ਭਉ ਖਾਣਾ ਪੀਣਾ ਸੁਖੁ ਸਾਰੁ ॥ ਜੋ ਸੁਆਮੀ ਦੇ ਡਰ ਨੂੰ ਭੋਗਦਾ ਅਤੇ ਪਾਨ ਕਰਦਾ ਹੈ, ਉਸ ਨੂੰ ਸ਼ੇਸ਼ਟ ਆਰਾਮ ਪਰਾਪਤ ਹੁੰਦਾ ਹੈ; ਹਰਿ ਜਨ ਸੰਗਤਿ ਪਾਵੈ ਪਾਰੁ ॥ ਅਤੇ ਰੱਬ ਦੇ ਸੰਤਾਂ ਨਾਲ ਮਿਲ, ਉਹ ਪਾਰ ਉਤਰ ਜਾਂਦਾ ਹੈ। ਸਚੁ ਬੋਲੈ ਬੋਲਾਵੈ ਪਿਆਰੁ ॥ ਪ੍ਰੇਮ ਨਾਲ ਰੰਗੀਜ, ਉਹ ਸੱਚ ਬੋਲਦਾ ਅਤੇ ਹੋਰਨਾ ਤੋਂ ਬੁਲਵਾਉਂਦਾ ਹੈ। ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥ ਗੁਰਾਂ ਦੀ ਬਾਣੀ ਦਾ ਪਾਠ ਕਰਨਾ, ਸ਼੍ਰੇਸ਼ਟ ਕਾਰ ਵਿਹਾਰ ਹੈ। ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥ ਜੋ ਕੋਈ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਅਮਲ, ਈਮਾਨ, ਇਜ਼ਤ-ਆਬਰੂ ਅਤੇ ਉਪਾਸ਼ਨਾ ਜਾਣਦਾ ਹੈ, ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥ ਉਹ ਆਪਣੀ ਕਾਮ ਚੇਸ਼ਟਾ ਤੇ ਗੁੱਸੇ ਨੂੰ ਅੱਗ ਵਿੱਚ ਸਾੜ ਸੁੱਟਦਾ ਹੈ। ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥ ਜਦ ਕੋਈ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ, ਤਦ ਉਸ ਦੀ ਆਤਮਾ ਪ੍ਰਸੰਨ ਹੋ ਜਾਂਦੀ ਹੈ। ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥ ਗੁਰੂ ਜੀ ਬੇਨਤੀ ਕਰਦੇ ਹਨ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਰਾਮ ਨਾਮੁ ਜਪਿ ਅੰਤਰਿ ਪੂਜਾ ॥ ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਉਹ ਹੀ ਹੈ ਤੇਰੇ ਮਨ ਦੀ ਉਪਾਸ਼ਨਾ। ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥ ਤੂੰ ਗੁਰਾਂ ਦੀ ਬਾਣੀ ਦਾ ਧਿਆਨ ਧਾਰ ਤੇ ਹੋਰ ਕਿਸੇ ਦਾ ਖਿਆਲ ਹੀ ਨਾਂ ਕਰ। ਏਕੋ ਰਵਿ ਰਹਿਆ ਸਭ ਠਾਈ ॥ ਇਕ ਪ੍ਰਭੂ ਹੀ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ। ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਮੈਂ ਕੀਹਦੇ ਅੱਗੇ ਭੇਟਾ ਧਰਾਂ? ਠਹਿਰਾਉ। ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥ ਮੈਂ ਆਪਣੀ ਜਿੰਦੜੀ ਤੇ ਦੇਹ ਤੇਰੇ ਮੂਹਰੇ ਸਮਰਪਣ ਕਰਦਾ ਹਾਂ ਅਤੇ ਮੇਰੀ ਜਿੰਦ-ਜਾਨ ਤੇਰੇ ਕੋਲ ਹਾਜਰ ਹੈ, ਹੇ ਸੁਆਮੀ! ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥ ਹੇ ਪ੍ਰਭੂ! ਮੈਂ ਬੇਨਤੀ ਕਰਦਾ ਹਾਂ, ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਸਚੁ ਜਿਹਵਾ ਹਰਿ ਰਸਨ ਰਸਾਈ ॥ ਸੱਚੀ ਹੈ ਉਹ ਜੀਭ, ਜੋ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਪ੍ਰਸੰਨ ਹੋਈ ਹੈ। ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥ ਪ੍ਰਭੂ ਦੀ ਪਨਾਹ ਲੈਣ ਦੁਆਰਾ, ਜੀਵ ਗੁਰਾਂ ਦੀ ਸਿਖਮਤ ਦੁਆਰਾ ਬੰਦ-ਖਲਾਸ ਹੋ ਵੰਝਦਾ ਹੈ। ਕਰਮ ਧਰਮ ਪ੍ਰਭਿ ਮੇਰੈ ਕੀਏ ॥ ਮੈਡੇ ਸੁਆਮੀ ਨੇ ਹੀ ਧਾਰਮਕ ਕੰਮ ਕਾਜ ਰਚੇ ਹਨ। ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥ ਆਪਣੇ ਨਾਮ ਦੀ ਪ੍ਰਭਤਾ, ਉਸ ਨੇ ਐਸੇ ਅਮਲਾਂ ਦੀ ਸ਼੍ਰੋਮਣੀ ਥਾਪੀ ਹੈ। ਸਤਿਗੁਰ ਕੈ ਵਸਿ ਚਾਰਿ ਪਦਾਰਥ ॥ ਚਾਰ ਉਤਮ ਦਾਤਾਂ ਸਚੇ ਗੁਰਦੇਵ ਜੀ ਦੇ ਇਖਤਿਆਰ ਵਿੱਚ ਹਨ; ਤੀਨਿ ਸਮਾਏ ਏਕ ਕ੍ਰਿਤਾਰਥ ॥੫॥ ਜਦ (ਧਰਮ, ਧਨ ਅਤੇ ਕਾਮਯਾਬੀ) ਇਨ੍ਹਾਂ ਤਿੰਨਾਂ ਲਈ ਆਦਮੀ ਦੀ ਖਾਹਿਸ਼ ਨਵਿਰਤ ਜਦ ਹੋ ਜਾਂਦੀ ਹੈ ਤਾਂ (ਚੌਥੀ ਕਲਿਆਣ) ਦੀ ਉਸ ਨੂੰ ਦਾਤ ਮਿਲ ਜਾਂਦੀ ਹੈ। ਸਤਿਗੁਰਿ ਦੀਏ ਮੁਕਤਿ ਧਿਆਨਾਂ ॥ ਜਿਨ੍ਹਾਂ ਨੂੰ ਸਚੇ ਗੁਰਾਂ ਨੇ ਮੋਖਸ਼ ਤੇ ਬੰਦੀਗ ਬਖਸ਼ੀ ਹੈ, ਹਰਿ ਪਦੁ ਚੀਨ੍ਹ੍ਹਿ ਭਏ ਪਰਧਾਨਾ ॥੬॥ ਉਹ ਵਾਹਿਗੁਰੂ ਦੀ ਪਦਵੀ ਨੂੰ ਅਨੁਭਵ ਕਰ ਸ਼੍ਰੋਮਣੀ ਥੀ ਵੰਞਦੇ ਹਨ। ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥ ਜਿਨ੍ਹਾਂ ਨੂੰ ਗੁਰੂ ਜੀ ਸਮਝ ਦਰਸਾਉਂਦੇ ਹਨ, ਉਨ੍ਹਾਂ ਦਾ ਚਿੱਤ ਤੇ ਦੇਹ ਠੰਡੇ-ਠਾਰ ਹੋ ਜਾਂਦੇ ਹਨ। ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥ ਜਿਨ੍ਹਾਂ ਨੂੰ ਸੁਆਮੀ ਨੇ ਵਡਿਆਇਆ ਹੈ, ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ? ਕਹੁ ਨਾਨਕ ਗੁਰਿ ਬੂਝ ਬੁਝਾਈ ॥ ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ, ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥ ਕਿ ਨਾਮ ਦੇ ਬਗੈਰ ਕਦੇ ਕੋਈ ਮੁਕਤ ਨਹੀਂ ਹੋਇਆ। ਪ੍ਰਭਾਤੀ ਮਹਲਾ ੧ ॥ ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥ ਕਈਆਂ ਨੂੰ ਪੂਰਨ ਗੁਰੂ-ਪ੍ਰਮੇਸ਼ਰ ਮੁਆਫ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਬਨਾਵਟ ਨੂੰ ਉਹ ਸੱਚੀ ਬਣਾ ਦਿੰਦੇ ਹਨ। ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥ ਹਰੀ ਦੇ ਪਿਆਰ ਨਾਲ ਰੰਗੀਜਿਆ ਉਨ੍ਹਾਂ ਨੂੰ ਸਦੀਵ ਸੱਚੀ ਖੁਸ਼ੀ ਦੀ ਦਾਤ ਮਿਲਦੀ ਹੈ। ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਜ਼ਤ ਆਬਰੂ ਪਰਾਪਤ ਹੁੰਦੀ ਹੈ। ਝੂਠੀ ਦੁਰਮਤਿ ਕੀ ਚਤੁਰਾਈ ॥ ਕੂੜੀ ਹੈ ਹੁਸ਼ਿਆਰੀ, ਖੋਟੀ-ਅਕਲ ਵਾਲੇ ਪੁਰਸ਼ ਦੀ। ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥ ਇਸ ਹੁਸ਼ਿਆਰੀ ਨੂੰ ਅਲੋਪ ਹੁੰਦਿਆਂ ਕੋਈ ਢਿਲ ਨਹੀਂ ਲਗਦੀ। ਠਹਿਰਾਉ। ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥ ਮਨ ਮਤੀਏ ਨੂੰ ਗਮ ਅਤੇ ਪੀੜ ਚਿਮੜਦੇ ਹਨ। ਮਨ-ਮਤੀਏ ਦੀ ਪੀੜ ਦੂਰ ਨਹੀਂ ਹੁੰਦੀ। ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥ ਗੁਰਾਂ ਦੀ ਦਇਆ ਦੁਆਰਾ, ਖੁਸ਼ੀ ਤੇ ਗਮੀ ਦਾ ਦਾਤਾਰ ਅਨੁਭਵ ਕੀਤਾ ਜਾਂਦਾ ਹੈ। ਜੋ ਕੋਈ ਪ੍ਰਭੂ ਦੀ ਪਨਾਹ ਲੈਂਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥ ਪ੍ਰਤੀਕੂਲ ਪੁਰਸ਼ ਦਿਲੋ ਸੁਆਮੀ ਦੀ ਸੇਵਾ ਕਮਾ ਨਹੀਂ ਸਕਦੇ। ਉਹ ਪਗਲੇ ਪ੍ਰਾਣੀ ਸਵੈ-ਹੰਗਤਾ ਅੰਦਰ ਹੀ ਗਲ-ਸੜ ਜਾਂਦੇ ਹਨ। ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥ ਇਹ ਮਨ ਇਕ ਮੁਹਤ ਵਿੱਚ ਅਸਮਾਨ ਵਿੱਚ ਉਡਦਾ ਹੈ ਅਤੇ ਮੁਹਤ ਵਿੱਚ ਪਾਤਾਲ ਵਿੱਚ ਢਿਗ ਗਰਕ ਹੋ ਜਾਂਦਾ ਹੈ, ਜਦ ਤਾਂਈ ਇਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ। ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥ ਸੰਸਾਰ ਭੁਖਾ ਅਤੇ ਤਿਹਾਇਆ ਹੋ ਗਿਆ ਹੈ। ਸਚੇ ਗੁਰਾਂ ਨਾਲ ਮਿਲਣ ਦੇ ਬਗੈਰ ਇਸ ਨੂੰ ਰੱਜ ਨਹੀਂ ਆਉਂਦਾ। ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥ ਸੁਤੇ ਸਿਧ ਹੀ ਸੁਆਮੀ ਨਾਲ ਮਿਲ ਕੇ ਪ੍ਰਾਣੀ ਆਰਾਮ ਨੂੰ ਪਰਾਪਤ ਹੁੰਦਾ ਹੈ ਅਤੇ ਇਜ਼ਤ ਦੀ ਪੁਸ਼ਾਕ ਪਾ ਸੁਆਮੀ ਦੇ ਦਰਬਾਰ ਨੂੰ ਜਾਂਦਾ ਹੈ। ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥ ਪਵਿੱਤਰ ਹੈ ਗੁਰਾਂ ਦੀ ਬਾਣੀ, ਜਿਸ ਦੇ ਰਾਹੀਂ, ਇਨਸਾਨ, ਉਸ ਪ੍ਰਭੂ ਦੇ ਦਰਬਾਰ ਨੂੰ ਵੇਖ ਲੈਂਦਾ ਹੈ, ਜੋ ਖੁਦ ਕੱਲਮਕੱਲਾ ਹੀ ਹਰ ਸ਼ੈ ਨੂੰ ਜਾਣਨਹਾਰ ਤੇ ਵੇਖਨਣਹਾਰ ਹੈ। ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥ ਵਾਹਿਗੁਰੂ ਆਪ ਗਿਆਨੀ ਹੈ, ਜੋ ਸੱਚ ਦੀ ਪਰਖ ਕਰਦਾ ਹੈ ਅਤੇ ਆਪ ਹੀ ਮੌਖਸ਼ ਦੀ ਪਦਵੀ ਨੂੰ ਸਮਝਦਾ ਹੈ। ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥ ਪਾਣੀ ਦੀਆਂ ਲਹਿਰਾ, ਅੱਗਾਂ ਤੇ ਹਵਾ ਬਦਾ ਅਤੇ ਫਿਰ ਤਿੰਨਾਂ ਨੂੰ ਇਕੱਤਰ ਕਰ, ਰਚਨਹਾਰ ਨੇ ਸੰਸਾਰ ਨੂੰ ਰਚਿਆ ਹੈ। ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥ ਸੁਆਮੀ ਨੇ ਉਨ੍ਹਾਂ ਨੂੰ ਐਹੋ ਜੇਹੀ ਸੱਤਿਆ ਅਤੇ ਹੁਸ਼ਿਆਰੀ ਬਖਸ਼ੀ ਹੈ ਕਿ ਉਸ ਨੇ ਹਰ ਇਕ ਨੂੰ ਆਪਣੇ ਫੁਰਮਾਣ ਅੰਦਰ ਬੰਨਿ੍ਹਆ ਤੇ ਨਰੜਿਆ ਹੋਇਆ ਹੈ। ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥ ਇਸ ਜਹਾਨ ਅੰਦਰ, ਬਹੁਤ ਹੀ ਥੋੜ੍ਹੇ ਹਨ, ਐਹੋ ਜੇਹੇ ਪੁਰਸ਼, ਜਿਨ੍ਹਾਂ ਨੂੰ ਛਾਣ-ਬੀਣ ਕਰਕੇ, ਪ੍ਰਭੂ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ। ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥ ਉਹ ਜਾਤੀ ਅਤੇ ਰੰਗਤ ਤੋਂ ਉਚੇਰੇ ਰਹਿੰਦੇ ਹਨ ਅਤੇ ਮੋਹ ਤੇ ਲਾਲਚ ਨੂੰ ਤਿਆਗ ਦਿੰਦੇ ਹਨ। ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥ ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਧਰਮ-ਅਸਥਾਨ ਤੁਲ ਹਨ ਅਤੇ ਉਨ੍ਹਾਂ ਦੀ ਹੰਗਤਾ ਦੀ ਬੀਮਾਰੀ ਤੇ ਗੰਦਗੀ ਦੂਰ ਹੋ ਜਾਂਦੀ ਹੈ। ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥ ਨਾਨਕ ਉਨ੍ਹਾਂ ਦੇ ਪੈਰ ਧੋਦਾਂ ਹੈ, ਜੋ ਗੁਰਾਂ ਦੀ ਰਹਿਮਤ ਸਦਕਾ ਆਪਣੇ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ। copyright GurbaniShare.com all right reserved. Email |