Page 1327

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਕੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥
ਰਾਗੁ ਪਰਭਾਤੀ ਬਿਭਾਸ ਪਹਿਲੀ ਪਾਤਿਸ਼ਾਹੀ ਚਉਪਦੇ।

ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥
ਤੇਰੇ ਨਾਮ ਦੁਆਰਾ, ਹੇ ਸਾਈਂ! ਇਨਸਾਨ ਪਾਰ ਉਤਰ ਜਾਂਦਾ ਹੈ ਤੇ ਤੇਰੇ ਨਾਮ ਦੁਆਰਾ ਹੀ ਉਸ ਦੀ ਇੱਜ਼ਤ ਤੇ ਉਪਾਸ਼ਨਾ ਹੁੰਦੀ ਹੈ।

ਨਾਉ ਤੇਰਾ ਗਹਣਾ ਮਤਿ ਮਕਸੂਦੁ ॥
ਤੇਰੇ ਨਾਮ ਜੇਵਰ ਅਤੇ ਜਾਗਦੇ ਹੋਏ ਮਨ ਦਾ ਮਨੋਰਥ ਹੈ।

ਨਾਇ ਤੇਰੈ ਨਾਉ ਮੰਨੇ ਸਭ ਕੋਇ ॥
ਤੇਰੇ ਨਾਮ ਰਾਹੀਂ ਹੇ ਪ੍ਰਭੂ ਹਰ ਕਿਸੇ ਦਾ ਨਾਮ ਪ੍ਰਸਿਧ ਹੋ ਜਾਂਦਾ ਹੈ।

ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥
ਨਾਮ ਦੇ ਬਗੈਰ, ਇਨਸਾਨ ਦੀ ਕਦੇ ਭੀ ਇੱਜ਼ਤ ਆਬਰੂ ਨਹੀਂ ਹੁੰਦੀ।

ਅਵਰ ਸਿਆਣਪ ਸਗਲੀ ਪਾਜੁ ॥
ਹੋਰ ਹਰ ਚਤਰਾਈ ਸਮੂਹ ਝੂਠਾ ਦਿਖਲਾਵਾ ਹੈ।

ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥
ਜਿਸ ਕਿਸੇ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।

ਨਾਉ ਤੇਰਾ ਤਾਣੁ ਨਾਉ ਦੀਬਾਣੁ ॥
ਤੇਰਾ ਨਾਮ ਮੇਰੀ ਤਾਕਤ ਹੈ ਅਤੇ ਤੇਰਾ ਨਾਮ ਹੀ ਮੇਰਾ ਆਸਰਾ।

ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥
ਤੇਰਾ ਨਾਮ ਮੇਰੀ ਫੌਜ ਹੈ ਅਤੇ ਤੇਰਾ ਨਾਮ ਹੀ ਮੇਰਾ ਪਾਤਿਸ਼ਾਹ।

ਨਾਇ ਤੇਰੈ ਮਾਣੁ ਮਹਤ ਪਰਵਾਣੁ ॥
ਤੇਰੇ ਨਾਮ ਰਾਹੀਂ, ਜੀਵ ਕਬੂਲ ਪੈ ਜਾਂਦਾ ਹੈ ਅਤੇ ਉਸ ਦੀ ਪਤਿ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।

ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥
ਤੇਰੀ ਦਇਆ ਦੁਆਰਾ, ਹੇ ਪ੍ਰਭੂ! ਜੀਵ ਤੇ ਤੇਰੀ ਰਹਿਮਤ ਦੀ ਮੋਹਰ ਲੱਗ ਜਾਂਦੀ ਹੈ।

ਨਾਇ ਤੇਰੈ ਸਹਜੁ ਨਾਇ ਸਾਲਾਹ ॥
ਤੇਰੇ ਨਾਮ ਦੁਆਰਾ, ਪ੍ਰਾਣੀ ਨੂੰ ਅਡੋਲਤਾ ਪ੍ਰਾਪਤ ਹੁੰਦੀ ਹੈ ਅਤੇ ਤੇਰੇ ਨਾਮ ਦੁਆਰਾ ਹੀ ਤੇਰੀ ਕੀਰਤੀ ਹੇ ਸੁਆਮੀ।

ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥
ਤੇਰਾ ਨਾਮ ਆਬਿ-ਹਯਾਤ ਹੈ, ਜਿਸ ਨਾਲ ਜੀਵ ਦੀ ਮਾਇਆ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ।

ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥
ਤੇਰੇ ਨਾਮ ਰਾਹੀਂ ਸਾਰੇ ਆਰਾਮ ਆ ਕੇ ਮਨੁਸ਼ ਦੇ ਮਨ ਵਿੱਚ ਟਿਕ ਜਾਂਦੇ ਹਨ।

ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥
ਨਾਮ ਦੇ ਬਗੈਰ, ਦੁਨੀਆ ਨਰੜੀ ਹੋਈ ਯਮ ਦੇ ਸ਼ਹਿਰ ਨੂੰ ਜਾਂਦੀ ਹੈ।

ਨਾਰੀ ਬੇਰੀ ਘਰ ਦਰ ਦੇਸ ॥
ਇਨਸਾਨ ਦੀ ਵਹੁਟੀ, ਧਾਮ, ਮੰਦਰ, ਮੁਲਕ,

ਮਨ ਕੀਆ ਖੁਸੀਆ ਕੀਚਹਿ ਵੇਸ ॥
ਮਨੂਏ ਦੀਆਂ ਰੰਗਰਲੀਆਂ ਅਤੇ ਖੁਸ਼ ਕਰਨ ਵਾਲੀਆਂ ਪੁਸ਼ਾਕਾਂ ਪਾਉਣੀਆਂ ਉਸ ਦੇ ਕੰਮ ਨਹੀਂ ਆਉਂਦੀਆਂ,

ਜਾਂ ਸਦੇ ਤਾਂ ਢਿਲ ਨ ਪਾਇ ॥
ਜਦ ਉਸ ਨੂੰ ਰੱਬ ਵੱਲੋ ਸੱਦਾ ਆ ਜਾਂਦਾ ਹੈ, ਤਦ ਉਹ ਟੁਰਨ ਨੂੰ ਦੇਰੀ ਨਹੀਂ ਲਾ ਸਕਦਾ;

ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥
ਅਤੇ ਜੋ ਝੂਠ ਹੈ, ਉਹ ਝੂਠ ਹੀ ਹੋ ਜਾਂਦਾ ਹੈ, ਹੇ ਨਾਨਕ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥
ਹੇ ਸੁਆਮੀ! ਤੇਰਾ ਨਾਮ ਮਾਣਕ ਹੈ ਅਤੇ ਤੇਰੀ ਰਹਿਮਤ ਉਜਾਲਾ। ਜਿਸ ਕਿਸੇ ਮਨ ਵਿੱਚ ਤੇਰਾ ਨਾਮ ਹੈ, ਉਥੇ ਹੀ ਰੱਬੀ ਨੂਰ ਹੈ।

ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥੧॥
ਅੰਨ੍ਹੀ ਦੁਨੀਆਂ ਅੰਦਰ, ਅਨ੍ਹੇਰਾ ਪਰਵਿਰਤ ਹੋ ਰਿਹਾ ਹੈ ਅਤੇ ਇਸ ਲਈ ਇਹ ਆਪਣੀਆਂ ਸਾਰੀਆਂ ਨੇਕੀਆਂ ਗੁਆ ਲੈਂਦੀ ਹੈ।

ਇਹੁ ਸੰਸਾਰੁ ਸਗਲ ਬਿਕਾਰੁ ॥
ਇਹ ਸਾਰੀ ਦੁਨੀਆਂ ਪਾਪਾਂ ਅੰਦਰ ਗਲਤਾਨ ਹੋਈ ਹੋਈ ਹੈ।

ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥੧॥ ਰਹਾਉ ॥
ਹੇ ਮੇਰੇ ਬੇਅੰਤ ਸਿਰਜਣਹਾਰ ਸੁਆਮੀ! ਕੇਵਲ ਤੇਰਾ ਨਾਮ ਅਤੇ ਹੋਰ ਕੁਛ ਭੀ ਨਾਂ, ਸਾਰੇ ਰੋਗਾਂ ਦੀ ਦਵਾਈ ਹੈ। ਠਹਿਰਾਉ।

ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥
ਹੇ ਸੁਆਮੀ! ਜੇਕਰ ਇਕ ਪਲੜੇ ਵਿੱਚ ਲੱਖੂਖਾਂ ਅਤੇ ਕ੍ਰੋੜਾ ਹੀ ਪਇਆਲਾਂ ਤੇ ਹੋਰ ਮੰਡਲਾਂ ਦੇ ਪਦਾਰਥਾਂ ਦਾ ਬੋਝ ਹੋਵੇ ਅਤੇ ਦੂਸਰੇ ਵਿੱਚ ਕੇਵਲ ਤੇਰਾ ਨਾਮ, ਫਿਰ ਭੀ ਇਹ ਵਧੇਰੇ ਵਜ਼ਨ ਦਾ ਹੋਵੇਗਾ।

ਤੇਰੇ ਲਾਲ ਕੀਮਤਿ ਤਾ ਪਵੈ ਜਾਂ ਸਿਰੈ ਹੋਵਹਿ ਹੋਰਿ ॥੨॥
ਹੇ ਮੇਰੇ ਪ੍ਰੀਤਮਾ! ਜੇਕਰ ਕੋਈ ਹੋਰ ਤੇਰੇ ਵਰਗਾ ਦੂਸਰੇ ਸਿਰੇ ਤੇ ਹੋਵੇ, ਕੇਵਲ ਤਦ ਹੀ ਤੈਡੇ ਨਾਮ ਦਾ ਮੁੱਲ ਪਾਇਆ ਜਾ ਸਕਦਾ ਹੈ।