Page 1353

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥
ਉਹ ਆਪਣਾ ਸਰੀਰ, ਜਿਸ ਨੂੰ ਤੂੰ ਸਦੀਵੀ ਸਥਿਰ ਮੰਨਦਾ ਹੈ, ਮਿੱਟੀ ਹੋ ਜਾਉਗਾ।

ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥
ਤੂੰ ਕਿਉਂ ਸੁਆਮੀ ਦਾ ਨਾਮ ਦਾ ਉਚਾਰਨ ਨਹੀਂ ਕਰਦਾ, ਹੇ ਬੇਸਮਝ ਬੇਵਕੂਫ?

ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥
ਪ੍ਰਭੂ ਦੀ ਪ੍ਰੇਮਮਈ ਸੇਵਾ ਨੂੰ ਤੂੰ ਆਪਣੇ ਮਨ ਅੰਦਰ ਲਿਆ ਅਤੇ ਆਪਣੇ ਮਨੂਏ ਦੀ ਹੰਗਤਾ ਨੂੰ ਤਿਆਗ ਦੇ।

ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥
ਨੌਕਰ ਨਾਨਕ ਆਖਦਾ ਹੈ, ਇਸ ਤਰ੍ਹਾਂ ਤੂੰ ਇਸ ਸੰਸਾਰ ਅੰਦਰ ਆਪਣੀ ਦਿਨ ਕਟੀ ਕਰ ਹੇ ਪ੍ਰਾਣੀ!

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਉ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਲੋਕ ਸਹਸਕ੍ਰਿਤੀ ਮਹਲਾ ੧ ॥
ਸਲੋਕ ਸਹਸਕ੍ਰਿਤੀ, ਪਹਿਲੀ ਪਾਤਿਸ਼ਾਹੀ।

ਪੜ੍ਹ੍ਹਿ ਪੁਸ੍ਤਕ ਸੰਧਿਆ ਬਾਦੰ ॥
ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,

ਸਿਲ ਪੂਜਸਿ ਬਗੁਲ ਸਮਾਧੰ ॥
ਪੱਥਰ ਪੂਜਦੇ ਹੋ ਅਤੇ ਬਗ ਦੀ ਤਰ੍ਹਾਂ ਤਾੜੀ ਲਾਉਂਦੇ ਹੋ।

ਮੁਖਿ ਝੂਠੁ ਬਿਭੂਖਨ ਸਾਰੰ ॥
ਆਪਣੇ ਮੂੰਹ ਨਾਲ ਤੁਸੀਂ ਸ੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,

ਤ੍ਰੈਪਾਲ ਤਿਹਾਲ ਬਿਚਾਰੰ ॥
ਅਤੇ ਤਿੰਨ ਪੈਰਾਂ ਵਾਲੀ ਗਾਇਤਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।

ਗਲਿ ਮਾਲਾ ਤਿਲਕ ਲਿਲਾਟੰ ॥
ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਤੇ ਤਿਲਕ ਹੈ,

ਦੁਇ ਧੋਤੀ ਬਸਤ੍ਰ ਕਪਾਟੰ ॥
ਤੁਹਾਡੇ ਸਿਰ ਉਤੇ ਤੌਲੀਆ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।

ਜੋ ਜਾਨਸਿ ਬ੍ਰਹਮੰ ਕਰਮੰ ॥
ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣ ਲਵੇ,

ਸਭ ਫੋਕਟ ਨਿਸਚੈ ਕਰਮੰ ॥
ਤਾਂ ਤੈਨੂੰ ਪਤਾ ਲਗੇਗਾ ਕਿ ਇਹ ਸਮੂਹ ਨਿਸਚੇ ਅਤੇ ਸੰਸਕਾਰ ਵਿਅਰਥ ਹਨ।

ਕਹੁ ਨਾਨਕ ਨਿਸਚੌ ਧ੍ਯ੍ਯਿਾਵੈ ॥
ਗੁਰੂ ਨਾਨਕ ਦੇਵ ਜੀ ਆਖਦੇ ਹਨ ਤੂੰ ਨੇਕ-ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।

ਬਿਨੁ ਸਤਿਗੁਰ ਬਾਟ ਨ ਪਾਵੈ ॥੧॥
ਸੱਚੇ ਗੁਰਾਂ ਦੇ ਬਾਝੋਂ, ਇਨਸਾਨ ਨੂੰ ਰਸਤਾ ਨਹੀਂ ਲਭਦਾ।

ਨਿਹਫਲੰ ਤਸ੍ਯ੍ਯ ਜਨਮਸ੍ਯ੍ਯ ਜਾਵਦ ਬ੍ਰਹਮ ਨ ਬਿੰਦਤੇ ॥
ਜਦ ਤਾਂਈ ਪ੍ਰਾਣੀ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ, ਉਸ ਦਾ ਮੁਨਸ਼ੀ ਜਨਮ ਨਿਸਫਲ ਹੈ।

ਸਾਗਰੰ ਸੰਸਾਰਸ੍ਯ੍ਯ ਗੁਰ ਪਰਸਾਦੀ ਤਰਹਿ ਕੇ ॥
ਜਗਤ ਸਮੁੰਦਰ, ਗੁਰਾਂ ਦੀ ਦਇਆ ਦੁਆਰਾ ਵਿਚਲੇ ਹੀ ਪਾਰ ਕਰਦੇ ਹਨ।

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਸਾਰੇ ਕੰਮ ਨੇਪਰੇ ਚਾੜਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ-ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
ਰਚਨਾ ਰਚਣਹਾਰ ਦੇ ਇਖਤਿਆਰ ਵਿੱਚ ਹੈ, ਜੋ ਆਪਣੀ ਸ਼ਕਤੀ ਦੁਆਰਾ, ਇਸ ਨੂੰ ਆਸਰਾ ਦੇ ਰਿਹਾ ਹੈ।

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
ਪ੍ਰਭੂ ਦੇ ਮਿਲਾਪ ਦਾ ਮਾਰਗ ਈਸ਼ਵਰੀ-ਗਿਆਤ ਦਾ ਹੈ। ਬ੍ਰਾਹਮਣਾ ਦਾ ਮਾਰਗ ਵੇਦ ਦੇ ਰਾਹੀਂ ਹੈ।

ਖ੍ਯ੍ਯਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਖਤ੍ਰੀਆਂ ਦਾ ਰਸਤਾ ਸੂਰਮਤਾਈ ਦਾ ਰਸਤਾ ਹੈ ਅਤੇ ਸੂਦਰਾ ਦਾ ਰਸਤਾ ਹੈ ਹੋਰਨਾਂ ਦਾ ਕਾਰ-ਵਿਹਾਰ।

ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
ਸਾਰਿਆਂ ਦਾ ਫਰਜ਼ ਇਕ ਸਾਹਿਬ ਦੇ ਸਿਮਰਨ ਦਾ ਫਰਜ ਹੈ, ਜੇਕਰ ਕੋਈ ਜਣਾ ਇਸ ਭੇਤ ਨੂੰ ਜਾਣਨ ਦੀ ਕੋਸ਼ਿਸ਼ ਕਰੇ।

ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
ਨਾਨਕ ਉਸ ਦਾ ਨਫਰ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।

ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥
ਇਕ ਪ੍ਰਭੂ ਸਾਰਿਆਂ ਦੇਵਤਿਆਂ ਦਾ ਈਸ਼ਵਰ ਹੈ। ਉਹ ਉਨ੍ਹਾਂ ਦੇ ਦੇਵਾਪਣ ਦੀ ਰੂਹ ਹੈ।

ਆਤਮੰ ਸ੍ਰੀ ਬਾਸ੍ਵਦੇਵਸ੍ਯ੍ਯ ਜੇ ਕੋਈ ਜਾਨਸਿ ਭੇਵ ॥
ਜੇਕਰ ਕੋਈ ਜਣਾ ਰੂਹ ਅਤੇ ਸਰਬ-ਵਿਆਪਕ ਦੇ ਰਾਜ ਨੂੰ ਸਮਝਦਾ ਹੈ,

ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥
ਉਹ ਆਪ ਹੀ ਪਾਵਨ-ਪਵਿੱਤਰ ਪ੍ਰਭੂ ਹੈ ਅਤੇ ਨਾਨਕ ਉਸ ਦਾ ਗੋਲਾ ਹੈ।

ਸਲੋਕ ਸਹਸਕ੍ਰਿਤੀ ਮਹਲਾ ੫
ਸਲੋਕ ਸਹਸਕ੍ਰਿਤੀ। ਪੰਜਵੀਂ ਪਾਤਿਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਕੀਨਾ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥
ਕੌਣ ਹੈ ਅੰਮੜੀ ਕਊਣ ਹੈ ਕਿਸੇ ਦਾ ਬਾਬਲ ਅਤੇ ਪੁੱਤਰ ਅਤੇ ਕੀ ਹੈ ਖੁਸ਼ੀ ਆਪਣੀ ਪਤਨੀ ਨਾਲ ਖੇਲ੍ਹਨ-ਮੱਲਨ ਦੀ?

ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯ੍ਯਤੇ ॥
ਕੌਣ ਹੈ ਕਿਸੇ ਦਾ ਭਰਾ, ਮਿੱਤਰ, ਸ਼ੁਭਚਿੰਤਕ ਅਤੇ ਰਿਸ਼ਤੇਦਾਰ, ਅਤੇ ਕੀ ਹੈ ਲਾਭ ਟੱਬਰ ਕਬੀਲੇ ਦੀ ਮਮਤਾ ਦਾ?

ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥
ਕਿਸ ਦੀ ਹੈ ਚੰਚਲਤਾ ਦਾ ਸਰੂਪ ਮਾਇਆ, ਜੋ ਬੰਦੇ ਨੂੰ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਛੱਡ ਜਾਂਦੀ ਹੈ।

ਰਹੰਤ ਸੰਗ ਭਗਵਾਨ ਸਿਮਰਣ ਨਾਨਕ ਲਬਧ੍ਯ੍ਯੰ ਅਚੁਤ ਤਨਹ ॥੧॥
ਕੇਵਲ ਕੀਰਤੀਮਾਨ ਪ੍ਰਭੂ ਦੀ ਬੰਦਗੀ ਹੀ ਬੰਦੇ ਦੇ ਨਾਲ ਰਹਿੰਦੀ ਹੈ ਜੋ ਕਿ ਉਸ ਦੀ ਅਬਿਨਾਸੀ ਵਾਹਿਗੁਰੂ ਦੇ ਪੁਤ੍ਰਾਂ, ਸੰਤਾਂ, ਦੇ ਰਾਹੀਂ ਪਰਾਪਤ ਹੁੰਦੀ ਹੈ, ਹੇ ਨਾਨਕ!