ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥
ਗੁਰੂ ਦੀ ਅਗਵਾਈ ਤਾਬੇ, ਜੋ ਇਸ ਕੰਦਰਾਂ ਨੂੰ ਖੋਜਦਾ ਹੈ, ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥ ਉਹ ਹੰਕਾਰ ਦੇ ਵੈਰੀ ਦੇ ਪਵਿੱਤ੍ਰ ਨਾਮ ਨੂੰ ਆਪਣੇ ਮਨ ਵਿੱਚ ਵਸਦਾ ਹੋਇਆ ਪਾ ਲੈਂਦਾ ਹੈ। ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥ ਜੋ ਪ੍ਰਭੂ ਦਾ ਜੱਸ ਅਲਾਪਦਾ ਹੈ ਅਤੇ ਗੁਰਬਾਣੀ ਨਾਲ ਸਸ਼ੋਭਤ ਹੋਇਆ ਹੈ, ਉਹ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ। ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥ ਮੌਤ ਦਾ ਦੂਤ, ਮਸੂਲੀਆ, ਦਵੈਤ-ਭਾਵ ਰੱਖਣ ਵਾਲਿਆਂ ਨੂੰ ਸਮੂਲ ਲਾਉਂਦਾ ਹੈ। ਨਾਵਹੁ ਭੂਲੇ ਦੇਇ ਸਜਾਏ ॥ ਉਹ ਉਨ੍ਹਾਂ ਨੂੰ ਡੰਡ ਦਿੰਦਾ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਹਨ। ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥ ਪ੍ਰਾਣੀਆਂ ਤੋਂ ਉਹ ਹਰ ਇਕ ਲਮ੍ਹੇ ਤੇ ਛਿਨ ਭਰ ਸਮੇਂ ਦਾ ਹਿਸਾਬ-ਕਿਤਾਬ ਲੈਂਦਾ ਹੈ ਅਤੇ ਉਹਨਾਂ ਦੇ ਅੰਸ਼ ਦੇ ਭੋਰਾ ਮਾਤ੍ਰ ਵਜ਼ਨ ਦੇ ਅਮਲਾਂ ਨੂੰ ਭੀ ਗਿਣਦਾ ਹੈ। ਪੇਈਅੜੈ ਪਿਰੁ ਚੇਤੇ ਨਾਹੀ ॥ ਜੋ ਆਪਣੇ ਕੰਤ ਨੂੰ ਇਸ ਜਹਾਨ ਅੰਦਰ ਯਾਦ ਨਹੀਂ ਕਰਦੀ, ਦੂਜੈ ਮੁਠੀ ਰੋਵੈ ਧਾਹੀ ॥ ਤੇ ਹੋਰਸ ਦੀ ਪ੍ਰੀਤ ਨਾਲ ਠੱਗੀ ਗਈ ਹੈ, ਉਹ ਭੁੱਬਾਂ ਮਾਰ ਕੇ ਵਿਰਲਾਪ ਕਰੇਗੀ। ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥ ਉਹ ਨੀਚ ਘਰਾਣੇ ਦੀ, ਬਹੁਤ ਬਦਸ਼ਕਲ ਤੇ ਮੰਦੇ ਲਛਣਾ ਵਾਲੀ ਹੈ। ਸੁਫਨੇ ਵਿੱਚ ਭੀ ਉਹ ਆਪਣੇ ਖਸਮ ਨੂੰ ਨਹੀਂ ਮਿਲਦੀ। ਪੇਈਅੜੈ ਪਿਰੁ ਮੰਨਿ ਵਸਾਇਆ ॥ ਜੋ ਆਪਣੇ ਪ੍ਰੀਤਮ ਨੂੰ ਆਪਣੇ ਮਾਪਿਆਂ ਦੇ ਘਰ ਵਿੱਚ ਚਿੱਤ ਅੰਦਰ ਟਿਕਾਉਂਦੀ ਹੈ, ਪੂਰੈ ਗੁਰਿ ਹਦੂਰਿ ਦਿਖਾਇਆ ॥ ਉਸ ਨੂੰ ਪੂਰਨ ਗੁਰਦੇਵ ਜੀ ਉਸ ਦਾ ਪਤੀ ਉਸ ਦੀਆਂ ਐਨ ਅੱਖਾਂ ਦੇ ਸਾਹਮਣੇ ਵਿਖਾਲ ਦਿੰਦੇ ਹਨ। ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥ ਐਸੀ ਵਹੁਟੀ ਆਪਣੇ ਖਸਮ ਨੂੰ ਆਪਣੀ ਛਾਤੀ ਨਾਲ ਲਾਈ ਰੱਖਦੀ ਹੈ ਅਤੇ ਨਾਮ ਦੇ ਰਾਹੀਂ ਆਪਣੇ ਖਸਮ ਨੂੰ ਉਸ ਦੇ ਸੁੰਦਰ ਪਲੰਘ ਉਤੇ ਮਾਣਦੀ ਹੈ। ਆਪੇ ਦੇਵੈ ਸਦਿ ਬੁਲਾਏ ॥ ਆਪ ਹੀ ਸਾਹਿਬ ਬੰਦੇ ਨੂੰ ਬੁਲਾਉਂਦਾ ਤੇ ਸੱਦਾ ਘਲਦਾ ਹੈ ਅਤੇ ਦਾਤਾਂ ਦਿੰਦਾ ਹੈ। ਆਪਣਾ ਨਾਉ ਮੰਨਿ ਵਸਾਏ ॥ ਆਪਣਾ ਨਾਮ ਉਹ ਉਸ ਦੇ ਚਿੱਤ ਅੰਦਰ ਅਸਥਾਪਨ ਕਰਦਾ ਹੈ। ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥ ਨਾਨਕ, ਜਿਸ ਨੂੰ ਨਾਮ ਦੀ ਵਿਸ਼ਾਲਤਾ ਪਰਾਪਤ ਹੁੰਦੀ ਹੈ, ਉਹ ਰਾਤ੍ਰੀ ਦਿਹੁੰ ਹਮੇਸ਼ਾਂ ਹੀ ਵਾਹਿਗੁਰੂ ਦਾ ਜੱਸ ਗਾਉਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਊਤਮ ਜਨਮੁ ਸੁਥਾਨਿ ਹੈ ਵਾਸਾ ॥ ਉਤਕ੍ਰਿਸ਼ਟਤ ਹੈ ਉਨ੍ਹਾਂ ਦੀ ਪੈਦਾਇਸ਼ ਅਤੇ ਸਰੇਸ਼ਟ ਹੈ ਉਨ੍ਹਾਂ ਦੇ ਰਹਿਣ ਦੀ ਜਗ੍ਹਾ, ਸਤਿਗੁਰੁ ਸੇਵਹਿ ਘਰ ਮਾਹਿ ਉਦਾਸਾ ॥ ਜੋ ਸੱਚੇ ਗੁਰਾਂ ਦੀ ਘਾਲ ਘਾਲਦੇ ਹਨ ਅਤੇ ਆਪਣੇ ਗ੍ਰਹਿ ਅੰਦਰ ਹੀ ਨਿਰਲੇਪ ਵਿਚਰਦੇ ਹਨ। ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥ ਈਸ਼ਵਰੀ ਆਨੰਦ ਅੰਦਰ ਉਹ ਵਸਦੇ ਹਨ, ਹਮੇਸ਼ਾਂ ਹੀ ਉਹ ਪ੍ਰਭੂ ਦੇ ਪਰੇਮ ਅੰਦਰ ਰੰਗੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਉਨ੍ਹਾਂ ਦੀ ਆਤਮਾ ਰੱਜੀ ਹੋਈ ਹੈ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥ ਮੈਂ ਬਲਿਹਾਰਨੇ ਹਾਂ ਅਤੇ ਮੇਰੀ ਜਿੰਦੜੀ ਬਲਿਹਾਰਨੇ ਹੈ ਉਹਨਾਂ ਉਤੋਂ ਜੋ ਮਾਲਕ ਨੂੰ ਵਾਚਦੇ, ਉਸ ਨੂੰ ਸਮਝਦੇ ਅਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ। ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥ ਗੁਰੂ ਸਮਰਪਣ ਵਾਹਿਗੁਰੂ ਦੇ ਨਾਮ ਨੂੰ ਵਾਚਦੇ ਤੇ ਸਲਾਹੁਦੇ ਹਨ ਅਤੇ ਸੱਚੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦੇ ਹਨ। ਠਹਿਰਾਉ। ਅਲਖ ਅਭੇਉ ਹਰਿ ਰਹਿਆ ਸਮਾਏ ॥ ਅਦ੍ਰਿਸ਼ਟ ਅਤੇ ਭੇਦ-ਰਹਿਤ ਸਾਈਂ ਹਰ ਥਾਂ ਵਿਆਪਕ ਹੋ ਰਿਹਾ ਹੈ। ਉਪਾਇ ਨ ਕਿਤੀ ਪਾਇਆ ਜਾਏ ॥ ਕਿਸੇ ਉਪਰਾਲੇ ਦੁਆਰਾ ਉਹ ਪਰਾਪਤ ਕੀਤਾ ਨਹੀਂ ਜਾ ਸਕਦਾ। ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥੨॥ ਜੇਕਰ ਹਰੀ ਦਇਆ ਧਾਰੇ ਤਦ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਉਹ ਬੰਦੇ ਨੂੰ ਮਿਹਰਬਾਨ ਪੁਰਖ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ। ਦੂਜੈ ਭਾਇ ਪੜੈ ਨਹੀ ਬੂਝੈ ॥ ਜੋ ਦਵੈਤ-ਭਾਵ ਦੇ ਬਾਰੇ ਵਾਚਦਾ ਹੈ, ਉਹ ਸੁਆਮੀ ਨੂੰ ਨਹੀਂ ਸਮਝਦਾ। ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥ ਉਹ ਤਿੰਨਾਂ ਹਾਲਤਾਂ ਵਾਲੀ ਸੰਸਾਰੀ ਦੌਲਤ ਨਹੀਂ ਲੋਚਦਾ ਹੈ। ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥੩॥ ਤਿੰਨਾਂ ਗੁਣਾਂ ਵਾਲੀ ਮਾਇਆ ਦੇ ਜੇਵੜੇ ਗੁਰਾਂ ਦੇ ਉਪਦੇਸ਼ ਦੁਆਰਾ ਕਟੇ ਜਾਂਦੇ ਹਨ ਅਤੇ ਗੁਰਾਂ ਦੀ ਸਿਖ-ਮਤ ਦੁਆਰਾ ਹੀ ਮੋਖਸ਼ ਮਿਲਦੀ ਹੈ। ਇਹੁ ਮਨੁ ਚੰਚਲੁ ਵਸਿ ਨ ਆਵੈ ॥ ਇਹ ਚੁਲਬੁਲਾ ਮਨੂਆ ਕਾਬੂ ਵਿੱਚ ਨਹੀਂ ਆਉਂਦਾ। ਦੁਬਿਧਾ ਲਾਗੈ ਦਹ ਦਿਸਿ ਧਾਵੈ ॥ ਦੁਚਿੱਤ-ਪਣ ਨਾਲ ਚਿਮੜਿਆਂ ਹੋਇਆ ਇਹ ਦਸੀ ਪਾਸੀਂ ਭਟਕਦਾ ਫਿਰਦਾ ਹੈ। ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥੪॥ ਇਹ ਜ਼ਹਿਰ ਦਾ ਕਿਰਮ ਹੈ, ਜ਼ਹਿਰ ਅੰਦਰ ਹੀ ਇਹ ਰਚਿਆ ਹੋਇਆ ਹੈ ਤੇ ਜ਼ਹਿਰ ਵਿੱਚ ਹੀ ਇਹ ਗਲ-ਸੜ ਜਾਂਦਾ ਹੈ। ਹਉ ਹਉ ਕਰੇ ਤੈ ਆਪੁ ਜਣਾਏ ॥ ਉਹ ਹਰ ਦਮ ਹੰਕਾਰ ਕਰਦਾ ਹੈ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦਾ ਹੈ। ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥ ਘਨੇਰੇ ਕਰਮ ਕਾਂਡ ਉਹ ਕਮਾਉਂਦਾ ਹੈ, ਪਰ ਉਹ ਕਬੂਲ ਨਹੀਂ ਪੈਦਾ। ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥੫॥ ਤੇਰੇ ਬਾਝੋਂ, ਹੇ ਸਾਹਿਬ! ਕੁਝ ਭੀ ਨਹੀਂ ਹੁੰਦਾ ਤੂੰ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ। ਜੋ ਤੇਰੇ ਨਾਮ ਨਾਲ ਸਸ਼ੋਭਤ ਹੋਏ ਹਨ। ਉਪਜੈ ਪਚੈ ਹਰਿ ਬੂਝੈ ਨਾਹੀ ॥ ਇਨਸਾਨ ਜੰਮਦਾ ਹੈ ਤੇ ਉਹ ਮਰ ਜਾਂਦਾ ਹੈ ਪ੍ਰੰਤੂ ਵਾਹਿਗੁਰੂ ਨੂੰ ਨਹੀਂ ਸਮਝਦਾ। ਅਨਦਿਨੁ ਦੂਜੈ ਭਾਇ ਫਿਰਾਹੀ ॥ ਰੈਣ ਦਿਹੁੰ ਉਹ ਹੋਰਸ ਦੀ ਪ੍ਰੀਤ ਅੰਦਰ ਭਟਕਦਾ ਫਿਰਦਾ ਹੈ। ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥੬॥ ਅਧਰਮੀ ਦਾ ਜੀਵਨ ਬੇਅਰਥ ਬਤੀਤ ਹੋ ਜਾਂਦਾ ਹੈ ਅਤੇ ਉਹ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ। ਪਿਰੁ ਪਰਦੇਸਿ ਸਿਗਾਰੁ ਬਣਾਏ ॥ ਪਤਨੀ ਹਾਰ ਸ਼ਿੰਗਾਰ ਲਾਉਂਦੀ ਹੈ ਜਦ ਕਿ ਉਸ ਦਾ ਪਤੀ ਪਰਾਏ ਵਤਨ ਗਿਆ ਹੋਇਆ ਹੈ। ਮਨਮੁਖ ਅੰਧੁ ਐਸੇ ਕਰਮ ਕਮਾਏ ॥ ਅੰਨ੍ਹਾਂ ਆਪ-ਹੁਦਰਾ ਪੁਰਸ਼ ਐਹੋ ਜੇਹੇ ਕੰਮ ਕਰਦਾ ਹੈ। ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥੭॥ ਉਸ ਨੂੰ ਇਸ ਜਹਾਨ ਅੰਦਰ ਇੱਜ਼ਤ ਨਹੀਂ ਮਿਲਦੀ ਤੇ ਨਾਂ ਹੀਂ ਪਨਾਹ। ਅਗਲੇ ਪ੍ਰਲੋਕ ਅੰਦਰ ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ। ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥ ਕੋਈ ਟਾਵਾਂ ਪੁਰਸ਼ ਹੀ ਰੱਬ ਦੇ ਨਾਮ ਨੂੰ ਜਾਣਦਾ ਹੈ, ਪੂਰੇ ਗੁਰ ਕੈ ਸਬਦਿ ਪਛਾਤਾ ॥ ਅਤੇ ਪੂਰਨ ਗੁਰਾਂ ਦੀ ਬਾਣੀ ਦੁਆਰਾ ਉਸ ਨੂੰ ਸਿਆਣਦਾ ਹੈ। ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥੮॥ ਉਹ ਸਦੀਵ ਹੀ ਦਿਹੁੰ ਰੈਣ, ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਸੁਖੈਨ ਹੀ ਆਰਾਮ ਨੂੰ ਪਰਾਪਤ ਹੋ ਜਾਂਦਾ ਹੈ। ਸਭ ਮਹਿ ਵਰਤੈ ਏਕੋ ਸੋਈ ॥ ਸਾਰਿਆਂ ਅੰਦਰ ਉਹ ਅਦੁੱਤੀ ਸਾਹਿਬ ਰਮਿਆ ਹੋਇਆ ਹੈ। ਗੁਰਮੁਖਿ ਵਿਰਲਾ ਬੂਝੈ ਕੋਈ ॥ ਬਹੁਤ ਥੋੜ੍ਹੇ ਪਵਿੱਤ੍ਰ ਪੁਰਸ਼ ਇਸ ਗੱਲ ਨੂੰ ਸਮਝਦੇ ਹਨ। ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥ ਨਾਨਕ, ਜੋ ਇਨਸਾਨ ਨਾਮ ਨਾਲ ਰੰਗੇ ਹਨ ਉਹ ਸੁਹਣੇ ਹਨ ਅਤੇ ਆਪਣੀ ਮਿਹਰ ਧਾਰ ਕੇ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
|