Page 1320

ਮੇਰੇ ਮਨ ਜਪੁ ਜਪਿ ਜਗੰਨਾਥੇ ॥
ਹੇ ਮੇਰੀ ਜਿੰਦੜੀਏ! ਤੂੰ ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ, ਮੈਂ ਆਪਣੇ ਸਾਰੇ ਪਾਪਾਂ ਅਤੇ ਦੁਖੜਿਆਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਓ।

ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥
ਮੇਰੀ ਇੱਕ ਜੀਭ ਤੇਰੀ ਮਹਿਮਾਂ ਗਾਇਨ ਨਹੀਂ ਕਰ ਸਕਦੀ। ਹੇ ਮੇਰੇ ਸਾਈਂ! ਤੂੰ ਬਹੁਤੀਆਂ ਸਾਰੀਆਂ ਜੀਭਾਂ ਪ੍ਰਦਾਨ ਕਰ।

ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥
ਉਹਨਾਂ ਸਾਰੀਆਂ ਜੀਭਾਂ ਨਾਲ, ਹਰ ਮੁਹਤ ਅਤੇ ਹਰ ਚਸਾ ਮੁੜ ਮੁੜ ਕੇ, ਮੈਂ ਤੇਰੀਆਂ ਸਿਫਤਾਂ ਗਾਇਨ ਕਰਾਂਗਾ, ਭਾਵੇਂ ਫਿਰ ਭੀ ਮੈਂ ਤੇਰੀਆਂ ਸਾਰੀਆਂ ਸਿਫਤਾਂ ਆਖ ਨਹੀਂ ਸਕਾਂਗਾ, ਹੇ ਸੁਆਮੀ!

ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥
ਹੇ ਮੇਰੇ ਵਾਹਿਗੁਰੂ ਸੁਆਮੀ ਮਾਲਕ! ਮੇਰਾ ਤੇਰੇ ਨਾਲ ਬਹੁਤ ਹੀ ਡੂੰਘਾ ਪਿਆਰ ਹੈ ਅਤੇ ਤੇਰਾ ਦਰਸ਼ਨ ਦੇਖਣ ਦੀ ਮੈਨੂੰ ਤਾਂਘ ਹੈ।

ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥
ਤੂੰ ਸਮੂਹ ਜੀਵ-ਜੰਤੂਆਂ ਦਾ ਵਿਸ਼ਾਲ ਦਾਤਾਰ ਸੁਆਮੀ ਹੈਂ ਅਤੇ ਸਾਡੀਆਂ ਤਕਲੀਫਾਂ ਨੂੰ ਜਾਣਦਾ ਹੈਂ।

ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥
ਜੇਕਰ ਕੋਈ ਜਣਾ ਮੈਨੂੰ ਸਾਈਂ ਦਾ ਰਾਹ ਅਤੇ ਰਸਤਾ ਦਿਖਾ ਦੇਵੇ, ਦੱਸ! ਮੈਂ ਉਸ ਨੂੰ ਕੀ ਦੇਵਾਂ?

ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥
ਮੈਂ ਆਪਣੀ ਸਮੂਹ ਦੇਹ ਅਤੇ ਜਿੰਦੜੀ ਉਸ ਨੂੰ ਅਰਪਨ, ਭੇਟਾ ਅਤੇ ਸਮਰਪਨ ਕਰ ਦੇਵਾਂਗਾ। ਕੋਈ ਜਣਾ ਮੈਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦੇਵੇ।

ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥
ਬਹੁਤੀਆਂ, ਖਰੀਆਂ ਹੀ ਬਹੁਤੀਆਂ ਹਨ ਪ੍ਰਭੂ ਦੀਆਂ ਸਿਫ਼ਤਾਂ ਅਤੇ ਘਣੇਰੀ ਹੈ ਉਸ ਦੀ ਵਡਿਆਈ। ਉਨ੍ਹਾਂ ਨੂੰ ਮੈਂ ਕੇਵਲ ਇੱਕ ਭੋਰਾ ਭਰ ਹੀ ਬਿਆਨ ਕਰ ਸਕਿਆ ਹਾਂ।

ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥
ਮੇਰਾ ਮਨ ਤੇਰੇ ਇਖਤਿਆਰ ਵਿੱਚ ਹੈ, ਹੇ ਸੁਆਮੀ! ਅਤੇ ਕੇਵਲ ਤੂੰ ਹੀ ਗੋਲੇ ਨਾਨਕ ਦਾ ਸਰਬ-ਸ਼ਕਤੀਮਾਨ ਸੁਆਮੀ ਹੈਂ।

ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।

ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥
ਹੇ ਮੇਰੀ ਜਿੰਦੇ! ਤੂੰ ਸੁਆਮੀ ਦੀਆਂ ਸਿਫ਼ਤਾਂ ਉਚਾਰਨ ਕਰ, ਜੋ ਅਕਹਿ ਸੁਣੀਆਂ ਜਾਂਦੀਆਂ ਹਨ।

ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥
ਈਮਾਨ, ਧਨ ਦੌਲਤ, ਕਾਮਯਾਬੀ ਅਤੇ ਮੁਕਤੀ ਸਮੂਹ ਹੀ ਸੁਆਮੀ ਦੇ ਗੋਲੇ ਮਗਰ ਪਰਛਾਵੇਂ ਵਾਂਙੂ ਲੱਗੀਆਂ ਫਿਰਦੀਆਂ ਹਨ। ਠਹਿਰਾਓ।

ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥
ਕੇਵਲ ਉਹ ਵਾਹਿਗੁਰੂ ਦਾ ਗੋਲਾ ਹੀ ਸਾਈਂ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।

ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥
ਸੁਆਮੀ ਦੇ ਉਸ ਦਰਬਾਰ ਅੰਦਰ ਜਿਥੇ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਓਥੇ ਨਾਮ ਦਾ ਸਿਮਰਨ ਹੀ ਬੰਦੇ ਨੂੰ ਖਲਾਸੀ ਦਿਵਾ ਸਕਦਾ ਹੈ।

ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥
ਮੈਂ ਕਰੋੜਾਂ ਹੀ ਜਨਮਾਂ ਦੇ ਘਣੇਰਿਆਂ ਪਾਪਾਂ ਅਤੇ ਸਵੈ-ਹੰਗਤਾ, ਦੀ ਪੀੜ ਅਤੇ ਗੰਦਗੀ ਨਾਲ ਲਿਬੜਿਆ ਹੋਇਆ ਹਾਂ।

ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥
ਮਿਹਰਬਾਨੀ ਕਰਕੇ, ਗੁਰਾਂ ਨੇ ਮੈਨੂੰ ਪ੍ਰਭੂ ਦੇ ਪਾਣੀ ਅੰਦਰ ਨੁਹਾ ਦਿੱਤਾ ਹੈ ਅਤੇ ਮੇਰੇ ਸਾਰੇ ਸਮਲ ਤੇ ਗੁਨਾਹ ਦੂਰ ਹੋ ਗਏ।

ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥
ਸਾਧੂ ਦੇ ਮਨ ਅੰਦਰ ਪ੍ਰਭੂ ਪ੍ਰਮੇਸ਼ਰ ਵੱਸਦਾ ਹੈ ਅਤੇ ਸਾਧੂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।

ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥
ਜਦ ਅਖੀਰਲਾ ਵੇਲਾ ਆ ਪੁੱਜਦਾ ਹੈ, ਤਦ ਬੰਦੇ ਦਾ ਸੱਚਾ ਸਾਥੀ ਬਣ, ਨਾਮ ਉਸ ਦੀ ਰੱਖਿਆ ਕਰਦਾ ਹੈ।

ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥
ਹੇ ਪ੍ਰਭੂ! ਪ੍ਰਮੇਸ਼ਰ, ਅਕਾਲ ਪੁਰਖ, ਵਾਹਿਗੁਰੂ ਸ਼੍ਰਿਸ਼ਟੀ ਦੇ ਸੁਆਮੀ, ਸਾਧੂ ਤੇਰੀ ਮਹਿਮਾਂ ਗਾਇਨ ਕਰਦੇ ਅਤੇ ਤੈਨੂੰ ਸਿਮਰਦੇ ਹਨ।

ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥
ਹੇ ਗੋਲੇ ਨਾਨਕ ਦੇ ਰਖਵਾਲੇ ਪ੍ਰਭੂ ਪ੍ਰਮੇਸ਼ਰ! ਤੂੰ ਮੇਰੇ ਵਰਗੇ ਡੁਬਦੇ ਹੋਏ ਪੱਥਰ ਦੀ ਰੱਖਿਆ ਕਰ।

ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।

ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥
ਕੇਵਲ ਸਾਈਂ ਪ੍ਰਭੂ ਹੀ ਮੇਰੇ ਅੰਤ੍ਰਵ ਖਿਆਲਾਂ ਨੂੰ ਜਾਣਦਾ ਹੈ।

ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥
ਜੇਕਰ ਕੋਈ ਜਣਾ ਸੁਆਮੀ ਦੇ ਸਾਧੂ ਦੀ ਉਸ ਦੇ ਅੱਗੇ ਬਦਖੋਈ ਕਰਦਾ ਹੈ, ਉਸ ਦੇ ਆਖੇ ਤੇ ਸੁਆਮੀ ਇੱਕ ਭੋਰਾ ਭਰ ਭੀ ਇਤਬਾਰ ਨਹੀਂ ਕਰਦਾ। ਠਹਿਰਾਓ।

ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥
ਤੂੰ ਹੋਰ ਸਾਰਾ ਕੁਝ ਛੱਡ ਦੇ ਅਤੇ ਆਪਣੇ ਸਦੀਵੀ ਸਥਿਰ ਸੁਆਮੀ ਦੀ ਟਹਿਲ ਕਮਾ, ਜੋ ਸਾਰਿਆਂ ਨਾਲੋਂ ਉਚਾ ਅਤੇ ਕੀਰਤੀਮਾਨ ਹੈ।

ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥
ਹਰੀ ਦੀ ਘਾਲ ਦੁਆਰਾ, ਮੌਤ ਜੀਵ ਵੱਲ ਵੇਖ ਤਕ ਨਹੀਂ ਸਕਦੀ, ਸਗੋਂ ਇਹ ਆ ਕੇ ਰੱਬ ਨੂੰ ਜਾਣਨ ਵਾਲੇ ਦੇ ਪੈਰੀਂ ਪੈ ਜਾਂਦੀ ਹੈ।

ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥
ਜਿਸ ਕਿਸੇ ਦੀ ਮੇਰਾ ਮਾਲਕ ਰੱਖਿਆ ਕਰਨੀ ਲੋੜਦਾ ਹੈ, ਉਸ ਦੇ ਕੰਨਾਂ ਵਿੱਚ ਉਹ ਸ੍ਰੇਸ਼ਟ ਸਮਝ ਪਾ ਦਿੰਦਾ ਹੈ।

ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥
ਕੋਈ ਜਣਾ ਉਸ ਤੱਕ ਪੁੱਜ ਨਹੀਂ ਸਕਦਾ, ਜਿਸ ਦੀ ਪ੍ਰੇਮਮਈ ਸੇਵਾ ਨਾਲ ਮੇਰਾ ਪ੍ਰਭੂ ਪ੍ਰਸੰਨ ਹੈ।

ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥
ਹੇ ਬੰਦੇ! ਤੂੰ ਰੱਬ ਦੀ ਅਸਚਰਜ ਖੇਡ ਨੂੰ ਵੇਖ ਜੋ ਇੱਕ ਮੁਹਤ ਵਿੱਚ ਅਸਲੀ ਨੂੰ ਨਕਲੀ ਨਾਲੋਂ ਸਿੰਞਾਣ ਲੈਂਦਾ ਹੈ।

ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥
ਇਸ ਲਈ ਸੁਆਮੀ ਦਾ ਸਾਧੂ ਪ੍ਰਸੰਨ ਚਿੱਤ ਰਹਿੰਦਾ ਹੈ। ਪਵਿੱਤਰ-ਮਨ ਵਾਲੇ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦੇ ਹਨ ਅਤੇ ਮੰਦੇ ਮਨ ਵਾਲੇ ਝੂਰਦੇ ਤੇ ਪਸਚਾਤਾਪ ਕਰਦੇ ਹਨ।

ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥
ਹੇ ਮੇਰੇ ਦਾਤਾਰ ਵਾਹਿਗੁਰੂ ਸੁਆਮੀ ਮਾਲਕ! ਤੂੰ ਸਰਬ-ਸ਼ਕਤੀਮਾਨ ਹੈਂ। ਮੈਂ ਤੇਰੇ ਕੋਲੋਂ ਕੇਵਲ ਇੱਕ ਦਾਤ ਮੰਗਦਾ ਹਾਂ।

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥
ਹੇ ਸੁਆਮੀ ਵਾਹਿਗੁਰੂ! ਮਿਹਰ ਧਾਰ ਕੇ, ਤੂੰ ਗੋਲੇ ਨਾਨਕ ਨੂੰ ਇਹ ਦਾਤ ਬਖਸ਼ ਕਿ ਤੇਰੇ ਪੈਰ ਹਮੇਸ਼ਾਂ ਹੀ ਉਸ ਦੇ ਹਿਰਦੇ ਅੰਦਰ ਟਿਕੇ ਰਹਿਣ।

copyright GurbaniShare.com all right reserved. Email