Page 1326

ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥
ਮੇਰੀ ਦੇਹ ਅਤੇ ਚਿੱਤ ਪਰਮ ਠੰਢੇ ਠਾਰ ਹੋ ਗਏ ਹਨ ਤੇ ਆਪਣੀ ਬੀਮਾਰੀ ਤੋਂ ਖਲਾਸੀ ਪਾ ਮੈਂ ਹੁਣ ਆਰਾਮ ਅੰਦਰ ਸੌਦਾਂ ਹਾਂ।

ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥
ਜਿਸ ਤਰ੍ਹਾਂ ਸੂਰਜ ਦੀਆਂ ਸੂਆਵਾ ਸਾਰੀਆਂ ਥਾਵਾਂ ਅੰਦਰ ਵਿਆਪਕ ਹਨ, ਏਸੇ ਤਰ੍ਹਾਂ ਹੀ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।

ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥
ਜੇਕਰ ਬੰਦਾ ਸੰਤਾ ਦੇ ਸੰਤ ਗੁਰਦੇਵ ਜੀ ਨੂੰ ਮਿਲ ਪਵੇ, ਤਾਂ ਉਹ ਨਾਮ-ਅੰਮ੍ਰਿਤ ਨੂੰ ਪਾ ਲੈਂਦਾ ਹੈ ਅਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਬੈਠਾ ਹੋਇਆ ਹੀ ਜੌਹਰ ਨੂੰ ਪਾਨ ਕਰ ਲੈਂਦਾ ਹੈ।

ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥
ਰੱਬ ਦਾ ਗੋਲਾ ਗੁਰਦੇਵ ਜੀ ਨੂੰ ਇਸ ਤਰ੍ਹਾਂ ਪਿਆਰ ਕਰਦਾ ਹੈ ਜਿਸ ਤਰ੍ਹਾਂ ਸੁਰਖਾਬਨੀ ਭਾਨ ਦੇ ਵੇਖਣ ਨੂੰ ਪਿਆਰ ਕਰਦੀ ਹੈ।

ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥
ਸਾਰੀ ਰਤ ਹੀ ਉਹ ਵੇਖਦੀ, ਵੇਖਦੀ, ਅਤੇ ਵੇਖਦੀ ਰਹਿੰਦੀ ਹੈ ਅਤੇ ਜਦ ਸੂਰਜ (ਨਿਕਲਦਾ) ਜਾ (ਆਪਣਾ ਮੂੰਹ ਵਿਖਾਲਦਾ) ਹੈ, ਤਦ ਉਹ ਸੁਧਾਰਸ ਨੂੰ ਪਾਨ ਕਰਦੀ ਹੈ।

ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥
ਕੁੱਤੇ ਵਰਗਾ ਮਾਇਆ ਦਾ ਪੁਜਾਰੀ ਬਹੁਤ ਹੀ ਲਾਲਚੀ ਆਖਿਆ ਜਾਂਦਾ ਹੈ। ਉਹ ਮੰਦੀ ਅਕਲ ਦੀ ਘਣੇਰੀ ਗੰਦਗੀ ਨਾਲ ਭਰਿਆ ਹੋਇਆ ਹੈ।

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥
ਆਪਣੇ ਨਿਜ ਦੇ ਸਵੈ-ਮਨੋਰਥ ਲਈ, ਉਹ ਘਣੇਰੀਆਂ ਗੱਲਾ ਕਰਦਾ ਹੈ। ਉਸ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ।

ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥
ਮੈਂ ਸੰਤਾਂ ਅਤੇ ਪ੍ਰਭੂ ਪ੍ਰੇਮੀਆਂ ਦੀ ਸਭਾ ਦੀ ਸ਼ਰਣਾਗਤ ਲਈ ਹੈ, ਜਿਸ ਦੇ ਰਾਹੀਂ ਮੈਂ ਸੁਆਮੀ ਦੇ ਅੰਮ੍ਰਿਤ ਨੂੰ ਭਾਲ ਲਿਆ ਹੈ।

ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥
ਮੇਰੇ ਸੁਆਮੀ! ਤੂੰ ਮੈਨੂੰ ਮੁਖੀ ਸਾਧੂਆਂ ਅਤੇ ਅਨੁਰਾਗੀਆਂ ਦੀ ਸੰਗਤ ਬਖਸ਼, ਜੋ ਤੇਰੀਆਂ ਕ੍ਰੋੜਾ ਹੀ ਨੇਕੀਆਂ ਨੂੰ ਉਚਾਰਦੇ ਅਤੇ ਹੋਰਨਾ ਦਾ ਭਲਾ ਕਰਦੇ ਹਨ।

ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥
ਹੇ ਮੇਰੇ ਬੇਥਾਹ, ਮਿਹਰਬਾਨ ਅਤੇ ਦਾਤਾਰ ਰਹਿਮਤ ਦੇ ਸੁਆਮੀ! ਆਪਣੀ ਕਿਰਪਾ ਕਰਕੇ, ਤੂੰ ਸਾਡੇ ਸਾਰਿਆਂ ਦੀ ਰੱਖਿਆ ਕਰ।

ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥
ਹੇ ਸਾਈਂ! ਕੇਵਲ ਤੂੰ ਹੀ ਸਾਰਿਆਂ ਜੀਵਾਂ ਅਤੇ ਜਗਤ ਦੀ ਜਿੰਦ-ਜਾਨ ਹੈ। ਤੂੰ ਮੇਰੀ, ਆਪਣੇ ਗੋਲੇ ਨਾਨਕ ਦੀ ਪਰਵਰਸ਼ ਕਰ।

ਕਲਿਆਨੁ ਮਹਲਾ ੪ ॥
ਕਲਿਆਣ ਚੋਥੀ ਪਾਤਿਸ਼ਾਹੀ।

ਰਾਮਾ ਹਮ ਦਾਸਨ ਦਾਸ ਕਰੀਜੈ ॥
ਹੇ ਮੇਰੇ ਵਿਆਪਕ ਵਾਹਿਗੁਰੂ, ਤੂੰ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ।

ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥
ਜਦ ਤਾਂਈ, ਮੇਰੇ ਮਨੂਏ ਦੇ ਅੰਦਰ ਸੁਆਸ ਹੈ, ਤੂੰ ਮੈਨੂੰ ਸੰਤਾਂ ਦੇ ਪੈਰਾ ਦੀ ਧੂੜ ਪਿਲਾ। ਠਹਿਰਾਉ।

ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥
ਸ਼ਿਵਜੀ, ਨਾਰਦ, ਸ਼ੇਸ਼ਲਾਗ ਅਤੇ ਖਾਮੋਸ਼ ਰਿਸ਼ੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਤਰਸਦੇ ਹਨ।

ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥
ਹਰ ਧਾਮ, ਅਤੇ ਗ੍ਰਹਿ, ਜਿਥੇਸੰਤ ਆਪਣੇ ਪੈਰ ਟਿਕਾਉਂਦੇ ਹਨ, ਪਾਵਨ ਪੁਨੀਤ ਥੀ ਵੰਝਦਾ ਹੈ।

ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥
ਤੂੰ ਆਪਣੀ ਸ਼ਰਮ ਨੂੰ ਛੱਡ ਦੇ, ਸਾਰੇ ਹੰਕਾਰ ਨੂੰ ਦੂਰ ਕਰ ਦੇ ਅਤੇ ਸੰਤਾਂ ਨਾਲ ਮਿਲ ਅਤੇ ਉਨ੍ਹਾਂ ਨਾਲ ਹੀ ਵਸ।

ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥
ਉਹ ਤੇਰੇ ਧਰਮ ਰਾਜੇ ਦੇ ਡਰ ਨੂੰ ਲਾਹ ਦੇਣਗੇ ਅਤੇ ਜ਼ਹਿਰ ਦੇ ਸਮੁੰਦਰ ਵਿੱਚ ਡੁਬਦੇ ਹੋਏ ਨੂੰ ਤੈਨੂੰ ਬਾਹਰ ਕੱਢ ਲੈਣਗੇ।

ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥
ਜਿਨ੍ਹਾਂ ਨੂੰ ਸੰਦੇਹ ਨੇ ਸਾੜ ਸੁਟਿਆ ਹੈ, ਉਹ ਖੜੇ ਹੋਏ ਹੀ ਐਨ ਸੁਕ-ਸੜ ਜਾਂਦੇ ਹਨ। ਸਤਿਸੰਗਤ ਨਾਲ ਜੁੜ, ਉਹ ਮੁੜ ਪ੍ਰਫੁਲਤ ਹੋ ਜਾਂਦੇ ਹਨ।

ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥
ਇਸ ਲਈ ਤੂੰ ਇਕ ਮੁਹਤ ਦੀ ਭੀ ਦੇਰੀ ਅਤੇ ਆਲਸ ਨਾਂ ਕਰ। ਜਾ ਕੇ ਤੂੰ ਸੰਤਾਂ ਦੇ ਪੈਰੀ ਪੈ ਜਾ।

ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥
ਪ੍ਰਭੂ ਦੇ ਨਾਮ ਦੀ ਕੀਰਤੀ ਇਕ ਅਮੋਲਕ ਵਸਤੂ ਹੈ, ਜਿਹੜੀ ਕਿ ਵਾਹਿਗੁਰੂ ਨੇ ਸਾਧੂ ਕੋਲ ਰਖੀ ਹੋਈ ਹੈ।

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥
ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੱਚੀ ਅਤੇ ਸਦੀਵੀ ਕਰਕੇ ਸਵੀਕਾਰ ਕਰਦਾ ਹੈ, ਇਸ ਵਸਤੂ ਨੂੰ ਕੱਢ ਕੇ ਗੁਰੂ ਜੀ ਉਸ ਦੇ ਮੁਹਰੇ ਰੱਖ ਦਿੰਦੇ ਹਨ।

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥
ਸ੍ਰਵਨ ਕਰੋ, ਸ੍ਰਵਨ ਕਰੋ, ਤੁਸੀਂ ਵੀਰ ਸਾਧ-ਸਰੂਪ ਪੁਰਸ਼ੋ ਗੁਰੂ ਜੀ ਬਾਂਹ ਪਸਾਰ ਕੇ ਲੋਕਾਂ ਪ੍ਰਤੀ ਕੂਕਦੇ ਹਨ।

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥
ਜੇਕਰ ਤੂੰ ਆਪਣੀ ਜਿੰਦੜੀ ਲਈ ਸਦੀਵੀ ਪ੍ਰਸੰਨਤਾ ਅਤੇ ਖੁਸ਼ੀ ਦਾ ਚਾਹਵਾਨ ਹੈ, ਤਦ ਤੂੰ ਸੱਚੇ ਗੁਰਾਂ ਦੀ ਸ਼ਰਣਾਗਤ ਇਖਤਿਆਰ ਕਰ।

ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥
ਜੇਕਰ ਤੂੰ ਭਾਰੇ ਭਾਗਾਂ ਵਾਲਾ ਅਤੇ ਪਰਮ ਨੇਕ ਹੈ ਤਦ ਤੂੰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪੱਕਾ ਕਰ।

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥
ਧੰਨ-ਦੌਲਤ ਦੀ ਲਗਨ ਸਮੂਹ ਹੀ ਦੁਖਦਾਈ ਹੈ। ਪ੍ਰਭੂ ਦਾ ਨਾਮ ਅੰਮ੍ਰਿਤ ਪਾਨ ਕਰਨ ਦੁਆਰਾ, ਜੀਵ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।

ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥
ਜਿਹੜੇ ਪਦਾਰਥਾਂ ਅਤੇ ਮਾਇਆ ਦੇ ਬਹੁਤੇ ਪ੍ਰੀਤਵਾਨ ਹਨ, ਮਾਇਆ ਅੰਦਰ ਹੀ ਉਹ ਗਲਸੜ ਜਾਂਦੇ ਹਨ।

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥
ਅਤਿਅੰਤ ਹੀ ਅਨ੍ਹੇਰਾ ਅਤੇ ਕਠਨ ਹੈ, ਆਤਮਕ ਬੇਸਮਝੀ ਦਾ ਮਾਰਗ ਅਤੇ ਪ੍ਰਾਣੀ ਨੇ ਸਵੈ-ਹੰਗਤਾ ਦਾ ਭਾਰਾ ਬੋਝ ਬਾਰ ਕੀਤਾ ਹੋਇਆ ਹੈ।

ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥
ਨਾਨਕ, ਸੁੰਦਰ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਸੁਆਮੀ ਦਾ ਨਾਮ ਉਚਾਰਨ ਅਤੇ ਸਿਮਰਨ ਕਰਨ ਦੁਆਰਾ ਇਨਸਾਨ ਦਾ ਕਲਿਆਣ ਹੋ ਜਾਂਦੀ ਹੈ।

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ ੧ ॥
ਜੇਕਰ ਸੱਚੇ ਗੁਰਦੇਵ ਜੀ ਮਿਲ ਪੈਣ, ਤਦ ਉਹ ਨਾਮ ਨੂੰ ਮਨੁਸ਼ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ ਅਤੇ ਉਹ ਸੁਆਮੀ ਦੇ ਨਾਮ ਨਾਲ ਰਲ ਮਿਲ ਜਾਂਦਾ ਹੈ।

copyright GurbaniShare.com all right reserved. Email