ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ। ਮਨਮੁਖ ਪੜਹਿ ਪੰਡਿਤ ਕਹਾਵਹਿ ॥ ਮਨਮਤੀਆਂ ਪੜ੍ਹਦਾ, ਵਾਚਦਾ ਹੈ ਤੇ ਪੰਡਤ ਆਖਿਆ ਜਾਂਦਾ ਹੈ। ਦੂਜੈ ਭਾਇ ਮਹਾ ਦੁਖੁ ਪਾਵਹਿ ॥ ਹੋਰਸ ਦੀ ਪ੍ਰੀਤ ਦੇ ਕਾਰਨ ਉਹ ਘਣਾ ਕਸ਼ਟ ਉਠਾਉਂਦਾ ਹੈ। ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥ ਮੰਦੇ ਵਿਸ਼ਿਆਂ ਨਾਲ ਮਤਵਾਲਾ ਹੋਇਆ ਹੋਇਆ ਉਹ ਕੁਝ ਭੀ ਨਹੀਂ ਸਮਝਦਾ ਅਤੇ ਮੁੜ ਮੁੜ ਕੇ ਜੂਨੀਆਂ ਅੰਦਰ ਪੈਦਾ ਹੈ। ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥ ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਆਪਣੇ ਹੰਕਾਰ ਨੂੰ ਮੇਸ ਕੇ ਵਾਹਿਗੁਰੂ ਨਾਲ ਅਭੇਦ ਹੁੰਦੇ ਹਨ। ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥ ਗੁਰਾਂ ਦੀ ਚਾਕਰੀ ਦੁਆਰਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਆ ਟਿਕਦਾ ਹੈ ਅਤੇ ਉਹ ਸੁਤੇ-ਸਿਧ ਹੀ ਸਾਹਿਬ ਦੇ ਅ੍ਰੰਮਤ ਨੂੰ ਪਾਨ ਕਰਦਾ ਹੈ। ਠਹਿਰਾਉ। ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥ ਪੰਡਤ ਵੇਦਾਂ ਨੂੰ ਵਾਚਦੇ ਹਨ ਪ੍ਰੰਤੂ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਰਾਪਤ ਨਹੀਂ ਹੁੰਦੇ। ਵਾਦੁ ਵਖਾਣਹਿ ਮੋਹੇ ਮਾਇਆ ॥ ਧਨ ਦੌਲਤ ਦੇ ਬੁੱਧੀ-ਹੀਣ ਕੀਤੇ ਹੋਏ ਉਹ ਬਹਿਸ ਮੁਬਾਹਿਸੇ ਕਰਦੇ ਹਨ। ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥ ਅਗਿਆਤ ਬੁਧੀ ਵਾਲੇ ਹਮੇਸ਼ਾਂ ਅੰਨ੍ਹੇਰੇ ਵਿੱਚ ਹਨ ਅਤੇ ਗੁਰੂ ਸਮਰਪਣ ਵਾਹਿਗੁਰੂ ਨੂੰ ਜਾਣਦੇ ਹਨ ਅਤੇ ਉਸ ਦਾ ਜੱਸ ਗਾਇਨ ਕਰਦੇ ਹਨ। ਅਕਥੋ ਕਥੀਐ ਸਬਦਿ ਸੁਹਾਵੈ ॥ ਸੁੰਦਰ ਨਾਮ ਦੇ ਰਾਹੀਂ ਨਾਬਿਆਨ ਹੋ ਸਕਣ ਵਾਲਾ ਸਾਹਿਬ ਬਿਆਨ ਕੀਤਾ ਜਾਂਦਾ ਹੈ। ਗੁਰਮਤੀ ਮਨਿ ਸਚੋ ਭਾਵੈ ॥ ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਣੀ ਨੂੰ ਸੱਚ ਚੰਗਾ ਲਗਦਾ ਹੈ। ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥ ਜੋ ਦਿਹੁੰ ਰੈਣ ਸੱਚਿਆਂ ਦੇ ਪਰਮ ਸੱਚੇ ਦੇ ਨਾਮ ਦਾ ਜਾਪ ਕਰਦੇ ਹਨ, ਉਨ੍ਹਾਂ ਦੀਆਂ ਆਤਮਾ ਸੱਚ ਨਾਲ ਰੰਗੀਆਂ ਜਾਂਦੀਆਂ ਹਨ। ਜੋ ਸਚਿ ਰਤੇ ਤਿਨ ਸਚੋ ਭਾਵੈ ॥ ਜਿਹੜੇ ਸੱਚ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਿਰੋਲ ਸੱਚ ਹੀ ਚੰਗਾ ਲਗਦਾ ਹੈ। ਆਪੇ ਦੇਇ ਨ ਪਛੋਤਾਵੈ ॥ ਸਾਈਂ ਖੁਦ ਸੱਚ ਦੀ ਦਾਤ ਦਿੰਦਾ ਹੈ ਤੇ ਅਫਸੋਸ ਨਹੀਂ ਕਰਦਾ। ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥ ਗੁਰਾਂ ਦੇ ਉਪਦੇਸ਼ ਦੁਆਰਾ ਸੱਚਾ ਸੁਆਮੀ ਸਦੀਵ ਹੀ ਜਾਣਿਆ ਜਾਂਦਾ ਹੈ। ਸੱਚੇ ਸੁਆਮੀ ਨੂੰ ਮਿਲਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ। ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥ ਝੂਠ ਅਤੇ ਫਰੇਬ ਦੀ ਮਲੀਨਤਾ ਉਨ੍ਹਾਂ ਨੂੰ ਨਹੀਂ ਚਿਮੜਦੀ, ਗੁਰ ਪਰਸਾਦੀ ਅਨਦਿਨੁ ਜਾਗੈ ॥ ਜੋ ਗੁਰਾਂ ਦੀ ਦਇਆ ਦੁਆਰਾ ਰੈਣ ਦਿਹੁੰ ਖਬਰਦਾਰ ਰਹਿੰਦੇ ਹਨ। ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥ ਪਵਿੱਤ੍ਰ ਨਾਮ ਉਨ੍ਹਾਂ ਦੇ ਦਿਲਾਂ ਅੰਦਰ ਵਸਦਾ ਹੈ ਅਤੇ ਉਹਨਾਂ ਦੇ ਚਾਨਣ ਵਾਹਿਗੁਰੂ ਦੇ ਚਾਨਣ ਨਾਲ ਅਭੇਦ ਹੋ ਜਾਂਦੇ ਹਨ। ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥ ਬੰਦੇ ਤਿੰਨਾਂ ਲੱਛਣਾ ਨੂੰ ਬਿਆਨ ਕਰਨ ਵਾਲੇ ਗ੍ਰੰਥਾਂ ਨੂੰ ਵਾਚਦੇ ਹਨ ਅਤੇ ਵਾਹਿਗੁਰੂ ਦੇ ਜੌਹਰ ਨੂੰ ਨਹੀਂ ਸਮਝਦੇ। ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥ ਉਹ ਆਦਿ ਨਿਰੰਕਾਰ ਨੂੰ ਭੁੱਲ ਜਾਂਦੇ ਹਨ ਅਤੇ ਗੁਰਾਂ ਦੀ ਬਾਣੀ ਨੂੰ ਨਹੀਂ ਸਿੰਞਾਣਦੇ। ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥ ਸੰਸਾਰੀ ਮਮਤਾ ਅੰਦਰ ਉਹ ਫਾਥੇ ਹੋਏ ਹਨ ਅਤੇ ਉਹ ਕੁਝ ਭੀ ਨਹੀਂ ਸਮਝਦੇ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਪਾਇਆ ਜਾਂਦਾ ਹੈ। ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥ ਵੇਦ ਕੂਕਦੇ ਹਨ, ਮੋਹਨੀ ਤਿੰਨਾਂ ਗੁਣਾ ਵਾਲੀ ਹੈ। ਮਨਮੁਖ ਨ ਬੂਝਹਿ ਦੂਜੈ ਭਾਇਆ ॥ ਦਵੈਤ-ਭਾਵ ਦਾ ਬਹਕਾਇਆ ਹੋਇਆ ਅਧਰਮੀ ਸਮਝਦਾ ਨਹੀਂ। ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥ ਲੋਕੀਂ ਤਿੰਨਾਂ ਸੁਭਾਵਾਂ ਨਾਲ ਸੰਬੰਧਤ ਪੁਸਤਕਾਂ ਵਾਚਦੇ ਹਨ ਅਤੇ ਇਕ ਪ੍ਰਭੂ ਨੂੰ ਨਹੀਂ ਜਾਣਦੇ। ਉਸ ਨੂੰ ਸਮਝਣ ਦੇ ਬਗੈਰ ਉਹ ਤਕਲੀਫ ਉਠਾਉਂਦੇ ਹਨ। ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥ ਜਦ ਉਸ ਨੂੰ ਚੰਗਾ ਲਗਦਾ ਹੈ ਤਦ ਸਾਹਿਬ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰ ਸਬਦੀ ਸਹਸਾ ਦੂਖੁ ਚੁਕਾਏ ॥ ਗੁਰਾਂ ਦੇ ਉਪਦੇਸ਼ ਦੇ ਜਰੀਏ ਵਾਹਿਗੁਰੂ ਉਸ ਦੀ ਵਹਿਮ ਦੀ ਬੀਮਾਰੀ ਨੂੰ ਦੂਰ ਕਰ ਦਿੰਦਾ ਹੈ। ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥ ਨਾਨਕ ਸੱਚੀ ਹੈ ਵਾਹਿਗੁਰੂ ਦੇ ਨਾਮ ਦੀ ਵਿਸ਼ਾਲਤਾ। ਨਾਮ ਅੰਦਰ ਭਰੋਸਾ ਰੱਖਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਨਿਰਗੁਣੁ ਸਰਗੁਣੁ ਆਪੇ ਸੋਈ ॥ ਉਹ ਪ੍ਰਭੂ ਆਪੇ ਹੀ ਗੁਪਤ ਅਤੇ ਪ੍ਰਗਟ ਹੈ। ਤਤੁ ਪਛਾਣੈ ਸੋ ਪੰਡਿਤੁ ਹੋਈ ॥ ਜੋ ਅਸਲੀਅਤ ਨੂੰ ਪਛਾਣਦਾ ਹੈ ਉਹ ਹੀ ਪੰਡਤ ਹੋ ਜਾਂਦਾ ਹੈ। ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥ ਜੋ ਰੱਬ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਤੇ ਆਪਣੀ ਸਮੂਹ ਵੰਸ਼ ਨੂੰ ਭੀ ਪਾਰ ਕਰ ਦਿੰਦਾ ਹੈ। ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥ ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਇਸ ਦੇ ਸੁਆਦ ਨੂੰ ਮਾਣਦੇ ਹਨ। ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥ ਜੋ ਵਾਹਿਗੁਰੂ ਦੇ ਸੁਧਾ ਰਸ ਨੂੰਂ ਛਕਦੇ ਹਨ, ਉਹ ਪਵਿੱਤ੍ਰ ਪੁਰਸ਼ ਹਨ। ਉਹ ਪਾਕ-ਪਾਵਨ ਨਾਮ ਦਾ ਸਿਮਰਨ ਕਰਦੇ ਹਨ। ਠਹਿਰਾਉ। ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ ਕੇਵਲ ਉਹੀ ਅਮਲਾਂ ਤੋਂ ਉਚੇਰਾ ਹੈ ਜੋ ਗੁਰਬਾਣੀ ਦਾ ਧਿਆਨ ਧਾਰਦਾ ਹੈ। ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥ ਉਸ ਦੇ ਹਿਰਦੇ ਅੰਦਰ ਯਥਾਰਥ ਬ੍ਰਹਿਮ-ਬੋਧ ਹੈ ਅਤੇ ਉਹੀ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ। ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥ ਉਹ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਪਾ ਲੈਂਦਾ ਹੈ ਅਤੇ ਤਿੰਨਾਂ ਲੱਛਣਾ ਤੋਂ ਉਚੇਰਾ ਉਠ ਕੇ ਉਹ ਹਰੀ ਵਿੱਚ ਲੀਨ ਹੋ ਜਾਂਦਾ ਹੈ। ਹਉਮੈ ਕਰੈ ਨਿਹਕਰਮੀ ਨ ਹੋਵੈ ॥ ਜੋ ਹੰਕਾਰ ਕਰਦਾ ਹੈ, ਉਹ ਅਮਲਾਂ ਦੇ ਬੰਧਨਾ ਤੋਂ ਆਜਾਦ ਨਹੀਂ ਹੁੰਦਾ। ਗੁਰ ਪਰਸਾਦੀ ਹਉਮੈ ਖੋਵੈ ॥ ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੀ ਹੰਗਤਾ ਨੂੰ ਮੇਸ ਸੁਟਦਾ ਹੈ। ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥ ਜਿਸ ਦੇ ਪੱਲੇ ਮਾਨਸਿਕ ਪ੍ਰਬੀਨਤਾ ਹੈ, ਉਹ ਹਮੇਸ਼ਾਂ ਆਪਣੇ ਆਪ ਦੀ ਜਾਂਚ-ਪੜਤਾਲ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਦਾ ਜੱਸ ਗਾਇਨ ਕਰਦਾ ਹੈ। ਹਰਿ ਸਰੁ ਸਾਗਰੁ ਨਿਰਮਲੁ ਸੋਈ ॥ ਉਹ ਵਾਹਿਗੁਰੂ ਸਰੇਸ਼ਟ ਅਤੇ ਪਵਿੱਤ੍ਰ ਸਮੁੰਦਰ ਹੈ, ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥ ਜਿਸ ਵਿਚੋਂ ਗੁਰੂ ਸਮਰਪਣ ਸਾਧੂ, ਹੰਸ ਹੋ ਕੇ ਉਥੋਂ ਸਦਾ ਨਾਮ ਮੋਤੀ ਚੁਗਦੇ ਹਨ। ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥ ਦਿਹੁੰ ਰੈਣ ਉਹ ਹਮੇਸ਼ਾਂ ਉਸ ਅੰਦਰ ਮਜਨ ਕਰਦੇ ਹਨ ਅਤੇ ਆਪਣੀ ਹੰਗਤਾ ਦੀ ਮਲੀਣਤਾ ਨੂੰ ਧੋ ਸੁਟਦੇ ਹਨ। ਨਿਰਮਲ ਹੰਸਾ ਪ੍ਰੇਮ ਪਿਆਰਿ ॥ ਪਵਿੱਤ੍ਰ ਸਾਧੂ ਰਾਜ ਹੰਸ ਪ੍ਰੀਤ ਭਾਵਨਾ ਨਾਲ, ਹਰਿ ਸਰਿ ਵਸੈ ਹਉਮੈ ਮਾਰਿ ॥ ਆਪਣੀ ਹੰਗਤਾ ਨੂੰ ਮੇਟ ਕੇ ਪਿਰਹੜੀ ਸੰਯੁਕਤ ਵਾਹਿਗੁਰੂ ਦੇ ਸਮੁੰਦਰ ਸਤਿਸੰਗਤ ਅੰਦਰ ਵਸਦੇ ਹਨ।
|