ਧਾਵਤੁ ਰਾਖੈ ਠਾਕਿ ਰਹਾਏ ॥ ਭਟਕਦਾ ਫਿਰਦਾ ਮਨੂਆ ਰੁਕ ਕੇ ਆਪਣੇ ਥਾਂ ਤੇ ਟਿਕ ਜਾਂਦਾ ਹੈ, ਸਚਾ ਨਾਮੁ ਮੰਨਿ ਵਸਾਏ ॥੪॥ ਨਾਮ ਨੂੰ ਦਿਲ ਅੰਦਰ ਟਿਕਾਉਣ ਦੁਆਰਾ। ਬਿਸਮ ਬਿਨੋਦ ਰਹੇ ਪਰਮਾਦੀ ॥ ਉਨ੍ਹਾਂ ਦੀਆਂ ਮਸਤ ਕਰਨ ਵਾਲੀਆਂ ਅਦਭੁਤ ਖੇਡਾਂ ਮੁਕ ਜਾਂਦੀਆਂ ਹਨ, ਗੁਰਮਤਿ ਮਾਨਿਆ ਏਕ ਲਿਵ ਲਾਗੀ ॥ ਜਿਨ੍ਹਾਂ ਨੇ ਗੁਰਾਂ ਦੀ ਸਿਖਮਤ ਨੂੰ ਕਬੂਲ ਕਰ ਲਿਆ ਹੈ ਅਤੇ ਜਿਨ੍ਹਾਂ ਦੀ ਇਕ ਸੁਆਮੀ ਨਾਲ ਪਿਰਹੜੀ ਪਈ ਹੋਈ ਹੈ। ਦੇਖਿ ਨਿਵਾਰਿਆ ਜਲ ਮਹਿ ਆਗੀ ॥ ਪਾਣੀ ਅਤੇ ਅੱਗ ਅੰਦਰ ਸੁਆਮੀ ਨੂੰ ਰਮਿਆ ਵੇਖ ਕੇ, ਮੈਂ ਆਪਣੀ ਹੰਗਤਾ ਮਾਰ ਲਈ ਹੈ। ਸੋ ਬੂਝੈ ਹੋਵੈ ਵਡਭਾਗੀ ॥੫॥ ਕੇਵਲ ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ। ਸਤਿਗੁਰੁ ਸੇਵੇ ਭਰਮੁ ਚੁਕਾਏ ॥ ਸੱਚੇ ਗੁਰਾਂ ਦੀ ਸੇਵਾ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ। ਅਨਦਿਨੁ ਜਾਗੈ ਸਚਿ ਲਿਵ ਲਾਏ ॥ ਸੱਚੇ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ, ਇਨਸਾਨ ਰੈਣ ਅਤੇ ਦਿਹੁੰ ਜਾਗਦਾ ਰਹਿੰਦਾ ਹੈ। ਏਕੋ ਜਾਣੈ ਅਵਰੁ ਨ ਕੋਇ ॥ ਉਹ ਕੇਵਲ ਇਕ ਸਾਈਂ ਨੂੰ ਹੀ ਜਾਣਦਾ ਹੈ, ਹੋਰ ਕਿਸੇ ਨੂੰ ਨਹੀਂ। ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥ ਆਰਾਮ-ਬਖਸ਼ਣਹਾਰ ਸੁਆਮੀ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ। ਸੇਵਾ ਸੁਰਤਿ ਸਬਦਿ ਵੀਚਾਰਿ ॥ ਨਾਮ ਦਾ ਚਿੰਤਨ ਕਰਨ ਦੁਆਰਾ, ਬੰਦੇ ਦਾ ਮਨ ਹੋਰ ਦੀ ਟਹਿਲ ਸੇਵਾ ਕਰਨ ਦਾ ਆਦੀ ਥੀ ਵੰਝਦਾ ਹੈ। ਜਪੁ ਤਪੁ ਸੰਜਮੁ ਹਉਮੈ ਮਾਰਿ ॥ ਆਪਣੀ ਹੰਗਤਾ ਨੂੰ ਮਾਰਨ ਦੁਆਰਾ, ਬੰਦੇ ਦੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਕੀਤੀ ਹੋਈ ਜਾਣ ਲਈ ਜਾਂਦੀ ਹੈ। ਜੀਵਨ ਮੁਕਤੁ ਜਾ ਸਬਦੁ ਸੁਣਾਏ ॥ ਜਦ ਇਨਸਾਨ ਸੁਆਮੀ ਦੇ ਨਾਮ ਨੂੰ ਸੁਣਦਾ ਹੈ ਤਾਂ ਉਹ ਜੀਉਂਦਾ ਹੀ ਬੰਦ-ਖਲਾਸ ਹੋ ਜਾਂਦਾ ਹੈ। ਸਚੀ ਰਹਤ ਸਚਾ ਸੁਖੁ ਪਾਏ ॥੭॥ ਐਹੋ ਜੇਹੀ ਸੱਚੀ ਜੀਵਲ ਰਹੁ ਰੀਤੀ ਰਾਹੀਂ, ਉਹ ਸਦੀਵੀ ਆਰਾਮਾ ਨੂੰ ਪਰਾਪਤ ਕਰ ਲੈਂਦਾ ਹੈ। ਸੁਖਦਾਤਾ ਦੁਖੁ ਮੇਟਣਹਾਰਾ ॥ ਖੁਸ਼ੀ-ਬਖਸ਼ਨਹਾਰ ਪ੍ਰਭੂ ਗਮ ਦੂਰ ਕਰਨ ਵਾਲਾ ਹੈ। ਅਵਰੁ ਨ ਸੂਝਸਿ ਬੀਜੀ ਕਾਰਾ ॥ ਮੈਂ ਕਿਸੇ ਹੋਰਸ ਦੀ ਸੇਵਾ ਕਰਨ ਦਾ ਖਿਆਲ ਵੀ ਨਹੀਂ ਕਰ ਸਕਦਾ। ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥ ਆਪਣੀ ਦੇਹ ਮਨੂਆ ਅਤੇ ਦੌਲਤ ਵਾਹਿਗੁਰੂ ਅੱਗੇ ਰਖ ਕੇ, ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥ ਗੁਰੂ ਜੀ ਆਖਦੇ ਹਨ, ਮੈਂ ਸੁਆਮੀ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ ਲਿਆ ਹੈ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥ ਕੁੰਡਲੀਦਾਰ ਨਾੜੀ ਦੀ ਭੱਠੀ ਬਣਾ ਕੇ, ਜੋ ਕੋਈ ਭੀ ਅੰਦਰ-ਧੌਣ, ਸੁਆਸ ਅੰਦਰ ਖਿੱਚਣਾ, ਬਾਹਰ ਕੱਢਣ, ਅਤੇ ਰੋਕਣ ਦੀ ਕ੍ਰਿਆ ਕਰਦਾ ਹੈ। ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥ ਸੱਚੇ ਗੁਰਾਂ ਦੇ ਬਗੈਰ, ਉਸ ਨੂੰ ਯਥਾਰਥ ਸਮਝ ਪਰਾਪਤ ਨਹੀਂ ਹੁੰਦੀ ਅਤੇ ਸੰਦੇਹ ਅੰਦਰ ਭਟਕ ਉਹ ਉਥੇ ਡੁਬ ਕੇ ਮਰ ਜਾਂਦਾ ਹੈ। ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ ਅੰਨ੍ਹਾ ਇਨਸਾਨ ਲਿਬੜਿਆ ਹੋਇਆ ਹੈ, ਇਸ ਤਰ੍ਹਾਂ ਲਿਬੜਿਆ ਤੇ ਪਲੀਤ ਹੋਇਆ ਹੋਇਆ ਹੈ, ਕਿ ਉਹ ਭਾਵੇਂ ਆਪਣੇ ਆਪ ਨੂੰ ਕਿਤਨਾ ਵੀ ਧੋਵੇ, ਉਸ ਦੇ ਮਨ ਦੀ ਗੰਦਗੀ ਕਦਾਚਿਤ ਨਹੀਂ ਉਤਰਦੀ। ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥ ਨਾਮ ਦੇ ਬਗੈਰ, ਵਿਅਰਥ ਹਨ ਸਾਰੇ ਕੰਮ ਉਸ ਮਦਾਰੀ ਦੀ ਮਾਨੰਦ, ਜੋ ਸੰਦੇਹ ਰਾਹੀਂ ਲੋਕਾਂ ਨੂੰ ਧੋਖਾ ਦਿੰਦਾ ਹੈ। ਖਟੁ ਕਰਮ ਨਾਮੁ ਨਿਰੰਜਨੁ ਸੋਈ ॥ ਛੇ ਧਾਰਮਕ ਸੰਸਕਾਰ ਦਾ ਲਾਹਾ, ਉਸ ਪਵਿੱਤਰ ਪ੍ਰਭੂ ਦੇ ਨਾਮ ਦੇ ਅੰਦਰ ਸਮਾਇਆ ਹੋਇਆ ਹੈ। ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥ ਤੂੰ ਹੇ ਸੁਆਮੀ! ਨੇਕੀਆਂ ਦਾ ਸਮੁੰਦਰ ਹੈ ਅਤੇ ਮੇਰੇ ਅੰਦਰ ਕੇਵਲ ਬਦੀਆਂ ਹੀ ਹਨ। ਠਹਿਰਾਉ। ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥ ਸੰਸਾਰੀ ਕਾਰਵਿਹਾਰ ਦੀ ਦੌੜ ਭੱਜ, ਖੋਟੀ ਅਕਲ ਵਾਲੇ ਪੁਰਸ਼ ਦਾ ਪਾਪ ਭਰਿਆ ਕਰਮ ਹੈ। ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥ ਬੇਵਕੂਫ ਬੰਦਾ ਆਪਣੀ ਸਵੈ-ਹੰਗਤਾ ਦਾ ਮੁਜਾਹਰਾ ਕਰਦਾ ਹੈ ਅਤੇ ਸੁਆਮੀ ਦੀ ਸੇਵਾ ਨੂੰ ਅਨੁਭਵ ਨਹੀਂ ਕਰ ਸਕਦਾ। ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥ ਮਨਮਤੀਏ ਦੇ ਮਨ ਅੰਦਰ ਫਰੇਫਤਾ ਕਰ ਲੈਣ ਵਾਲੀ ਦੋਲਤ ਦੀ ਖਾਹਿਸ਼ ਹੈ ਅਤੇ ਤਬਾਹਕੁਨ ਹੈ ਉਸ ਦੀ ਬੋਲਬਾਣੀ। ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥ ਕੂੜਾ ਹੈ ਇਸ਼ਨਾਨ ਪਾਪੀ ਦਾ ਅਤੇ ਵਿਅਰਥ ਹਨ ਉਸ ਦੇ ਧਾਰਮਕ ਸੰਸਕਾਰ ਅਤੇ ਹਾਰਸ਼ਿੰਗਾਰ। ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥ ਕੂੜੀ ਹੈ ਮਨੂਏ ਦੀ ਸਿਆਣਪ ਅਤੇ ਇਸ ਦੇ ਅਮਲ ਫਜੂਲ ਝਗੜੇ ਖੜੇ ਕਰਦੇ ਹਨ। ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥ ਕੂੜੇ ਪਾਣੀ ਅੰਦਰ ਸਵੈ-ਹੰਗਤਾ ਹੈ ਅਤੇ ਉਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਨਹੀਂ ਹੁੰਦਾ। ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥ ਨਾਮ ਦੇ ਬਗੈਰ ਬਾਕੀ ਜੋ ਕੁਛ ਭੀ ਬੰਦਾ ਕਰਦਾ ਹੈ, ਫਿਕਲਾ ਹੈ ਉਸ ਦਾ ਸੁਆਦ। ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥ ਪਾਂਬਰਾਂ ਦੀ ਸੰਗਤ ਕਰਨ ਦੁਆਰਾ, ਇਨਸਾਨ ਬਰਬਾਦ ਹੋ ਜਾਂਦਾ ਹੈ। ਜਹਿਰੀਲੀ ਹੈ ਉਨ੍ਹਾਂ ਦੀ ਬੋਲ ਬਾਣੀ ਅਤੇ ਵਿਅਰਥ ਉਨ੍ਹਾਂ ਦੀ ਜਿੰਦਗੀ। ਏ ਭ੍ਰਮਿ ਭੂਲੇ ਮਰਹੁ ਨ ਕੋਈ ॥ ਹੇ ਬੰਦਿਓ! ਤੁਸੀਂ ਵਹਿਮ ਅੰਦਰ ਨਾਂ ਭੁਲੋ ਅਤੇ ਆਪਣੀ ਮੌਤ ਨੂੰ ਸੱਦਾ ਨਾਂ ਦਿਓ। ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥ ਸੱਚੇ ਗੁਰਾਂ ਦੀ ਘਾਲ ਕਮਾ, ਤੁਸੀਂ ਹਮੇਸ਼ਾਂ, ਖੁਸ਼ੀ ਅੰਦਰ ਵਸੋਗੇ। ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥ ਸੱਚੇ ਗੁਰਾਂ ਦੇ ਬਗੈਰ, ਕਿਸੇ ਨੂੰ ਭੀ ਕਲਿਆਣ ਪਰਾਪਤ ਨਹੀਂ ਹੁੰਦੀ। ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥ ਜੀਵ ਆਉਂਦਾ, ਜਾਂਦਾ ਤੇ ਮੁੜ ਮੁੜ ਕੇ ਮਰਦਾ ਹੈ। ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥ ਇਹ ਦੇਹ ਤਿੰਨ੍ਹਾਂ ਸੁਭਾਵਾਂ ਅੰਦਰ ਭਟਕਦੀ ਹੈ। ਇਸ ਨੋ ਵਿਆਪੈ ਸੋਗ ਸੰਤਾਪੁ ॥ ਇਸ ਨੂੰ ਅਫਸੋਸ ਅਤੇ ਕਲੇਸ਼ ਸਤਾਉਂਦੇ ਹਨ। ਸੋ ਸੇਵਹੁ ਜਿਸੁ ਮਾਈ ਨ ਬਾਪੁ ॥ ਤੂੰ ਉਸ ਦੀ ਟਹਿਲ ਕਮਾ, ਜਿਸ ਦੀ ਮਾਤਾ ਅਤੇ ਪਿਤਾ ਨਹੀਂ। ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥ ਇਸ ਤਰ੍ਹਾਂ ਖਾਹਿਸ਼ ਅਤੇ ਸਵੈ-ਹੰਗਤਾ ਤੇਰੇ ਅੰਦਰੋਂ ਦੂਰ ਹੋ ਜਾਣਗੇ। ਜਹ ਜਹ ਦੇਖਾ ਤਹ ਤਹ ਸੋਈ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਉਸ ਸਾਈਂ ਨੂੰ ਵੇਖਦਾ ਹਾਂ। ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥ ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਇਨਸਾਨ ਦਾ ਕਲਿਆਣ ਨਹੀਂ ਹੁੰਦਾ। ਹਿਰਦੈ ਸਚੁ ਏਹ ਕਰਣੀ ਸਾਰੁ ॥ ਤੂੰ ਆਪਣੇ ਮਨ ਅੰਦਰ ਸੱਚੇ ਨਾਮ ਨੂੰ ਟਿਕਾ। ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ। ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥ ਤਬਾਹ ਕਰਨ ਵਾਲੇ ਹਨ ਹੋਰ ਸਾਰੇ ਧੰਦੇ ਤੇ ਉਪਾਸ਼ਨਾਵਾਂ। ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥ ਜਦ ਜੀਵ ਦੀ ਦਵੈਤ-ਭਾਵ ਦੁਰ ਹੋ ਜਾਂਦੀ ਹੈ, ਕੇਵਲ ਤਦ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ। ਘਰਿ ਬਾਹਰਿ ਏਕੋ ਕਰਿ ਜਾਣੁ ॥ ਅਤੇ ਅੰਦਰ ਅਤੇ ਬਾਹਰ ਉਹ ਸੁਆਮੀ ਨੂੰ ਕੇਵਲ ਇਕ ਕਰਕੇ ਜਾਣਦਾ ਹੈ। ਏਹਾ ਮਤਿ ਸਬਦੁ ਹੈ ਸਾਰੁ ॥ ਕੇਵਲ ਇਹ ਹੀ ਸ਼੍ਰੇਸ਼ਟ ਸਿਖਮਤ ਅਤੇ ਉਪਦੇਸ਼ ਹੈ। ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥ ਦਵੈਤ-ਭਾਵ ਅੰਦਰ ਖਚਤ ਹੋਣ ਦੁਆਰਾ, ਇਨਸਾਨ ਦੇ (ਸਿਰ) ਜਾਂ (ਮੱਥੇ) ਤੇ ਸੁਆਹ ਪੈਦੀ ਹੈ। ਕਰਣੀ ਕੀਰਤਿ ਗੁਰਮਤਿ ਸਾਰੁ ॥ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦਾ ਜੱਸ ਕਰਨਾ ਸ਼੍ਰੇਸ਼ਟ ਕੰਮ ਹੈ। ਸੰਤ ਸਭਾ ਗੁਣ ਗਿਆਨੁ ਬੀਚਾਰੁ ॥ ਸਤਿਸੰਗਤ ਅੰਦਰ ਤੂੰ ਪ੍ਰਭੂ ਦੀਆਂ ਨੇਕੀਆਂ ਅਤੇ ਈਸ਼ਵਰੀ ਗਿਆਤ ਦਾ ਧਿਆਨ ਧਾਰ। ਮਨੁ ਮਾਰੇ ਜੀਵਤ ਮਰਿ ਜਾਣੁ ॥ ਜਿਹੜਾ ਕੋਈ ਆਪਣੇ ਮਨੂਏ ਨੂੰ ਕਾਬੂ ਕਰ ਲੈਂਦਾ ਹੈ, ਉਹ ਜੀਉਂਦੇ ਜੀ ਮੌਤ ਦੇ ਭੇਦ ਨੂੰ ਜਾਣ ਲੈਂਦਾ ਹੈ। ਨਾਨਕ ਨਦਰੀ ਨਦਰਿ ਪਛਾਣੁ ॥੮॥੩॥ ਨਾਨਕ, ਉਸ ਦੀ ਦਇਆ ਰਾਹੀਂ, ਦਇਆਲੂ ਸੁਆਮੀ ਸਿਞਾਣਿਆ ਜਾਂਦਾ ਹੈ। copyright GurbaniShare.com all right reserved. Email |