ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥
ਦਿਹੁੰ ਰੈਣ ਉਹ ਸੱਚੇ ਨਾਮ ਦੇ ਪਿਆਰ ਅੰਦਰ ਰੰਗੀਜੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਸਮੁੰਦਰ ਅੰਦਰ ਵਸੇਬਾ ਪ੍ਰਾਪਤ ਕਰ ਲੈਂਦੇ ਹਨ। ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥ ਪ੍ਰਤੀਕੂਲ ਪੁਰਸ਼, ਸਦੀਵ ਹੀ ਇਕ ਗੰਦਾ ਬਗਲਾ ਹੈ, ਜਿਸ ਨੂੰ ਹੰਕਾਰ ਦੀ ਗਿਲਾਜਤ ਲੱਗੀ ਹੋਈ ਹੈ। ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥ ਉਹ ਮਜਨ ਕਰਦਾ ਹੈ ਪ੍ਰਤੂੰ ਉਸ ਦੀ ਪਲੀਤੀ ਦੂਰ ਨਹੀਂ ਹੁੰਦੀ। ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥ ਜੋ ਜੀਉਂਦੇ ਜੀ ਮਰਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ, ਉਹ ਆਪਣੀ ਹੰਗਤਾ ਦੀ ਅਪਵਿੱਤ੍ਰਤਾ ਨੂੰ ਧੋ ਸੁਟਦਾ ਹੈ। ਰਤਨੁ ਪਦਾਰਥੁ ਘਰ ਤੇ ਪਾਇਆ ॥ ਤਾਂ ਮੈਨੂੰ ਆਪਣੇ ਨਿੱਜ ਦੇ ਗ੍ਰਹਿ ਵਿਚੋਂ ਹੀ ਹਰੀ ਨਾਮ ਦੀ ਅਮੋਲਕ ਦੌਲਤ ਮਿਲ ਪਈ, ਪੂਰੈ ਸਤਿਗੁਰਿ ਸਬਦੁ ਸੁਣਾਇਆ ॥ ਜਦੋਂ ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣਾ ਉਪਦੇਸ਼ ਸਰਵਣ ਕਰਾਇਆ ਹੈ। ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥ ਗੁਰਾਂ ਦੀ ਦਇਆ ਦੁਆਰਾ ਬੇ-ਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ ਅਤੇ ਆਪਣੇ ਮਨ ਦੇ ਅੰਦਰ ਦੇ ਪ੍ਰਕਾਸ਼ ਨਾਲ ਮੈਂ ਆਪਣੇ ਆਪ ਨੂੰ ਸਿੰਞਾਣ ਲਿਆ। ਆਪਿ ਉਪਾਏ ਤੈ ਆਪੇ ਵੇਖੈ ॥ ਆਪ ਹੀ ਪ੍ਰਭੂ ਰਚਦਾ ਹੈ ਆਪ ਹੀ ਆਪਣੀ ਰਚਨਾ ਨੂੰ ਦੇਖਦਾ ਹੈ। ਸਤਿਗੁਰੁ ਸੇਵੈ ਸੋ ਜਨੁ ਲੇਖੈ ॥ ਕੇਵਲ ਉਹੀ ਬੰਦਾ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ ਜੋ ਸਤਿਗੁਰਾਂ ਦੀ ਟਹਿਲ ਕਮਾਉਂਦਾ ਹੈ। ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥ ਗੁਰਾਂ ਦੀ ਮਿਹਰ ਤੋਂ ਪ੍ਰਭੂ ਦਾ ਨਾਮ ਪਰਾਪਤ ਹੁੰਦਾ ਅਤੇ ਮਨੁੱਸ਼ ਦੇ ਮਨ ਅੰਦਰ ਨਿਵਾਸ ਕਰਦਾ ਹੈ। ਮਾਝ ਮਹਲਾ ੩ ॥ ਮਾਝ ਤੀਜੀ ਪਾਤਸ਼ਾਹੀ। ਮਾਇਆ ਮੋਹੁ ਜਗਤੁ ਸਬਾਇਆ ॥ ਸਾਰੀ ਦੁਨੀਆਂ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਖਚਤ ਹੋਈ ਹੋਈ ਹੈ। ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥ ਤਿਨਾਂ ਸੁਭਾਵਾਂ ਵਾਲੇ ਜੀਵ ਮੋਹਨੀ ਦੇ ਲਟੂ ਕੀਤੇ ਹੋਏ ਦਿਸਦੇ ਹਨ। ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥ ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਸੱਚ ਨੂੰ ਸਮਝਦਾ ਹੈ ਅਤੇ ਆਪਣੀ ਬਿਰਤੀ ਬੈਕੁੰਠੀ ਪ੍ਰਮ-ਅਨੰਦ ਦੀ ਚੋਥੀ ਅਵਸਥਾ ਵਿੱਚ ਜੋੜਦਾ ਹੈ। ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥ ਮੈਂ ਬਲਿਹਾਰ ਹਾਂ, ਮੇਰੀ ਜਿੰਦਗੀ ਬਲਿਹਾਰ ਹੈ, ਉਨ੍ਹਾ ਉਤੋਂ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਦੌਲਤ ਦੀ ਲਗਨ ਨੂੰ ਸਾੜ ਸੁਟਦੇ ਹਨ। ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ ॥ ਜੋ ਦੁਨੀਆਂਦਾਰੀ ਦੀ ਮੁਹੱਬਤ ਨੂੰ ਫੂਕ ਦਿੰਦਾ ਹੈ ਤੇ ਆਪਣਾ ਮਨ ਹਰੀ ਨਾਲ ਜੋੜਦਾ ਹੈ, ਉਹ ਹਰੀ ਦੇ ਦਰਬਾਰ ਤੇ ਮੰਦਰ ਅੰਦਰ ਇੱਜ਼ਤ ਪਾਉਂਦਾ ਹੈ। ਠਹਿਰਾਉ। ਦੇਵੀ ਦੇਵਾ ਮੂਲੁ ਹੈ ਮਾਇਆ ॥ ਭਾਰਾ ਭੁਲੇਖਾ ਦੇਵੀਆਂ ਤੇ ਦੇਵਤਿਆਂ ਦਾ ਮੁੱਢ ਹੈ, ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ ਜਿਨ੍ਹਾਂ ਲਈ ਕਰਮ-ਕਾਂਡੀ ਪੁਸਤਕਾਂ ਅਤੇ ਫਲਸਫੇ ਦੇ ਗ੍ਰੰਥ ਰਚੇ ਹਨ। ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥ ਵਿਸ਼ੇ-ਭੋਗ ਅਤੇ ਰੋਹ ਜਗਤ ਅੰਦਰ ਪਰਵਿਰਤ ਹੋਏ ਹੋਏ ਹਨ, ਇਸ ਲਈ ਆਉਣ ਤੇ ਜਾਣ ਵਿੱਚ ਪ੍ਰਾਣੀ ਕਸ਼ਟ ਉਠਾਉਂਦੇ ਹਨ। ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥ ਇਸ ਕਥਿਤ ਜਗਤ ਅੰਦਰ ਬ੍ਰਹਿਮ ਗਿਆਤ ਦਾ ਇਕ ਜਵੇਹਰ ਰਖਿਆ ਗਿਆ ਹੈ। ਗੁਰ ਪਰਸਾਦੀ ਮੰਨਿ ਵਸਾਇਆ ॥ ਗੁਰਾਂ ਦੀ ਦਇਆ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ। ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥ ਪੂਰਨ ਗੁਰਾਂ ਪਾਸੋਂ ਬ੍ਰਹਿਮਚਾਰਜ, ਪਾਕ ਦਾਮਨੀ, ਸਵੈ-ਕਾਬੂ, ਸੱਚਾਈ ਦੀ ਵਰਤੋਂ ਅਤੇ ਨਾਮ ਦਾ ਸਿਮਰਨ ਪਰਾਪਤ ਹੁੰਦੇ ਹਨ। ਪੇਈਅੜੈ ਧਨ ਭਰਮਿ ਭੁਲਾਣੀ ॥ ਆਪਣੇ ਪੇਕੇ ਘਰ ਵਿੱਚ ਵਹੁਟੀ ਵਹਿਮ ਅੰਦਰ ਕੁਰਾਹੇ ਪਈ ਹੋਈ ਹੈ। ਦੂਜੈ ਲਾਗੀ ਫਿਰਿ ਪਛੋਤਾਣੀ ॥ ਹੋਰਸ ਨਾਲ ਜੁੜੀ ਹੋਈ ਉਹ ਆਖਰਕਾਰ ਅਫਸੋਸ ਕਰਦੀ ਹੈ। ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥੪॥ ਇਹ ਸੰਸਾਰ ਤੇ ਪ੍ਰਲੋਕ ਉਹ ਦੋਨੋ ਹੀ ਗੁਆ ਲੈਂਦੀ ਹੈ ਅਤੇ ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਦਾ। ਪੇਈਅੜੈ ਧਨ ਕੰਤੁ ਸਮਾਲੇ ॥ ਜਿਹੜੀ ਪਤਨੀ ਇਸ ਜਹਾਨ ਅੰਦਰ ਆਪਣੇ ਖਸਮ ਨੂੰ ਯਾਦ ਕਰਦੀ ਹੈ, ਗੁਰ ਪਰਸਾਦੀ ਵੇਖੈ ਨਾਲੇ ॥ ਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਆਪਣੇ ਐਨ ਲਾਗੇ ਦੇਖਦੀ ਹੈ। ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥ ਉਹ ਸੁਖੈਨ ਹੀ ਆਪਣੇ ਪ੍ਰੀਤਮ ਦੀ ਪ੍ਰੀਤ ਅੰਦਰ ਰੰਗੀ ਰਹਿੰਦੀ ਹੈ ਅਤੇ ਉਸ ਦੇ ਸ਼ਬਦ ਨੂੰ ਆਪਣਾ ਹਾਰ-ਸ਼ਿੰਗਾਰ ਬਣਾਉਂਦੀ ਹੈ। ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥ ਫਲ-ਦਾਇਕ ਹੈ ਉਨ੍ਹਾਂ ਜੀਵਨ ਜਿਨ੍ਹਾਂ ਨੇ ਗੁਰਾਂ ਨੂੰ ਪਰਾਪਤ ਕੀਤਾ ਹੈ, ਦੂਜਾ ਭਾਉ ਗੁਰ ਸਬਦਿ ਜਲਾਇਆ ॥ ਅਤੇ ਗੁਰਾਂ ਦਾ ਉਪਦੇਸ਼ ਸਮਝ ਕੇ ਸੰਸਾਰੀ ਮਮਤਾ ਨੂੰ ਸਾੜ ਸੁਟਿਆ ਹੈ। ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥ ਸਾਧ ਸੰਗਤ ਨਾਲ ਜੁੜ ਕੇ ਉਹ ਇਕ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥ ਜੋ ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦਾ, ਉਹ ਕਿਉਂ ਇਸ ਸੰਸਾਰ ਅੰਦਰ ਆਇਆ ਹੈ? ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥ ਲਾਹਨਤ ਹੈ ਉਸ ਦੀ ਜਿੰਦਗੀ ਨੂੰ! ਉਸ ਨੇ ਆਪਣਾ ਮਨੁੱਖੀ-ਜਨਮ ਬੇ-ਫਾਇਦਾ ਗੁਆ ਲਿਆ ਹੈ। ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥ ਮਨ-ਮਤੀਆ ਨਾਮ ਦਾ ਸਿਮਰਨ ਨਹੀਂ ਕਰਦਾ। ਹਰੀ ਨਾਮ ਦੇ ਬਾਝੋਂ ਉਹ ਘਣੀ ਤਕਲੀਫ ਉਠਾਉਂਦਾ ਹੈ। ਜਿਨਿ ਸਿਸਟਿ ਸਾਜੀ ਸੋਈ ਜਾਣੈ ॥ ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹ ਇਸਦੇ ਮੁਤਅਲਕ ਸਭ ਕੁਝ ਜਾਣਦਾ ਹੈ। ਆਪੇ ਮੇਲੈ ਸਬਦਿ ਪਛਾਣੈ ॥ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਗੁਰਾਂ ਦੀ ਸਿਖ-ਮਤ ਨੂੰ ਸਦਾ ਆਪਣੀਆਂ ਅੱਖਾਂ ਮੂਹਰੇ ਰੱਖਦੇ ਹਨ। ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥ ਨਾਨਕ, ਕੇਵਲ ਉਹੀ ਪੁਰਸ਼ ਨਾਮ ਨੂੰ ਹਾਸਲ ਕਰਦੇ ਹਨ ਜਿਨ੍ਹਾਂ ਦੇ ਮੰਥੇ ਉਤੇ ਐਸੀ ਲਿਖਤਾਕਾਰ ਆਦਿ ਪ੍ਰਭੂ ਨੇ ਲਿਖੀ ਹੋਈ ਹੈ। ਮਾਝ ਮਹਲਾ ੪ ॥ ਮਾਝ, ਚਉਥੀ ਪਾਤਸ਼ਾਹੀ। ਆਦਿ ਪੁਰਖੁ ਅਪਰੰਪਰੁ ਆਪੇ ॥ ਪਰੇ ਤੋਂ ਪਰੇ ਆਦਿ ਨਿਰੰਕਾਰ ਸਾਰਾ ਕੁਛ ਆਪਣੇ ਆਪ ਤੋਂ ਹੈ। ਆਪੇ ਥਾਪੇ ਥਾਪਿ ਉਥਾਪੇ ॥ ਆਪ ਉਹ ਸਥਾਪਨ ਕਰਦਾ ਹੈ ਅਤੇ ਸਥਾਪਨ ਕਰਕੇ ਆਪ ਹੀ ਪੁਟ ਸੁਟਦਾ ਹੈ। ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥ ਸਾਰਿਆਂ ਅੰਦਰ ਉਹ ਇਕ ਪ੍ਰਭੂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਕੇ ਗੁਰੂ-ਸਮਰਪਣ ਇੱਜ਼ਤ-ਆਬਰੂ ਪਾਉਂਦੇ ਹਨ। ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥ ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਅਕਾਰ-ਰਹਿਤ ਪੁਰਖ ਦੇ ਨਾਮ ਦਾ ਅਰਾਧਨ ਕਰਦੇ ਹਨ।
|