰਦਰ ਹਰੀ ਦੇ ਨਾਮ ਨੂੰ ਪਰਚਾਰਦੇ ਹਨ।

ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥
ਲਾਡਲੇ ਸਾਧੂ, ਸਤਿਪੁਰਖ ਦੇ ਅਸਥਾਪਨ ਕੀਤੇ ਹੋਏ ਹਨ, ਭਾਰੇ ਭਲੇ ਨਸੀਬਾਂ ਦੁਆਰਾ ਉਹਨਾਂ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।

ਸਾਧਿਕ ਸਿਧ ਜਿਸੈ ਕਉ ਫਿਰਦੇ ॥
ਜਿਸ ਨੂੰ ਪੂਰਨ ਪੁਰਸ਼ ਤੇ ਅਭਿਲਾਸ਼ੀ ਲੱਭਦੇ ਫਿਰਦੇ ਹਨ,

ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥
ਤੇ ਉਤਪਤੀ ਦਾ ਦੇਵਤਾ ਤੇ ਬਾਰਸ਼ ਦਾ ਦੇਵਤਾ ਆਪਣੇ ਦਿਲ ਵਿੱਚ ਯਾਦ ਕਰਦੇ ਹਨ,

ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥
ਅਤੇ ਜਿਸ ਨੂੰ ਤੇਤੀ ਕਰੋੜ ਦੇਵ ਭਾਲਦੇ ਹਨ, ਗੁਰਾਂ ਨੂੰ ਭੇਟ ਕੇ ਉਸ ਦਾ ਜੱਸ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ।

ਆਠ ਪਹਰ ਤੁਧੁ ਜਾਪੇ ਪਵਨਾ ॥
ਸਮੂਹ ਰੈਣ ਦਿਹੁੰ ਹਵਾ ਤੇਰਾ ਅਰਾਧਨ ਕਰਦੀ ਹੈ।

ਧਰਤੀ ਸੇਵਕ ਪਾਇਕ ਚਰਨਾ ॥
ਜਮੀਨ ਤੇਰੀ ਦਾਸੀ ਹੈ, ਤੇਰੇ ਪੈਰਾਂ ਦੀ ਗੋਲੀ।

ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥
ਉਤਪਤੀ ਦੇ ਚਾਰੇ ਸੋਮਿਆਂ ਦੇ ਜੀਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਵਿੱਚ ਤੂੰ ਹੈ। ਸਾਰਿਆਂ ਵਿੱਚ ਵਿਆਪਕ ਸਾਈਂ ਸਭਨਾਂ ਦੇ ਦਿਲਾਂ ਨੂੰ ਚੰਗਾ ਲੱਗਦਾ ਹੈ।

ਸਾਚਾ ਸਾਹਿਬੁ ਗੁਰਮੁਖਿ ਜਾਪੈ ॥
ਸੱਚਾ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ,

ਪੂਰੇ ਗੁਰ ਕੈ ਸਬਦਿ ਸਿਞਾਪੈ ॥
ਅਤੇ ਪੂਰਨ ਗੁਰਾਂ ਦੀ ਬਾਣੀ ਦੇ ਜਰੀਏ ਪਛਾਣੀਦਾ ਹੈ।

ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥
ਜੋ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਉਹ ਰੱਜ ਜਾਂਦੇ ਹਨ। ਸਚਿਆਰਾਂ ਦੇ ਪਰਮ ਸਚਿਆਰ ਨਾਲ ਪ੍ਰਾਣੀ ਧਰਾਪ ਜਾਂਦਾ ਹੈ।

ਤਿਸੁ ਘਰਿ ਸਹਜਾ ਸੋਈ ਸੁਹੇਲਾ ॥
ਉਸ ਦੇ ਗ੍ਰਹਿ ਅੰਦਰ ਬ੍ਰਹਿਮ-ਗਿਆਨ ਹੈ ਅਤੇ ਉਹੀ ਸੁਖੀ ਹੈ।

ਅਨਦ ਬਿਨੋਦ ਕਰੇ ਸਦ ਕੇਲਾ ॥
ਉਹ ਮੌਜਾਂ ਲੁਟਦਾ ਹੈ, ਅਨੰਦ ਮਾਣਦਾ ਹੈ ਅਤੇ ਸਦੀਵ ਹੀ ਰੰਗ-ਰਲੀਆਂ ਕਰਦਾ ਹੈ।

ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥
ਉਹ ਦੌਲਤਮੰਦ ਹੈ, ਅਤੇ ਉਹੀ ਪਰਮ ਪਾਤਸ਼ਾਹ ਜਿਹੜਾ ਗੁਰੂ ਦੇ ਪੈਰਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈ।

ਪਹਿਲੋ ਦੇ ਤੈਂ ਰਿਜਕੁ ਸਮਾਹਾ ॥
ਪ੍ਰਿਥਮੇ ਤੂੰ ਰੋਜ਼ੀ ਪੁਚਾਈ।

ਪਿਛੋ ਦੇ ਤੈਂ ਜੰਤੁ ਉਪਾਹਾ ॥
ਮਗਰੋਂ ਤੈ ਜੀਵ ਪੈਦਾ ਕੀਤੇ।

ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥
ਤੇਰੇ ਜਿੱਡਾ ਵੱਡਾ ਦਾਤਾਰ ਹੋਰ ਕੋਈ ਨਹੀਂ ਹੇ ਸਾਹਿਬ! ਮਹਾਨਤਾ ਵਿੱਚ ਕੋਈ ਤੇਰੇ ਲਾਗੇ ਭੀ ਨਹੀਂ ਲੱਗ ਸਕਦਾ।

ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥
ਜਿਸ ਉਤੇ ਤੂੰ ਪਰਮ ਪਰਸੰਨ ਹੋਇਆ ਹੈ, ਉਹ ਤੈਨੂੰ ਸਿਮਰਦਾ ਹੈ, ਹੇ ਪ੍ਰਭੂ!

ਸਾਧ ਜਨਾ ਕਾ ਮੰਤ੍ਰੁ ਕਮਾਏ ॥
ਉਹ ਪਵਿੱਤ੍ਰ ਪੁਰਸ਼ਾਂ ਦੀ ਸਿਖਿਆ ਤੇ ਅਮਲ ਕਰਦਾ ਹੈ।

ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥
ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ ਨੂੰ ਭੀ ਪਾਰ ਕਰ ਲੈਂਦਾ ਹੈ। ਸਾਈਂ ਦੇ ਦਰਬਾਰ ਅੰਦਰ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ।

copyright GurbaniShare.com all right reserved. Email:-