ਆਪੇ ਊਚਾ ਊਚੋ ਹੋਈ ॥
ਉਹ ਆਪ ਉਚਿਆਂ ਵਿਚੋਂ ਸਾਰਿਆਂ ਨਾਲੋਂ ਉੱਚਾ ਹੈ। ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥ ਕੋਈ ਵਿਰਲਾ ਹੀ, ਜਿਸ ਨੂੰ ਉਹ ਖੁਦ ਦਿਖਾਉਂਦਾ ਹੈ ਉਸ ਨੂੰ ਦੇਖਦਾ ਹੈ। ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥ ਨਾਨਕ ਜਿਨ੍ਹਾਂ ਦੇ ਚਿੱਤ ਅੰਦਰ ਨਾਮ ਨਿਵਾਸ ਰਖਦਾ ਹੈ ਉਹ ਖੁਦ ਪ੍ਰਭੂ ਨੂੰ ਵੇਖ ਲੈਂਦੇ ਹਨ ਅਤੇ ਹੋਰਨਾਂ ਨੂੰ ਭੀ ਉਸ ਨੂੰ ਵਿਖਾਲ ਦਿੰਦੇ ਹਨ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਮੇਰਾ ਮਾਲਕ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਗੁਰ ਪਰਸਾਦੀ ਘਰ ਹੀ ਮਹਿ ਪਾਈ ॥ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ। ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥ ਹਮੇਸ਼ਾਂ ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ ਅਤੇ ਇਕ ਚਿੱਤ ਹੋ ਉਸ ਦਾ ਸਿਮਰਨ ਕਰਦਾ ਹਾਂ। ਗੁਰਾਂ ਦੇ ਰਾਹੀਂ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ। ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥ ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਆਪਣੇ ਚਿੱਤ ਅੰਦਰ ਜਗਤ ਦੀ ਜਿੰਦ ਜਾਨ ਪ੍ਰਭੂ ਨੂੰ ਟਿਕਾਉਂਦੇ ਹਨ। ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਤਾਬੇ ਮੈਂ ਸੁਖੈਨ ਹੀ ਦਾਤਾਰ ਜਗਜੀਵਨ ਤੇ ਨਿਡਰ ਵਾਹਿਗੁਰੂ ਅੰਦਰ ਸਮਾ ਗਿਆ ਹਾਂ, ਜੋ ਆਲਮ ਦੀ ਜਿੰਦਗੀ ਹੈ। ਠਹਿਰਾਉ। ਘਰ ਮਹਿ ਧਰਤੀ ਧਉਲੁ ਪਾਤਾਲਾ ॥ ਤੇਰੇ ਗ੍ਰਹਿ ਵਿੱਚ ਹੀ ਹੇ ਪ੍ਰਾਣੀ! ਜ਼ਮੀਨ, ਬਲਦ ਅਤੇ ਹੇਠਲਾ ਲੋਕ ਹੈ। ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥ ਤੇਰੇ ਗ੍ਰਹਿ ਵਿੱਚ ਹੀ ਸਦੀਵੀ ਨੌਜਵਾਨ ਦਿਲਬਰ ਹੈ। ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥ ਹਮੇਸ਼ਾਂ ਹੀ ਖੁਸ਼ ਰਹਿੰਦਾ ਹੈ ਆਰਾਮ-ਦੇਣਹਾਰ ਸੁਆਮੀ। ਗੁਰਾਂ ਦੀ ਸਿਖ-ਮਤ ਦੁਆਰਾ ਜੀਵ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ। ਕਾਇਆ ਅੰਦਰਿ ਹਉਮੈ ਮੇਰਾ ॥ ਦੇਹਿ ਦੇ ਅੰਦਰ ਹੰਕਾਰ ਤੇ ਅਪਣੱਤ ਹੈ, ਜੰਮਣ ਮਰਣੁ ਨ ਚੂਕੈ ਫੇਰਾ ॥ ਇਸ ਲਈ ਆਉਣ ਤੇ ਜਾਣ ਦਾ ਚੱਕਰ ਮੁਕਦਾ ਨਹੀਂ। ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥ ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਨੂੰ ਨਵਿਰਤ ਕਰ ਲੈਂਦਾ ਹੈ ਅਤੇ ਸਚਿਆਰਾਂ ਦੇ ਪਰਮ ਸਚਿਆਰ ਦਾ ਸਿਮਰਨ ਕਰਦਾ ਹੈ। ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੇਹੀ ਦੇ ਵਿੱਚ ਦੋ ਭਰਾ, ਬਦੀ ਤੇ ਨੇਕੀ ਹਨ। ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥ ਦੋਨਾਂ ਨੇ ਇਕੱਠੇ ਹੋ ਕੇ ਦੁਨੀਆਂ ਪੈਦਾ ਕੀਤੀ ਹੈ। ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥ ਜੋ ਗੁਰਾਂ ਦੀ ਅਗਵਾਈ ਤਾਬੇ ਦੋਨਾਂ ਨੂੰ ਮੇਸ ਕੇ ਇਕ ਵਾਹਿਗੁਰੂ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਸੁੱਤੇ-ਸਿਧ ਹੀ ਉਸ ਅੰਦਰ ਲੀਨ ਹੋ ਜਾਂਦਾ ਹੈ। ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ਗ੍ਰਹਿ ਦੇ ਅੰਦਰ ਦਵੈਤ-ਭਾਵ ਦੇ ਪਿਆਰ ਦਾ ਅੰਧੇਰਾ ਹੈ। ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥ ਜਦ ਰੱਬੀ-ਪ੍ਰਕਾਸ਼ ਉਦੈ ਹੁੰਦਾ ਹੈ, ਸਵੈ-ਹੰਗਤਾ ਤੇ ਖੁਦੀ ਉਡ ਪੁੱਡ ਜਾਂਦੇ ਹਨ। ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥ ਆਰਾਮ ਬਖਸ਼ਣਹਾਰ ਮਾਲਕ ਪ੍ਰਤੱਖ ਹੋ ਜਾਂਦਾ ਹੈ, ਜਦ ਰੈਣ ਦਿਨ, ਆਦਮੀ ਨਾਮ ਦਾ ਅਰਾਧਨ ਕਰਦਾ ਹੈ। ਅੰਤਰਿ ਜੋਤਿ ਪਰਗਟੁ ਪਾਸਾਰਾ ॥ ਮਨੁੱਖ ਦੇ ਮਨ ਅੰਦਰ ਉਸ ਦਾ ਨੂਰ ਹੈ, ਐਨ ਪਰਤੱਖ ਹੈ ਜਿਸ ਦਾ ਖਿਲਾਰ। ਗੁਰ ਸਾਖੀ ਮਿਟਿਆ ਅੰਧਿਆਰਾ ॥ ਗੁਰਾਂ ਦੀ ਸਿੱਖ-ਮਤ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਦੀਵੀ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਜਦ ਮਨੁੱਖ ਦਾ ਚਾਨਣਾ ਪਰਮ ਚਾਨਣ ਨਾਲ ਅਭੇਦ ਹੋ ਜਾਂਦਾ ਹੈ। ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ ਮੰਦਰ ਦੇ ਵਿੱਚ ਹੀ ਜਵਾਹਿਰਾਤਾਂ ਨਾਲ ਲਬਾਲਬ ਖਜਾਨੇ ਹਨ। ਗੁਰਮੁਖਿ ਪਾਏ ਨਾਮੁ ਅਪਾਰਾ ॥ ਗੁਰਾਂ ਦੇ ਰਾਹੀਂ, ਉਨ੍ਹਾਂ ਅਨੰਤ ਨਾਮ ਦੇ ਖਜਾਨਿਆਂ ਨੂੰ ਇਨਸਾਨ ਪਰਾਪਤ ਕਰ ਲੈਂਦਾ ਹੈ। ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥ ਨੇਕ ਸੁਦਾਗਰ ਹਮੇਸ਼ਾਂ ਨਾਮ ਦਾ ਸੌਦਾ ਸੂਤ ਖਰੀਦਦਾ ਹੈ ਅਤੇ ਸਦੀਵ ਹੀ ਨਫਾ ਕਮਾਉਂਦਾ ਹੈ। ਆਪੇ ਵਥੁ ਰਾਖੈ ਆਪੇ ਦੇਇ ॥ ਸੁਆਮੀ ਖੁਦ ਇਸ ਮਾਲ ਨੂੰ ਰੱਖਦਾ ਹੈ ਅਤੇ ਖੁਦ ਹੀ ਦਿੰਦਾ ਹੈ। ਗੁਰਮੁਖਿ ਵਣਜਹਿ ਕੇਈ ਕੇਇ ॥ ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਰਾਹੀਂ ਇਸ ਮਾਲ ਨੂੰ ਖਰੀਦਦਾ ਹੈ। ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥ ਨਾਨਕ ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਨਾਮ ਨੂੰ ਪਾਉਂਦਾ ਹੈ। ਉਸ ਦੀ ਰਹਿਮਤ ਦੇ ਰਾਹੀਂ ਨਾਮ ਦਿਲ ਅੰਦਰ ਟਿਕਾਇਆ ਜਾਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਹਰਿ ਆਪੇ ਮੇਲੇ ਸੇਵ ਕਰਾਏ ॥ ਸੁਆਮੀ ਆਪ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਤੇ ਆਪਣੀ ਸੇਵਾ ਵਿੱਚ ਲਾਉਂਦਾ ਹੈ। ਗੁਰ ਕੈ ਸਬਦਿ ਭਾਉ ਦੂਜਾ ਜਾਏ ॥ ਗੁਰਾਂ ਦੇ ਉਪਦੇਸ਼ ਦੁਆਰਾ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ ਹੈ। ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥ ਪਵਿੱਤ੍ਰ ਵਾਹਿਗੁਰੂ, ਸਦੀਵ ਹੀ ਨੇਕੀ ਪਰਦਾਨ ਕਰਣਹਾਰ ਹੈ। ਸਾਈਂ ਖੁਦ ਬੰਦੇ ਨੂੰ ਉਤਮਤਾ ਅੰਦਰ ਲੀਨ ਕਰਦਾ ਹੈ। ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥ ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਸਚਿਆਂ ਦੇ ਸੱਚੇ ਨੂੰ ਆਪਣੇ ਅੰਤਸ਼ਕਰਣ ਅੰਦਰ ਟਿਕਾਉਂਦੇ ਹਨ। ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥ ਸਤਿਨਾਮ, ਹਮੇਸ਼ਾਂ ਹੀ ਪਾਕ ਪਵਿੱਤ੍ਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ। ਠਹਿਰਾਉ। ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥ ਵੱਡਾ ਦਾਤਾਰ ਆਪ ਹੀ ਕਿਸਮਤ ਦਾ ਲਿਖਾਰੀ ਹੈ। ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥ ਟਹਿਲੂਆ, ਜੋ ਮੁਖੀ ਗੁਰਾਂ ਦੀ ਸੇਵਾ ਕਮਾਉਂਦਾ ਹੈ, ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥ ਨਾਮ ਆਬਿ-ਹਿਯਾਤ ਨਾਲ ਰੱਬ ਦੇ ਗੋਲੇ ਸਦੀਵ ਹੀ ਸੁਹਣੇ ਲੱਗਦੇ ਹਨ ਅਤੇ ਗੁਰਾਂ ਦੀ ਸਿਖ-ਮਤ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦੇ ਹਨ। ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥ ਏਸ ਦੇਹਿ ਦੀ ਕੰਦਰਾਂ ਅੰਦਰ ਇਕ ਸੁੰਦਰ ਅਸਥਾਨ ਹੈ। ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥ ਪੂਰਨ ਗੁਰਾਂ ਦੇ ਰਾਹੀਂ ਹੰਕਾਰ ਤੇ ਸੰਦੇਹ ਦੂਰ ਹੋ ਜਾਂਦੇ ਹਨ। ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥ ਜੋ ਰੈਣ ਦਿਹੂੰ ਪਰੇਮ ਨਾਲ ਰੰਗੇ ਹੋਏ ਨਾਮ ਦੀ ਉਸਤਤੀ ਕਰਦੇ ਹਨ ਉਹ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਪਾ ਲੈਂਦੇ ਹਨ।
|