ਗੁਰਮੁਖਿ ਜੀਵੈ ਮਰੈ ਪਰਵਾਣੁ ॥
ਗੁਰੂ ਸਮਰਪਣ ਦਾ ਜੀਉਣਾ ਤੇ ਮਰਣਾ ਪਰਮਾਣੀਕ ਹੈ। ਆਰਜਾ ਨ ਛੀਜੈ ਸਬਦੁ ਪਛਾਣੁ ॥ ਉਸ ਦਾ ਜੀਵਨ ਬੇਅਰਥ ਨਹੀਂ ਜਾਂਦਾ, ਕਿਉਂਕਿ ਉਹ ਸਾਹਿਬ ਨੂੰ ਸਿੰਞਾਣਦਾ ਹੈ। ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥ ਪਵਿੱਤ੍ਰ ਪੁਰਸ਼ ਮਰਦਾ ਨਹੀਂ ਤੇ ਨਾਂ ਹੀ ਉਸ ਨੂੰ ਮੌਤ ਨਿਗਲਦੀ ਹੈ, ਪਵਿੱਤ੍ਰ ਪੁਰਸ਼ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਗੁਰਮੁਖਿ ਹਰਿ ਦਰਿ ਸੋਭਾ ਪਾਏ ॥ ਗੁਰੂ ਅਨੁਸਾਰੀ ਸਿਖ ਵਾਹਿਗੁਰੁ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ। ਗੁਰਮੁਖਿ ਵਿਚਹੁ ਆਪੁ ਗਵਾਏ ॥ ਗੁਰੂ ਅਨੁਸਾਰੀ ਸਿਖ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਟ ਸੁਟਦਾ ਹੈ। ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥ ਨੇਕ ਬੰਦਾ ਖੁਦ ਪਾਰ ਉਤਰ ਜਾਂਦਾ ਹੈ, ਆਪਣੀ ਸਮੂਹ ਵੰਸ਼ ਨੂੰ ਪਾਰ ਕਰ ਲੈਂਦਾ ਹੈ ਅਤੇ ਆਪਣਾ ਜੀਵਨ ਭੀ ਸੁਧਾਰ ਲੈਂਦਾ ਹੈ। ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥ ਨੇਕ-ਬੰਦੇ ਦੀ ਦੇਹਿ ਨੂੰ ਪੀੜ ਕਦਾਚਿੱਤ ਦੁਖਾਂਤ੍ਰ ਨਹੀਂ ਕਰਦੀ। ਗੁਰਮੁਖਿ ਹਉਮੈ ਚੂਕੈ ਪੀਰ ॥ ਨੇਕ-ਬੰਦੇ ਦੀ ਹੰਕਾਰ ਦੀ ਦਰਦ ਦੂਰ ਹੋ ਜਾਂਦੀ ਹੈ। ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥ ਨੇਕ ਬੰਦੇ ਦਾ ਹਿਰਦਾ ਪਵਿੱਤ੍ਰ ਹੈ ਅਤੇ ਮਗਰੋਂ ਕਦੇ ਭੀ ਇਸ ਨੂੰ ਗਿਲਾਜ਼ਤ ਨਹੀਂ ਚਿੰਮੜਦੀ। ਨੇਕ ਬੰਦਾ ਬੈਕੁੰਠੀ ਆਨੰਦ ਅੰਦਰ ਲੀਨ ਹੋ ਜਾਂਦਾ ਹੈ। ਗੁਰਮੁਖਿ ਨਾਮੁ ਮਿਲੈ ਵਡਿਆਈ ॥ ਪਵਿੱਤ੍ਰ ਪੁਰਸ਼ ਪ੍ਰਭੂ ਦੇ ਨਾਮ ਦੀ ਮਹਾਨਤਾ ਪਰਾਪਤ ਕਰਦਾ ਹੈ। ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥ ਪਵਿੱਤ੍ਰ ਪੁਰਸ਼ ਵਾਹਿਗੁਰੂ ਦੀਆਂ ਉਤਕ੍ਰਿਸ਼ਟਤਾਈਆਂ ਗਾਇਨ ਕਰਦਾ ਹੈ ਅਤੇ ਕੀਰਤੀ ਨੂੰ ਪਰਾਪਤ ਹੁੰਦਾ ਹੈ। ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥ ਉਹ ਸਦੀਵ ਹੀ ਦਿਹੁੰ ਰੈਣ ਪ੍ਰਸੰਨ ਰਹਿੰਦਾ ਹੈ। ਪਵਿੱਤ੍ਰ ਪੁਰਸ਼ ਸਾਹਿਬ ਦੇ ਨਾਮ ਦੀ ਕਮਾਈ ਕਰਦਾ ਹੈ। ਗੁਰਮੁਖਿ ਅਨਦਿਨੁ ਸਬਦੇ ਰਾਤਾ ॥ ਗੁਰਾਂ ਦਾ ਜਾਂਨਿਸਾਰ ਸਿੱਖ ਰੈਣ ਦਿਹੁੰ ਨਾਮ ਨਾਲ ਰੰਗਿਆ ਰਹਿੰਦਾ ਹੈ। ਗੁਰਮੁਖਿ ਜੁਗ ਚਾਰੇ ਹੈ ਜਾਤਾ ॥ ਗੁਰਾਂ ਦਾ ਜਾਂਨਿਸਾਰ ਸਿਖ ਚੌਹਾਂ ਯੁਗਾਂ ਵਿੱਚ ਜਾਣਿਆ ਜਾਂਦਾ ਹੈ। ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥ ਗੁਰਾਂ ਦਾ ਜਾਨਿਸਾਰ ਸਿੱਖ ਹਮੇਸ਼ਾਂ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪਰਮ-ਮਈ ਸੇਵਾ ਕਮਾਉਂਦਾ ਹੈ। ਬਾਝੁ ਗੁਰੂ ਹੈ ਅੰਧ ਅੰਧਾਰਾ ॥ ਗੁਰਾਂ ਦੇ ਬਿਨਾਂ ਅਨ੍ਹੇਰ ਘੁਪ ਹੈ। ਜਮਕਾਲਿ ਗਰਠੇ ਕਰਹਿ ਪੁਕਾਰਾ ॥ ਮੌਤ ਦੇ ਦੂਤ ਦੇ ਫੜੇ ਹੋਏ ਇਨਸਾਨ ਉੱਚੀ ਉੱਚੀ ਚੀਕਦੇ ਹਨ। ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥ ਉਹ ਹਮੇਸ਼ਾਂ ਬੀਮਾਰ, ਗੰਦਗੀ ਦੇ ਕੀਟ ਹਨ। ਗੰਦਗੀ ਅੰਦਰ ਹੀ ਉਹ ਤਸੀਹਾ ਕੱਟਦੇ ਹਨ। ਗੁਰਮੁਖਿ ਆਪੇ ਕਰੇ ਕਰਾਏ ॥ ਗੁਰੂ ਸਮਰਪਣ ਅਨੁਭਵ ਕਰਦੇ ਹਨ ਕਿ ਵਾਹਿਗੁਰੂ ਆਪ ਹੀ ਕਰਦਾ ਤੇ ਕਰਵਾਉਂਦਾ ਹੈ। ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥ ਗੁਰੂ ਸਮਰਪਣ ਦੇ ਦਿਲ ਵਿੱਚ ਸਾਹਿਬ ਖੁਦ ਆ ਕੇ ਨਿਵਾਸ ਕਰ ਲੈਂਦਾ ਹੈ। ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥ ਨਾਨਕ, ਰੱਬ ਦੇ ਨਾਮ ਦੇ ਰਾਹੀਂ ਵਿਸ਼ਾਲਤਾ ਪ੍ਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਇਆ ਜਾਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਏਕਾ ਜੋਤਿ ਜੋਤਿ ਹੈ ਸਰੀਰਾ ॥ ਦੇਹਾਂ ਦੀ ਰੌਸ਼ਨੀ ਅੰਦਰ ਇਕ ਸੁਆਮੀ ਦੀ ਹੀ ਰੌਸ਼ਨੀ ਹੈ। ਸਬਦਿ ਦਿਖਾਏ ਸਤਿਗੁਰੁ ਪੂਰਾ ॥ ਆਪਣੇ ਉਪਦੇਸ਼ ਦੁਆਰਾ ਪੂਰਨ ਸਤਿਗੁਰੂ ਇਸ ਨੂੰ ਵਿਖਾਲ ਦਿੰਦਾ ਹੈ। ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥ ਮੁਖਤਲਿਫ ਸਰੀਰਾਂ ਅੰਦਰ ਪ੍ਰਭੂ ਨੇ ਖੁਦ ਹੀ ਵੱਖਰਾਪਣ ਪੈਦਾ ਕੀਤਾ ਹੈ ਅਤੇ ਖੁਦ ਹੀ ਸਾਰੀ ਬਣਤਰ ਬਣਾਈ ਹੈ। ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥ ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੱਚੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ। ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਬ੍ਰਹਿਮ ਗਿਆਨ ਪਰਾਪਤ ਨਹੀਂ ਹੁੰਦਾ। ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ। ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥ ਤੂੰ ਆਪ ਸੁੰਦਰ ਲੱਗਦਾ ਹੈ ਅਤੇ ਆਪ ਹੀ ਸੰਸਾਰ ਨੂੰ ਫਰੇਫਤਾ ਕਰਦਾ ਹੈ। ਤੂੰ ਆਪੇ ਨਦਰੀ ਜਗਤੁ ਪਰੋਵਹਿ ॥ ਤੂੰ ਆਪ ਹੀ, ਹੇ ਮਿਹਰਵਾਨ ਮਾਲਕ! ਸੰਸਾਰ ਨੂੰ ਨਿਯਮ ਅੰਦਰ ਪਰੋਂਦਾ ਹੈਂ। ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥ ਤੂੰ ਆਪ ਹੀ, ਹੇ ਮੇਰੇ ਸਾਹਿਬ ਸਿਰਜਣਹਾਰ! ਕਲੇਸ਼ ਤੇ ਕੁਸ਼ਲਤਾ ਦਿੰਦਾ ਹੈਂ ਅਤੇ ਗੁਰੂ ਸਮਰਪਣਾ ਨੂੰ ਆਪਣਾ ਆਪ ਵਿਖਾਲਦਾ ਹੈਂ। ਆਪੇ ਕਰਤਾ ਕਰੇ ਕਰਾਏ ॥ ਸਿਰਜਣਹਾਰ ਆਪ ਹੀ ਕਰਦਾ ਤੇ ਕਰਾਉਂਦਾ ਹੈ। ਆਪੇ ਸਬਦੁ ਗੁਰ ਮੰਨਿ ਵਸਾਏ ॥ ਉਹ ਆਪ ਹੀ ਗੁਰਾਂ ਦੀ ਬਾਣੀ ਬੰਦੇ ਦੇ ਚਿੱਤ ਵਿੱਚ ਟਿਕਾਉਂਦਾ ਹੈ। ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥ ਹਰੀ ਪਾਸੋਂ ਸੁਧਾਰੂਪ ਗੁਰਬਾਣੀ ਉਤਪੰਨ ਹੁੰਦੀ ਹੈ, ਜਿਸ ਨੂੰ ਮੁਖੀ ਗੁਰੂ ਜੀ ਸੰਸਾਰ ਨੂੰ ਦਸਦੇ ਤੇ ਪਰਚਾਰਦੇ ਹਨ। ਆਪੇ ਕਰਤਾ ਆਪੇ ਭੁਗਤਾ ॥ ਹਰੀ ਆਪ ਹੀ ਰਚਣਹਾਰ ਤੇ ਆਪ ਹੀ ਆਨੰਦ ਮਾਨਣਹਾਰ ਹੈ। ਬੰਧਨ ਤੋੜੇ ਸਦਾ ਹੈ ਮੁਕਤਾ ॥ ਸਦੀਵ ਹੀ ਬੰਦਖਲਾਸ ਹੈ ਉਹ ਪ੍ਰਾਣੀ ਜੋ ਆਪਣੀਆਂ ਬੇੜੀਆਂ ਨੂੰ ਕੱਟ ਸੁਟਦਾ ਹੈ। ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥ ਹਮੇਸ਼ਾਂ ਹੀ ਸੁਰਖਰੂ ਹੈ ਸੱਚਾ ਸੁਆਮੀ ਖੁਦ। ਅਦ੍ਰਿਸ਼ਟ ਪੁਰਖ ਖੁਦ ਹੀ ਆਪਣੇ ਆਪ ਨੂੰ ਵਿਖਾਲਦਾ ਹੈ। ਆਪੇ ਮਾਇਆ ਆਪੇ ਛਾਇਆ ॥ ਸੁਆਮੀ ਆਪ ਹੀ ਮੋਹਨੀ ਹੈ ਅਤੇ ਆਪ ਹੀ ਇਸ ਦੀ ਰੂਹਾਨੀ ਬੇ-ਸਮਝੀ। ਆਪੇ ਮੋਹੁ ਸਭੁ ਜਗਤੁ ਉਪਾਇਆ ॥ ਉਸ ਨੇ ਆਪ ਹੀ ਸਾਰੇ ਸੰਸਾਰ ਅੰਦਰ ਇਸ ਲਈ ਮੁਹੱਬਤ ਫੂਕੀ ਹੈ। ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥ ਵਾਹਿਗੁਰੂ ਖੁਦ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣਾ ਜੱਸ ਗਾਇਨ ਕਰਦਾ ਹੈ ਉਹ ਖੁਦ ਹੀ ਆਪਣੀਆਂ ਉਤਕ੍ਰਿਸ਼ਟਤਾਈਆਂ ਉਚਾਰਦਾ ਅਤੇ ਪਰਚਾਰਦਾ ਹੈ। ਆਪੇ ਕਰੇ ਕਰਾਏ ਆਪੇ ॥ ਆਪ ਹੀ ਪ੍ਰਭੂ ਕਰਦਾ ਹੈ ਅਤੇ ਆਪ ਹੀ ਹੋਰਨਾਂ ਤੋਂ ਕਰਾਉਂਦਾ ਹੈ। ਆਪੇ ਥਾਪਿ ਉਥਾਪੇ ਆਪੇ ॥ ਉਹ ਖੁਦ ਸਥਿਰ ਕਰਦਾ ਹੈ ਅਤੇ ਖੁਦ ਹੀ ਉਖੇੜਦਾ ਹੈ। ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥ ਤੇਰੇ ਬਾਝੋਂ, ਹੇ ਸੁਆਮੀ! ਕੁਝ ਭੀ ਨਹੀਂ ਹੋ ਸਕਦਾ। ਤੂੰ ਆਪ ਹੀ ਪ੍ਰਾਣੀਆਂ ਨੂੰ ਭਿੰਨ ਭਿੰਨ ਕੰਮੀ ਲਾਇਆ ਹੋਇਆ ਹੈ। ਆਪੇ ਮਾਰੇ ਆਪਿ ਜੀਵਾਏ ॥ ਉਹ ਆਪ ਹੀ ਮਾਰਦਾ ਤੇ ਆਪ ਹੀ ਸੁਰਜੀਤ ਕਰਦਾ ਹੈ। ਆਪੇ ਮੇਲੇ ਮੇਲਿ ਮਿਲਾਏ ॥ ਸਤਿਸੰਗਤ ਨਾਲ ਜੋੜ ਕੇ ਉਹ ਪ੍ਰਾਣੀਆਂ ਨੂੰ ਆਪਣੇ ਆਪ ਨਾਲ ਅਭੇਦ ਕਰ ਲੈਂਦਾ ਹੈ। ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥ ਗੁਰਾਂ ਦੀ ਟਹਿਲ ਤੋਂ ਬੰਦਾ ਅਮਰ ਆਨੰਦ ਪਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
|