Page 1352

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅੱਕਤੀ ਅਤੇ ਅਮਰ ਉਸ ਦਾ ਸਰੂਪ। ਉਹ ਭੈ-ਰਹਿਤ, ਦੁਸ਼ਮਣੀ-ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਗੁ ਜੈਜਾਵੰਤੀ ਮਹਲਾ ੯ ॥
ਰਾਗੁ ਜੈਜਾਵੰਤੀ ਨੌਵੀਂ ਪਾਤਿਸ਼ਾਹੀ।

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਹਾਂ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ। ਕੇਵਲ ਇਹ ਹੀ ਤੇਰੇ ਕੰਮ ਆਊਗਾ।

ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
ਤੂੰ ਸੰਸਾਰੀ ਪਦਾਰਥ ਦੀ ਸੰਗਤ ਨੂੰ ਛੱਡ ਦੇ ਅਤੇ ਪੂਜਯ ਪ੍ਰਭੂ ਦੀ ਪਨਾਹ ਲੈ।

ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥
ਤੂੰ ਜਾਨ ਲੈ ਕਿ ਸੰਸਾਰ ਦੀਆਂ ਰੰਗ-ਰਲੀਆਂ ਕੂੜੀਆਂ ਹਨ ਅਤੇ ਸਮੂਹ ਅਡੰਬਰ ਨਿਰਾ ਪੂਰਾ ਦ੍ਰਿਸ਼ਅਕ ਧੋਖਾ ਹੀ ਹੈ। ਠਹਿਰਾਉ।

ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
ਆਪਣੀ ਦੌਲਤ ਨੂੰ ਕੇਵਲ ਸੁਫਨੇ ਦੀ ਤਰ੍ਹਾਂ ਜਾਨ। ਤੂੰ ਕਾਹਦੇ ਉਤੋਂ ਹੰਕਾਰ ਕਰਦਾ ਹੈਂ।

ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
ਪ੍ਰਿਥਵੀ ਦੀ ਪਾਤਿਸ਼ਾਹੀ ਰੇਤੇ ਦੀ ਕੰਧ ਦੀ ਮਾਨੰਦ ਹੈ।

ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
ਗੋਲਾ ਨਾਨਕ ਸੱਚੀ ਗੱਲ ਆਖਦਾ ਹੈ। ਤੇਰੀ ਦੇਹ ਅੰਤ ਨੂੰ ਅਵਸ਼ ਨਾਸ ਹੋ ਜਾਉਗੀ, ਹੇ ਬੰਦੇ!

ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥
ਮੁਹਤ ਮੁਹਤ ਕਰ ਕੇ ਕਲ੍ਹ ਬੀਤ ਗਿਆ ਹੈ, ਏਸੇ ਤਰ੍ਹਾਂ ਹੀ ਬੀਤ ਜਾਊਗਾ ਅੱਜ ਭੀ।

ਜੈਜਾਵੰਤੀ ਮਹਲਾ ੯ ॥
ਜੈਜਾਵੰਤੀ ਨੌਵੀਂ ਪਾਤਿਸ਼ਾਹੀ।

ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥
ਤੂੰ ਆਪਣੇ ਪ੍ਰਭੂ ਦਾ ਚਿੰਤਨ ਕਰ, ਹਾਂ ਤੂੰ ਆਪਣੇ ਵਿਆਪਕ ਵਾਹਿਗੁਰੂ ਦਾ ਚਿੰਤਨ ਕਰ। ਤੇਰੀ ਜਿੰਦਗੀ ਉਡਦੀ ਜਾ ਰਹੀ ਹੈ।

ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥
ਮੈਂ ਤੈਨੂੰ ਮੁੜ ਮੁੜ ਕੇ ਕਿਉਂ ਖਬਰਦਾਰ ਕਰਾਂ? ਤੂੰ ਕਿਉਂ ਸਮਝਦਾ ਨਹੀਂ, ਹੇ ਮੂਰਖ?

ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥
ਤੇਰੀ ਦੇਹ ਗੜੇ ਦੀ ਮਾਨੰਦ ਹੈ। ਅਲੋਪ ਹੁੰਦਿਆਂ ਇਸ ਨੂੰ ਦੇਰੀ ਨਹੀਂ ਲੱਗਣੀ। ਠਹਿਰਾਉ।

ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥
ਤੂੰ ਆਪਣੇ ਸਾਰੇ ਸੰਦੇਹ ਨਵਿਰਤ ਕਰ ਦੇ ਅਤੇ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥
ਅਖੀਰ ਦੇ ਵੇਲੇ ਕੇਵਲ ਵਿੱਚ ਹੀ ਤੇਰੇ ਨਾਲ ਜਾਊਗਾ।

ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥
ਤੂੰ ਪਾਪ ਨੂੰ ਜ਼ਹਿਰ ਦੀ ਮਾਨੰਦ ਛਡ (ਭੁਲਾ) ਦੇ, ਤੇ ਆਪਣੇ ਸਾਹਿਬ ਦੀ ਸਿਫ਼ਤ ਸ਼ਲਾਘਾ ਨੂੰ ਆਪਣੇ ਮਨ ਅੰਦਰ ਟਿਕਾ ਲੈ!

ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥
ਨੌਕਰ ਨਾਨਕ ਪੁਕਾਰਦਾ ਹੈ, ਤੇਰਾ ਮੌਕਾ ਬੀਤਦਾ ਜਾ ਰਿਹਾ ਹੈ।

ਜੈਜਾਵੰਤੀ ਮਹਲਾ ੯ ॥
ਜੈਜਾਵੰਤੀ ਨੌਵੀਂ ਪਾਤਿਸ਼ਾਹੀ।

ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥
ਹੇ ਬੰਦੇ! ਤੇਰੀ ਕੀ ਦਸ਼ਾ ਹੋਵੇਗੀ?

ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥
ਇਹ ਜਹਾਨ ਅੰਦਰ ਕੇਵਲ ਸੁਆਮੀ ਦਾ ਨਾਮ ਹੀ ਅਮੋਲਕ ਹੈ ਤੇ ਉਸ ਨੂੰ ਤੈ ਆਪਣਿਆਂ ਕੰਨਾਂ ਨਾਲ ਨਹੀਂ ਸੁਣਿਆ।

ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥
ਤੂੰ ਪ੍ਰਾਨ ਨਾਸਕ ਪਾਪਾਂ ਨਾਲ ਅਤਿਅੰਤ ਹੀ ਚਿਮੜਿਆ ਹੋਇਆ ਹੈ ਤੇ ਤੈ ਆਪਣੇ ਮਨ ਨੂੰ ਉਨ੍ਹਾਂ ਵੱਲੋਂ ਨਹੀਂ ਮੋੜਿਆ। ਠਹਿਰਾਉ।

ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥
ਤੈਨੂੰ ਮਨੁੱਖੀ-ਜੀਵਨ ਪਰਾਪਤ ਹੋਇਆ ਹੈ, ਪ੍ਰੰਤੂ ਤੂੰ ਇਕ ਮੁਹਤ ਭਰ ਲਈ ਭੀ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕੀਤਾ।

ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥
ਕਾਮ ਦੇ ਸੁਆਦ ਦੀ ਖਾਤਰ ਤੂੰ ਔਰਤ ਦੇ ਅਧੀਨ ਹੋ ਗਿਆ ਹੈ ਅਤੇ ਤੇਰੀ ਪੈਰੀ ਬੇੜੀ ਪੈ ਗਈ ਹੈ।

ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥
ਗੋਲਾ ਨਾਨਕ ਕੂਕਦਾ ਹੈ, ਕਿ ਜਗਤ ਦਾ ਖਿਲਾਰਾ ਸੁਫਨੇ ਦੀ ਮਾਨੰਦ ਹੈ।

ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥
ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਕਿਉਂ ਭਜਨ ਨਹੀਂ ਕਰਦਾ, ਮੋਹਨੀ ਜਿਸ ਦੀ ਗੋਲੀ ਹੈ।

ਜੈਜਾਵੰਤੀ ਮਹਲਾ ੯ ॥
ਜੈਜਾਵੰਤੀ ਨੌਵੀ ਪਾਤਿਸ਼ਾਹੀ।

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥
ਹੇ ਬੰਦੇ! ਤੇਰਾ ਜੀਵਨ ਵਿਅਰਥ ਹੀ ਗੁਜਰਦਾ ਜਾ ਰਿਹਾ ਹੈ, ਹਾਂ ਬਿਲਕੁਲ ਵਿਅਰਥ ਗੁਜਰਦਾ ਜਾ ਰਿਹਾ ਹੈ।

ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥
ਰੈਣ ਅਤੇ ਦਿਹੁੰ ਪੁਰਾਨਾਂ ਨੂੰ ਸ੍ਰਵਣ ਕਰ, ਤੂੰ ਸਮਝਦਾ ਨਹੀਂ, ਹੇ ਬੇਸਮਝ ਬੰਦੇ!

ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥
ਮੌਤ ਆਣ ਪਹੁੰਚੀ ਹੈ, ਓ ਬੰਦੇ ਹੁਣ ਤੂੰ ਨੱਸ ਕੇ ਕਿਥੇ ਜਾਵੇਗਾਂ? ਠਹਿਰਾਉ।