Page 1355

ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥
ਪਾਤਿਸ਼ਾਹੀ ਤੋਂ ਹੰਕਾਰ ਪੈਦਾ ਹੋ ਜਾਂਦਾ ਹੈ ਅਤੇ ਹੰਗਤਾ ਦਾ ਅਭਾਵ ਅਵਸ਼ ਹੈ।

ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥
ਸੰਸਾਰੀ ਰਸਤਿਆਂ ਅੰਦਰ ਖਚਤ ਹੋਣ ਦੁਆਰਾ ਬੰਦਾ ਬਰਬਾਦ ਹੋ ਜਾਂਦਾਹੈ।

ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥੧੨॥
ਹੇ ਨਾਨਕ! ਸਤਿਸੰਗਤ ਅੰਦਰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਅਤੇ ਸੁਲੱਖਣੇ ਸਾਹਿਬ ਦੀ ਬੰਦਗੀ ਅੰਦਰ ਟਿਕਾਣਾ ਪ੍ਰਾਪਤ ਕਰਨ ਦੁਆਰਾ ਪ੍ਰਾਣੀ ਸਦੀਵੀ ਸਥਿਰ ਹੋ ਜਾਂਦਾ ਹੈ।

ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥
ਹਰੀ ਦੀ ਦਇਆ ਦੁਆਰਾ, ਅਸਲੀ ਗਿਆਤ ਮਨੁਸ਼ ਦੇ ਮਨ ਵਿੱਚ ਆ ਜਾਂਦੀ ਹੈ।

ਬਿਗਸੀਧ੍ਯ੍ਯਿ ਬੁਧਾ ਕੁਸਲ ਥਾਨੰ ॥
ਉਸ ਦੀ ਅਕਲ ਖਿੜ ਜਾਂਦੀ ਹੈ ਅਤੇ ਉਹ ਬੈਕੁੰਠੀ ਖੁਸ਼ੀ ਅੰਦਰ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।

ਬਸ੍ਯ੍ਯਿੰਤ ਰਿਖਿਅੰ ਤਿਆਗਿ ਮਾਨੰ ॥
ਉਹ ਆਪਣੀਆਂ ਗਿਆਨ-ਇੰਦ੍ਰੀਆਂ ਨੂੰ ਵਸ ਕਰ ਲੈਂਦਾ ਹੈ ਅਤੇ ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ।

ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥
ਸਾਧੂਆਂ ਦੇ ਰਾਹੀਂ ਬ੍ਰਹਮ ਵੀਚਾਰ ਅੰਦਰ ਪੱਕਾ ਹੋ ਉਸ ਦਾ ਮਨ ਠੰਢਾ-ਠਾਰ ਹੋ ਜਾਂਦਾ ਹੈ।

ਰਹੰਤ ਜਨਮੰ ਹਰਿ ਦਰਸ ਲੀਣਾ ॥
ਵਾਹਿਗੁਰੂ ਦੇ ਦਰਸ਼ਨ ਅੰਦਰ ਸਮਾ ਜਾਣ ਦੁਆਰਾ ਉਸ ਦੇ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ।

ਬਾਜੰਤ ਨਾਨਕ ਸਬਦ ਬੀਣਾਂ ॥੧੩॥
ਨਾਮ ਦੀ ਬੰਸਰੀ, ਹੇ ਨਾਨਕ! ਉਸ ਦੇ ਅੰਦਰ ਵੱਜਦੀ ਹੈ।

ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥
ਹਰੀ ਦੀਆਂ ਨੇਕੀਆਂ ਨੂੰ ਵੇਦ ਬਿਆਨ ਦੇ ਅਤੇ ਵੀਚਾਰਦੇ ਹਨ ਅਤੇ ਭਲੇ ਲੋਕ ਉਨ੍ਹਾਂ ਨੂੰ ਅਨੇਕਾਂ ਜਤਨਾਂ ਤੇ ਤਰੀਕਿਆਂ ਨਾਲ ਸੁਣਦੇ ਹਨ।

ਦ੍ਰਿੜੰਤ ਸੁਬਿਦਿਆ ਹਰਿ ਹਰਿ ਕ੍ਰਿਪਾਲਾ ॥
ਜਿਸ ਕਿਸੇ ਤੇ ਸੁਆਮੀ ਹਰੀ ਮਾਇਆਵਾਨ ਹੋ ਜਾਂਦਾ ਹੈ, ਉਹ ਉਸ ਦੀ ਗਿਆਤ ਨੂੰ ਆਪਣੇ ਮਨ ਵਿੱਚ ਪੱਕੀ ਕਰ ਲੈਂਦਾ ਹੈ।

ਨਾਮ ਦਾਨੁ ਜਾਚੰਤ ਨਾਨਕ ਦੈਨਹਾਰ ਗੁਰ ਗੋਪਾਲਾ ॥੧੪॥
ਨਾਨਕ ਸਾਹਿਬ ਦੇ ਨਾਮ ਦੀ ਦਾਤ ਮੰਗਦਾ ਹੈ ਅਤੇ ਗੁਰੂ ਪ੍ਰਮੇਸ਼ਰ ਉਸ ਨੂੰ ਇਹ ਖੈਰ ਪਾਉਂਦੇ ਹਨ।

ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥
ਤੂੰ ਆਪਣੀ ਅੰਮੜੀ, ਬਾਬਲ ਅਤੇ ਵੀਰ ਦਾ ਬਹੁਤ ਫਿਕਰ ਨਾਂ ਕਰ ਅਤੇ ਦੋਸਤਾਂ ਦਾ ਵੀ ਭੋਰਾ ਜਿੰਨਾ ਭੀ ਫਿਕਰ ਨਾਂ ਕਰ।

ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥
ਨਾਂ ਹੀ ਤੈਨੂੰ ਵਹੁਟੀ ਪੁੱਤ੍ਰਾਂ ਅਤੇ ਮਿਤਰਾਂ ਲਈ ਅਧਿਕ ਫਿਕਰਮੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨਾਲ ਬਹੁਤ ਜਿਆਦਾ ਰੁਝਣਾ, ਮੋਹਨੀ ਨਾਲ ਰਿਸ਼ਤਾ ਗੰਢਣ ਦੇ ਤੁਲ ਹੈ।

ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥੧੫॥
ਕੇਵਲ ਇਕ ਭਾਗਾਂ ਵਾਲਾ ਪ੍ਰਭੂ ਹੀ ਮਾਇਆਵਾਨ ਹੈ, ਹੇ ਨਾਨਕ! ਕੇਵਲ ਉਹ ਹੀ ਸਾਰਿਆਂ ਜੀਵਾਂ ਦਾ ਪਾਲਣ-ਪੋਸਣਹਾਰ ਹੈ।

ਅਨਿਤ੍ਯ੍ਯ ਵਿਤੰ ਅਨਿਤ੍ਯ੍ਯ ਚਿਤੰ ਅਨਿਤ੍ਯ੍ਯ ਆਸਾ ਬਹੁ ਬਿਧਿ ਪ੍ਰਕਾਰੰ ॥
ਅਨਸਥਿਰ ਹੈ ਦੌਲਤ ਅਨਸਥਿਰ ਹੈ ਮਨੂਆ ਅਤੇ ਅਨਸਥਿਰ ਹਨ ਉਮੈਦਾ ਘਣੇਰਿਆਂ ਭਾਤਾਂ ਅਤੇ ਕਿਸਮਾਂ ਦੀਆਂ।

ਅਨਿਤ੍ਯ੍ਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ ॥
ਅਨਸਥਿਰ ਹਨ, ਸੰਸਾਰੀ ਮਮਤਾ, ਸਵੈ-ਹੰਗਤਾ, ਸੰਦੇਹ, ਦੁਨੀਆਦਾਰੀ ਅਤੇ ਮਲੀਣ ਪਾਪਾਂ ਦੇ ਬੰਧਨ ਜਿਨ੍ਹਾਂ ਨਾਲ ਬੰਦੇ ਨੇ ਆਪਣੇ ਆਪ ਨੂੰ ਜਕੜਿਆ ਹੋਇਆ ਹੈ।

ਫਿਰੰਤ ਜੋਨਿ ਅਨੇਕ ਜਠਰਾਗਨਿ ਨਹ ਸਿਮਰੰਤ ਮਲੀਣ ਬੁਧ੍ਯ੍ਯੰ ॥
ਪਲੀਤ ਸਮਝ ਵਾਲਾ ਪ੍ਰਾਣੀ ਆਪਣੇ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ ਅਤੇ ਪੇਟੇ ਦੀਆਂ ਘਣੇਰੀਆਂ ਜੂਨੀਆਂ ਵੀ ਅੱਗ ਅੰਦਰ ਭਟਕਦਾ ਫਿਰਦਾ ਹੈ।

ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥੧੬॥
ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਜਦ ਤੂੰ ਹੇ ਸੁਆਮੀ ਮਿਹਰ ਧਾਰਦਾ ਹੈ! ਤਾਂ ਸਤਿਸੰਗ ਦੇ ਰਾਹੀਂ ਪਾਪੀਆਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।

ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪ੍ਯ੍ਯ ਬੈਸ੍ਵਾਂਤਰਹ ॥
ਪਹਾੜ ਤੋਂ ਢਹਿ ਕੇ ਜੇਕਰ ਬੰਦਾ ਪਇਆਲ ਵਿੱਚ ਜਾ ਡਿਗੇ ਜੇਕਰ ਉਹ ਬਲਦੀ ਹੋਈ ਅੱਗ ਵਿੱਚ ਸੜ ਜਾਵੇ,

ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥
ਅਤੇ ਜੇਕਰ ਉਹ ਅਥਾਹ ਪਾਣੀ ਦੀਆਂ ਲਹਿਰਾਂ ਨਾਲ ਰੁੜ ਜਾਵੇ, ਇਨ੍ਹਾਂ ਸਾਰਿਆਂ ਨਾਲੋਂ ਵੱਡਾ ਦੁਖ ਹੇ ਘਰੋਗੀ-ਫਿਕਰ ਦਾ, ਜੋ ਕਿ ਜੰਮਣ ਤੇ ਮਰਨ ਦਾ ਮੂਲ ਕਾਰਨ ਹੈ।

ਅਨਿਕ ਸਾਧਨੰ ਨ ਸਿਧ੍ਯ੍ਯਤੇ ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸਬਦ ਸਾਧ ਸ੍ਵਜਨਹ ॥੧੭॥
ਅਨੇਕਾਂ ਤਰੀਕੇ ਇਖਤਿਆਰ ਕਰਨ ਦੇ ਬਾਵਜੂਦ, ਜੀਵ ਇਸ ਦਿਆਂ ਜੂੜਾਂ ਨੂੰ ਨਹੀਂ ਕੱਟ ਸਕਦਾ, ਨਾਨਕ ਕੀ ਫੁਰਮਾਦੇ ਹਨ। ਬੰਦੇ ਦਾ ਇਕੋ ਇਕ ਆਸਰਾ, ਅਧਾਰ ਅਤੇ ਮਦਦ ਮਿਤ੍ਰ ਸੰਤਾਂ ਦੇ ਉਪਦੇਸ਼ ਹੀ ਹਨ।

ਘੋਰ ਦੁਖ੍ਯ੍ਯੰ ਅਨਿਕ ਹਤ੍ਯ੍ਯੰ ਜਨਮ ਦਾਰਿਦ੍ਰੰ ਮਹਾ ਬਿਖ੍ਯ੍ਯਾਦੰ ॥
ਭਿਆਨਕ ਰੋਗਾਂ, ਅਨੇਕਾਂ ਕਤਲਾਂ ਦੇ ਪਾਪ, ਘਣੇਰਿਆਂ ਜਨਮਾਂ ਦੀ ਕੰਗਾਲਤਾ ਅਤੇ ਪਰਮ ਮੁਸੀਬਤਾਂ,

ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥
ਸਾਈਂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਮੂਹ ਐਉ ਨਾਸ ਹੋ ਜਾਂਦੀਆਂ ਹਨ, ਹੇ ਨਾਨਕ! ਜਿਸ ਤਰ੍ਹਾਂ ਅੱਗ ਲਕੜਾ ਦੇ ਢੇਰਾਂ ਨੂੰ ਸੁਆਹ ਕਰ ਦਿੰਦੀ ਹੈ।

ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥
ਸਾਈਂ ਦਾ ਚਿੰਤਨ ਕਰਨ ਦੁਆਰਾ, ਅੰਦਰਲਾ ਅਨ੍ਹੇਰਾ ਰੋਸ਼ਨ ਹੋ ਜਾਂਦਾ ਹੈ ਅਤੇ ਉਸ ਦੀਆਂ ਸਿਫਤਾਂ ਉਚਾਰਨ ਕਰਨ ਰਾਹੀਂ ਪਾਪ ਨਾਸ ਹੋ ਜਾਂਦੇ ਹਨ।

ਰਿਦ ਬਸੰਤਿ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ ॥
ਵਾਹਿਗੁਰੂ ਨੂੰ ਅੰਤਰ-ਆਤਮੇ ਟਿਕਾਉਣ ਅਤੇ ਪਰਮ ਪਵਿੱਤਰ ਅਮਲ ਕਮਾਉਣ ਦੁਆਰਾ, ਜੀਵ ਮੌਤ ਦੇ ਦੂਤ ਦੇ ਦਿਲ ਵਿੱਚ ਬਹੁਤ ਡਰ ਪੈਦਾ ਕਰ ਜਾਂਦਾ ਹੈ।

ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥
ਵਾਹਿਗੁਰੂ ਦੇ ਨਾਮ ਨੂੰ ਸੁਣਨ ਦੁਆਰਾ, ਬੰਦਾ ਆਉਣ ਅਤੇ ਜਾਣ ਤੋਂ ਖਲਾਸੀ ਪਾ ਜਾਂਦਾ ਹੈ, ਸਾਰੇ ਆਰਾਮ ਹਾਸਲ ਕਰ ਲੈਂਦਾ ਹੈ ਅਤੇ ਪ੍ਰਭੂ ਦੇ ਸਫਲ ਦੀਦਾਰ ਵੇਖ ਲੈਂਦਾ ਹੈ।

ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥੧੯॥
ਉਹ ਕੀਰਤੀਮਾਨ ਪ੍ਰਭੂ ਪਨਾਹ ਦੇਣ ਦੇ ਲਾਇਕ ਅਤੇ ਆਪਣੇ ਸਾਧੂਆਂ ਦਾ ਆਸ਼ਕ ਹੈ ਅਤੇ ਸਾਰਿਆਂ ਨੂੰ ਖੁਸ਼ੀ ਬਖਸ਼ਦਾ ਹੈ, ਹੇ ਨਾਨਕ!

ਪਾਛੰ ਕਰੋਤਿ ਅਗ੍ਰਣੀਵਹ ਨਿਰਾਸੰ ਆਸ ਪੂਰਨਹ ॥
ਪ੍ਰਭੂ ਪਿਛੇ ਰਹਿ ਗਿਆ ਨੂੰ ਅੱਗੇ ਲੈ ਆਉਂਦਾ ਹੈ ਅਤੇ ਬੇਉਮੈਦਿਆਂ ਦੀਆਂ ਉਹ ਉਮੈਦਾ, ਪੂਰੀਆਂ ਕਰ ਦਿੰਦਾ ਹੈ।

ਨਿਰਧਨ ਭਯੰ ਧਨਵੰਤਹ ਰੋਗੀਅੰ ਰੋਗ ਖੰਡਨਹ ॥
ਗਰੀਬ ਨੂੰ ਉਹ ਅਮੀਰ ਬਣਾ ਦਿੰਦਾ ਹੈ ਅਤੇ ਉਹ ਬੀਮਾਰ ਦੀ ਬੀਮਾਰੀ ਨੂੰ ਕੱਟ ਦਿੰਦਾ ਹੈ।

ਭਗਤ੍ਯ੍ਯੰ ਭਗਤਿ ਦਾਨੰ ਰਾਮ ਨਾਮ ਗੁਣ ਕੀਰਤਨਹ ॥
ਆਪਣੇ ਅਨੁਰਾਗੀਆਂ ਨੂੰ ਉਹ ਆਪਣਾ ਅਨੁਰਾਗ ਬਖਸ਼ਦਾ ਹੈ ਤੇ ਉਹ ਸਾਈਂ ਦਾ ਨਾਮ ਤੇ ਜੱਸ ਗਾਇਨ ਕਰਦੇ ਹਨ।

ਪਾਰਬ੍ਰਹਮ ਪੁਰਖ ਦਾਤਾਰਹ ਨਾਨਕ ਗੁਰ ਸੇਵਾ ਕਿੰ ਨ ਲਭ੍ਯ੍ਯਤੇ ॥੨੦॥
ਹੇ ਨਾਨਕ! ਗੁਰਾਂ ਦੀ ਘਾਲ ਰਾਹੀਂ ਬਹੁਤ ਹੀ ਥੋੜ੍ਹੇ ਦਾਤਾਰ ਪਰਮ ਪ੍ਰਭੂ ਮਾਲਕ ਨੂੰ ਪਰਾਪਤ ਹੁੰਦੇ ਹਨ।

ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥
ਉਹ ਨਿਆਸਰਿਆਂ ਨੂੰ ਆਸਰਾ ਦਿੰਦਾ ਹੈ। ਮਨੁਸ਼ ਸ਼ੇਰ ਸਰੂਪ ਸੁਆਮੀ ਦਾ ਨਾਮ ਗਰੀਬ ਦੀ ਦੌਲਤ ਹੈ।

ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥
ਜਗਤ ਨੂੰ ਥੰਮਣਹਾਰ ਨਿਖਸਮਿਆਂ ਦਾ ਖਸਮ ਹੈ ਅਤੇ ਸੁੰਦਰ ਕੇਸਾਂ ਵਾਲਾ ਸੁਆਮੀ ਨਿਤਾਕਤਿਆਂ (ਨਿਰਬਲਾਂ) ਦੀ ਤਾਕਤ (ਬਲ) ਹੈ।

ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥
ਆਪਣੇ ਪੇਟ ਦੇ ਉਦਾਲੇ ਰੱਸੀ ਵਾਲਾ ਅਬਿਨਾਸ਼ੀ ਸੁਆਮੀ ਸਾਰੇ ਜੀਵਾਂ ਤੇ ਮਿਹਰਬਾਨ ਅਤੇ ਮਸਕੀਨਾਂ ਦਾ ਸਨਬੰਧੀ ਹੈ।

ਸਰਬਗ੍ਯ੍ਯ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥
ਸਾਰਾ ਕੁਛ ਜਾਣਨਹਾਰ ਸਰਬ-ਵਿਆਪਕ ਤੇ ਸਰਬ-ਸ਼ਕਤੀਵਾਨ ਸੁਲੱਖਣਾ ਸੁਆਮੀ ਆਪਣੇ ਸੰਤਾਂ ਦਾ ਪ੍ਰੀਤਮ ਅਤੇ ਰਹਿਮਤ ਦਾ ਸਰੂਪ ਹੈ।

copyright GurbaniShare.com all right reserved. Email